ਫ਼ੌਜ-ਏ-ਬੇ-ਕਵਾਇਦ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ-ਏ-ਬੇ-ਕਵਾਇਦ ਤੋਂ ਕੀ ਭਾਵ ਹੈ?

ਉੱਤਰ : ਫ਼ੌਜ-ਏ-ਬੇ-ਕਵਾਇਦ ਉਹ ਫ਼ੌਜ ਸੀ ਜੋ ਨਿਸ਼ਚਿਤ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਸੀ। ਇਹ ਫ਼ੌਜ ਚਾਰਾਂ ਭਾਗਾਂ

(i) ਘੋੜ-ਚੜ੍ਹੇ

(ii) ਫ਼ੌਜ-ਏ-ਕਿਲ੍ਹਾਜਾਤ

(iii) ਅਕਾਲੀ ਅਤੇ

(iv) ਜਾਗੀਰਦਾਰੀ ਫ਼ੌਜ ਵਿੱਚ ਵੰਡੀ ਹੋਈ ਸੀ।

ਇਨ੍ਹਾਂ ਦਾ ਵਰਣਨ ਹੇਠ ਲਿਖੇ ਅਨੁਸਾਰ ਹੈ-

1. ਘੋੜ-ਚੜ੍ਹੇ : ਘੋੜ-ਚੜ੍ਹੇ ਬੇ-ਕਵਾਇਦ ਸੈਨਾ ਦਾ ਇੱਕ ਮਹੱਤਵਪੂਰਨ ਭਾਗ ਸੀ। ਇਹ ਦੋ ਭਾਗਾਂ ਵਿੱਚ ਵੰਡੇ ਹੋਏ ਸਨ :

(i) ਘੋੜ੍ਹ-ਚੜ੍ਹੇ ਖ਼ਾਸ : ਇਸ ਵਿੱਚ ਰਾਜ ਦਰਬਾਰੀਆਂ ਦੇ ਰਿਸ਼ਤੇਦਾਰਾਂ ਅਤੇ ਉੱਚ ਖ਼ਾਨਦਾਨਾਂ ਨਾਲ ਸੰਬੰਧਿਤ ਵਿਅਕਤੀ ਸ਼ਾਮਲ ਸਨ।

(ii) ਮਿਸਲਦਾਰ : ਇਸ ਵਿੱਚ ਉਹ ਸੈਨਿਕ ਸ਼ਾਮਲ ਸਨ ਜਿਹੜੇ ਮਿਸਲਾਂ ਦੇ ਸਮੇਂ ਤੋਂ ਸੈਨਿਕ ਚਲੇ ਆ ਰਹੇ ਸਨ। ਘੋੜ-ਚੜ੍ਹੇ ਦੇ ਮੁਕਾਬਲੇ ਵਿੱਚ ਮਿਸਲਦਾਰਾਂ ਦਾ ਅਹੁਦਾ ਘੱਟ ਮਹੱਤਵਪੂਰਨ ਸੀ। ਇਨ੍ਹਾਂ ਦੇ ਲੜਨ ਦਾ ਢੰਗ ਪੁਰਾਣਾ ਸੀ। 1838-39 ਈ. ਵਿੱਚ ਘੋੜ-ਚੜ੍ਹਿਆਂ ਦੀ ਗਿਣਤੀ 10,795 ਸੀ।

2. ਫ਼ੌਜ-ਏ-ਕਿਲ੍ਹਾਜਾਤ : ਕਿਲ੍ਹਿਆਂ ਦੀ ਰੱਖਿਆ ਲਈ ਮਹਾਰਾਜਾ ਰਣਜੀਤ ਸਿੰਘ ਕੋਲ ਇੱਕ ਵੱਖਰੀ ਫ਼ੌਜ ਸੀ, ਜਿਸ ਨੂੰ ਫ਼ੌਜ-ਏ-ਕਿਲ੍ਹਾਜਾਤ ਕਿਹਾ ਜਾਂਦਾ ਸੀ। ਹਰੇਕ ਕਿਲ੍ਹੇ ਵਿੱਚ ਕਿਲ੍ਹਾਜਾਤ ਸੈਨਿਕਾਂ ਦੀ ਗਿਣਤੀ ਕਿਲ੍ਹੇ ਦੇ ਮਹੱਤਵ ਅਨੁਸਾਰ ਵੱਖੋ- ਵੱਖਰੀ ਹੁੰਦੀ ਸੀ। ਕਿਲ੍ਹੇ ਦੇ ਕਮਾਨ ਅਫ਼ਸਰ ਨੂੰ ਕਿਲ੍ਹੇਦਾਰ ਕਿਹਾ ਜਾਂਦਾ ਸੀ।

3. ਅਕਾਲੀ : ਅਕਾਲੀ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ਸਮਝਦੇ ਸਨ। ਇਨ੍ਹਾਂ ਨੂੰ ਹਮੇਸ਼ਾਂ ਭਿਆਨਕ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ। ਉਹ ਹਮੇਸ਼ਾਂ ਹਥਿਆਰਬੰਦ ਹੋ ਕੇ ਘੁੰਮਦੇ ਰਹਿੰਦੇ ਸਨ। ਉਹ ਕਿਸੇ ਤਰ੍ਹਾਂ ਦੀ ਸੈਨਿਕ ਸਿਖਲਾਈ ਜਾਂ ਪਰੇਡ ਦੇ ਵਿਰੁੱਧ ਸਨ। ਉਹ ਧਰਮ ਦੇ ਨਾਂ ‘ਤੇ ਲੜਦੇ ਸਨ। ਉਨ੍ਹਾਂ ਦੀ ਗਿਣਤੀ 3,000 ਦੇ ਕਰੀਬ ਸੀ। ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਉਨ੍ਹਾਂ ਦੇ ਪ੍ਰਸਿੱਧ ਨੇਤਾ ਸਨ।

4. ਜਾਗੀਰਦਾਰੀ ਫ਼ੌਜ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਾਗੀਰਦਾਰਾਂ ‘ਤੇ ਇਹ ਸ਼ਰਤ ਲਗਾਈ ਗਈ ਸੀ ਕਿ ਉਹ ਮਹਾਰਾਜੇ ਨੂੰ ਲੋੜ ਪੈਣ ‘ਤੇ ਸੈਨਿਕ ਸਹਾਇਤਾ ਦੇਣ। ਇਸ ਲਈ ਜਾਗੀਰਦਾਰ ਰਾਜ ਦੀ ਸਹਾਇਤਾ ਲਈ ਪੈਦਲ ਅਤੇ ਘੋੜਸਵਾਰ ਸੈਨਿਕ ਰੱਖਦੇ ਸਨ। ਸਮੇਂ-ਸਮੇਂ ਸਿਰ ਇਨ੍ਹਾਂ ਸੈਨਿਕਾਂ ਦਾ ਰਾਜ ਵੱਲੋਂ ਨਿਰੀਖਣ ਕੀਤਾ ਜਾਂਦਾ ਸੀ।