ਬਹੁ ਅਰਥਕ ਸ਼ਬਦ
ਚ, ਛ, ਜ, ਝ, ਟ
32. ਚੱਕ
(ੳ) ਦੰਦੀ : ਕੁੱਤੇ ਨੇ ਮੇਰੀ ਲੱਤ ਉੱਪਰ ਚੱਕ ਵੱਢਿਆ।
(ਅ) ਖੂਹ ਦੀ ਕੋਠੀ ਦਾ ਆਧਾਰ : ਖੂਹ ਦਾ ਚੱਕ ਵਹਾਉਣ ਸਮੇਂ ਬੜੇ ਸ਼ਗਨ ਕੀਤੇ ਜਾਂਦੇ ਹਨ।
(ੲ) ਘੁਮਿਆਰ ਦਾ ਯੰਤਰ : ਘੁਮਿਆਰ ਚੱਕ ਉੱਤੇ ਭਾਂਡੇ ਬਣਾ ਰਿਹਾ ਹੈ।
(ਸ) ਪਿੰਡ ਦਾ ਨਾਂ : ਇਸ ਪਿੰਡ ਦਾ ਨਾਂ ਚੱਕ ਹਕੀਮ ਹੈ।
33. ਚਾਰ
(ੳ) ਤਿੰਨ+ਇਕ : ਮੇਰੇ ਕੋਲ ਕੇਵਲ ਚਾਰ ਰੁਪਏ ਹੀ ਹਨ।
(ਅ) ਪਸ਼ੁ ਚਾਰਨੇ : ਵਾਗੀ ਖੇਤਾਂ ਵਿੱਚ ਗਾਈਆਂ ਚਾਰ ਰਿਹਾ ਹੈ।
(ੲ) ਇਕ ਦੂਜੇ ਵਲ ਦੇਖਣਾ : ਜਦੋਂ ਸਾਡੀਆਂ ਅੱਖਾਂ ਚਾਰ ਹੋਈਆਂ, ਤਾਂ ਅਸੀਂ ਇਕ ਦੂਜੇ ਨੂੰ ਪਛਾਣ ਲਿਆ।
(ਸ) ਧੋਖਾ ਕਰਨਾ : ਉਹ ਬੜਾ ਉਸਤਾਦ ਹੈ, ਉਹ ਤਾਂ ਚੰਗੇ-ਭਲੇ ਨੂੰ ਚਾਰ ਜਾਂਦਾ ਹੈ।
34. ਚਾਕ
(ੳ) ਬਟਨ ਲਾਉਣ ਲਈ ਛੇਕ : ਕਮੀਜ਼ ਤਾਂ ਸੀਤੀ ਗਈ ਹੈ, ਬੱਸ ਚਾਕ ਕਰਨੇ ਹੀ ਬਾਕੀ ਹਨ।
(ਅ) ਨੌਕਰ : ਹੀਰ ਨੇ ਰਾਂਝੇ ਨੂੰ ਮੱਝੀਆਂ ਚਰਾਉਣ ਲਈ ਆਪਣੇ ਘਰ ਚਾਕ ਰੱਖ ਲਿਆ।
(ੲ) ਲਿਖਣ ਵਾਲੀ ਬੱਤੀ : ਮਾਸਟਰ ਜੀ ਬੋਰਡ ਉੱਤੇ ਚਾਕ ਨਾਲ ਲਿਖ ਰਹੇ ਹਨ।
(ਸ) ਚੀਰਨਾ : ਡਾਕਟਰ ਨੇ ਉਸਦਾ ਪੇਟ ਚਾਕ ਕਰ ਕੇ ਰਸੌਲੀ ਕੱਢੀ।
35. ਚੰਦ, ਚੰਨ
(ੳ) ਚੰਦਰਮਾ : ਚੰਦ ਅਸਮਾਨ ਵਿੱਚ ਚਮਕਦਾ ਹੈ।
(ਅ) ਪੁੱਤਰ : ਮਾਂ ਨੇ ਕਿਹਾ, “ਅਜੇ ਤਕ ਮੇਰਾ ਚੰਦ ਘਰ ਨਹੀਂ ਪੁੱਜਾ।”
(ੲ) ਮੁਹਾਵਰੇ ਵਿੱਚ ਵਰਤੋਂ : ਮੈਨੂੰ ਪਤਾ ਸੀ ਕਿ ਤੂੰ ਇਹ ਚੰਦ ਹੀ ਚੜ੍ਹਾਏਂਗਾ।
(ਸ) ਚਾਰ ਉਂਗਲਾਂ : ਇਹ ਕੰਧ ਮੇਰੇ ਕੱਦ ਨਾਲੋਂ ਦੇ ਚੰਦ ਨੀਵੀਂ ਹੈ।
36. ਛਾਪਾ
(ੳ) ਢੀਂਗਰ : ਇੱਥੋਂ ਲਾਂਘਾ ਬੰਦ ਕਰਨ ਲਈ ਕਿੱਕਰ ਦਾ ਛਾਪਾ ਗੱਡ ਦਿਓ।
(ਅ) ਅਚਾਨਕ ਤਲਾਸ਼ੀ : ਪੁਲਿਸ ਨੇ ਸੁਰੈਣੇ ਦੇ ਘਰੋਂ ਨਾਜਾਇਜ਼ ਸ਼ਰਾਬ ਫੜਨ ਲਈ ਛਾਪਾ ਮਾਰਿਆ।
(ੲ) ਛਪਾਈ : ਇਸ ਕੱਪੜੇ ਦਾ ਛਾਪਾ ਬੜਾ ਸੁੰਦਰ ਹੈ।
(ਸ) ਪ੍ਰੈੱਸ-ਇਹ ਛਾਪਾਖ਼ਾਨਾ ਚੰਗੀ ਛਪਾਈ ਕਰਦਾ ਹੈ ।
37. ਜੱਗ
(ੳ) ਦੁਨੀਆ : ਇਹ ਜੱਗ ਮਿੱਠਾ, ਅਗਲਾ ਕਿਨ ਡਿੱਠਾ?
(ਅ) ਇਕ ਭਾਂਡਾ : ਪਾਣੀ ਦਾ ਜੱਗ ਲਿਆਓ।
(ੲ) ਧਰਮ ਅਰਥ ਭੋਜਨ ਛਕਾਉਣਾ : ਵਿਸਾਖੀ ਦੇ ਦਿਨ ਸੰਤਾਂ ਦੇ ਡੇਰੇ ਉੱਤੇ ਭਾਰੀ ਜੱਗ ਕੀਤਾ ਜਾਂਦਾ ਹੈ।
38. ਜਾਗ
(ੳ) ਜੰਮਣ : ਦੁੱਧ ਨੂੰ ਜਾਗ ਲਾ ਦਿਓ।
(ਅ) ਨੀਂਦਰ ਖੁੱਲ੍ਹਣੀ : ਮੈਂ ਅਜੇ ਸੁੱਤੀ ਹੀ ਸਾਂ ਕਿ ਕਣੀਆਂ ਪੈਣ ਨਾਲ ਜਾਗ ਖੁੱਲ੍ਹ ਗਈ।
(ੲ) ਸੁਚੇਤ ਹੋਣਾ : ਮਾਰਕਸਵਾਦੀ ਵਿਚਾਰਧਾਰਾ ਦੇ ਅਸਰ ਕਾਰਨ ਸਾਰੇ ਸੰਸਾਰ ਦੇ ਕਿਰਤੀ ਜਾਗ ਪਏ ਹਨ।
(ਸ) ਖੁੱਲ੍ਹਣਾ : ਤੁਹਾਡੇ ਆਉਣ ਨਾਲ ਮੇਰੇ ਭਾਗ ਜਾਗ ਪਏ।
39. ਜੋੜ
(ੳ) ਸ਼ਬਦ ਦੇ ਜੋੜ : ਸ਼ਬਦ ਲਿਖਣ ਸਮੇਂ ਉਨ੍ਹਾਂ ਦੇ ਜੋੜ ਠੀਕ ਕਰ ਕੇ ਲਿਖੋ।
(ਅ) ਇਕੱਠਾ ਕਰਨਾ : ਖਾ ਗਏ, ਰੰਗ ਲਾ ਗਏ : ਜੋੜ ਗਏ, ਸੋ ਰੋੜ੍ਹ ਗਏ।
(ੲ) ਜੋੜਨਾ : ਪਾਟੀ ਕਿਤਾਬ ਨੂੰ ਗੂੰਦ ਲਾ ਕੇ ਜੋੜ ਦਿਓ।
(ਸ) ਬੰਨ੍ਹਦੇ : ਜਦੋਂ ਕੋਈ ਔਕੜ ਬਣੇ, ਤਾਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰੋ।
40. ਝੜ
(ੳ) ਬੱਦਲਾਂ ਦਾ ਸੂਰਜ ਨੂੰ ਢੱਕਣਾ : ਝੜ ਹੋ ਗਿਆ ਹੈ, ਸ਼ਾਇਦ ਮੀਂਹ ਪਵੇ।
(ਅ) ਡਿਗਣਾ : ਪਤਝੜ ਕਾਰਨ ਰੁੱਖਾਂ ਦੇ ਪੱਤੇ ਝੜ ਗਏ ਹਨ ।
(ੲ) ਦੇਣਾ : ਐਵੇਂ ਲਾਰੇ ਹੀ ਲਾਈ ਜਾਂਦਾ ਹੈ, ਕੁੱਝ ਹੱਥੋਂ ਵੀ ਝੜ।
(ਸ) ਬਣਨਾ : ਹਲਵਾਈ ਨੇ ਗੁੰਨ੍ਹਿਆ ਵੇਸਣ ਛਾਣਨੇ ‘ਤੇ ਪਾ ਕੇ ਮਲਿਆ, ਤਾਂ ਬੂੰਦੀ ਹੇਠਾਂ ਝੜ ਪਈ।
41. ਝਾੜ
(ੳ) ਉਪਜ : ਖ਼ਾਦ ਪਾਉਣ ਨਾਲ ਫਸਲ ਦਾ ਝਾੜ ਵੱਧ ਜਾਂਦਾ ਹੈ।
(ਅ) ਲਾਹੁਣੇ : ਅਸੀਂ ਬੇਰੀ ਦੇ ਸਾਰੇ ਬੇਰ ਝਾੜ ਲਏ।
(ੲ) ਖੁੰਬ ਠੱਪਣੀ : ਮਾਸਟਰ ਜੀ ਨੇ ਖੱਪ ਪਾਉਣ ਵਾਲੇ ਮੁੰਡਿਆਂ ਨੂੰ ਚੰਗੀ ਝਾੜ ਪਾਈ।
(ਸ) ਵੱਡੀ ਝਾੜੀ : ਇਸ ਭਾੜ ਵਿੱਚ ਇਕ ਬਿੱਲਾ ਲੁਕਿਆ ਬੈਠਾ ਸੀ।
42. ਟੱਲੀ
(ੳ) ਘੰਟੀ : ਸਕੂਲ ਦੀ ਟੱਲੀ ਵੱਜ ਰਹੀ ਹੈ।
(ਅ) ਲੀਰ : ਮੈਂ ਉਸ ਦੀ ਕੱਟੀ ਹੋਈ ਉਂਗਲੀ ਨੂੰ ਟੱਲੀ ਨਾਲ ਬੰਨ੍ਹ ਦਿੱਤਾ।
(ੲ) ਪੀਰੀਅਡ : ਸਾਡੀ ਪਹਿਲੀ ਟੱਲੀ ਵਿਰਲੀ ਹੈ।