ਬਹੁ ਅਰਥਕ ਸ਼ਬਦ


ਭ, ਮ, ਰ, ਲ, ਵ


64. ਭੰਨ

(ੳ) ਤੋੜ : ਬਾਦਾਮ ਭੰਨ ਕੇ ਗਿਰੀ ਕੱਢ।

(ਅ) ਵੱਟ : ਕੱਪੜੇ ਨੂੰ ਭੰਨ ਨਾ ਪੈਣ ਦਿਓ।

(ੲ) ਜਿੰਦਰੇ ਤੋੜ ਕੇ ਅੰਦਰ ਵੜਨਾ : ਚੋਰਾਂ ਨੇ ਉਸ ਦਾ ਘਰ ਭੰਨ ਕੇ ਸਭ ਕੁੱਝ ਲੁੱਟ ਲਿਆ।

(ਸ) ਗੰਨੇ ਭੰਨਣੇ : ਮੈਂ ਖੇਤ ਵਿੱਚੋਂ ਚਾਰ ਗੰਨੇ ਭੰਨ ਲਏ।

65. ਭਰ

(ੳ) ਲਗਪਗ : ਮੈਨੂੰ ਸੇਰ ਭਰ ਆਟਾ ਦਿਓ।

(ਅ) ਪੂਰਾ ਕਰਨਾ : ਮੈਂ ਤੇਰਾ ਸਾਰਾ ਨੁਕਸਾਨ ਭਰ ਦੇਵਾਂਗਾ।

(ੲ) ਪੱਕਣਾ : ਮੇਰਾ ਜ਼ਖ਼ਮ ਪਾਣੀ ਪੈ ਕੇ ਭਰ ਗਿਆ ਹੈ।

(ਸ) ਭਰਨਾ : ਬਾਲਟੀ ਪਾਣੀ ਨਾਲ ਭਰ ਦਿਓ।

66. ਮਾਰ

(ੳ) ਮਾਰਨਾ : ਲੋਕਾਂ ਨੇ ਹਲਕਾਏ ਕੁੱਤੇ ਨੂੰ ਮਾਰ ਦਿੱਤਾ।

(ਅ) ਭੈੜੀ ਆਦਤ : ਸੁਰਜੀਤ ਚੰਗਾ ਭਲਾ ਹੁੰਦਾ ਸੀ, ਪਰ ਹੁਣ ਪਤਾ ਨਹੀਂ ਉਸ ਨੂੰ ਕੀ ਮਾਰ ਵਗ ਗਈ ਹੈ ਕਿ ਉਹ ਕੋਈ ਕੰਮ ਹੀ ਨਹੀਂ ਕਰਦਾ।

(ੲ) ਕੁੱਟ : ਅੱਜ ਸ਼ਰਾਰਤੀ ਮੁੰਡਿਆ ਨੂੰ ਮਾਸਟਰ ਜੀ ਤੋਂ ਚੰਗੀ ਮਾਰ ਪਈ।

(ਸ) ਭਸਮ ਕਰਨਾ : ਹਕੀਮ ਨੇ ਤਾਂਬਾ ਮਾਰ ਕੇ ਦਵਾਈ ਬਣਾਈ।

67. ਮੁਰੱਬਾ

(ੳ) ਫਲਾਂ ਦਾ ਮੁਰੱਬਾ : ਔਲਿਆਂ ਦਾ ਮੁਰੱਬਾ ਸਿਹਤ ਲਈ ਚੰਗਾ ਹੁੰਦਾ ਹੈ।

(ਅ) ਵਰਗਾਕਾਰ : ੳ. ਅ. ਲਾਈਨ ਉੱਤੇ ਇਕ ਮੁਰੱਬਾ ਬਣਾਓ।

(ੲ) 25 ਏਕੜ ਜਮੀਨ : ਰਾਮ ਸਿੰਘ 10 ਮੁਰੱਬੇ ਜਮੀਨ ਦਾ ਮਾਲਕ ਹੈ।

(ਸ) ਜ਼ਮੀਨ ਦੀ ਮਿਣਤੀ ਤੇ ਵੰਡ : ਸਾਡੇ ਪਿੰਡ ਦੀ ਜ਼ਮੀਨ ਦੀ ਮੁਰੱਬਾਬੰਦੀ ਹੋ ਗਈ ਹੈ।

68. ਰੱਖ

(ੳ) ਜੰਗਲ : ਚਰਵਾਹੇ ਰੱਖ ਵਿੱਚ ਪਸ਼ੂ ਚਾਰ ਰਹੇ ਹਨ।

(ਅ) ਰੱਖਣਾ : ਕਿਤਾਬ ਮੇਜ਼ ਉੱਪਰ ਰੱਖ ਦੇਹ।

(ੲ) ਤਵੀਤ : ਮੈਂ ਬੱਚੇ ਦੇ ਗਲ ਵਿੱਚ ਰੱਖ ਪਾਈ ਹੋਈ ਹੈ।

(ਸ) ਪਰਹੇਜ : ਤੁਸੀਂ ਜਰਾ ਤਲੀਆਂ ਚੀਜ਼ਾ ਤੋਂ ਰੱਖ ਰੱਖੋ ਤੁਹਾਡਾ ਪੇਟ ਆਪੇ ਹੀ ਠੀਕ ਹੋ ਜਾਵੇਗਾ।

69. ਰਾਸ

(ੳ) ਠੀਕ : ਮੇਰਾ ਕੰਮ ਮਸਾ ਰਾਸ ਆਇਆ।

(ਅ) ਪੂੰਜੀ : ਪਰਮਾਤਮਾ ਦਾ ਨਾਂ ਹੀ ਭਗਤਾਂ ਦੀ ਰਾਸ ਹੈ।

(ੲ) ਰਾਜ਼ੀ : ਦੋਹਾ ਧਿਰਾਂ ਦੀ ਖੂਬ ਰਾਸ ਰਲ ਗਈ ਹੈ। ਹੁਣ ਇਨ੍ਹਾਂ ਦੀ ਚੰਗੀ ਨਿਭੇਗੀ।

(ਸ) ਇਕ ਪ੍ਰਕਾਰ ਦਾ ਨਾਟਕ : ਅੱਜ ਰਾਤ ਨੂੰ ਰਾਸਧਾਰੀਏ ਰਾਜੇ ਹਰੀਚੰਦ ਦੀ ਰਾਸ ਪਾਉਣਗੇ।

70. ਲੜ

(ੳ) ਡੰਗ ਮਾਰਨਾ : ਮੇਰੇ ਮੱਛਰ ਲੜ ਰਿਹਾ ਹੈ।

(ਅ) ਝਗੜਾ ਕਰਨਾ : ਮੇਰਾ ਗੁਆਂਢੀ ਐਵੈਂ ਹੀ ਮੇਰੇ ਨਾਲ ਲੜ ਪਿਆ।

(ੲ) ਪੱਲਾ : ਵਹੁਟੀ ਨੂੰ ਲਾੜੇ ਦਾ ਲੜ ਫੜਾ ਕੇ ਘਰੋਂ ਤੋਰ ਦਿੱਤਾ ਗਿਆ।

(ਸ) ਪੱਗ ਦਾ ਲੜ : ਆਪਣੀ ਪੱਗ ਦਾ ਲੜ ਟੰਗ ਲਵੋ।

71. ਲਾਵਾਂ

(ੳ) ਫੇਰੇ : ਭਾਈ ਨੇ ਲਾਵਾਂ ਪੜ੍ਹ ਕੇ ਮੁੰਡੇ-ਕੁੜੀ ਦਾ ਵਿਆਹ ਕਰ ਦਿੱਤਾ।

(ਅ) ਮਾਰਾਂ : ਚੁੱਪ ਕਰੇਂਗਾ, ਜਾਂ ਲਾਵਾਂ ਤੇਰੇ ਥੱਪੜ।

(ੲ) ਹੀਣਾ : ਉਹ ਇਕ ਅੱਖੋਂ ਲਾਵਾਂ ਹੈ।

(ਸ) ਰੱਸੀਆਂ : ਇਸ ਤੱਕੜੀ ਦੀਆਂ ਲਾਵਾਂ ਟੁੱਟਣ ਵਾਲੀਆਂ ਹਨ।

72. ਵੱਟ

(ੳ) ਗਰਮੀ : ਅੱਜ ਬੜਾ ਵੱਟ ਹੈ।

(ਅ) ਬੰਨਾ : ਮੈਂ ਖੇਤ ਦੀ ਵੱਟ ਉੱਪਰ ਤੁਰ ਰਿਹਾ ਸਾਂ।

(ੲ) ਵਲ : ਕੱਪੜੇ ਦੇ ਵੱਟ ਕੱਢੋ।

(ਸ) ਕਮਾਉਂਦਾ : ਉਹ ਦੁਕਾਨਦਾਰ ਚੰਗੇ ਪੈਸੇ ਵੱਟ ਲੈਂਦਾ ਹੈ।

(ਹ) ਵੱਟਣਾ : ਸੂਤ ਲੈ ਕੇ ਰੱਸੀ ਵੱਟ।

73. ਵੱਟਾ

(ੳ) ਤੋਲਣ ਲਈ ਬਣਿਆ ਭਾਰ : ਮੈਨੂੰ ਇਕ ਕਿਲੋਗਰਾਮ ਦਾ ਵੱਟਾ ਚਾਹੀਦਾ ਹੈ।

(ਅ) ਕਸਾਰਾ : ਇਹ 100 ਦਾ ਨੋਟ ਪਾਟਾ ਹੋਇਆ ਹੈ ਪਰ ਪੰਜ ਰੁਪਏ ਵੱਟਾ ਲੱਗ ਕੇ ਚਲ ਜਾਏਗਾ।

(ੲ) ਬਦਲਣਾ : ਉਸ ਨੇ ਵੱਟਾ-ਸੱਟਾ ਕਰ ਕੇ ਮੁੰਡਾ ਵਿਆਹ ਲਿਆ।

(ਸ) ਬਦਲਾ : ਮੈਂ ਵਾਰੀ ਦਾ ਵੱਟਾ ਲੈ ਕੇ ਹੀ ਹਟਾਂਗਾ ।

74. ਵੱਟੀ

(ੳ) ਬੱਤੀ : ਦੀਵੇ ਦੀ ਵੱਟੀ ਜਲ ਗਈ ਹੈ।

(ਅ) ਕਮਾਈ : ਉਸ ਨੇ ਅੱਜ ਮੇਲੇ ਵਿੱਚ ਚੰਗੀ ਰਕਮ ਵੱਟੀ ਹੈ।

(ੲ) ਦੁੱਖ-ਸਹਿਣਾ : ਉਸ ਨੇ ਬਥੇਰੀ ਕਸੀਸ ਵੱਟੀ, ਪਰ ਫਿਰ ਵੀ ਉਸ ਦੀ ਚੀਕ ਨਿਕਲ ਗਈ।

(ਸ) ਵੱਟਣਾ : ਇਹ ਰੱਸੀ ਮੈਂ ਵੱਟੀ ਹੈ।

75. ਵੰਡ

(ੳ) ਖਲ-ਵੜੇਵੇਂ ਆਦਿ : ਉਸ ਨੇ ਮੱਝ ਨੂੰ ਖ਼ੂਬ ਵੰਡ ਚਾਰਿਆ।

(ਅ) ਵੰਡਣਾ : ਪਿਓ ਦੇ ਮਰਨ ਮਗਰੋਂ ਭਰਾਵਾਂ ਨੇ ਜਾਇਦਾਦ ਵੰਡ ਲਈ।

(ੲ) ਦਾਨ ਕਰਨਾ : ਉਹ ਗ਼ਰੀਬਾਂ ਵਿੱਚ ਕੱਪੜੇ ਵੰਡ ਰਹੀ ਸੀ।

76. ਵੱਲ

(ੳ) ਪਾਸੇ : ਤੁਸੀਂ ਮੇਰੇ ਵਲ ਤੱਕੋ।

(ਅ) ਤਰੀਕਾ : ਤੁਹਾਨੂੰ ਇਹ ਕੰਮ ਕਰਨ ਦਾ ਵਲ ਨਹੀਂ ਆਉਂਦਾ।

(ੲ) ਅਰੋਗ-ਅੱਗੇ ਮੈਂ ਬਿਮਾਰ ਸਾਂ, ਪਰ ਅੱਜ-ਕਲ੍ਹ ਵੱਲ ਹਾਂ।

(ਸ) ਵੇਲ : ਕੱਦੂ ਦੀ ਵੱਲ ਨਾਲ ਚਾਰ ਚੂਏਂ ਲੱਗੇ ਹਨ।

77. ਵਾਰ

(ੳ) ਦਿਨ : ਅੱਜ ਕੀ ਵਾਰ ਹੈ?

(ਅ) ਹਮਲਾ : ਉਸ ਨੇ ਮੇਰੇ ਉੱਪਰ ਤਲਵਾਰ ਦਾ ਵਾਰ ਕੀਤਾ।

(ੲ) ਕੁਰਬਾਨ ਕਰਨਾ : ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਖ਼ਾਤਰ ਆਪਣਾ ਸਿਰ ਵਾਰ ਦਿੱਤਾ।

(ਸ) ਵਾਰੀ : ਮੈਂ ਤੈਨੂੰ ਕਈ ਵਾਰ ਸਮਝਾਇਆ ਹੈ ਕਿ ਤੂੰ ਝੂਠ ਨਾ ਬੋਲਿਆ ਕਰ।

78. ਵਾਹ

(ੳ) ਯਤਨ : ਮੈਂ ਆਪਣੀ ਪੂਰੀ ਵਾਹ ਲਾਈ ਹੈ, ਪਰ ਕੰਮ ਨਹੀਂ ਬਣਿਆ।

(ਅ) ਵਡਿਆਈ : ਉਸ ਦੀ ਸਾਰੇ ਪਿੰਡ ਵਿੱਚ ਵਾਹ-ਵਾਹ ਹੋ ਗਈ।

(ੲ) ਵਾਹੁਣਾ : ਦੱਬ ਕੇ ਵਾਹ ਤੇ ਰੱਜ ਕੇ ਖਾਹ।

79. ਵੇਲ

(ੳ) ਰੁੱਖਾਂ ਜਾਂ ਕੰਧਾਂ ਉੱਪਰ ਚੜ੍ਹਨ ਵਾਲਾ ਪੌਦਾ : ਇਹ ਅੰਗੂਰ ਦੀ ਵੇਲ ਹੈ।

(ਅ) ਵਾਰਨਾ : ਖ਼ੁਸਰੇ ਨੇ ਮੇਰੇ ਦਿੱਤੇ ਦਸ ਰੁਪਇਆਂ ਦੀ ਵੇਲ ਕੀਤੀ।

(ੲ) ਵੇਲਣਾ : ਰੋਟੀ ਨੂੰ ਵੇਲ ਕੇ ਤਵੇ ‘ਤੇ ਪਾਓ।

80. ਲੀਹ

(ੳ) ਲਕੀਰ : ਕੰਧ ਉੱਤੇ ਕਾਲੀਆਂ ਲੀਹਾਂ ਕਿਸ ਨੇ ਪਾਈਆਂ?

(ਅ) ਪਿਰਤ : ਸਾਡੇ ਘਰ ਵਿੱਚ ਇਹ ਲੀਹ ਹੈ ਕਿ ਨੂੰਹ ਸੱਸ ਕਦੇ ਮਿਲ ਕੇ ਨਹੀਂ ਰਹਿੰਦੀਆਂ।

(ੲ) ਰਸਤਾ : ਗੱਡਾ ਲੀਹੋ-ਲੀਹ ਜਾ ਰਿਹਾ ਸੀ।