ਫ਼ੌਜ-ਏ-ਖ਼ਾਸ


ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਸੰਗਠਨ ਵਿੱਚ ਫ਼ੌਜ-ਏ-ਖ਼ਾਸ ਦੀ ਮਹੱਤਤਾ ਉੱਤੇ ਸੰਖੇਪ ਨੋਟ ਲਿਖੋ।

ਉੱਤਰ : ਫ਼ੌਜ-ਏ-ਖ਼ਾਸ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦਾ ਸਭ ਤੋਂ ਮਹੱਤਵਪੂਰਨ ਅਤੇ ਸ਼ਕਤੀਸ਼ਾਲੀ ਅੰਗ ਸੀ। ਇਸ ਫ਼ੌਜ ਨੂੰ ਜਨਰਲ ਵੈਂਤੂਰਾ ਦੀ ਅਗਵਾਈ ਅਧੀਨ ਤਿਆਰ ਕੀਤਾ ਗਿਆ ਸੀ। ਇਸ ਨੂੰ ‘ਮਾਡਲ ਬ੍ਰਿਗੇਡ’ ਵੀ ਕਿਹਾ ਜਾਂਦਾ ਸੀ। ਇਸ ਫ਼ੌਜ ਵਿੱਚ ਪੈਦਲ ਫ਼ੌਜ ਦੀਆਂ ਚਾਰ ਬਟਾਲੀਅਨਾਂ, ਘੋੜਸਵਾਰਾਂ ਦੀਆਂ ਦੋ ਰਜਮੈਂਟਾਂ ਅਤੇ 24 ਤੋਪਾਂ ਦਾ ਇੱਕ ਤੋਪਖ਼ਾਨਾ ਸ਼ਾਮਲ ਸੀ।

ਇਸ ਫ਼ੌਜ ਨੂੰ ਯੂਰਪੀ ਢੰਗ ਨਾਲ ਕਰੜੀ ਸਿਖਲਾਈ ਅਧੀਨ ਤਿਆਰ ਕੀਤਾ ਗਿਆ ਸੀ। ਇਸ ਫ਼ੌਜ ਵਿੱਚ ਬੜੇ ਚੋਣਵੇਂ ਸੈਨਿਕ ਭਰਤੀ ਕੀਤੇ ਗਏ। ਉਨ੍ਹਾਂ ਦੇ ਸ਼ਸਤਰ ਅਤੇ ਘੋੜੇ ਵੀ ਸਭ ਤੋਂ ਵਧੀਆ ਕਿਸਮ ਦੇ ਸਨ। ਇਸੇ ਲਈ ਇਸ ਨੂੰ ਫ਼ੌਜ-ਏ-ਖ਼ਾਸ ਕਿਹਾ ਜਾਂਦਾ ਸੀ। ਇਸ ਫ਼ੌਜ ਦਾ ਆਪਣਾ ਵੱਖਰਾ ਝੰਡਾ ਅਤੇ ਚਿੰਨ੍ਹ ਸਨ। ਇਹ ਫ਼ੌਜ ਬਹੁਤ ਅਨੁਸ਼ਾਸਿਤ ਸੀ। ਇਸ ਸੈਨਾ ਨੂੰ ਕਠਿਨ ਮੁਹਿੰਮਾਂ ਵਿੱਚ ਭੇਜਿਆ ਜਾਂਦਾ ਸੀ। ਇਸ ਸੈਨਾ ਨੇ ਮਹੱਤਵਪੂਰਨ ਸਫਲਤਾਵਾਂ ਪ੍ਰਾਪਤ ਕੀਤੀਆਂ। ਇਸ ਸੈਨਾ ਦੀ ਕਾਰਜਕੁਸ਼ਲਤਾ ਨੂੰ ਦੇਖ ਕੇ ਅਨੇਕਾਂ ਅੰਗਰੇਜ਼ ਅਫ਼ਸਰ ਹੈਰਾਨ ਰਹਿ ਗਏ ਸਨ।