CBSEclass 11 PunjabiClass 12 PunjabiClass 8 Punjabi (ਪੰਜਾਬੀ)Class 9th NCERT PunjabiEducationNCERT class 10thParagraphPunjab School Education Board(PSEB)

ਬਾਰਾਂ (12) ਦਾ ਮਹੱਤਵ


ਅੰਕ ਵਿਗਿਆਨ ਗਿਆਨ ਦੀ ਅਜਿਹੀ ਸ਼ਾਖ ਹੈ ਜਿਹੜੀ ਸਾਡੇ ਸਭਿਆਚਾਰ/ਨਜ਼ਰੀਏ ਨੂੰ ਢਾਲ ਦਿੰਦੀ ਹੈ ਤੇ ਸਾਨੂੰ ਪਤਾ ਵੀ ਨਹੀਂ ਲਗਦਾ। ਅਸੀਂ ਆਮ ਜ਼ਿੰਦਗੀ ਵਿਚ ਹਿੰਦਸਿਆਂ ਦੇ ਸੰਸਾਰ ਵਿੱਚ ਚੇਤ/ਅਚੇਤ ਵਿਚਰਦੇ ਰਹਿੰਦੇ ਹਾਂ।

ਹਿੰਦਸਿਆਂ (ਅੰਕਾਂ) ਨਾਲ ਸਾਡਾ ਸਭ ਦਾ ਹਰ ਵਕਤ ਵਾਹ ਪੈਂਦਾ ਹੈ। ਉਂਝ ਤਾਂ ਸਾਰੇ ਅੰਕ ਆਪੋ ਆਪਣੀ ਥਾਂ ਪੂਰੀ ਮਹੱਤਾ ਰੱਖਦੇ ਹਨ ਪਰ ਇੰਝ ਲੱਗਦਾ ਹੈ ਜਿਵੇਂ ਬਾਰਾਂ ਦਾ ਅੰਕ ਦੂਜਿਆਂ ਨਾਲੋਂ ਸਾਡੇ ਕਾਰ – ਵਿਹਾਰ ਵਿੱਚ ਕੁੱਝ ਜਿਆਦਾ ਹੀ ਵਰਤੋਂ ਵਿੱਚ ਆਉਂਦਾ ਹੈ।

ਬਾਰਾਂ ਅਜਿਹਾ ਅੰਕ ਹੈ ਜਿਹੜਾ ਮਾਪਦੰਡ ਦੇ ਤੌਰ ‘ਤੇ ਸਾਡੇ ਜੀਵਨ, ਇਤਿਹਾਸ, ਮਿਥਿਹਾਸ, ਅਰਥ, ਧਰਮ, ਲੋਕ ਕਲਾਵਾਂ, ਅਖਾਣਾਂ – ਅਖੌਤਾਂ, ਟੋਟਕਿਆਂ, ਮਖੌਲਾਂ ਵਿੱਚ ਚਾਰੇ ਪਾਸੇ ਵਿਦਮਾਨ ਹੈ।

ਭਾਰਤੀ ਜੀਵਨ ਕਾਲ ਚੱਕਰ ਵਿੱਚ ਬੱਝਾ ਹੋਇਆ ਹੈ। ਚਾਰੇ ਜੁੱਗ, ਜੋਨੀਆਂ, ਸ੍ਰਿਸ਼ਟੀ, ਜੀਵਨ ਮਰਨ ਬਾਰੇ ਵਰਤਾਰੇ (ਕਾਲ ਚੱਕਰ) ਹੁੰਦੇ ਹਨ।

ਗ੍ਰਹਿ ਗਤੀਆਂ, ਰਾਸ਼ੀਆਂ, ਮਹੀਨੇ, ਸਾਲ, ਰੁੱਤਾਂ ਸਭ ਗੇੜ ਵਿਚ ਹੁੰਦੇ ਹਨ। ਵੱਡੇ ਕਾਲ ਚੱਕਰ, ਯੁੱਗ, ਜੋਨੀਆਂ, ਸ੍ਰਿਸ਼ਟੀ ਆਦਿ ਨੂੰ ਛੱਡ ਕੇ ਸੂਰਜੀ ਚੱਕਰ, ਰਾਸ਼ੀਫਲ, ਰੁੱਤਾਂ, ਮਹੀਨੇ, ਦਿਨ-ਰਾਤ ਸਭ ਸਾਡੇ ਤਜਰਬੇ ਵਿਚ ਹਨ। ਇਹ ਸਭ ਸਮਾਂ ਬੱਧ, ਨਿਯਮ ਬੱਧ ਅਤੇ ਪੂਰਨ ਰੂਪ ਵਿਚ ਨਿਰੰਤਰ ਗਤੀਮਾਨ ਹਨ। ਇਸ ਨਾਲ ਸਾਡੀ ਜ਼ਿੰਦਗੀ ਕੰਟਰੋਲ ਹੁੰਦੀ ਹੈ। ਇਨ੍ਹਾਂ ਸਭ ਦਾ ਮਾਨ (ਮਿਣਤੀ) 12 ਦਾ ਅੰਕ ਹੈ। ਬਾਰਾਂ ਰਾਸ਼ੀਆਂ, ਬਾਰਾਂ ਮਹੀਨੇ (ਹਰ ਰਾਸ਼ੀ ਵਿਚ ਸੂਰਜ ਦਾ ਇੱਕ ਮਹੀਨਾ ਰਹਿਣਾ), ਦਿਨ ਰਾਤ ਬਾਰਾਂ ਘੰਟੇ ਇੰਨਾ ਨੇਮ ਬੱਧ ਹੈ ਕਿ ਅਸੀਂ ਬਾਕੀ ਜ਼ਿੰਦਗੀ ਦੇ ਕਾਰਜਾਂ ਨੂੰ 12 ਦੇ ਮਾਪਦੰਡ ਨਾਲ ਮਿਣਦੇ ਮੇਚਦੇ ਜਾਂ ਅਰਥ ਪੂਰਨ ਬਣਾਉਂਦੇ ਹਾਂ।

ਬਾਰਾਂ ਅੰਕ ਸ਼ੁਧ ਹੋਣ ਦਾ ਪ੍ਰਤੀਕ ਹੈ। ਜ਼ਿੰਦਗੀ ਵਿਚ ਬਾਰਾਂ ਅੰਕਾਂ ਦੀ ਮਹੱਤਤਾ ਕਿੰਨੀ ਹੈ, ਇਸ ਦੀ ਵਰਤੋਂ ਦੀ ਲੰਮੀ ਫਹਿਰਿਸਤ ਬਣਾਈ ਜਾ ਸਕਦੀ ਹੈ।

ਧਾਰਮਿਕ ਕਾਰਜਾਂ ਵਿਚ ਹਿੰਦੂਆਂ ਦੇ ਬਾਰਾਂ ਜਯੋਤ੍ਰਿਲਿੰਗ, ਜੋਗੀਆਂ ਦੇ ਬਾਰਾਂ ਫਿਰਕੇ, ਵੈਸ਼ਨਵਾਂ ਦੇ ਬਾਰਾਂ ਤਿਲਕ, ਬਾਰਾਂ ਵਫਾਤ (ਰਬੀਊਲ ਅੱਵਲ ਦੀ ਬਾਰਵੀਂ ਤਿਥਿ ਜੋ ਮੁਹੰਮਦ ਸਾਹਿਬ ਦੀ ਵਫਾਤ ਦਾ ਦਿਨ ਹੈ), ਬਾਰਾਂਨਸੀ, ਬਾਰਾਂ ਪੰਥ, ਸਿੱਖ ਸਰਦਾਰਾਂ ਦੀਆਂ ਬਾਰਾਂ ਮਿਸਲਾਂ, ਬਾਰਾਂ ਮਾਹ ਆਦਿ ਸਭ ਰਲ ਕੇ ਲੋਕ ਮਨਾਂ ਵਿਚ ਇਸ ਅੰਕ ਨੂੰ ਵਿਸ਼ੇਸ਼ ਬਣਾ ਦਿੰਦੇ ਹਨ (ਮਹਾਨ ਕੋਸ਼)।

ਗਿਣਤੀ ਮਿਣਤੀ ਵਿਚ ਦੇਖਿਆ ਜਾਵੇ ਤਾਂ ਬਾਰਾਂ – ਬਾਰਾਂ ਘੰਟੇ ਦੇ ਦਿਨ ਰਾਤ, ਬਾਰਾਂ ਦੀ ਦਰਜਨ, ਬਾਰਾਂ ਮਾਸੇ ਦਾ ਇੱਕ ਤੋਲਾ, ਬਾਰਾਂ ਸਾਲ ਦੀ ਬਾਲ ਵਰੇਸ, ਬਾਰਾਂ ਕੋਹ ‘ਤੇ ਕਹਿੰਦੇ ਬੋਲੀ ਬਦਲ ਜਾਂਦੀ ਹੈ। ਬਾਰਾਂ ਸਿੰਗਾ, ਬਾਰਾਂ ਬਾਟ (ਮਾਇਆ ਦਾ ਰੂਪ), ਬਾਰਹਖੜੀ (ਬਾਰਾਂ ਸ੍ਵਰਾਂ ਨਾਲ ਵਿਅੰਜਨ ਅੱਖਰ ਲੱਗਣ ਤੋਂ ਬਣੀ ਹੋਈ ਬਾਰਾਂ ਅੱਖਰਾਂ ਦੀ ਪੰਕਤੀ), ਬਾਰਹਦਰੀ (ਬਾਰਾਂ ਦਰਵਾਜ਼ਿਆਂ ਵਾਲੀ ਬੈਠਕ, ਬਾਰਹਬੰਨੀ (ਅਤਿ ਸ਼ੁੱਧ), ਬਾਰਾਂ ਮਸਾਲੇ ਤੇਰਾਂ ਸਵਾਦ, ਬਜ਼ੁਰਗਾਂ ਤੋਂ ਸੁਣਨਾ ਬਾਰਾਂ ਸਾਲ ਦਾ ਕਾਲ ਪੈ ਜਾਣਾ, ਬਾਰਾਂ – ਬਾਰਾਂ ਕੋਹ ਤੱਕ ਪਾਣੀ ਦਾ ਨਾ ਮਿਲਣਾ ਆਦਿ। ਬਾਰਾਂ ਪੱਥਰਾਂ ਤੋਂ ਬਾਹਰ ਜਾਣਾ (ਜੂਹ ਬਦਰ) ਆਦਿ ਬਾਰਾਂ ਦੀ ਸੰਖਿਆ ਨਾਲ ਸਬੰਧਿਤ ਸ਼ਬਦ ਹਨ।

ਰਾਂਝੇ ਦਾ ਬਾਰਾਂ ਸਾਲ ਹੀਰ ਦੀਆਂ ਮੱਝੀਆਂ ਚਾਰਨੀਆਂ, ਪੂਰਨ ਨੂੰ ਬਾਰਾਂ ਸਾਲ ਭੋਰੇ ਵਿਚ ਰੱਖਣਾ, ਪਾਂਡਵਾਂ ਨੂੰ ਬਾਰਾਂ ਸਾਲ ਦਾ ਬਣਵਾਸ ਤੇ ਤੇਰਵਾਂ ਸਾਲ ਅਗਿਆਤ ਵਾਸ ਆਦਿ ਜਦੋਂ ਪਿੱਪਲਾਂ ਬੋਹੜਾਂ ਦੀ ਛਾਂ ਵਿਚ ਦੁਪਹਿਰਾਂ ਕੱਟਦਿਆਂ ਸਮੇਂ ਚਿੱਠੇ ਪੜ੍ਹੇ ਅਤੇ ਸਾਥੀਆਂ ਨੂੰ ਸੁਣਾਏ ਜਾਂਦੇ ਸਨ, ਉਸ ਸਮੇਂ ਦੇ ਹਾਣੀ ਸਾਰੇ ਇਸ ਤੋਂ ਜਾਣੂ ਹਨ।

ਬਾਰਾਂ ਦਰੀ, ਬਾਰਾਂ ਬੀਟੀ, ਬਾਰਾਂ ਪੱਕੇ, ਬਾਰਾਂ ਅੱਖਰੀ ਨਾਮ ਦੀਆਂ ਖੇਡਾਂ ਵੀ ਕਿਸੇ ਨਾ ਕਿਸੇ ਨੇ ਖੇਡੀਆਂ ਹੋਣਗੀਆਂ। ਇਹ ਅੰਕ ਫਿਰ ਲੋਕ ਸਾਹਿਤ ਦੀ ਰੰਗਤ ਤੋਂ ਕਿਵੇਂ ਵਾਂਝਾ ਰਹਿ ਸਕਦਾ ਸੀ:


ਸੱਸ ਪਕਾਵੇ ਰੋਟੀਆਂ ਮੈਂ ਪੇੜੇ ਗਿਣ ਗਿਣ ਆਈ,

ਸੱਸੇ ਨੀ ਬਾਰਾਂ ਤਾਲੀਏ ਮੈਂ ਤੇਰਾਂ ਤਾਲੀ ਆਈ।

ਬਾਰਾਂ ਵਰ੍ਹੇ ਮੁੰਡਿਆ ਤੇਰੀਆਂ ਵੇ ਚੱਲੀਆਂ

ਹੁਣ ਚੱਲਣਗੀਆਂ ਮੇਰੀਆਂ ਵੇ,

ਠਾਣੇਦਾਰਾਂ ਨੇ ਕਲਮਾਂ ਫੇਰੀਆਂ ਵੇ।

ਜਦੋਂ ਖੁਸ਼ੀ ਦੇ ਮੌਕੇ ਗਿੱਧੇ ਭੰਗੜੇ ਪੈਂਦੇ ਹਨ ਤਾਂ ਬਹੁਤ ਸਾਰੀਆਂ ਬੋਲੀਆਂ ਬਾਰੀਂ ਬਰਸੀਂ ਖੱਟਣ ਗਿਆ ਸੀਂ ਦੇ ਨਾਲ ਸ਼ੁਰੂ ਹੁੰਦੀਆਂ ਹਨ ਜਿਸ ਦਾ ਅਰਥ ਤਾਂ ਇਹੀ ਹੋਵੇਗਾ ਕਿ ਖੱਟਣ ਕਮਾਉਣ ਨੂੰ ਬਾਰਾਂ ਸਾਲ ਬਹੁਤ ਹੁੰਦੇ ਹਨ, ਉਸ ਤੋਂ ਬਾਅਦ ਤਾਂ ਮਨੁੱਖ ਨੂੰ ਪਰਿਵਾਰਕ ਰਿਸ਼ਤਿਆਂ ਦਾ ਨਿੱਘ ਮਾਣ ਲੈਣਾ ਚਾਹੀਦਾ ਹੈ! ਉਂਝ ਤਾਂ ਸਾਡੀਆਂ ਬੋਲੀਆਂ ਵਿਚ ਆਲੂ, ਛੈਣੇ, ਲੱਡੂ, ਪਾਵੇ ਆਦਿ ਹੀ ਖੱਟ ਕੇ ਲਿਆਂਦੇ ਹੁੰਦੇ ਹਨ।

ਅਖਾਣਾਂ ਮੁਹਾਵਰਿਆਂ ਵਿਚ ਵੀ ਇਹ ਅੰਕ ਆਪਣੀ ਹਾਜ਼ਰੀ ਲੁਆ ਜਾਂਦਾ ਹੈ; ਜਿਵੇਂ ਬਾਰੀਂ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਬਾਰਾਂ ਕੋਹ ‘ਤੇ ਦੀਵਾ ਜਗਣਾ, ਪੌ ਬਾਰਾਂ ਹੋਣਾ ਆਦਿ। ਜੇ ਗਿਣਤੀ-ਮਿਣਤੀ ਕਰਦੇ ਜਾਈਏ ਤਾਂ ਸੂਚੀ ਬੜੀ ਲੰਮੀ ਹੁੰਦੀ ਜਾਂਦੀ ਹੈ। ਕਿੰਨਾ ਕੁਝ ਹੋਰ ਇਕੱਠਾ ਹੁੰਦਾ ਜਾਵੇਗਾ। ਸਾਡੇ ਸਮਾਜ ਵਿਚ ਬਾਰਾਂ ਦੇ ਅੰਕ ਨੂੰ ਬੇਸ਼ੱਕ ਸ਼ੁਭ ਮੰਨਿਆ ਜਾਂਦਾ ਹੈ ਪਰ ਹਰ ਅੰਕ ਦੀ ਆਪੋ-ਆਪਣੀ ਮਹੱਤਤਾ ਹੈ। ਸ਼ੁਭ ਅਸ਼ੁਭ ਤਾਂ ਮਨੁੱਖ ਸੋਚ ‘ਤੇ ਨਿਰਭਰ ਕਰਦਾ ਹੈ।