ਪੰਜਾਬ ਰਾਜ ਵਿੱਚ ਤਥਾ-ਕਥਿਤ ਲੱਕੀ ਸਕੀਮਾਂ ਦੀ ਲੁੱਟ ਬਾਰੇ ਆਪਣੇ ਵਿਚਾਰ ਪ੍ਰਗਟਾਓ
ਕਿਸੇ ਰੋਜ਼ਾਨਾ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖ ਕੇ ਪੰਜਾਬ ਰਾਜ ਵਿੱਚ ਤਥਾ-ਕਥਿਤ ਲੱਕੀ ਸਕੀਮਾਂ ਦੀ ਲੁੱਟ ਬਾਰੇ ਆਪਣੇ ਵਿਚਾਰ ਪ੍ਰਗਟਾਓ।
ਸੇਵਾ ਵਿਖੇ
ਸੰਪਾਦਕ ਸਾਹਿਬ,
ਰੋਜ਼ਾਨਾ ‘ਪੰਜਾਬੀ ਟ੍ਰਿਬਿਊਨ’,
ਚੰਡੀਗੜ੍ਹ।
ਵਿਸ਼ਾ : ਤਥਾ-ਕਥਿਤ ਲੱਕੀ ਸਕੀਮਾਂ ਦੀ ਲੁੱਟ।
ਸ੍ਰੀਮਾਨ ਜੀ,
ਇਸ ਪੱਤਰ ਰਾਹੀਂ ਮੈਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਚੱਲ ਰਹੀਆਂ ਤਥਾ-ਕਥਿਤ ਲੱਕੀ ਸਕੀਮਾਂ ਦੀ ਲੁੱਟ ਬਾਰੇ ਆਪਣੇ ਵਿਚਾਰ ਭੇਜ ਰਿਹਾ ਹਾਂ। ਆਸ ਹੈ ਤੁਸੀਂ ਇਸ ਪੱਤਰ ਨੂੰ ਪ੍ਰਕਾਸ਼ਿਤ ਕਰ ਕੇ ਇਸ ਸੰਬੰਧ ਵਿੱਚ ਲੋਕਾਂ ਨੂੰ ਸੁਚੇਤ ਕਰਨ ਵਿੱਚ ਯੋਗਦਾਨ ਡਿਓਗੇ।
ਦੇਖਣ ਵਿੱਚ ਆਇਆ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਕਈ ਤਰ੍ਹਾਂ ਦੀਆਂ ਲੱਕੀ ਸਕੀਮਾ ਚੱਲ ਰਹੀਆਂ ਹਨ। ਇਹਨਾਂ ਸਕੀਮਾਂ ਰਾਹੀਂ ਇਹਨਾਂ ਦੇ ਸੰਚਾਲਕ ਆਮ ਲੋਕਾਂ ਨੂੰ ਠੱਗਣ ਦਾ ਕੰਮ ਕਰ ਰਹੇ ਹਨ। ਇਹਨਾਂ ਸਕੀਮਾਂ ਦੇ ਸੰਚਾਲਕ ਕੁਝ ਪੈਸੇ ਲੈ ਕੇ ਮੈਂਬਰ ਬਣਾਉਂਦੇ ਹਨ ਅਤੇ ਹਰ ਮਹੀਨੇ ਕਿਸ਼ਤ ਲੈ ਕੇ ਡਰਾਅ ਰਾਹੀਂ ਫਰਿਜ, ਕੂਲਰ, ਟੈਲੀਵਿਜ਼ਨ ਆਦਿ ਚੀਜ਼ਾਂ ਕੱਢੇ ਜਾਣ ਦਾ ਝਾਂਸਾ ਦੇ ਕੇ ਲੋਕਾਂ ਨੂੰ ਫਸਾ ਲੈਂਦੇ ਹਨ। ਆਪਣਾ ਵਿਸ਼ਵਾਸ ਪੈਦਾ ਕਰਨ ਲਈ ਉਹ ਇਕ-ਦੋ ਡਰਾਅ ਆਪਣੇ ਖ਼ਾਸ ਸੰਬੰਧੀ ਦੇ ਨਾਂ ਕੱਢ ਦਿੰਦੇ ਹਨ ਅਤੇ ਆਮ ਲੋਕਾਂ ਤੋਂ ਕਿਸ਼ਤਾਂ ਲੈ ਕੇ ਧਨ ਇਕੱਠਾ ਕਰਦੇ ਹਨ। ਉਹ ਡਰਾਅ ਲਈ ਚਮਕ-ਦਮਕ ਵਾਲੀਆਂ ਚੀਜ਼ਾਂ ਦਿਖਾ ਕੇ ਲੋਕਾਂ ਨੂੰ ਭਰਮਾਉਂਦੇ ਹਨ ਪਰ ਡਰਾਅ ਵਿੱਚੋਂ ਨਿਕਲੀ ਚੀਜ਼ ਨਕਲੀ ਅਤੇ ਬਹੁਤ ਘਟੀਆ ਕਿਸਮ ਦੀ ਹੁੰਦੀ ਹੈ। ਹਜ਼ਾਰ ਰੁਪਏ ਦੀ ਕਿਸ਼ਤ ਲੈ ਕੇ ਤਿੰਨ-ਚਾਰ ਸੌ ਰੁਪਏ ਦੀ ਚੀਜ਼ ਦੇ ਕੇ ਆਮ ਲੋਕਾਂ ਨੂੰ ਠੱਗਿਆ ਜਾਂਦਾ ਹੈ। ਕਈ ਵਾਰ ਤਾਂ ਅਜਿਹੀਆਂ ਲੱਕੀ ਸਕੀਮਾਂ ਦੇ ਸੰਚਾਲਕ ਲੋਕਾਂ ਤੋਂ ਕਿਸ਼ਤਾਂ ਇਕੱਠੀਆਂ ਕਰ ਕੇ ਪੱਤਰਾ ਵਾਚ ਜਾਂਦੇ ਹਨ ਅਤੇ ਲੋਕ ਦੇਖਦੇ ਹੀ ਰਹਿ ਜਾਂਦੇ ਹਨ। ਇਹਨਾਂ ਸੰਚਾਲਕਾਂ ਦੇ ਪੱਕੇ ਥਾਂ-ਟਿਕਾਣੇ ਬਾਰੇ ਕੁਝ ਪਤਾ ਨਹੀਂ ਹੁੰਦਾ ਅਤੇ ਕਿਉਂਕਿ ਇਹ ਸਾਰਾ ਕੰਮ ਗ਼ੈਰ-ਕਨੂੰਨੀ ਹੁੰਦਾ ਹੈ ਇਸ ਲਈ ਇਹਨਾਂ ਵਿਰੁੱਧ ਕੋਈ ਕਨੂੰਨੀ ਕਾਰਵਾਈ ਵੀ ਸੰਭਵ ਨਹੀਂ ਹੁੰਦੀ। ਅੱਜ-ਕੱਲ੍ਹ ਮੁਹੱਲਿਆਂ ਵਿੱਚ ਔਰਤਾਂ ਵੀ ਇਹ ਕੰਮ ਕਰਦੀਆਂ ਹਨ। ਉਹਨਾਂ ਵੱਲੋਂ ਘਰ ਵਿੱਚ ਵਰਤੋਂ ਦੀਆਂ ਚੀਜ਼ਾਂ ਦੇ ਡਰਾਅ ਕੱਢੇ ਜਾਂਦੇ ਹਨ ਪਰ ਉਹਨਾਂ ਦਾ ਉਦੇਸ਼ ਵੀ ਪੈਸਾ ਕਮਾਉਣ/ਠੱਗਣ ਦਾ ਹੀ ਹੁੰਦਾ ਹੈ। ਬੋਲੀ ਵਾਲੀਆਂ ਕਮੇਟੀਆਂ ਵੀ ਇਹਨਾਂ ਲੱਕੀ ਸਕੀਮਾਂ ਦੀ ਹੀ ਇੱਕ ਕਿਸਮ ਹੈ। ਲੋਕ ਲਾਲਚ ਵਿੱਚ ਆ ਕੇ ਇਹਨਾਂ ਦੇ ਮੈਂਬਰ ਬਣ ਜਾਂਦੇ ਹਨ ਪਰ ਇਹਨਾਂ ਵਿੱਚ ਵੀ ਅਕਸਰ ਧੋਖਾ ਹੀ ਹੁੰਦਾ ਹੈ। ਜਿਹੜੇ ਲੋਕ ਘਾਟੇ ‘ਤੇ ਕਮੇਟੀ ਚੁੱਕਦੇ ਹਨ ਉਹਨਾਂ ਵਿੱਚੋਂ ਬਹੁਤੇ ਕਿਸ਼ਤਾਂ ਨਹੀਂ ਤਾਰਦੇ ਅਤੇ ਕਈ ਤਾਂ ਸ਼ਹਿਰ ਹੀ ਛੱਡ ਕੇ ਕਿਤੇ ਉਰੇ-ਪਰੇ ਹੋ ਜਾਂਦੇ ਹਨ। ਸਿੱਟਾ ਇਹ ਹੁੰਦਾ ਹੈ ਕਿ ਕਮੇਟੀ ਚਲਾਉਣ ਵਾਲਾ ਕਮੇਟੀ ਨਹੀਂ ਭੁਗਤਾਉਂਦਾ। ਕਈ ਵਾਰ ਨੌਬਤ ਲੜਾਈ-ਝਗੜੇ ਤੱਕ ਆ ਜਾਂਦੀ ਹੈ। ਪਰ ਕਿਉਂਕਿ ਇਹ ਸਭ ਕੁਝ ਗ਼ੈਰਕਨੂੰਨੀ ਢੰਗ ਨਾਲ ਹੁੰਦਾ ਹੈ ਇਸ ਲਈ ਲੋਕ ਠੱਗੇ ਜਾਂਦੇ ਹਨ।
ਲੋਕਾਂ ਨੂੰ ਇਸ ਤਰ੍ਹਾਂ ਦੀਆਂ ਲੱਕੀ ਸਕੀਮਾਂ ਤੋਂ ਬਚਣ ਅਥਵਾ ਸੁਚੇਤ ਰਹਿਣ ਦੀ ਲੋੜ ਹੈ । ਸਾਨੂੰ ਆਪਣੇ ਪੈਸੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਬੱਚਤ-ਸਕੀਮਾਂ ਵਿੱਚ ਲਾਉਣੇ ਚਾਹੀਦੇ ਹਨ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਸਤਿੰਦਰ ਸਿੰਘ
ਪਿੰਡ ਤੇ ਡਾਕਘਰ………………,
ਤਹਿਸੀਲ………………,
ਜ਼ਿਲ੍ਹਾ ………………।
ਮਿਤੀ : ………………