ਬਾਬਾ ਰਾਮ ਸਿੰਘ ਕੂਕਾ : 150 ਸ਼ਬਦਾਂ ਵਿੱਚ ਸਾਰ


ਪ੍ਰਸ਼ਨ. ‘ਬਾਬਾ ਰਾਮ ਸਿੰਘ ਕੂਕਾ’ ਨਿਬੰਧ ਦਾ ਸਾਰ 150 ਸ਼ਬਦਾਂ ਵਿਚ ਲਿਖੋ। 

ਉੱਤਰ : ਬਾਬਾ ਰਾਮ ਸਿੰਘ ਜੀ 1816 ਵਿਚ ਭੈਣੀ ਰਾਈਆਂ ਵਿਖੇ ਸ: ਜੱਸਾ ਸਿੰਘ ਦੇ ਘਰ ਜਨਮੇ ਤੇ ਜਵਾਨ ਹੋਣ ‘ਤੇ ਆਪਣੇ ਭਣਵੱਈਏ ਸ: ਕਾਬਲ ਸਿੰਘ ਦੀ ਪ੍ਰੇਰਨਾ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਘੋੜ-ਸਵਾਰ ਫ਼ੌਜ ਵਿਚ ਭਰਤੀ ਹੋ ਗਏ। ਆਪ ਨੇ ਆਪਣੇ ਘਰ ਜਨਮੀਆਂ ਦੋ ਪੁੱਤਰੀਆਂ ਨੂੰ ਪਾਲਿਆ-ਪੋਸਿਆ ਤੇ ਵਿੱਦਿਆ ਦਿੱਤੀ। ਹਜ਼ਰੋ ਵਿਖੇ ਆਪ ਮਹਾਂਪੁਰਖ ਬਾਬਾ ਬਾਲਕ ਸਿੰਘ ਤੋਂ ਪ੍ਰਭਾਵਿਤ ਹੋ ਕੇ ਵਧੇਰੇ ਤਤਪਰਤਾ ਨਾਲ ਭਜਨ ਕਰਨ ਲੱਗੇ ਤੇ ਸਿੰਘਾਂ ਦੀ ਅੰਗਰੇਜ਼ਾਂ ਨਾਲ ਮੁਦਕੀ ਦੀ ਲੜਾਈ ਮਗਰੋਂ ਆਪ ਭੈਣੀ ਆ ਕੇ ਦੁਕਾਨ ਕਰਨ ਤੇ ਦਸਵੰਧ ਕੱਢਣ ਲੱਗੇ ਅਤੇ ਬਾਬਾ ਬਾਲਕ ਸਿੰਘ ਦੁਆਰਾ ਸਥਾਪਿਤ ‘ਜਗਿਆਸੂਆਂ ਅਭਿਆਸੀਆਂ’ ਦੀ ਜਥੇਬੰਦੀ ਦੇ ਪੰਜਾਬ ਵਿਚ ਪ੍ਰਚਾਰਕ ਥਾਪੇ ਗਏ, ਜੋ ਮਗਰੋਂ ‘ਕੂਕਾ’ ਜਾਂ ‘ਨਾਮਧਾਰੀ’ ਜਥੇਬੰਦੀ ਅਖਵਾਈ। ਆਪਣੇ ਸ਼ਰਧਾਲੂਆਂ ਦੁਆਰਾ ਭੇਜੇ ਦਸਵੰਧ ਨੂੰ ਆਪ ਲੰਗਰ ਉੱਤੇ ਖਰਚ ਕਰਦੇ ਤੇ ਉਹ ਆਪ ਨੂੰ ‘ਬਾਬਾ’ ‘ਗੁਰੂ’ ਜਾਂ ‘ਸਤਿਗੁਰੂ ਕਹਿਣ ਲੱਗੇ। ਆਪ ਦਾ ਨਿਸ਼ਾਨਾ ਲੋਕਾਂ ਵਿਚ ਸਰੀਰ ਤੇ ਰਹਿਣੀ-ਬਹਿਣੀ ਦੀ ਸਵੱਛਤਾ ਵਹਿਮਾਂ-ਭਰਮਾਂ ਤੋਂ ਮੁਕਤੀ ਇਸਤਰੀ-ਮਰਦ ਦੀ ਬਰਾਬਰੀ, ਆਤਮਾ ਨੂੰ ਧਾਰਮਿਕ ਤੌਰ ‘ਤੇ ਤਕੜੀ ਕਰਨ ਤੇ ਦੇਸ਼ ਦੀ ਪ੍ਰਾਧੀਨਤਾ ਦੇ ਖ਼ਾਤਮੇ ਦੀ ਪ੍ਰੇਰਨਾ ਪੈਦਾ ਕਰਨਾ ਸੀ। ਆਪ ਦੀ ਪ੍ਰੇਰਨਾ ਨਾਲ ਆਪ ਦੇ ਸ਼ਰਧਾਲੂਆਂ ਨੇ ਅੰਗਰੇਜ਼ਾਂ ਦੇ ਡਾਕ-ਪ੍ਰਬੰਧ, ਰੇਲਾਂ ਤੇ ਕਚਹਿਰੀਆ ਦਾ ਮੁਕੰਮਲ ਬਾਈਕਾਟ ਕਰ ਕੇ ਆਪਣਾ ਡਾਕ-ਪ੍ਰਬੰਧ ਚਾਲੂ ਕੀਤਾ। ਕੁੱਝ ਗੱਲਾਂ ਆਪ ਦੇ ਵੱਸੋਂ ਬਾਹਰ ਹੋਣ ਕਰਕੇ ਅੰਗਰੇਜ਼ਾਂ ਨੇ ਆਪ ਨੂੰ ਦੇਸ਼-ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ, ਜਿੱਥੇ 1885 ਵਿਚ ਆਪ ਦਾ ਦੇਹਾਂਤ ਹੋ ਗਿਆ।