CBSEClass 9th NCERT PunjabiEducationPunjab School Education Board(PSEB)

ਬਾਕੀ ਸਭ ਸੁਖ-ਸਾਂਦ ਹੈ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਪਿੰਡ ਦੇ ਲੋਕ ਮੋਹਣ ਸਿੰਘ ਬਾਰੇ ਕਿਹੋ ਜਿਹੀਆਂ ਗੱਲਾਂ ਕਰਦੇ ਸਨ?

ਉੱਤਰ : ਪਿੰਡ ਦੇ ਲੋਕ ਮੋਹਣ ਸਿੰਘ ਨੂੰ ਚਿੱਠੀਆਂ ਲਿਖਣ ਤੋਂ ਇਨਕਾਰ ਕਰਦਾ ਦੇਖ ਕੇ ਉਸ ਬਾਰੇ ਗੱਲਾਂ ਕਰਦੇ ਸਨ ਕਿ ਉਹ ਹੰਕਾਰ ਗਿਆ ਹੈ। ਉਸ ਨੇ ਦਸਵੀਂ ਕਾਹਦੀ ਕਰ ਲਈ ਹੈ, ਉਸ ਦਾ ਦਿਮਾਗ਼ ਹੀ ਅਸਮਾਨ ਨੂੰ ਚੜ੍ਹ ਗਿਆ ਹੈ। ਉਹ ਸਮਝਦਾ ਹੈ ਕਿ ਪਿੰਡ ਵਿੱਚ ਉਸ ਤੋਂ ਬਿਨਾਂ ਚਿੱਠੀ ਲਿਖਣ ਵਾਲਾ ਕੋਈ ਨਹੀਂ। ਲੋਕੀਂ ਆਪੇ ਚਿੱਠੀਆਂ ਲਿਖਾਉਣ ਲਈ ਵਿਲਕਦੇ ਫਿਰਨਗੇ। ਉਹ ਉਸ ਦੇ ਪਹਿਰਾਵੇ ਤੇ ਪੱਟੀਆਂ ਵਾਹ ਕੇ ਸਰਦਾਰਾਂ ਦੇ ਮੁੰਡਿਆਂ ਨਾਲ ਬੀਹੀ ਵਿੱਚ ਗੇੜਾ ਮਾਰਨ ਉੱਤੇ ਵੀ ਇਤਰਾਜ਼ ਕਰਦੇ ਤੇ ਕਹਿੰਦੇ ਕਿ ਉਹ ਜਦੋਂ ਇਕੱਲਾ ਟੱਕਰ ਗਿਆ, ਤਾਂ ਨਾਨੀ ਯਾਦ ਕਰਾ ਦੇਣੇਗੇ। ਇਸ ਤਰ੍ਹਾਂ ਸਾਰਾਂ ਮੁਹੱਲਾ ਤਰਾਹ-ਤਰਾਹ ਕਰ ਰਿਹਾ ਸੀ।

ਪ੍ਰਸ਼ਨ 2. ਅਜਿਹੇ ਕੀ ਕਾਰਨ ਸਨ, ਜਿਨ੍ਹਾਂ ਕਰਕੇ ਲੇਖਕ (ਮੋਹਣ ਸਿੰਘ) ਪਿੰਡ ਦੇ ਲੋਕਾਂ ਦੀਆਂ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ? 

ਉੱਤਰ : ਲੇਖਕ ਪਿਛਲੇ ਪੰਜਾਂ ਸਾਲਾਂ ਤੋਂ ਲੋਕਾਂ ਦੀਆਂ ਚਿੱਠੀਆਂ ਵਿੱਚ ਲੋਕਾਂ ਦੇ ਦੁੱਖਾਂ-ਸੁੱਖਾਂ ਤੇ ਹਰ ਤਰ੍ਹਾਂ ਦੀਆਂ ਗੱਲਾਂ ਲਿਖ – ਲਿਖ ਕੇ ਤੰਗ ਆ ਗਿਆ ਸੀ। ਕੁੜੀਆਂ ਉਸ ਤੋਂ ਚਾਰ-ਚਾਰ ਸਫ਼ਿਆਂ ਦੀਆਂ ਚਿੱਠੀਆਂ, ਦੋਹੇ ਤੇ ਟਿਚਰਾਂ ਜੋੜ-ਜੋੜ ਕੇ ਲਿਖਾਉਂਦੀਆਂ ਤੇ ਕਈ ਕਹਿੰਦੀਆਂ ਕਿ ਉਹ ਲਿਖੇ ਕਿ ਉਹ ਚਿੱਠੀ ਪਾ ਦੇਵੇ ਕਿ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਉਸ ਨੂੰ ਲੈਣ ਆਵੇਗਾ।

ਉਹ ਵਾਰਿਸ ਸ਼ਾਹ ਦੇ ਬੈਂਤਾਂ ਤੋਂ ਲੈ ਕੇ ਕਬੀਰ ਦੇ ਦੋਹਿਆਂ ਤਕ ਆਪਣੀਆਂ ਚਿੱਠੀਆਂ ਵਿੱਚ ਪਤਾ ਨਹੀਂ ਕਿਉਂ ਲਿਖਾਉਂਦੀਆਂ। ਕਈ ਕਹਿੰਦੀਆਂ ਉਹ ਆਪਣੇ ਵਲੋਂ ਚਿੱਠੀ ਲਿਖ ਦੇਵੇ। ਕਈ ਇਸਤਰੀਆਂ ਉਸ ਨੂੰ ਕੁੱਝ ਦੱਸੇ ਬਿਨਾਂ ਆਪ ਹੀ ਚਿੱਠੀ ਲਿਖਣ ਲਈ ਕਹਿੰਦੀਆਂ ਤੇ ਬੁੱਢੀਆਂ ਆਪਣੀਆਂ ਨੂੰਹਾਂ-ਧੀਆਂ ਦੇ ਰੋਣੇ ਰੋਂਦੀਆਂ। ਇਨ੍ਹਾਂ ਗੱਲਾਂ ਨੂੰ ਸੁਣ-ਸੁਣ ਕੇ ਉਹ ਦੁਖੀ ਹੋ ਜਾਂਦਾ। ਇਸੇ ਕਰਕੇ ਹੀ ਲੇਖਕ ਚਿੱਠੀਆਂ ਲਿਖਣ ਤੋਂ ਅੱਕ ਗਿਆ ਸੀ।

ਪ੍ਰਸ਼ਨ 3. ‘‘ਮੋਹਣ ਸਿੰਆਂ” ਤੇਤੋਂ ਕਦੇ ਅਸੀਂ ਕੋਈ ਗੱਲ ਲੁਕਾ ਕੇ ਨੀਂ ਰੱਖੀ …………….ਨਾਲੇ ਤੂੰ ਸਾਡੀ ਸੁਣ ਲੈਨੇ ਧਿਆਨ ਨਾਲ।” ਪਿੰਡ ਦੇ ਲੋਕ ਲੇਖਕ ਨੂੰ ਅਜਿਹਾ ਕਿਉਂ ਕਹਿੰਦੇ ਹਨ?

ਉੱਤਰ : ਅਸਲ ਵਿੱਚ ਪਿੰਡ ਦੇ ਲੋਕ ਲੇਖਕ ਤੋਂ ਚਿੱਠੀਆਂ ਲਿਖਾਉਂਦੇ ਰਹੇ ਹੋਣ ਕਰਕੇ ਉਸ ਨਾਲ ਖੁੱਲ੍ਹੇ ਹੋਏ ਸਨ ਤੇ ਉਹ ਉਨ੍ਹਾਂ ਦੇ ਭੇਤਾਂ ਦਾ ਸਾਂਝੀਦਾਰ ਸੀ। ਉਹ ਨਹੀਂ ਸਨ ਚਾਹੁੰਦੇ ਕਿ ਉਹ ਕਿਸੇ ਹੋਰ ਅੱਗੇ ਆਪਣੇ ਘਰਾਂ ਤੇ ਦਿਲਾਂ ਦੀਆਂ ਗੱਲਾਂ ਫੋਲਣ। ਇਸੇ ਕਰਕੇ ਉਹ ਲੇਖਕ ਨੂੰ ਉਪਰੋਕਤ ਸ਼ਬਦ ਕਹਿੰਦੇ ਹੋਏ ਇਸ ਗੱਲ ਨੂੰ ਸਪੱਸ਼ਟ ਕਰਦੇ ਕਿ ਉਹ ਉਸ ਤੋਂ ਸਿਵਾ ਹੋਰ ਕਿਸੇ ਤੋਂ ਚਿੱਠੀਆਂ ਕਿਉਂ ਨਹੀਂ ਲਿਖਾਉਣੀਆਂ ਚਾਹੁੰਦੇ ।

ਪ੍ਰਸ਼ਨ 4. ਮਾਂ ਹਰ ਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸ ਦੀ ਆਉ-ਭਗਤ ਕਿਵੇਂ ਕੀਤੀ?

ਉੱਤਰ : ਮਾਂ ਹਰ ਕੌਰ ਨੇ ਲੇਖਕ ਨੂੰ ਘਰ ਬੁਲਾ ਕੇ ਉਸ ਦੀ ਆਉ ਭਗਤ ਕਰਨ ਲਈ ਦਰਵਾਜ਼ੇ ਵਿੱਚ ਪੀੜ੍ਹੀ ਡਾਹੀ ਤੇ ਅੱਗੇ ਦੇ ਪੁੱਤਰ ਦੁੱਧ ਦਾ ਗਲਾਸ ਰੱਖਿਆ। ਮੋਹਣ ਦੇ ਨਾਂਹ-ਨੁੱਕਰ ਕਰਨ ਉੱਤੇ ਉਸ ਨੇ ਉਸ ਨੂੰ ਕਿਹਾ ਕਿ ਉਹ ਦੁੱਧ ਜ਼ਰੂਰ ਪੀਵੇ। ਉਹ ਉਸ ਦਾ ਹੱਕ ਨਹੀਂ ਰੱਖਦੀ। ਉਹ ਵੇਲੇ-ਕੁਵੇਲੇ ਵੀ ਲੋੜ ਪਈ ਤੇ ਦੁੱਧ ਲਿਜਾ ਸਕਦਾ ਹੈ, ਪਰ ਉਹ ਉਸ ਨੂੰ ਚਿੱਠੀ ਜ਼ਰੂਰ ਲਿਖ ਦਿਆ ਕਰੇ। ਉਸ ਨੇ ਉਸ ਨੂੰ ਕਾਰਡ ਦਿੰਦਿਆਂ ਦੁੱਧ ਪੀਣ ਲਈ ਕਿਹਾ। ਜਦੋਂ ਮੋਹਣ ਨੇ ਗਲਾਸ ਚੁੱਕ ਕੇ ਮੂੰਹ ਨੂੰ ਲਾਇਆ, ਤਾਂ ਗਰਮ ਦੁੱਧ ਨੇ ਉਸ ਦੇ ਬੁੱਲ੍ਹ ਤੇ ਜੀਭ ਸਾੜ ਦਿੱਤੇ। ਇਹ ਦੇਖ ਕੇ ਹਰ ਕੌਰ ਨੇ ਦੁੱਧ ਫੈਂਟ ਦਿੱਤਾ ਤੇ ਉਸ ਨੇ ਪੀ ਲਿਆ।

ਪ੍ਰਸ਼ਨ 5. ਚਿੱਠੀ ਲਿਖਾਉਂਦਿਆਂ ਮਾਂ ਹਰ ਕੌਰ ਨੇ ਅਜਿਹਾ ਕਿਹੜਾ ਵਿਸ਼ਾ ਛੋਹਿਆ, ਜਿਸ ਨਾਲ ਲੇਖਕ ਦਾ ਮਨ ਖ਼ਰਾਬ ਹੋ ਗਿਆ?

ਉੱਤਰ : ਚਿੱਠੀ ਲਿਖਾਉਂਦਿਆਂ ਮਾਂ ਹਰ ਕੌਰ ਨੇ ਜਦੋਂ ਆਪਣੀ ਨੂੰਹ ਕਰਤਾਰੋ ਦੀ ਦੁਖ ਭਰੀ ਹਾਲਤ ਦਾ ਵਿਸ਼ਾ ਛੋਹਿਆ, ਤੇ ਉਸ ਨੂੰ ਇਹ ਲਿਖਣ ਲਈ ਕਿਹਾ ਕਿ ਪਰਸੋਂ ਕਰਤਾਰੋ ਨੇ ਪੁੱਤਰ ਨੂੰ ਜਨਮ ਦਿੱਤਾ ਸੀ। ਕਾਕਾ ਤਾਂ ਗੁਜ਼ਰ ਗਿਆ ਸੀ ਤੇ ਉਹ ਉਦੋਂ ਤੋਂ ਹੀ ਦਰਦ ਨਾਲ ਕਰਾਹ ਰਹੀ ਸੀ। ਉਸ ਨੇ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਲਿਖੇ ਕਿ ਉਹ ਬਹੁਤ ਦੁਖੀ ਹਨ, ਇਸ ਕਰਕੇ ਉਹ ਫ਼ੌਜ ਵਿਚੋਂ ਨਾਂ ਕਟਾ ਕੇ ਆ ਜਾਵੇ। ਇਹ ਕਹਿੰਦਿਆਂ ਹਰ ਕੌਰ ਨੇ ਅੱਖਾਂ ਭਰ ਲਈਆਂ, ਜਿਸ ਨਾਲ ਲੇਖਕ ਦਾ ਮਨ ਵੀ ਖ਼ਰਾਬ ਹੋ ਗਿਆ।

ਪ੍ਰਸ਼ਨ 6. ਬਜ਼ੁਰਗ ਔਰਤ ਨੇ ਚਿੱਠੀ ਵਿੱਚ ਆਪਣੇ ਪਸ਼ੂਆਂ ਬਾਰੇ ਮੋਹਣ ਸਿੰਘ (ਲੇਖਕ) ਤੋਂ ਕੀ ਕੁੱਝ ਲਿਖਵਾਇਆ?

ਉੱਤਰ : ਪਸ਼ੂਆਂ ਬਾਰੇ ਬਜ਼ੁਰਗ ਔਰਤ ਨੇ ਮੋਹਣ ਸਿੰਘ ਤੋਂ ਚਿੱਠੀ ਵਿੱਚ ਲਿਖਾਇਆ ਕਿ ਬੂਰੀ ਮੱਝ ਫਲ ਸੁੱਟ ਗਈ ਹੈ ਤੇ ਉਸ ਦੀ ਪੂਛ ਨੂੰ ਬਾਹਮਣੀ ਲੱਗ ਗਈ ਹੈ, ਪਰ ਹੁਣ ਠੀਕ ਹੈ ਤੇ ਉਸ ਦੀ ਪੂਛ ਵੱਢ ਦਿੱਤੀ ਗਈ ਹੈ, ਜਿਸ ਕਰਕੇ ਉਸ ਦੀ ਕੀਮਤ ਅੱਧੀ ਰਹਿ ਗਈ ਹੈ। ਨਾਰੇ ਬੌਲਦ ਦਾ ਕੰਨ੍ਹਾ ਸੁੱਜ ਗਿਆ ਹੈ, ਜੇਕਰ ਉਨ੍ਹਾਂ ਨੂੰ ਪਤਾ ਹੁੰਦਾ, ਤਾਂ ਉਹ ਬਾਰੂ ਨਾਂ ਦੇ ਘਰ ਪਾਲੇ ਵੱਛੇ ਨੂੰ ਨਾ ਵੇਚਦੇ, ਪਰ ਉਹ ਹਾਲਾ ਦੇਣ ਲਈ ਵੇਚਣਾ ਪਿਆ। ਜਿਸ ਦਿਨ ਉਹ ਵੇਚਿਆ ਗਿਆ, ਉਸ ਦੇ ਚਾਚੇ ਨੇ ਰੋਟੀ ਦੀ ਇੱਕ ਬੁਰਕੀ ਨਾ ਖਾਧੀ। ਸਾਰਾ ਦਿਨ ਥਮ੍ਹਲੇ ਨਾਲ ਲੱਗ ਕੇ ਬੈਠਾ ਰਿਹਾ।

ਪ੍ਰਸ਼ਨ 7. ਹਰ ਕੌਰ ਦੇ ਮੂੰਹੋਂ ‘ਬਾਕੀ ਸਭ ਸੁਖ-ਸਾਂਦ ਹੈ।’ ਸ਼ਬਦ ਸੁਣ ਕੇ ਲੇਖਕ ਦੇ ਹੱਥੋਂ ਕਲਮ ਕਿਉਂ ਡਿਗ ਪਈ?

ਉੱਤਰ : ਹਰ ਕੌਰ ਨੇ ਦੁੱਖਾਂ ਭਰੀ ਚਿੱਠੀ ਲਿਖਾਉਣ ਮਗਰੋਂ ਜਦੋਂ ਅੰਤ ਵਿੱਚ ਮੋਹਣ ਨੂੰ ‘ਬਾਕੀ ਸਭ ਸੁਖ-ਸਾਂਦ ਹੈ’ ਲਿਖਣ ਲਈ ਕਿਹਾ, ਤਾਂ ਲੇਖਕ ਦੇ ਹੱਥੋਂ ਇਹ ਸੋਚ ਕੇ ਕਲਮ ਡਿਗ ਪਈ ਕਿ ਦੁੱਖਾਂ ਨਾਲ ਮੂੰਹੋਂ-ਮੂੰਹ ਭਰੀ ਹਰ ਕੌਰ ਦੇ ਘਰ ਸੁਖ-ਸਾਂਦ ਕਿਵੇਂ ਹੋਈ?