ਬਾਬਾ ਰਾਮ ਸਿੰਘ ਕੂਕਾ : ਸਾਰ
ਪ੍ਰਸ਼ਨ. ‘ਬਾਬਾ ਰਾਮ ਸਿੰਘ ਕੂਕਾ’ ਲੇਖ ਵਿਚ ਆਏ ਵਿਚਾਰਾਂ ਨੂੰ ਸੰਖੇਪ ਕਰ ਕੇ ਲਿਖੋ।
ਉੱਤਰ : ਅਰਬੀ ਬੋਲੀ ਦਾ ਸ਼ਬਦ ‘ਬਾਬਾ’ ਪੰਜਾਬੀ ਵਿਚ ਉੱਚੀ ਅਵਸਥਾ ਵਾਲੇ ਮਹਾਂਪੁਰਖ ਲਈ ਵੀ ਵਰਤਿਆ ਜਾਂਦਾ ਹੈ ਤੇ ਉਮਰੋਂ ਵੱਡੇ ਬਜੁ਼ਰਗ ਲਈ ਵੀ।
1816 ਵਿਚ ਲੁਧਿਆਣੇ ਲਾਗੇ ਭੈਣੀ ਰਾਈਆਂ ਵਿਚ ਬਾਬਾ ਰਾਮ ਸਿੰਘ ਦਾ ਜਨਮ ਭਾਈ ਜੱਸਾ ਸਿੰਘ ਦੇ ਘਰ ਹੋਇਆ, ਜਿਨ੍ਹਾਂ ਨੇ ਆਪ ਨੂੰ ਚੰਗੀ ਵਿੱਦਿਆ ਦੁਆਉਣ ਦੇ ਨਾਲ ਧਰਮ ਵਿਚ ਵੀ ਪ੍ਰਪੱਕ ਕੀਤਾ। ਬਾਬਾ ਰਾਮ ਸਿੰਘ ਦੀ ਵੱਡੀ ਭੈਣ ਦਾ ਪਤੀ ਸ:ਕਾਬਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਤੋਪਖ਼ਾਨੇ ਵਿਚ ਤੋਪਚੀ ਸੀ, ਜਿਸ ਦੀ ਪ੍ਰੇਰਨਾ ਨਾਲ ਆਪ ਘੋੜ-ਚੜ੍ਹਿਆਂ ਦੀ ਪਲਟਣ ਵਿਚ ਭਰਤੀ ਹੋ ਗਏ। ਇਸ ਸਮੇਂ ਆਪ ਦਾ ਵਿਆਹ ਹੋ ਚੁੱਕਾ ਸੀ ਤੇ ਆਪ ਦੇ ਘਰ ਦੋ ਪੁੱਤਰੀਆਂ ਪੈਦਾ ਹੋ ਚੁੱਕੀਆਂ ਸਨ। ਉਨ੍ਹਾਂ ਦਿਨਾਂ ਵਿੱਚ ਕੁੜੀਆਂ ਮਾਰਨ ਦਾ ਰਿਵਾਜ ਆਮ ਸੀ ਪਰ ਆਪ ਨੇ ਆਪਣੀ ਧਾਰਮਿਕ ਬਿਰਤੀ ਵਾਲੀ ਸਿੰਘਣੀ ਮਾਈ ਜੱਸੋ ਸਹਿਤ ਬੱਚੀਆਂ ਨੂੰ ਪਾਲਿਆ-ਪੋਸਿਆ ਤੇ ਵਿੱਦਿਆ ਦਿੱਤੀ। ਮਗਰੋਂ ਆਪ ਨੇ ਦੇਸ਼ ਤੇ ਜਾਤੀ ਦੇ ਕਾਰਜਾਂ ਸਮੇਂ ਕੁੜੀਆਂ ਨੂੰ ਮੁੰਡਿਆਂ ਵਾਂਗ ਹੀ ਪਾਲਣ ‘ਤੇ ਜ਼ੋਰ ਦਿੱਤਾ।
ਪਲਟਣ ਨਾਲ ਜਦੋਂ ਆਪ ਹਜ਼ਰੇ ਗਏ, ਤਾਂ ਉੱਥੇ ਆਪ ਦਾ ਮੇਲ ਮਹਾਂਪੁਰਖ ਬਾਬਾ ਬਾਲਕ ਸਿੰਘ ਨਾਲ ਹੋਇਆ। 1847 ਵਿਚ ਉਨ੍ਹਾਂ ਦੇ ਪ੍ਰਭਾਵ ਹੇਠ ਆਪ ਪਹਿਲਾਂ ਨਾਲੋਂ ਵਧੇਰੇ ਤਤਪਰ ਹੋ ਕੇ ਭਜਨ ਕਰਨ ਲੱਗੇ। ਸਿੰਘਾਂ ਤੇ ਅੰਗਰੇਜ਼ਾਂ ਦੀ ਮੁਦਕੀ ਦੀ ਲੜਾਈ ਪਿੱਛੋਂ ਆਪ ਭੈਣੀ ਮੁੜ ਆਏ। ਕੁੱਝ ਸਮੇਂ ਮਗਰੋਂ ਪੰਜਾਬ ਗੁਲਾਮ ਹੋ ਗਿਆ।
1857 ਵਿਚ ਆਪ ਬਾਬਾ ਬਾਲਕ ਸਿੰਘ ਦੁਆਰਾ ਸਥਾਪਿਤ ਧਾਰਮਿਕ ਤੇ ਸਮਾਜਿਕ ਕੁਰੀਤੀਆਂ ਦੂਰ ਕਰਨ ਵਾਲੀ ‘ਜਗਿਆਸੂਆਂ ਅਭਿਆਸੀਆਂ’ ਦੀ ਜਥੇਬੰਦੀ ਦੇ ਪੰਜਾਬ ਵਿਚ ਪ੍ਰਚਾਰਕ ਥਾਪੇ ਗਏ, ਜੋ ਮਗਰੋਂ ‘ਕੂਕਿਆਂ’ ਜਾਂ ‘ਨਾਮਧਾਰੀਆਂ’ ਦੀ ਜਥੇਬੰਦੀ ਅਖਵਾਈ।
ਖ਼ਾਲਸਾ ਫ਼ੌਜ ਦੀ ਨੌਕਰੀ ਛੱਡ ਕੇ ਬਾਬਾ ਜੀ ਪਿੰਡ ਵਿਚ ਹੀ ਲੋਹੇ-ਕੱਪੜੇ ਦੀ ਹੱਟੀ ਪਾ ਕੇ ਧਰਮ ਦੀ ਕਿਰਤ ਕਰਨ ਲੱਗੇ ਤੇ ਦਸਵੰਧ ਵੀ ਕੱਢਦੇ। ਨਾਮਧਾਰੀ ਜਥੇਬੰਦੀ ਦੇ ਫੈਲਣ ਨਾਲ ਸ਼ਰਧਾਲੂ ਆਪਣਾ ਦਸਵੰਧ ਬਾਬਾ ਜੀ ਕੋਲ ਭੈਣੀ ਭੇਜਦੇ, ਜੋ ਸੰਗਤ ਦੇ ਲੰਗਰ ਉੱਪਰ ਖ਼ਰਚ ਕੀਤਾ ਜਾਂਦਾ। ਥੋੜ੍ਹੇ ਸਮੇਂ ਵਿਚ ਹੀ ਪੰਜਾਬ ਵਿਚ ਥਾਂ-ਥਾਂ ਨਾਮਧਾਰੀ ਜਥੇਬੰਦੀਆਂ ਬਣ ਗਈਆਂ। ਆਪ ਇਕ ਮਹਾਨ ਧਾਰਮਿਕ ਆਗੂ, ਸਮਾਜ ਸੁਧਾਰਕ, ਦੇਸ਼-ਭਗਤ ਤੇ ਰਾਜਸੀ ਨੇਤਾ ਦੇ ਰੂਪ ਵਿਚ ਪ੍ਰਕਾਸ਼ਮਾਨ ਹੋਏ ਤੇ ਆਪ ‘ਭਾਈ’ ਦੀ ਥਾਂ ‘ਬਾਬਾ’, ‘ਗੁਰੂ’ ਜਾਂ ‘ਸਤਿਗੁਰੂ’ ਕਹਿ ਕੇ ਪੁਕਾਰੇ ਜਾਣ ਲੱਗੇ।
ਬਾਬਾ ਜੀ ਦਾ ਨਿਸ਼ਾਨਾ ਲੋਕਾਂ ਵਿਚ ਸਰੀਰ ਤੇ ਰਹਿਣੀ ਨੂੰ ਸਵੱਛ ਰੱਖਣ, ਵਹਿਮਾਂ-ਭਰਮਾਂ ਤੋਂ ਮੁਕਤ ਰਹਿਣ, ਇਸਤਰੀ ਮਰਦ ਨੂੰ ਬਰਾਬਰ ਸਮਝਣ, ਆਤਮਾ ਨੂੰ ਧਾਰਮਿਕ ਤੌਰ ‘ਤੇ ਸੁਰਜੀਤ ਤੇ ਤਕੜੀ ਕਰਨ ਅਤੇ ਦੇਸ਼ ਨੂੰ ਪ੍ਰਾਧੀਨਤਾ ਤੋਂ ਸੁਤੰਤਰ ਕਰਾਉਣ ਦੀ ਪ੍ਰੇਰਨਾ ਪੈਦਾ ਕਰਨਾ ਸੀ । ਇਸ ਮੰਤਵ ਲਈ ਬਾਬਾ ਜੀ ਦਾ ਉਪਦੇਸ਼ ਸਭ ਲਈ ਸਾਂਝਾ ਸੀ। ਬਾਬਾ ਜੀ ਤੇ ਉਨ੍ਹਾਂ ਦੇ ਪੈਰੋਕਾਰਾਂ ਦੀ ਸਵੱਛ ਰਹਿਣੀ-ਬਹਿਣੀ ਤੋਂ ਅੰਗਰੇਜ਼ ਵੀ ਪ੍ਰਭਾਵਿਤ ਹੋਏ । ਆਪ ਦਾ ਵਿਸ਼ਵਾਸ ਸੀ ਕਿ ਕੋਈ ਜਾਤੀ ਪ੍ਰਾਧੀਨਤਾ ਵਿਚ ਵਧ-ਫੁੱਲ ਨਹੀਂ ਸਕਦੀ। ਸੋ ਆਪ ਅੰਗਰੇਜ਼ੀ ਰਾਜ ਦਾ ਖ਼ਾਤਮਾ ਕਰਨ ਦੀਆਂ ਸਦਾ ਵਿਉਂਤਾਂ ਸੋਚਦੇ ਰਹਿੰਦੇ। ਆਪ ਦੇ ਹੁਕਮ ਨਾਲ ਆਪ ਦੇ ਸ਼ਰਧਾਲੂਆਂ ਨੇ ਅੰਗਰੇਜ਼ੀ ਸਰਕਾਰ ਦੇ ਡਾਕ-ਪ੍ਰਬੰਧ, ਰੇਲਾਂ ਤੇ ਕਚਹਿਰੀਆਂ ਦਾ ਮੁਕੰਮਲ ਬਾਈਕਾਟ ਕੀਤਾ ਤੇ 1860 ਤਕ ਆਪਣਾ ਸਵਦੇਸ਼ੀ ਗੁਪਤ ਡਾਕ-ਪ੍ਰਬੰਧ ਚਾਲੂ ਕਰ ਲਿਆ।
ਇਸ ਸਮੇਂ ਕੁੱਝ ਘਟਨਾਵਾਂ ਬਾਬਾ ਜੀ ਦੇ ਵੱਸ ਤੋਂ ਬਾਹਰ ਹੋ ਜਾਣ ਕਰਕੇ ਅੰਗਰੇਜ਼ਾਂ ਨੇ ਆਪ ਨੂੰ ਦੇਸ਼-ਨਿਕਾਲਾ ਦੇ ਕੇ ਰੰਗੂਨ ਭੇਜ ਦਿੱਤਾ, ਜਿੱਥੇ 1885 ਵਿਚ ਆਪ ਦਾ ਦੇਹਾਂਤ ਹੋ ਗਿਆ।