ਬਾਬਾ ਰਾਮ ਸਿੰਘ ਕੂਕਾ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਬਾਬਾ ਬਾਲਕ ਸਿੰਘ ਦਾ ਬਾਬਾ ਰਾਮ ਸਿੰਘ ਨੇ ਕਿਹੜਾ-ਕਿਹੜਾ ਪ੍ਰਭਾਵ ਕਬੂਲਿਆ? ਉੱਤਰ 40 ਸ਼ਬਦਾਂ ਵਿਚ ਲਿਖੋ।
ਉੱਤਰ : ਬਾਬਾ ਬਾਲਕ ਸਿੰਘ ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਆਪ ਹਿੰਦੂ ਮੁਸਲਮਾਨ ਤੇ ਸਿੱਖ ਸਭ ਨੂੰ ਸ਼ੁੱਧ ਆਚਰਨ, ਧਰਮ ਦੀ ਕਿਰਤ-ਕਮਾਈ, ਈਸ਼ਵਰ-ਅੱਲਾ ਤੇ ਵਾਹਿਗੁਰੂ ਦੇ ਸਿਮਰਨ ਦਾ ਉਪਦੇਸ਼ ਦਿੰਦੇ ਸਨ। ਬਾਬਾ ਰਾਮ ਸਿੰਘ ਉੱਤੇ ਬਾਬਾ ਜੀ ਦੇ ਇਨ੍ਹਾਂ ਉਪਦੇਸ਼ਾਂ ਦਾ ਬੜਾ ਅਸਰ ਪਿਆ।
ਪ੍ਰਸ਼ਨ 2. ਕਿਹੜੀ ਜਥੇਬੰਦੀ ‘ਨਾਮਧਾਰੀ’ ਜਾਂ ‘ਕੂਕਿਆਂ ਦੀ ਜਮਾਤ’ ਅਖਵਾਈ ਅਤੇ ਇਸ ਦਾ ਪਸਾਰ ਕਿਵੇਂ ਹੋਇਆ? ਉੱਤਰ ਲਗਪਗ 40 ਸ਼ਬਦਾਂ ਵਿਚ ਲਿਖੋ।
ਉੱਤਰ : ‘ਜਗਿਆਸੂਆਂ ਅਭਿਆਸੀਆਂ’ ਦੀ ਜਥੇਬੰਦੀ ਸਮਾਂ ਪਾ ਕੇ ‘ਨਾਮਧਾਰੀ’ ਜਾਂ ‘ਕੂਕਿਆਂ’ ਦੀ ਜਮਾਤ ਅਖਵਾਈ। ਜਦੋਂ ਇਸ ਦੇ ਉਪਦੇਸ਼ਾਂ ਦਾ ਪਰਚਾਰ ਤੇ ਨਾਮਧਾਰੀ ਜਥੇਬੰਦੀ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿਚ ਫੈਲ ਗਈ, ਤਾਂ ਸ਼ਰਧਾਲੂ ਬਾਬਾ ਰਾਮ ਸਿੰਘ ਕੋਲ ਆਪਣਾ ਦਸਵੰਧ ਭੇਜਣ ਲੱਗੇ ਤੇ ਉਹ ਉਸ ਨੂੰ ਲੰਗਰ ਉੱਤੇ ਖ਼ਰਚ ਦਿੰਦੇ। ਥੋੜ੍ਹੇ ਸਾਲਾਂ ਵਿਚ ਨਾਮਧਾਰੀ ਜਥੇਬੰਦੀਆਂ ਪੰਜਾਬ ਦੇ ਬਹੁਤ ਸਾਰੇ ਜਿਲ੍ਹਿਆਂ ਵਿਚ ਬਣ ਗਈਆਂ।
ਪ੍ਰਸ਼ਨ 3. ਬਾਬਾ ਰਾਮ ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ, ਉਨ੍ਹਾਂ ਨੂੰ ਸੰਖੇਪ ਵਿਚ ਲਿਖੋ। ਉੱਤਰ ਲਗਪਗ 40 ਸ਼ਬਦਾਂ ਵਿਚ ਲਿਖੋ।
ਉੱਤਰ : ਬਾਬਾ ਜੀ ਨੇ ਲੋਕਾਂ ਨੂੰ ਆਪਣੇ ਸਰੀਰ ਤੇ ਰਹਿਣੀ-ਬਹਿਣੀ ਸਵੱਛ ਰੱਖਣ, ਵਹਿਮਾਂ-ਭਰਮਾਂ ਤੋਂ ਮੁਕਤ ਰਹਿਣ ਇਸਤਰੀ-ਮਰਦ ਦੀ ਬਰਾਬਰੀ, ਆਤਮਾ ਨੂੰ ਧਾਰਮਿਕ ਤੌਰ ‘ਤੇ ਸੁਰਜੀਤ ਤੇ ਤਕੜੀ ਕਰਨ ਤੇ ਦੇਸ ਨੂੰ ਦੇਸ਼ੀ ਤੇ ਵਿਦੇਸ਼ੀ ਹਾਕਮਾਂ ਦੀ ਪ੍ਰਾਧੀਨਤਾ ਤੋਂ ਮੁਕਤ ਕਰਾਉਣ ਦੇ ਉਪਦੇਸ਼ ਦਿੱਤੇ।
ਪ੍ਰਸ਼ਨ 4. ਬਾਬਾ ਰਾਮ ਸਿੰਘ ਜੀ ਨੂੰ ‘ਬਾਬਾ’ ਕਿਉਂ ਕਿਹਾ ਜਾਂਦਾ ਹੈ? ਉੱਤਰ ਲਗਪਗ 40 ਸ਼ਬਦਾਂ ਵਿਚ ਲਿਖੋ।
ਉੱਤਰ : ਬਾਬਾ ਰਾਮ ਸਿੰਘ ਜੀ ਨੂੰ ‘ਬਾਬਾ’ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਪੰਜਾਬ ਵਿਚ ਉੱਚੀ ਆਤਮਿਕ ਅਵਸਥਾ ਵਾਲੇ ਮਹਾਂਪੁਰਖਾਂ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਉਨ੍ਹਾਂ ਦੇ ਸਨਮਾਨ ਦਾ ਸੂਚਕ ਹੈ।
ਪ੍ਰਸ਼ਨ 5. ਬਾਬਾ ਰਾਮ ਸਿੰਘ ਨੇ ਆਪਣੇ ਜੀਵਨ-ਨਿਰਬਾਹ ਲਈ ਕਿਹੜੇ-ਕਿਹੜੇ ਕਿੱਤੇ ਅਪਣਾਏ? ਉੱਤਰ ਲਗਪਗ 40 ਸ਼ਬਦਾਂ ਵਿਚ ਲਿਖੋ।
ਉੱਤਰ : ਆਪਣੇ ਜੀਵਨ-ਨਿਰਬਾਹ ਲਈ ਬਾਬਾ ਰਾਮ ਸਿੰਘ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਘੋੜ-ਚੜ੍ਹਿਆਂ ਦੀ ਪਲਟਣ ਵਿਚ ਭਰਤੀ ਹੋ ਗਏ ਤੇ ਫਿਰ ਇਸ ਨੌਕਰੀ ਨੂੰ ਛੱਡ ਕੇ ਉਨ੍ਹਾਂ ਪਿੰਡ ਭੈਣੀ ਵਿਚ ਲੋਹੇ-ਕੱਪੜੇ ਦੀ ਹੱਟੀ ਪਾ ਲਈ।
ਪ੍ਰਸ਼ਨ 6. ਬਾਬਾ ਰਾਮ ਸਿੰਘ ਜੀ ਨੇ ਇਸਤਰੀ ਜਾਤੀ ਦੀ ਭਲਾਈ ਲਈ ਕੀ-ਕੀ ਉਪਦੇਸ਼ ਦਿੱਤੇ? ਉੱਤਰ ਲਗਪਗ 40 ਸ਼ਬਦਾਂ ਵਿਚ ਲਿਖੋ।
ਉੱਤਰ : ਬਾਬਾ ਰਾਮ ਸਿੰਘ ਜੀ ਨੇ ਕੁੜੀਆਂ ਤੇ ਇਸਤਰੀਆਂ ਦੀ ਭਲਾਈ ਲਈ ਕੁੜੀਆਂ ਮਾਰਨ ਵਿਰੁੱਧ ਅਵਾਜ਼ ਉਠਾਉਂਦਿਆਂ ਹੀ ਪਾਲਣ-ਪੋਸਣ, ਪੜਾਉਣ ਤੇ ਵਿਆਹੁਣ ਉੱਤੇ ਜ਼ੋਰ ਦਿੱਤਾ । ਲੇਖਕ ਅਨੁਸਾਰ ਉਨ੍ਹਾਂ ਦਾ ਇਹ ਕੰਮ ਹੀ ਉਨ੍ਹਾਂ ਨੂੰ ਮੁੰਡਿਆਂ ਵਾਂਗ ਉਨ੍ਹਾਂ ਨੂੰ ਸੰਸਾਰ ਦੇ ਸ਼੍ਰੋਮਣੀ ਸੁਧਾਰਕਾਂ ਦੀ ਸਫ਼ ਵਿਚ ਖੜ੍ਹਾ ਕਰ ਦਿੰਦਾ ਹੈ।
ਪ੍ਰਸ਼ਨ 7. ਕਿਹੜੇ ਕੰਮਾਂ ਕਰ ਕੇ ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਉਸੇ ਵੇਲੇ ਹੀ ਅੱਧਾ-ਪਚੱਧਾ ਨਿਕਲ ਗਏ? ਉੱਤਰ ਲਗਪਗ 40 ਕੁ ਸ਼ਬਦਾਂ ਵਿਚ ਲਿਖੋ।
ਉੱਤਰ : ਬਾਬਾ ਰਾਮ ਸਿੰਘ ਜੀ ਦੇ ਉਪਦੇਸ਼ਾਂ ਨੂੰ ਮੰਨਣ ਵਾਲੇ ਅੰਗਰੇਜ਼ੀ ਸਰਕਾਰ ਦੇ ਡਾਕ-ਪ੍ਰਬੰਧ, ਰੇਲਾਂ ਤੇ ਕਚਹਿਰੀਆਂ ਦਾ ਬਾਈਕਾਟ ਕਰਨ ਪਿੱਛੋਂ ਆਪਣਾ ਖ਼ੁਫ਼ੀਆ ਡਾਕ-ਪ੍ਰਬੰਧ ਚਾਲੂ ਕਰ ਕੇ, ਝਗੜਿਆਂ ਨੂੰ ਕਚਹਿਰੀਆਂ ਦੀ ਥਾਂ ਆਪਣੀਆਂ ਪੰਚਾਇਤਾਂ ਵਿਚ ਨਜਿੱਠ ਕੇ ਤੇ ਰੇਲਾਂ ਉੱਤੇ ਨਾ ਚੜ੍ਹ ਕੇ ਅੰਗਰੇਜ਼ਾਂ ਦੀ ਗ਼ੁਲਾਮੀ ਵਿੱਚੋਂ ਉਸੇ ਵੇਲੇ ਹੀ ਅੱਧ-ਪਚੱਧਾ ਨਿਕਲ ਗਏ ਸਨ।
ਪ੍ਰਸ਼ਨ 8. ਬਾਬਾ ਰਾਮ ਸਿੰਘ ਦੀ ਚਲਾਈ ਨਾ-ਮਿਲਵਰਤਨ ਲਹਿਰ ਦਾ ਵਰਣਨ ਲਗਪਗ 40 ਸ਼ਬਦਾਂ ਵਿੱਚ ਕਰੋ।
ਉੱਤਰ : ਬਾਬਾ ਰਾਮ ਸਿੰਘ ਅੰਗਰੇਜ਼ਾਂ ਵਿਰੁੱਧ ਚਲਾਈ ਨਾ-ਮਿਲਵਰਤਨ ਲਹਿਰ ਦੇ ਮੋਢੀ ਸਨ। ਉਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਹੁਕਮ ਕੀਤਾ ਕਿ ਉਹ ਅੰਗਰੇਜ਼ਾਂ ਦੇ ਚਲਾਏ ਡਾਕ ਤੇ ਰੇਲ ਪ੍ਰਬੰਧ, ਤੇ ਕਚਹਿਰੀਆਂ ਅਤੇ ਅੰਗਰੇਜ਼ਾਂ ਦੀਆਂ ਬਰਾਮਦ ਕੀਤੀਆਂ ਹੋਈਆਂ ਵਿਦੇਸ਼ੀ ਚੀਜ਼ਾਂ ਦੀ ਵਰਤੋਂ ਨਾ ਕਰਨ। ਇਸ ਉਦੇਸ਼ ਲਈ ਨਾਮਧਾਰੀਆਂ ਨੇ 1860 ਦੇ ਲਾਗੇ-ਚਾਗੇ ਹੀ ਆਪਣਾ ਸਵਦੇਸ਼ੀ ਡਾਕ-ਪ੍ਰਬੰਧ ਚਲਾ ਦਿੱਤਾ। ਕਚਹਿਰੀਆਂ ਵਿੱਚ ਨਾਮਧਾਰੀ ਆਪਣੇ ਮੁਕੱਦਮੇ ਅੱਜ ਤੱਕ ਨਹੀਂ ਲਿਜਾਂਦੇ ਤੇ ਵਾਹ ਲਗਦੀ ਵਿਦੇਸ਼ੀ ਕੱਪੜੇ ਦੀ ਵਰਤੋਂ ਵੀ ਨਹੀਂ ਕਰਦੇ।