CBSEClass 9th NCERT PunjabiEducationPunjab School Education Board(PSEB)

ਬਾਕੀ ਸਭ ਸੁਖ-ਸਾਂਦ ਹੈ : ਸਾਰ


ਪ੍ਰਸ਼ਨ. ‘ਬਾਕੀ ਸਭ ਸੁਖ-ਸਾਂਦ ਹੈ’ ਕਹਾਣੀ ਨੂੰ ਸੰਖੇਪ ਕਰ ਕੇ ਲਿਖੋ।

ਉੱਤਰ : ਮੋਹਣ ਸਿੰਘ ਪੰਜਵੀਂ ਤੋਂ ਲੈ ਕੇ ਦਸਵੀਂ ਪਾਸ ਕਰਨ ਤਕ ਬੀਹੀ ਦੇ ਲੋਕਾਂ ਦੀਆਂ ਚਿੱਠੀਆਂ ਲਿਖਦਾ ਰਿਹਾ ਸੀ। ਲੋਕ ਚਿੱਠੀਆਂ ਸਿੱਧੀ ਤਰ੍ਹਾਂ ਨਹੀਂ ਸਨ ਲਿਖਾਉਂਦੇ। ਕੁੜੀਆਂ ਆਪਣੇ ਪਰਦੇਸੀ ਪਤੀਆਂ ਵਲ ਬਿਰਹੋਂ ਭਰੀਆਂ ਚਿੱਠੀਆਂ ਲਿਖਾਉਂਦੀਆਂ। ਮੋਹਣ ਸਿੰਘ ਅਜਿਹੀਆਂ ਚਿੱਠੀਆਂ ਲਿਖ-ਲਿਖ ਕੇ ਥੱਕ ਚੁੱਕਾ ਸੀ, ਜੋ ਕਿ ਨਿਹੋਰਿਆਂ ਤੇ ਟਿੱਚਰਾਂ ਭਰੇ ਟੋਟਕਿਆਂ ਤੇ ਅਤਿਕਥਨੀਆਂ ਨਾਲ ਭਰੀਆਂ ਹੁੰਦੀਆਂ ਸਨ। ਬੁੜ੍ਹੀਆਂ ਚਿੱਠੀਆਂ ਲਿਖਾਉਣ ਸਮੇਂ ਆਪਣੇ ਰੋਣੇ ਰੋਂਦੀਆਂ ਸਨ. ਜਿਨ੍ਹਾਂ ਵਿੱਚ ਕੁਪੱਤੀ ਨੂੰਹ, ਮਾਪਿਆਂ ਦੇ ਬੈਠੀ ਦੁਖੀ ਧੀ, ਛੱਜ ਵਿਚ ਭਰਤੀ ਹੋਏ ਪੁੱਤਰ, ਹੱਥ ਦੀ ਤੰਗੀ ਜਾਂ ਮੁਕੱਦਮੇ ਆਦਿ ਦਾ ਜ਼ਿਕਰ ਹੁੰਦਾ ਸੀ।

ਮੋਹਣ ਸਿੰਘ ਲੋਕਾਂ ਦੇ ਦੁੱਖ ਲਿਖ-ਲਿਖ ਕੇ ਦੁਖੀ ਹੋ ਜਾਂਦਾ ਸੀ ਤੇ ਸੋਚਦਾ ਸੀ ਕਿ ਕਦੇ ਉਹ ਸੁਖੀ ਵੀ ਹੋਣਗੇ ਤੇ ਉਸ ਤੋਂ ਸੋਹਣੀਆਂ-ਸੋਹਣੀਆਂ ਗੱਲਾਂ ਵੀ ਲਿਖਾਉਣਗੇ। ਉਸ ਦਾ ਦਿਲ ਕਰਦਾ ਸੀ ਕਿ ਉਹ ਪਿੰਡੋਂ ਕਿਧਰੇ ਭੱਜ ਜਾਵੇ। ਉਸ ਨੇ ਲੋਕਾਂ ਨੂੰ ਪਿੰਡ ਦੇ ਹੋਰਨਾਂ ਪੰਜਵੀਂ ਵਿੱਚ ਪੜ੍ਹਦੇ ਮੁੰਡਿਆਂ ਤੋਂ ਚਿੱਠੀਆਂ ਲਿਖਾਉਣ ਦਾ ਇਸ਼ਾਰਾ ਵੀ ਕੀਤਾ ਸੀ, ਪਰ ਉਹ ਕਹਿੰਦੇ ਸਨ ਕਿ ਉਹ ਹਰ ਇੱਕ ਦੇ ਅੱਗੇ ਕਬੀਲਦਾਰੀ ਦੇ ਪਰਦੇ ਨਹੀਂ ਫੋਲ ਸਕਦੇ, ਪਰ ਉਹ ਉਨ੍ਹਾਂ ਨੂੰ ਚਿੱਠੀ ਲਿਖਣ ਵਿੱਚ ਟਾਲਮਟੋਲ ਕਰਦਾ ਰਹਿੰਦਾ, ਜਿਸ ਕਰਕੇ ਲੋਕ ਉਸ ਵਿਰੁੱਧ ਗੁੱਸੇ ਨਾਲ ਭਰੇ ਹੋਏ ਸਨ।

ਪਰਸੋਂ ਜਾਗਰ ਦੀ ਮਾਂ ਹਰ ਕੌਰ ਮੋਹਣ ਸਿੰਘ ਕੋਲ ਚਿੱਠੀ ਲਿਖਾਉਣ ਆਈ। ਉਸ ਦੇ ਟਾਲਮਟੋਲ ਕਰਨ ਤੇ ਉਸ ਨੇ ਅੱਖਾਂ ਭਰ ਲਈਆਂ ਤੇ ਉਹ ਉਸ ਦੇ ਘਰ ਚਲਾ ਗਿਆ, ਜਿੱਥੇ ਉਸ ਨੂੰ ਦੁੱਧ ਪੀਣ ਲਈ ਦਿੱਤਾ, ਜਿਸ ਦੇ ਗਰਮ ਹੋਣ ਕਰਕੇ ਉਸ ਦੇ ਇੱਕ ਜੀਭ ਸੜ ਗਈ ਤੇ ਹਰ ਕੌਰ ਨੇ ਉਹ ਠੰਢਾ ਕਰ ਦਿੱਤਾ।

ਅੰਦਰ ਹਰ ਕੌਰ ਦੀ ਨੂੰਹ ਦਰਦ ਨਾਲ ਕਰਾਹ ਰਹੀ ਸੀ, ਜਿਸ ਦੇ ਪਰਸੋਂ ਪੁੱਤ ਜੰਮਿਆ ਸੀ। ਹਰ ਕੌਰ ਨੇ ਮੋਹਣ ਸਿੰਘ ਨੂੰ ਕਿਹਾ ਕਿ ਉਹ ਅਜਿਹੀ ਚਿੱਠੀ ਲਿਖੇ, ਜਿਸ ਨੂੰ ਪੜ੍ਹ ਕੇ ਉਸ ਦਾ ਪੁੱਤਰ ਫ਼ੌਜ ਵਿੱਚੋਂ ਨਾਵਾਂ ਕਟਾ ਆਵੇ। ਫਿਰ ਉਸ ਨੇ ਮੁਕੱਦਮੇ ਦੀਪੋ ਦੇ ਪ੍ਰਾਹੁਣੇ ਦੇ ਗੁਆਚ ਜਾਣ ਬਾਰੇ, ਮੱਝ ਤੇ ਤੂਣ ਬਾਰੇ ਤੇ ਉਸ ਦੀ ਪੂਛ ਦੇ ਵੱਢੇ ਜਾਣ ਬਾਰੇ, ਖੇਤੀ ਦਾ ਹਾਲਾ ਦੇਣ ਲਈ ਵੱਛੇ ਦੇ ਵੇਚੇ ਜਾਣ ਬਾਰੇ, ਨਾਰੇ ਬਲਦ ਦੇ ਕੰਨ੍ਹੇ ਦੇ ਮਤਾੜੇ ਜਾਣ ਬਾਰੇ, ਫਸਲਾਂ ਕੇ ਮਰ ਜਾਣ ਬਾਰੇ ਤੇ ਉਸ ਦੀ ਪਤਨੀ ਕਰਤਾਰੋਂ ਦੇ ਮਰਨ-ਕੰਢੇ ਪਈ ਹੋਣ ਬਾਰੇ ਲਿਖਾਇਆ। ਮੋਹਣ ਸਿੰਘ ਨੇ ਹਰ ਕੌਰ ਨੂੰ ਨੂੰਹ ਦਾ ਇਲਾਜ ਕਰਾਉਣ ਲਈ ਕਿਹਾ। ਹਰ ਕੌਰ ਦੇ ਕਹਿਣ ‘ਤੇ ਉਸ ਨੇ ਚਿੱਠੀ ਪੜ੍ਹ ਕੇ ਸੁਣਾਈ ਤੇ ਉਸ ਨੇ ਕਿਹਾ ਕਿ ਅੰਤ ਵਿੱਚ ਉਹ ਲਿਖ ਦੇਵੇ ਕਿ ‘ਬਾਕੀ ਸਭ ਸੁਖ ਸਾਂਦ ਹੈ।’ ਇਹ ਸੁਣ ਕੇ ਮੋਹਣ ਸਿੰਘ ਦੇ ਹੱਥੋਂ ਕਲਮ ਡਿਗ ਪਈ।