ਪੱਕ ਪਈਆਂ……….. ਵਿਸਾਖੀ ਚੱਲੀਏ।
ਪ੍ਰਸੰਗ ਸਹਿਤ ਵਿਆਖਿਆ : ਵਿਸਾਖੀ ਦਾ ਮੇਲਾ
ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-
ਪੱਕ ਪਈਆਂ ਕਣਕਾਂ, ਲੁਕਾਠ ਰੱਸਿਆ ।
ਬੂਰ ਪਿਆ ਅੰਬਾਂ ਨੂੰ, ਗੁਲਾਬ ਹੱਸਿਆ ।
ਬਾਗ਼ਾਂ ਉੱਤੇ ਰੰਗ ਫੇਰਿਆ ਬਹਾਰ ਨੇ ।
ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ ।
ਪੁੰਗਰੀਆਂ ਵੱਲਾਂ, ਵੇਲਾਂ ਰੁੱਖੀਂ ਚੜੀਆਂ ।
ਫੁੱਲਾ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ।
ਸਾਈਂ ਦੀ ਨਿਗਾਹ ਜੱਗ ਤੇ ਸਵੱਲੀ ਏ ।
ਚੱਲ ਨੀ ਪਰੇਮੀਏਂ ! ਵਿਸਾਖੀ ਚੱਲੀਏ ।
ਪ੍ਰਸੰਗ : ਇਹ ਕਾਵਿ-ਟੋਟਾ ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਕਵਿਤਾ ‘ਵਿਸਾਖੀ ਦਾ ਮੇਲਾ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਕਵੀ ਨੇ ਵਿਸਾਖ ਦੇ ਮਹੀਨੇ ਦੀ ਕੁਦਰਤ ਦਾ ਵਰਣਨ ਕਰਨ ਤੋਂ ਇਲਾਵਾ ਇਕ ਪੇਂਡੂ ਮੇਲੇ ਦਾ ਯਥਾਰਥਕ ਚਿਤਰਨ ਵੀ ਕੀਤਾ ਹੈ। ਇਸ ਵਿੱਚ ਇਕ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਚਲ ਕੇ ਮੇਲੇ ਦੀ ਖੁਸ਼ੀ ਨੂੰ ਮਾਣਨ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਵਿਸਾਖ ਦੇ ਮਹੀਨੇ ਦੀ ਕੁਦਰਤ ਦਾ ਵਰਣਨ ਹੈ।
ਵਿਆਖਿਆ : ਮੇਲੇ ਦਾ ਸ਼ੁਕੀਨ ਨੌਜਵਾਨ ਆਪਣੀ ਪ੍ਰੇਮਿਕਾ ਨੂੰ ਕਹਿੰਦਾ ਹੈ ਕਿ ਕਣਕਾਂ ਪੱਕ ਗਈਆਂ ਹਨ। ਲੁਕਾਠ ਰਸ ਗਿਆ ਹੈ। ਅੰਬਾਂ ਨੂੰ ਬੂਰ ਪੈ ਗਿਆ ਹੈ। ਗੁਲਾਬ ਦੇ ਫੁੱਲ ਖਿੜ ਗਏ ਹਨ। ਬਾਗ਼ਾਂ ਉੱਪਰ ਬਹਾਰ ਨੇ ਸੋਹਣਾ ਰੰਗ ਫੇਰਿਆ ਹੈ ਤੇ ਬੇਰਾਂ ਦੇ ਭਾਰ ਨਾਲ ਟਹਿਣੀਆਂ ਲਿਫੀਆਂ ਪਈਆਂ ਹਨ। ਵੇਲਾਂ ਪੁੰਗਰ ਪਈਆਂ ਹਨ ਤੇ ਉਹ ਰੁੱਖਾਂ ਉੱਪਰ ਚੜ੍ਹਨ ਲੱਗ ਪਈਆਂ ਹਨ। ਫੁੱਲਾਂ ਹੇਠੋਂ ਫਲਾਂ ਨੇ ਲੜੀਆਂ ਪਰੋ ਲਈਆਂ ਹਨ ਅਰਥਾਤ ਵੇਲਾਂ ਨੂੰ ਲੱਗੇ ਫਲ ਦਿਖਾਈ ਦੇਣ ਲੱਗੇ ਹਨ। ਦੁਨੀਆ ਉੱਪਰ ਰੱਬ ਦੀ ਨਜ਼ਰ ਮਿਹਰ ਭਰੀ ਜਾਪਦੀ ਹੈ। ਚੱਲ ਸਜਨੀ, ਅਸੀਂ ਵੀ ਅਜਿਹੇ ਸਮੇਂ ਦੀ ਖ਼ੁਸ਼ੀ ਮਨਾਉਣ ਲਈ ਮੇਲੇ ਚਲੀਏ।