CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਲੋਕ-ਨਾਚ : 70-80 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਪੰਜਾਬ ਦੇ ਲੋਕ-ਨਾਚ’ ਨਾਂ ਦੇ ਪਾਠ/ਲੇਖ ਵਿੱਚ ਲੇਖਕ (ਡਾ. ਜਗੀਰ ਸਿੰਘ ਨੂਰ) ਨੇ ਕੀ ਜਾਣਕਾਰੀ ਦਿੱਤੀ ਹੈ?

ਉੱਤਰ : ‘ਪੰਜਾਬ ਦੇ ਲੋਕ-ਨਾਚ’ ਨਾਂ ਦਾ ਪਾਠ/ਲੇਖ ਡਾ. ਜਗੀਰ ਸਿੰਘ ਨੂਰ ਦੀ ਰਚਨਾ ਹੈ। ਇਸ ਪਾਠ/ਲੇਖ ਵਿੱਚ ਪੰਜਾਬ ਦੇ ਲੋਕ-ਨਾਚਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਲੇਖਕ ਨੇ ਪੰਜਾਬੀ ਲੋਕ-ਨਾਚਾਂ ਨੂੰ ‘ਲੋਕ-ਸਮੂਹ ਦੀ ਸਿਰਜਣ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ’ ਦੱਸਿਆ ਹੈ ਅਤੇ ਇਹਨਾਂ ਦੀ ਪ੍ਰਾਚੀਨਤਾ ਬਾਰੇ ਵੀ ਜਾਣਕਾਰੀ ਦਿੱਤੀ ਹੈ। ਉਸ ਨੇ ਪੰਜਾਬੀ ਲੋਕ-ਨਾਚਾਂ ਦੀਆਂ ਵਿਸ਼ੇਸ਼ਤਾਵਾਂ ਤੋਂ ਵੀ ਜਾਣੂ ਕਰਵਾਇਆ ਹੈ। ਪੰਜਾਬ ਦੇ ਲੋਕ-ਨਾਚਾਂ ਨੂੰ ਇਸਤਰੀਆਂ ਤੇ ਮਰਦਾਂ ਦੇ ਲੋਕ-ਨਾਚਾਂ ਵਿੱਚ ਵੰਡ ਕੇ ਪ੍ਰਮੁੱਖ ਲੋਕ-ਨਾਚਾਂ ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ। ਇਹਨਾਂ ਲੋਕ-ਨਾਚਾਂ ਦੇ ਸੱਭਿਆਚਾਰਿਕ ਮਹੱਤਵ ਨੂੰ ਵੀ ਪ੍ਰਗਟਾਇਆ ਗਿਆ ਹੈ। ਲੇਖਕ ਦੱਸਦਾ ਹੈ ਕਿ ਪੰਜਾਬ ਦੀਆਂ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਨੇ ਇਹਨਾਂ ਲੋਕ-ਨਾਚਾਂ ਵਿੱਚ ਕਾਫ਼ੀ ਤਬਦੀਲੀ ਲੈ ਆਂਦੀ ਹੈ। ਹੁਣ ਇਹ ਲੋਕ- ਨਾਚ ਸਾਡੇ ਸੱਭਿਆਚਾਰਿਕ ਕੇਂਦਰਾਂ (ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ) ਤੋਂ ਫ਼ਿਲਮਾਂ ਅਤੇ ਟੈਲੀਵਿਜ਼ਨ ਤੱਕ ਪਹੁੰਚ ਗਏ ਹਨ।

ਪ੍ਰਸ਼ਨ 2. ਪੰਜਾਬ ਦੇ ਲੋਕ-ਨਾਚਾਂ ਨੂੰ ਪਰਿਭਾਸ਼ਿਤ ਕਰਦਿਆਂ ਇਹਨਾਂ ਦੇ ਮਹੱਤਵ ਤੋਂ ਜਾਣੂ ਕਰਵਾਓ।

ਉੱਤਰ : ਪੰਜਾਬ ਦੇ ਲੋਕ-ਨਾਚ ਇਸ ਖਿੱਤੇ ਦੇ ਲੋਕਾਂ ਦੀ ਜੀਵਨ-ਤੋਰ ਦੇ ਵੱਖ-ਵੱਖ ਪੱਖਾਂ ਦੀਆਂ ਵਿਭਿੰਨ ਪਰਤਾਂ ਦਾ ਸਰੀਰਿਕ ਮੁਦਰਾਵਾਂ ਰਾਹੀਂ ਪ੍ਰਗਟਾਵਾ ਕਰਦੇ ਹਨ। ਇਹਨਾਂ ਲੋਕ-ਨਾਚਾਂ ਦਾ ਵੱਖ-ਵੱਖ ਪੱਖਾਂ ਤੋਂ ਵਿਸ਼ੇਸ਼ ਮਹੱਤਵ ਹੈ। ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਦੇ ਸਮੇਂ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਸਬੂਤ ਮਿਲਦੇ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਵਿੱਚ ਕਈ ਤਬਦੀਲੀਆਂ (ਭੂਗੋਲਿਕ, ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ) ਆਈਆਂ ਹਨ। ਅਨੇਕਾਂ ਤਰ੍ਹਾਂ ਦੀ ਉਥਲ-ਪੁਥਲ ਦੇ ਹੁੰਦਿਆਂ ਇਸ ਧਰਤੀ ‘ਤੇ ਨੱਚੇ ਜਾਂਦੇ ਲੋਕ-ਨਾਚਾਂ ਨੇ ਇੱਥੋਂ ਦੇ ਲੋਕਾਂ ਦੇ ਜੀਵਨ ਵਿੱਚ ਇੱਕ ਖ਼ਾਸ ਤਰ੍ਹਾਂ ਦੀ ਧੜਕਣ ਕਾਇਮ ਰੱਖੀ ਹੈ। ਖੁਸ਼ੀ ਦੇ ਹੁਲਾਰੇ ਵਿੱਚ ਮਸਤ ਗੱਭਰੂਆਂ ਅਤੇ ਮੁਟਿਆਰਾਂ ਦੇ ਪੈਰਾਂ ਦੀ ਥਾਪ ਲੋਕ-ਗੀਤਾਂ ਦੀ ਸੁਰ-ਤਾਲ ਵਿੱਚ ਢੋਲ ਜਾਂ ਕਿਸੇ ਹੋਰ ਲੋਕ-ਪ੍ਰਿਯ ਲੋਕ-ਸਾਜ਼ ਦੀ ਤਾਲ ‘ਤੇ ਪੰਜਾਬ ਦੇ ਸਮੁੱਚ ਨੂੰ ਉਜਾਗਰ ਕਰਦੀ ਹੈ।

ਪ੍ਰਸ਼ਨ 3. ਪੰਜਾਬ ਦੇ ਇਸਤਰੀ ਲੋਕ-ਨਾਚਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਦਿਓ।

ਜਾਂ

ਪ੍ਰਸ਼ਨ. ਪੰਜਾਬ ਦੇ ਇਸਤਰੀ ਲੋਕ-ਨਾਚਾਂ ਦੇ ਮਹੱਤਵ ਤੋਂ ਜਾਣੂ ਕਰਵਾਓ।

ਉੱਤਰ : ਪੰਜਾਬ ਦੀਆਂ ਇਸਤਰੀਆਂ ਦੂਸਰੇ ਪ੍ਰਾਂਤਾਂ ਦੀਆਂ ਔਰਤਾਂ ਦੇ ਮੁਕਾਬਲੇ ਤਕੜੇ ਜੁੱਸੇ, ਭਰਵੇਂ ਸਰੀਰ, ਉੱਚੇ-ਲੰਮੇ ਕੱਦ-ਕਾਠ ਤਸਿਕਤ ਵਾਲੀਆਂ ਹਨ। ਪਰ ਫਿਰ ਵੀ ਇਹਨਾਂ ਦੇ ਲੋਕ-ਨਾਚ ਕੋਮਲਤਾ, ਸੁਹਜ, ਸਾਦਗੀ, ਰਵਾਨਗੀ ਅਤੇ ਲਚਕਤਾ ਭਰਪੂਰ ਹਨ। ਚੰਗੇ ਲੱਗਣ ਵਾਲੇ ਪਹਿਰਾਵੇ ਅਤੇ ਗਹਿਣਿਆਂ ਦੀ ਇੱਛਾ ਇਹਨਾਂ ਦੇ ਲਹੂ-ਮਾਸ ਵਿੱਚ ਰਚੀ ਹੋਈ ਹੈ। ਕੋਈ ਵੀ ਸ਼ੁੱਭ ਕਾਰਨ ਅਜਿਹਾ ਨਹੀਂ ਜਿਹੜਾ ਇਸਤਰੀਆਂ ਦੇ ਇਹਨਾਂ ਲੋਕ-ਨਾਚਾਂ ਦੀ ਪੇਸ਼ਕਾਰੀ ਤੋਂ ਬਿਨਾਂ ਹੋਵੇ। ਇਹ ਲੋਕ-ਨਾਚ ਜੀਵਨ ਦੇ ਸਰਬਪੱਖੀ ਵਿਸ਼ਲੇਸ਼ਣ ਨੂੰ ਪ੍ਰਗਟਾਉਣ ਵਾਲੇ ਲੋਕ-ਗੀਤਾਂ ਰਾਹੀਂ ਪੇਸ਼ ਕੀਤੇ ਜਾਂਦੇ ਹਨ। ਇਸਤਰੀਆਂ ਦੇ ਲੋਕ-ਨਾਚਾਂ ਵਿੱਚ ਸਖ਼ਤ ਨਿਯਮਾਂ ਨੂੰ ਨਹੀਂ ਅਪਣਾਇਆ ਜਾਂਦਾ। ਬੋਲ ਦੇ ਉਚਾਰ ਅਤੇ ਸਰੀਰ ਦੇ ਅੰਗਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਵੱਖ-ਵੱਖ ਮੁਦਰਾਵਾਂ ਸਹਿਜ-ਰੂਪ ਵਿੱਚ ਸੱਭਿਆਚਾਰ ਦਾ ਪ੍ਰਗਟਾਵਾ ਬਣ ਜਾਂਦੀਆਂ ਹਨ। ਇਸ ਤਰ੍ਹਾਂ ਪੰਜਾਬ ਦੇ ਇਸਤਰੀ ਲੋਕ-ਨਾਚਾਂ ਦੀਆਂ ਆਪਣੀਆਂ ਖ਼ਾਸ ਵਿਸ਼ੇਸ਼ਤਾਵਾਂ ਹਨ।

ਪ੍ਰਸ਼ਨ 4. ਇਸਤਰੀਆਂ ਦੇ ਮੁੱਖ ਲੋਕ-ਨਾਚਾਂ ਦਾ ਸੰਖੇਪ ਵਰਨਣ ਕਰੋ।

ਉੱਤਰ : ਇਸਤਰੀਆਂ ਦੇ ਮੁੱਖ-ਲੋਕ-ਨਾਚਾਂ ਵਿੱਚ ਗਿੱਧਾ, ਸੰਮੀ ਅਤੇ ਕਿੱਕਲੀ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਗਿੱਧਾ ਪੰਜਾਬ ਦੀਆਂ ਮੁਟਿਆਰਾਂ/ਇਸਤਰੀਆਂ ਦੇ ਚਾਵਾਂ, ਉਮੰਗਾਂ ਅਤੇ ਵਲਵਲਿਆਂ ਨੂੰ ਪ੍ਰਗਟਾਉਣ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਇਹ ਤਾਲੀ-ਨਾਚ ਹੈ। ਤਾਲੀ ਦਾ ਵਹਾਅ ਬੋਲੀਆਂ ਅਤੇ ਟੱਪਿਆਂ ਨਾਲ ਚੱਲਦਾ ਹੈ। ਗਿੱਧੇ ਨੂੰ ਪੰਜਾਬ ਦਾ ਸਰਤਾਜ ਲੋਕ-ਨਾਚ ਮੰਨਿਆ ਗਿਆ ਹੈ। ਸੰਮੀ ਸਾਂਝੇ ਪੰਜਾਬ ਦੇ ਪੱਛਮੀ ਭਾਗ ਦੀਆਂ ਬਾਰਾਂ ਵਿੱਚ ਪ੍ਰਚਲਿਤ ਰਿਹਾ ਹੈ। ਇਹ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਅਲੱਗ ਹਨ। ਸੰਮੀ ਨਾਚ ਨੱਚਣ ਵਾਲੀਆਂ ਹੱਥਾਂ ਦੀਆਂ ਤਾੜੀਆਂ, ਚੁਟਕੀਆਂ ਅਤੇ ਪੈਰਾਂ ਦੀ ਥਾਪ ਨਾਲ ਤਾਲ ਸਿਰਜ ਲੈਂਦੀਆਂ ਹਨ। ਕਿੱਕਲੀ ਛੋਟੀਆਂ ਕੁੜੀਆਂ ਦਾ ਨਾਚ ਹੈ। ਇਸ ਲੋਕ-ਨਾਚ ਨੂੰ ਗਿੱਧੇ ਦੀ ਨਰਸਰੀ ਮੰਨਿਆ ਗਿਆ ਹੈ। ਨਿੱਕੀਆਂ ਕੁੜੀਆਂ ਇਹ ਨਾਚ ਦੋ-ਦੋ ਦੇ ਜੋਟੇ ਬਣਾ ਕੇ ਨੱਚਦੀਆਂ ਹਨ। ਕਿੱਕਲੀ ਦੇ ਲੋਕ-ਗੀਤਾਂ ਦੇ ਉਚਾਰ ਨਾਲ ਉਹ ਤੇਜ਼ ਗਤੀ ਵਿੱਚ ਘੁੰਮਦੀਆਂ ਹਨ।

ਪ੍ਰਸ਼ਨ 5. ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦਾ ਸੰਖੇਪ ਵਰਨਣ ਕਰੋ।

ਉੱਤਰ : ਭੰਗੜਾ ਪੰਜਾਬ ਦੇ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਨਾਚ ਵਿੱਚ ਤਕੜੇ ਸਰੀਰ ਦਾ ਪ੍ਰਦਰਸ਼ਨ ਜੋਸ਼, ਬਹਾਦਰੀ ਅਤੇ ਹੌਸਲੇ ਭਰਪੂਰ ਨਾਚ-ਮੁਦਰਾਵਾਂ ਦੁਆਰਾ ਕੀਤਾ ਜਾਂਦਾ ਹੈ। ਇਹ ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਂਦਾ ਹੈ। ਝੂੰਮਰ ਪੱਛਮੀ ਪੰਜਾਬ ਦੀ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲ੍ਹਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕ-ਨਾਚ ਹੈ। ਇਸ ਨਾਚ ਨੂੰ ਲੋਕ ਸਮੂਹਿਕ ਰੂਪ ਵਿੱਚ ਘੇਰੇ ਦੇ ਆਕਾਰ ਵਿੱਚ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਲ ‘ਤੇ ਨੱਚਦੇ ਰਹੇ ਹਨ। ਲੁੱਡੀ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ-ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਹਿਜ ਨਾਚ ਹੋਣ ਕਾਰਨ ਇਸ ਨੂੰ ਇਸਤਰੀ ਨਾਚ ਵੀ ਸਮਝਿਆ ਜਾਂਦਾ ਰਿਹਾ ਹੈ। ਇਸ ਨਾਚ ਵਿੱਚ ਨਚਾਰ ਲੋਕ-ਗੀਤਾਂ ਦੀ ਥਾਂ ਆਪਣੇ ਮੂੰਹੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ। ਪੂਰਬੀ ਪੰਜਾਬ ਦੇ ਮਾਲਵਾ-ਖੇਤਰ ਵਿੱਚ ਮਰਦਾਂ ਦਾ ਗਿੱਧਾ ਵੀ ਪ੍ਰਚਲਿਤ ਹੈ। ਧਮਾਲ, ਖਲੀ, ਡੰਡਾਸ, ਅਖਾੜਾ, ਗਤਕਾ, ਪਠਾਣੀਆਂ, ਫੁੰਮਣੀਆਂ ਆਦਿ ਲੋਕ-ਨਾਚ ਲਗਪਗ ਖ਼ਤਮ ਹੀ ਹੋ ਗਏ ਲੱਗਦੇ ਹਨ। ਇਸੇ ਤਰ੍ਹਾਂ ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਵੀ ਲਗਪਗ ਅਲੋਪ ਹੋ ਚੁੱਕੇ ਹਨ।

ਪ੍ਰਸ਼ਨ 6. ‘ਗਿੱਧੇ’ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਗਿੱਧਾ ਪੰਜਾਬ ਦੀਆਂ ਇਸਤਰੀਆਂ ਦੇ ਚਾਵਾਂ, ਉਮੰਗਾਂ ਅਤੇ ਵਲਵਲਿਆਂ ਆਦਿ ਨੂੰ ਪ੍ਰਗਟਾਉਣ ਵਾਲਾ ਹਰਮਨ-ਪਿਆਰਾ ਲੋਕ-ਨਾਚ ਹੈ। ਇਸ ਨੂੰ ਪੰਜਾਬ ਦਾ ਸਰਤਾਜ ਲੋਕ-ਨਾਚ ਮੰਨਿਆ ਗਿਆ ਹੈ। ਗਿੱਧਾ ਤਾਲੀ-ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜੀਆਂ ਮੁਟਿਆਰਾਂ/ਇਸਤਰੀਆਂ ਤਾੜੀ ਮਾਰਦੀਆਂ ਹਨ। ਤਾਲੀ ਦਾ ਵਹਾਅ ਬੋਲੀਆਂ ਅਤੇ ਟੱਪਿਆਂ ਦੇ ਨਾਲ-ਨਾਲ ਚੱਲਦਾ ਹੈ। ਗਿੱਧੇ ਦੀ ਤਾਲੀ ਜਾਂ ਤਾੜੀ ਅਤੇ ਬੋਲੀ/ਟੱਪੇ ਵਿੱਚ ਰਸ ਤੇ ਇਕਸੁਰਤਾ ਬਣਾਈ ਰੱਖਣ ਲਈ ‘ਬੱਲੇ-ਬੱਲੇ ਬਈ, ਸ਼ਾਵਾ ਸ਼ਾਵਾ’ ਆਦਿ ਸ਼ਬਦਾਂ ਨੂੰ ਲਮਕਾਵੀਂ ਸੁਰ ਵਿੱਚ ਨਾਲ ਜੋੜ ਲਿਆ ਜਾਂਦਾ ਹੈ। ਗਿੱਧੇ ਲਈ ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲ੍ਹਾ ਕਮਰਾ, ਖੇਤ, ਮੈਦਾਨ ਆਦਿ ਹਰ ਤਰ੍ਹਾਂ ਦੀ ਥਾਂ ਢੁਕਵੀਂ ਹੁੰਦੀ ਹੈ। ਗਿੱਧੇ ਦੇ ਪਿੜ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਹੈ ਅਤੇ ਬਾਕੀ ਉਸ ਦੇ ਸਾਥ ਵਿੱਚ ਅਵਾਜ਼ ਚੁੱਕਦੀਆਂ ਹਨ। ਦੋ ਮੁਟਿਆਰਾਂ ਦਾ ਜੁੱਟ ਘੇਰੇ ਦੇ ਵਿਚਕਾਰ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਵਾਲੀਆਂ ਮੁਦਰਾਵਾਂ ਦਾ ਪ੍ਰਦਰਸ਼ਨ ਕਰਦਾ ਹੈ। ਗਿੱਧੇ ਦੀ ਧੀਮੀ ਗਤੀ ਨੂੰ ਤੇਜ਼ ਕਰਨ ਲਈ ਬੋਲੀਆਂ ਉਚਾਰੀਆਂ ਜਾਂਦੀਆਂ ਹਨ।

ਗਿੱਧੇ ਦੀਆਂ ਮੁਦਰਾਵਾਂ ‘ਪੈਰਾਂ ਦੀਆਂ ਥਾਪਾਂ, ਹੱਥਾਂ ਦੀਆਂ ਤਾੜੀਆਂ, ਬਾਹਾਂ ਦੇ ਹੁਲਾਰਿਆਂ, ਬੁੱਲ੍ਹਾਂ ਥਾਣੀਂ ਵੱਖ-ਵੱਖ ਅਵਾਜ਼ਾਂ ਕੱਢ ਕੇ, ਕਿਸੇ ਦੀ ਨਕਲ (ਸਾਂਗ) ਲਾ ਕੇ, ਆਹਮੋ-ਸਾਮ੍ਹਣੇ ਹੋ ਕੇ ਲੜਾਈ ਦਾ ਦ੍ਰਿਸ਼ ਸਿਰਜ ਕੇ, ਧਰਤੀ ‘ਤੇ ਬੈਠ ਕੇ ਸਰੀਰ ਨੂੰ ਹੁਲਾਰਾ ਦੇ ਕੇ ਆਦਿ ਜੁਗਤਾਂ ਰਾਹੀਂ ਪੇਸ਼ ਕੀਤੀਆਂ ਜਾਂਦੀਆਂ ਹਨ।’ ਗਿੱਧਾ ਸਾਜ਼ਾਂ ਦਾ ਮੁਥਾਜ ਨਹੀਂ ਭਾਵੇਂ ਕਿ ਢੋਲਕੀ ਦੀ ਵਰਤੋਂ ਆਮ ਤੌਰ ‘ਤੇ ਕਰ ਲਈ ਜਾਂਦੀ ਹੈ।

ਪ੍ਰਸ਼ਨ 7. ਗਿੱਧਾ ਕਿਨ੍ਹਾਂ-ਕਿਨ੍ਹਾਂ ਮੌਕਿਆਂ ਤੇ ਪਾਇਆ ਜਾਂਦਾ ਹੈ?

ਉੱਤਰ : ਪੰਜਾਬਣਾਂ ਆਪਣੇ ਹਰ ਤਰ੍ਹਾਂ ਦੇ ਕਾਰ-ਵਿਹਾਰ ਵਿੱਚੋਂ ਗਿੱਧੇ ਲਈ ਮੌਕੇ ਸਿਰਜ ਲੈਂਦੀਆਂ ਹਨ। ਮੇਲਿਆਂ ਅਤੇ ਤਿਉਹਾਰਾਂ ਦੇ ਮੌਕਿਆ ‘ਤੇ ਗਿੱਧਾ ਪਾਇਆ ਜਾਂਦਾ ਹੈ। ਤ੍ਰਿੰਞਣਾਂ ਵਿੱਚ ਇਕੱਠੀਆਂ ਹੋਈਆਂ ਮੁਟਿਆਰਾਂ/ਇਸਤਰੀਆਂ ਇੱਥੋਂ ਵਿਹਲੀਆਂ ਹੋਣ ਤੋਂ ਬਾਅਦ ਵੀ ਗਿੱਧਾ ਪਾਉਂਦੀਆਂ ਹਨ। ਇਸ ਤੋਂ ਬਿਨਾਂ ਸਾਉਣ ਮਹੀਨੇ ਤੀਆਂ ਦੇ ਮੌਕੇ ‘ਤੇ, ਬੱਚੇ ਦੇ ਜਨਮ ਦੇ ਮੌਕੇ ‘ਤੇ, ਮੰਗਣੀ ਜਾਂ ਵਿਆਹ ਸਮੇਂ, ਜਾਗੋ ਕੱਢਣ ਸਮੇਂ ਜਾਂ ਖ਼ੁਸ਼ੀ ਦੇ ਕਿਸੇ ਵੀ ਹੋਰ ਮੌਕੇ ‘ਤੇ ਮੁਟਿਆਰਾਂ ਇਕੱਠੀਆਂ ਹੋ ਕੇ ਗਿੱਧੇ ਦਾ ਆਪਣਾ ਸ਼ੌਕ ਪੂਰਾ ਕਰ ਲੈਂਦੀਆਂ ਹਨ। ਇਸ ਲਈ ਉਹਨਾਂ ਨੂੰ ਕਿਸੇ ਖ਼ਾਸ ਸਟੇਜ ਦੀ ਲੋੜ ਨਹੀਂ ਹੁੰਦੀ ਸਗੋਂ ਘਰ ਦਾ ਵਿਹੜਾ, ਖੁੱਲ੍ਹੀ ਛੱਤ, ਖੁੱਲ੍ਹਾ ਕਮਰਾ, ਖੇਤ (ਖ਼ਾਸ ਕਰ ਤੀਆਂ ਦੇ ਮੌਕੇ ‘ਤੇ) ਜਾਂ ਮੈਦਾਨ ਆਦਿ ਸਭ ਤਰ੍ਹਾਂ ਦੀਆਂ ਥਾਂਵਾਂ ਗਿੱਧੇ ਲਈ ਢੁਕਵੀਆਂ ਹੁੰਦੀਆਂ ਹਨ।

ਪ੍ਰਸ਼ਨ 8. ‘ਸੰਮੀ’ ਨਾਂ ਦੇ ਲੋਕ-ਨਾਚ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ‘ਸੰਮੀ’ ਸਾਂਝੇ ਪੰਜਾਬ ਦੇ ਪੱਛਮੀ ਭਾਗ (ਜੋ ਹੁਣ ਪਾਕਿਸਤਾਨ ਵਿੱਚ ਹੈ) ਦੀਆਂ ਬਾਰਾਂ ਦੇ ਇਲਾਕਿਆਂ ਵਿੱਚ ਪ੍ਰਚਲਿਤ ਰਿਹਾ ਹੈ। ਸੰਮੀ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਵੱਖ ਹੁੰਦੀਆਂ ਹਨ। ਘੇਰੇ ਵਿੱਚੋਂ ਕੁਝ ਇਸਤਰੀਆਂ ਖਲੋ ਕੇ ਹੱਥ ਅਤੇ ਬਾਹਾਂ ਉੱਪਰ ਵੱਲ ਕਰਦੀਆਂ ਹਨ ਅਤੇ ਫਿਰ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਸੁਰੀਲੀ ਅਵਾਜ਼ ਵਿੱਚ ਗੀਤ ਦੇ ਬੋਲ ਅਲਾਪਦੀਆਂ ਹਨ :

ਖਲੀ ਦੇਨੀ ਆਂ ਸੁਨੇਹੜਾ।

ਖਲੀ ਦੇਨੀ ਆਂ ਸੁਨੇਹੜਾ, ਇਸ ਬਟੇਰੇ ਨੂੰ।

ਅੱਲਾ ਖੈਰ, ਸੁਣਾਵੇ ਸੱਜਣ ਮੇਰੇ ਨੂੰ।

ਅੱਲਾ ਖੈਰ, ਸੁਣਾਵੇ ਸੱਜਣ ਮੇਰੇ ਨੂੰ।

ਸੰਮੀ ਨਾਚ ਨੱਚਣ ਵਾਲ਼ੀਆਂ ਇਸਤਰੀਆਂ ਹੱਥਾਂ ਦੀਆਂ ਤਾੜੀਆਂ (ਬਾਹਾਂ ਨੂੰ ਉੱਪਰ ਅਤੇ ਹੇਠਾਂ ਕਰ ਕੇ) ਤੋਂ ਬਿਨਾਂ ਚੁਟਕੀਆਂ ਅਤੇ ਪੈਰਾਂ ਦੀ ਥਾਪ ਨਾਲ ਤਾਲ ਸਿਰਜ ਲੈਂਦੀਆਂ ਹਨ। ਇਹ ਨਾਚ ਵਧੇਰੇ ਕਰਕੇ ਬਾਹਾਂ ਦੇ ਹਿਲੋਰਿਆਂ ‘ਤੇ ਆਧਾਰਿਤ ਹੈ।

ਪ੍ਰਸ਼ਨ 9. ‘ਸੰਮੀ’ ਨਾਂ ਦੇ ਲੋਕ-ਨਾਚ ਦਾ ਇਹ ਨਾਂ ਪੈਣ ਸੰਬੰਧੀ ਕਿਹੜੀਆਂ ਵੱਖ-ਵੱਖ ਧਾਰਨਾਵਾਂ ਹਨ?

ਉੱਤਰ : ‘ਸੰਮੀ’ ਲੋਕ-ਨਾਚ ਦੇ ਜਨਮ ਅਤੇ ਇਸ ਦੇ ਪ੍ਰਫੁਲਿਤ ਹੋਣ ਸੰਬੰਧੀ ਵੱਖ-ਵੱਖ ਧਾਰਨਾਵਾਂ ਅਤੇ ਦੰਤ-ਕਥਾਵਾਂ ਪ੍ਰਚਲਿਤ ਹਨ। ਇੱਕ ਧਾਰਨਾ ਅਨੁਸਾਰ ਸੰਮੀ ਨਾਂ ਦੇ ਦਰਖ਼ਤ ਦੀ ਲੱਕੜ ਬਾਲ ਕੇ ਉਸ ਦੁਆਲੇ ਨੱਚਣ ਵਾਲ਼ੇ ਨਾਚ ਦਾ ਨਾਂ ‘ਸੰਮੀ’ ਪ੍ਰਚਲਿਤ ਹੋ ਗਿਆ। ਦੂਜੀ ਧਾਰਨਾ ਇੱਕ ਦੰਤ-ਕਥਾ ‘ਤੇ ਆਧਾਰਿਤ ਹੈ ਜਿਸ ਅਨੁਸਾਰ ਇੰਦਰ ਦੇ ਅਖਾੜੇ ਦੀ ਸੁੰਦਰੀ (ਅਪੱਛਰਾ) ਦੇ ਇੱਕ ਪਿੰਡ ਦੇ ਸਰੋਵਰ ਵਿੱਚ ਨਾਉਣ, ਉਸ ਦੇ ਸੁਹੱਪਣ ਤੋਂ ਪ੍ਰੇਰਿਤ ਹੋ ਕੇ ਉਸ ਜਿਹਾ ਬਣਨ ਦੀ ਲਾਲਸਾ ਹਿਤ ਉਸ ਪਿੰਡ ਦੀ ਸੰਮੀ ਨਾਂ ਦੀ ਕੁੜੀ ਦਾ ਵੀ ਅਜਿਹਾ ਹੀ ਕਰਨ ਅਤੇ ਉਸ ਦੇ ਵਾਰ-ਵਾਰ ਨੱਚਣ ਕਾਰਨ ਇਸ ਨਾਚ ਦਾ ਨਾਂ ਸੰਮੀ ਪੈ ਗਿਆ। ਤੀਸਰੀ ਧਾਰਨਾ ਗੜ੍ਹ-ਮੰਡਿਆਲੇ ਦੇ ਜਗੀਰਦਾਰ ਦੀ ਸੰਮੀ ਨਾਂ ਦੀ ਸੁੰਦਰ ਪੁੱਤਰੀ ਅਤੇ ਉਸਦੇ ਇਲਾਕੇ ਦੇ ਰਜਵਾੜੇ ਦੇ ਪੁੱਤਰ ਢੋਲੇ ਦੀ ਪ੍ਰੀਤ-ਕਥਾ ‘ਤੇ ਆਧਾਰਿਤ ਹੈ। ਢੋਲੇ ਦੇ ਵਿਯੋਗ ਵਿੱਚ ਸੰਮੀ ਨੱਚ-ਨੱਚ ਫਾਵੀ ਹੋ ਜਾਂਦੀ ਹੈ। ਅਜਿਹੇ ਹੋਰ ਵੀ ਕਈ ਬਿਰਤਾਂਤ ਮਿਲਦੇ ਹਨ। ਇਹਨਾਂ ਦਾ ਸਾਰ-ਭਾਵ ਪ੍ਰੀਤ-ਮਿਲ਼ਨੀ ਅਤੇ ਸੰਜੋਗ-ਵਿਯੋਗ ਹੈ।

ਪ੍ਰਸ਼ਨ 10. ‘ਕਿੱਕਲੀ’ ਨਾਂ ਦੇ ਲੋਕ-ਨਾਚ ਤੋਂ ਜਾਣੂ ਕਰਵਾਓ।

ਉੱਤਰ : ਸਮੁੱਚੇ ਪੰਜਾਬ ਵਿੱਚ ਪ੍ਰਚਲਿਤ ਲੋਕ-ਨਾਚ ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ‘ਕਿੱਕਲੀ’ ਜਾਂ ‘ਕਿਰਕਲੀ’ ਤੋਂ ਭਾਵ ਖ਼ੁਸ਼ੀ ਤੇ ਚਾਅ ਭਰਪੂਰ ਅਵਾਜ਼ ਹੈ। ਭਾਵੇਂ ਕਿੱਕਲੀ ਨੂੰ ਇਸਤਰੀਆਂ ਗਿੱਧੇ ਜਾਂ ਹੋਰ ਲੋਕ-ਨਾਚਾਂ ਦੇ ਅਰੰਭਕ ਜਾਂ ਅੰਤਿਮ ਚਰਨ ਦੇ ਪੜਾਵਾਂ ‘ਤੇ ਵੀ ਪੇਸ਼ ਕਰ ਲੈਂਦੀਆਂ ਹਨ ਪਰ ਇਹ ਬੱਚੀਆਂ/ਬਾਲੜੀਆਂ ਦਾ ਸੁਤੰਤਰ ਲੋਕ ਨਾਚ ਹੈ। ਅਸਲ ਵਿੱਚ ਇਹ ਨਾਚ ਗਿੱਧੇ ਦੀ ਨਰਸਰੀ ਹੈ। ਨਿੱਕੀਆਂ ਕੁੜੀਆਂ ਮਨ-ਪਰਚਾਵੇ ਲਈ ਕਿਸੇ ਖ਼ੁਸ਼ੀ ਦੇ ਮੌਕੇ ‘ਤੇ ਇਹ ਲੋਕ-ਨਾਚ ਨਿੱਕੇ-ਨਿੱਕੇ ਲੋਕ-ਗੀਤਾਂ ਨਾਲ ਨੱਚ ਲੈਂਦੀਆਂ ਹਨ। ਪ੍ਰਚਲਿਤ ਗੀਤ ਇਸ ਪ੍ਰਕਾਰ ਹੈ :

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ।

ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ।

ਕਿੱਕਲੀ ਲਈ ਕੁੜੀਆਂ ਦੋ-ਦੋ ਦੇ ਜੋਟੇ ਬਣਾ ਲੈਂਦੀਆਂ ਹਨ। ਜੋਟੇ ਵਿਚਲੀ ਇੱਕ ਕੁੜੀ ਦੂਜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਹਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਇਸੇ ਹੀ ਤਰ੍ਹਾਂ ਦੂਜੀ ਕਰਦੀ ਹੈ। ਫਿਰ ਕੁੜੀਆਂ ਆਪਣੇ ਪੈਰਾਂ ਦਾ ਭਾਰ ਪੱਬਾਂ ‘ਤੇ ਪਾਉਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਉਲਾਰਦੀਆਂ ਹਨ ਅਤੇ ਤੇਜ਼ੀ ਨਾਲ ਘੁੰਮਦੀਆਂ ਹਨ। ਇਸ ਤਰ੍ਹਾਂ ਕਿੱਕਲੀ ਤੀਬਰ ਗਤੀ ਦਾ ਜੁੱਟ ਨਾਚ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਲੋੜ ਨਹੀਂ ਪੈਂਦੀ।

ਪ੍ਰਸ਼ਨ 11. ਇਸਤਰੀਆਂ ਦੇ ਪ੍ਰਮੁੱਖ ਲੋਕ-ਨਾਚਾਂ (ਗਿੱਧਾ, ਸੰਮੀ, ਕਿੱਕਲੀ) ਤੋਂ ਬਿਨਾਂ ਹੋਰ ਕਿਹੜੇ ਲੋਕ-ਨਾਚ ਹਨ?

ਉੱਤਰ : ਇਸਤਰੀਆਂ ਦੇ ਪ੍ਰਮੁੱਖ ਲੋਕ-ਨਾਚਾਂ ਤੋਂ ਬਿਨਾਂ ਕੁਝ ਹੋਰ ਲੋਕ-ਨਾਚ ਵੀ ਹਨ ਜੋ ਪੰਜਾਬ ਦੇ ਖ਼ਾਸ-ਖ਼ਾਸ ਖਿੱਤਿਆਂ ਵਿੱਚ ਨੱਚੇ ਜਾਂਦੇ ਰਹੇ ਹਨ। ਪਰ ਇਹਨਾਂ ਨੂੰ ਲੋਕ-ਪ੍ਰਵਾਨਗੀ ਨਾ ਮਿਲਣ ਕਾਰਨ ਇਹ ਹੌਲ਼ੀ-ਹੌਲ਼ੀ ਅਲੋਪ ਹੋ ਗਏ ਹਨ ਜਾਂ ਹੋ ਰਹੇ ਹਨ। ਇਹਨਾਂ ਲੋਕ-ਨਾਚਾਂ ਵਿੱਚ ‘ਹੁੱਲੇ-ਹੁਲਾਰੇ’ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੀਆਂ ਔਰਤਾਂ ਹੋਲੀ ਅਤੇ ਲੋਹੜੀ ਵਰਗੇ ਖ਼ੁਸ਼ੀ ਦੇ ਤਿਉਹਾਰਾਂ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ ਨਾਲ ਨੱਚਦੀਆਂ ਸਨ। ਨੱਚਣ ਵਾਲੀਆਂ ਇਸਤਰੀਆਂ ਵਿੱਚੋਂ ਪਿੜ ਵਿੱਚ ਮੁਦਰਾਵਾਂ ਦਾ ਸੰਚਾਰ ਕਰਦੀ ਇਸਤਰੀ ਹਰ ਤੁਕ ਦਾ ਪਹਿਲਾ ਭਾਗ ਉਚਾਰਦੀ ਅਤੇ ਬਾਕੀ ਸਾਰੀਆਂ ਸਾਥਣਾਂ ‘ਹੁੱਲੇ’, ‘ਹੁੱਲੇ’ ਸ਼ਬਦ ਉੱਚੀ ਅਤੇ ਭਰਵੀਂ ਅਵਾਜ਼ ਵਿੱਚ ਉਚਾਰਦੀਆਂ। ‘ਇਸ ਲੋਕ-ਨਾਚ ਦੀਆਂ ਵਿਸ਼ੇਸ਼ ਮੁਦਰਾਵਾਂ-ਹੱਥਾਂ ਦੇ ਹੁਲਾਰੇ, ਲੱਕ ਮਟਕਾਉਣਾ, ਪੈਰਾਂ ਨੂੰ ਠੁਮਕਾਉਣਾ, ਤਾੜੀਆਂ ਮਾਰਨਾ ਅਤੇ ਤੇਜ਼ ਗਤੀ ਨਾਲ ਘੁੰਮਣਾ ਬਾਰਾਂ ਦੇ ਹੁੰਦੀਆਂ ਸਨ। ਅੱਜ-ਕੱਲ੍ਹ ਇਹ ਲੋਕ-ਨਾਚ ਗਿੱਧੇ ਵਿੱਚ ਉਪਰੋਕਤ ਗੀਤ ਦੇ ਨਾਲ-ਨਾਲ ਇੱਕ ਮੁਦਰਾ ਬਣ ਕੇ ਹੀ ਰਹਿ ਗਿਆ ਹੈ। ‘ਲੁੱਡੀ’ ਨਾਚ ਭਾਵੇਂ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਰਿਹਾ ਹੈ ਪਰ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ-ਨਾਚਾਂ ਵਿੱਚ ਇਸ ਨੂੰ ਵਿਸ਼ੇਸ਼ ਥਾਂ ਪ੍ਰਾਪਤ ਸੀ। ਇਸ ਤਰ੍ਹਾਂ ‘ਧਮਾਲ’ ਬੋਲੀ/ਟੱਪੇ ਦੇ ਵਹਾਉ-ਪ੍ਰਸੰਗ ਵਿੱਚ ਸੁਤੰਤਰ ਕਿਸਮ ਦਾ ਲੋਕ-ਨਾਚ ਸੀ ਜੋ ‘ਲੁੱਡੀ’ ਵਾਂਗ ਹੀ ਲੁਪਤ ਹੋ ਰਿਹਾ ਹੈ ਅਤੇ ‘ਹੁੱਲੇ ਹੁਲਾਰੇ’ ਵਾਂਗ ਗਿੱਧੇ ਵਿੱਚ ਇੱਕ ਮੁਦਰਾ ਤੱਕ ਹੀ ਸਿਮਟ ਕੇ ਰਹਿ ਗਿਆ ਹੈ। ਟਿੱਪਰੀ ਜਾਂ ਡੰਡਾਸ, ਫੜੂਹਾ, ਘੁੰਮਰ ਅਤੇ ਸਪੇਰਾ ਜਾਂ ਨਾਗ ਆਦਿ ਲੋਕ-ਨਾਚਾਂ ਦੀ ਅਸਲ ਪ੍ਰਕਿਰਤੀ ਸਮੇਂ ਦੇ ਮਾਰੂ ਝੱਖੜਾਂ ਵਿੱਚ ਖਿੰਡ ਗਈ ਹੈ।

ਪ੍ਰਸ਼ਨ 12. ਮਰਦਾਂ ਦੇ ਪ੍ਰਮੁੱਖ ਲੋਕ-ਨਾਚ ਭੰਗੜੇ ਨਾਲ ਜਾਣ-ਪਛਾਣ ਕਰਾਓ।

ਉੱਤਰ : ਭੰਗੜਾ ਪੰਜਾਬ ਦੇ ਗੱਭਰੂਆਂ ਦਾ ਮੁੱਖ ਲੋਕ-ਨਾਚ ਹੈ। ਇਸ ਨੂੰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਹੋ ਚੁੱਕੀ ਹੈ। ਇਸ ਲੋਕ-ਨਾਚ ਵਿੱਚ ਤਕੜੇ ਸਰੀਰ ਦਾ ਪ੍ਰਦਰਸ਼ਨ ਸਧਾਰਨ ਪਰ ਸੁੰਦਰ ਪੁਸ਼ਾਕ ਪਹਿਨ ਕੇ, ਅਲਬੇਲੇਪਨ ਵਿੱਚ, ਜੋਸ਼, ਬਹਾਦਰੀ ਅਤੇ ਹੌਸਲੇ-ਭਰਪੂਰ ਨਾਚ-ਮੁਦਰਾਵਾਂ ਦੁਆਰਾ ਕੀਤਾ ਜਾਂਦਾ ਹੈ। ਭੰਗੜਾ ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਂਦਾ ਹੈ। ਸ਼ੁਰੂ ਵਿੱਚ ਇਹ ਤਾਲ ਧੀਮੀ-ਧੀਮੀ ਵੱਜਦੀ ਹੈ। ਨਚਾਰ ਭੰਗੜੇ ਦੇ ਤਾਲ ਦੇ ਅਨੁਕੂਲ ਪੈਰਾਂ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਹਲੂਣਦੇ ਕਈ ਤਰ੍ਹਾਂ ਦੀਆਂ ਮੁਦਰਾਵਾਂ ਪ੍ਰਗਟ ਕਰਦੇ ਹਨ। ਭੰਗੜੇ ਦੀ ਟੋਲੀ ਵਿੱਚੋਂ ਹੀ ਨਚਾਰ ਜਾਂ ਢੋਲਚੀ ਜਾਂ ਲਾਕੜੀ ਬੋਲੀ ਉਚਾਰਦਾ ਹੈ। ਬਾਕੀ ਲੋੜ ਅਨੁਸਾਰ ਉਸ ਦਾ ਸਾਥ ਦਿੰਦੇ ਹਨ। ਬੋਲੀ ਦੀ ਅਖੀਰਲੀ ਤੁਕ ਦੇ ਉਚਾਰ ਨਾਲ ਨਾਚ ਤੇਜ਼ ਹੋ ਜਾਂਦਾ ਹੈ ਅਤੇ ਢੋਲੀ ਢੋਲ ਨੂੰ ਤੇਜ਼ ਗਤੀ ਨਾਲ ਵਜਾਉਂਦਾ ਹੈ। ਭੰਗੜਾ ਖ਼ੁਸ਼ੀ ਦੇ ਹਰ ਮੌਕੇ ‘ਤੇ ਪਾਇਆ ਜਾ ਸਕਦਾ ਹੈ। ਇਸ ਦੀਆਂ ਅਣਗਿਣਤ ਮੁਦਰਾਵਾਂ ਹਨ। ਪਰ ਅਜੋਕੇ ਸਮੇਂ ਵਿੱਚ ਭੰਗੜੇ ਦਾ ਰੂਪ ਬਦਲ ਚੁੱਕਾ ਹੈ। ਭੰਗੜੇ ਦੀ ਇੱਕ ਪ੍ਰਚਲਿਤ ਬੋਲੀ ਇਸ ਪ੍ਰਕਾਰ ਹੈ :

ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ।

ਕੰਨੀਦਾਰ ਇਹ ਬੰਨ੍ਹਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ।

ਪ੍ਰਸ਼ਨ 13. ਵਰਤਮਾਨ ਸਮੇਂ ਵਿੱਚ ਭੰਗੜੇ ਵਿੱਚ ਕੀ ਤਬਦੀਲੀਆਂ ਆਈਆਂ ਹਨ?

ਉੱਤਰ : ਵਰਤਮਾਨ ਸਮੇਂ ਵਿੱਚ ਭੰਗੜੇ ਵਿੱਚ ਕਾਫ਼ੀ ਤਬਦੀਲੀਆਂ ਆਈਆਂ ਹਨ ਅਤੇ ਅਸਲ ਭੰਗੜੇ ਦਾ ਸਰੂਪ ਬਦਲ ਚੁੱਕਾ ਹੈ। ਭੰਗੜੇ ਵਿੱਚ ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ-ਪੱਧਰ ਅਤੇ ਸਾਜ਼ੋ-ਸਮਾਨ ਆਦਿ ਦੇ ਪੱਖ ਤੋਂ ਬਹੁਤ ਸਾਰੀਆਂ ਤਬਦੀਲੀਆਂ ਆ ਚੁੱਕੀਆਂ ਹਨ। ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਭੰਗੜੇ ਵਿੱਚ ਸ਼ਾਮਲ ਹੋ ਰਹੀਆਂ ਹਨ। ਜਿਨ੍ਹਾਂ ਲੋਕ-ਨਾਚਾਂ ਦੀ ਹੋਂਦ ਮੁੱਕਦੀ ਜਾ ਹਰੀ ਹੈ ਉਹਨਾਂ ਦੀਆਂ ਮੁੱਖ ਮੁਦਰਾਵਾਂ ਵੀ ਇੱਕ-ਇੱਕ ਕਰਕੇ ਭੰਗੜੇ ਦੀਆਂ ਚਾਲਾਂ/ਮੁਦਰਾਵਾਂ ਦਾ ਨਾਂ ਗ੍ਰਹਿਣ ਕਰ ਚੁੱਕੀਆਂ ਹਨ। ਇਸ ਤਰ੍ਹਾਂ ਅਜੋਕੇ ਸਮੇਂ ਵਿੱਚ ਭੰਗੜੇ ਦਾ ਸਰੂਪ ਬਦਲ ਗਿਆ ਹੈ।

ਪ੍ਰਸ਼ਨ 14. ਝੂੰਮਰ ਨਾਂ ਦੇ ਲੋਕ-ਨਾਚ ਬਾਰੇ ਜਾਣਕਾਰੀ ਦਿਓ।

ਉੱਤਰ : ਝੂੰਮਰ ਪੱਛਮੀ ਪੰਜਾਬ ਦੀ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲ੍ਹਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕ-ਨਾਚ ਹੈ। ਝੂਮ-ਝੂਮ ਕੇ ਨੱਚਣ ਕਾਰਨ ਇਸ ਦਾ ਨਾਂ ਝੂੰਮਰ ਪੈ ਗਿਆ। ਬਾਰ ਦੇ ਲੋਕਾਂ ਦੇ ਇਧਰਲੇ ਪੰਜਾਬ ਵਿੱਚ ਆ ਕੇ ਵਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਝੂੰਮਰ ਨਾਚ ਨੂੰ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ, ਘੇਰੇ ਦੇ ਆਕਾਰ ਵਿੱਚ ਲੋਕ-ਗੀਤ ‘ਢੋਲੇ’ ਦੇ ਬੋਲਾਂ ਰਾਹੀਂ ਢੋਲ ਦੀ ਤਾਲ ‘ਤੇ ਨੱਚਦੇ ਰਹੇ ਹਨ। ਇਹ ਨਾਚ ਤਿੰਨ ਪੜਾਵਾਂ ਅਥਵਾ ਤਿੰਨ ਤਾਲਾਂ (ਮੱਠੀ ਤਾਲ, ਤੇਜ਼ ਤਾਲ, ਬਹੁਤ ਹੀ ਤੇਜ਼ ਤਾਲ) ਅਧੀਨ ਨੱਚਿਆ ਜਾਂਦਾ ਹੈ। ਅੰਤਿਮ ਪੜਾਅ ਤੱਕ ਸਾਰਿਆਂ ਵਿੱਚੋਂ ਕੁਝ ਕੁ ਨਚਾਰ ਹੀ ਨੱਚਦੇ ਰਹਿ ਜਾਂਦੇ ਹਨ ਅਤੇ ਬਾਕੀ ਹਾਰ-ਹਫ਼ ਕੇ ਖਲੋ ਜਾਂਦੇ ਹਨ। ਝੂੰਮਰ ਦੇ ਇੱਕ ਗੀਤ ਦੀ ਉਦਾਹਰਨ ਇਸ ਪ੍ਰਕਾਰ ਹੈ :

ਚੀਣਾ ਇੰਜ ਛੜੀਂਦਾ ਲਾਲ, ਚੀਣਾ ਇੰਜ ਛੜੀਂਦਾ ਹੋ

ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਹੋ

ਪ੍ਰਸ਼ਨ 15. ‘ ਲੁੱਡੀ’ ਨਾਂ ਦੇ ਲੋਕ-ਨਾਚ ਤੋਂ ਜਾਣੂ ਕਰਵਾਓ।

ਉੱਤਰ : ‘ਲੁੱਡੀ’ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ-ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਨਾਚ ਹੋਣ ਕਾਰਨ ਇਸ ਨੂੰ ਇਸਤਰੀ-ਨਾਚ ਵੀ ਸਮਝਿਆ ਜਾਂਦਾ ਰਿਹਾ ਹੈ। ‘ਲੁੱਡੀ’ ਮੂਲ ਰੂਪ ਵਿੱਚ ਜਿੱਤ ਜਾਂ ਖ਼ੁਸ਼ੀ ਦਾ ਨਾਚ ਹੈ। ਇਸ ਲਈ ਵੀ ਇਸ ਨਾਚ ਲਈ ਢੋਲ ਦੇ ਤਾਲ ਦੀ ਲੋੜ ਮੰਨੀ ਜਾਂਦੀ ਹੈ। ਲੁੱਡੀ ਦੀਆਂ ਤਾਲਾਂ ਸਧਾਰਨ ਹੁੰਦੀਆਂ ਹਨ ਜਿਨ੍ਹਾਂ ਨਾਲ ਨਚਾਰ ਮਰਜ਼ੀ ਅਨੁਸਾਰ ਨਾਚ-ਮੁਦਰਾਵਾਂ ਪ੍ਰਗਟ ਕਰ ਸਕਦਾ ਹੈ। ‘ਆਮ ਤੌਰ ‘ਤੇ ਲੁੱਡੀ ਨਾਚ ਨੱਚਦੇ ਸਮੇਂ ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੇ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ‘ਤੇ ਕੀਤੇ ਸੰਕੇਤ ਅਨੁਸਾਰ ਨਾਚ-ਮੁਦਰਾ ਬਦਲ ਕੇ ਤਿੰਨ ਤਾੜੀਆਂ ਮਾਰਦੇ ਹਨ। ਢੋਲ ਦੀ ਨੀਵੀਂ ਸੁਰ ਵਾਲੀ ਥਾਪ ਦੇ ਸੰਕੇਤ ‘ਤੇ ਨਵੀਂ ਮੁਦਰਾ ਦਾ ਪ੍ਰਗਟਾਅ ਕਰਨ ਵਾਸਤੇ ਨਚਾਰ ਪਹਿਲਾਂ ਸੱਜੀ ਬਾਂਹ ਤੇ ਸੱਜੀ ਲੱਤ ਚੁੱਕ ਕੇ ਖੱਬੇ ਪੈਰ ਨਾਲ ਉਛਲਦੇ ਹਨ। ‘ਲੁੱਡੀ’ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ ਸਗੋਂ ਮਸਤੀ ਵਿੱਚ ਆਏ ਨਚਾਰ ਆਪਣੇ ਮੂੰਹੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ; ਜਿਵੇਂ :

ਸ਼…….. ਸ਼…….. ਸ਼, ਹੀ…..ਹੀ…… ਹੀ

ਹੋ…….. ਹੋ…….. ਹੋ, ਓ….. ਓ…… ਓ

ਅੱਜ-ਕੱਲ੍ਹ ‘ਲੁੱਡੀ’ ਨਾਂ ਦਾ ਲੋਕ-ਨਾਚ ਭੰਗੜੇ ਦੀਆਂ ਇੱਕ ਦੋ ਚਾਲਾਂ ਵਿੱਚ ਸਿਮਟ ਕੇ ਰਹਿ ਗਿਆ ਹੈ।

ਪ੍ਰਸ਼ਨ 16. ਮਰਦਾਂ ਦੇ ਪ੍ਰਮੁੱਖ ਲੋਕ-ਨਾਚਾਂ (ਭੰਗੜਾ, ਭੂੰਮਰ, ਲੁੱਡੀ) ਤੋਂ ਬਿਨਾਂ ਇਹਨਾਂ ਦੇ ਹੋਰ ਲੋਕ-ਨਾਚ ਕਿਹੜੇ ਹਨ?

ਉੱਤਰ : ਪੂਰਬੀ ਪੰਜਾਬ ਵਿੱਚ ਮਾਲਵੇ ਵਿੱਚ ਮਰਦਾਂ ਦਾ ਗਿੱਧਾ ਜਾਂ ਮਲਵਈਆਂ ਦਾ ਗਿੱਧਾ/ਚੋਬਰਾਂ ਦਾ ਗਿੱਧਾ ਪ੍ਰਚਲਿਤ ਹੈ। ਇਹ ਲੋਕ-ਨਾਚ ਮਰਦਾਂ ਦੇ ਮੁੱਖ ਲੋਕ-ਨਾਚਾਂ ਵਾਂਗ ਪ੍ਰਾਚੀਨ ਨਹੀਂ। ਇਸ ਲੋਕ-ਨਾਚ ਵਿੱਚ ਅਲਗੋਜ਼ੇ, ਢੋਲਕ, ਚਿਮਟੇ, ਬੁੱਘਦੂ, ਸੀਟੀ, ਗੜਵੇ, ਛੈਣੇ, ਬਾਲਟੀ ਆਦਿ ਵਾਲੇ ਮਰਦ ਹੁੰਦੇ ਹਨ। ਇਸ ਲੋਕ-ਨਾਚ ਵਿੱਚ ਨਾਚ ਵਰਗੀਆਂ ਮੁਦਰਾਵਾਂ ਘੱਟ ਹੁੰਦੀਆਂ ਹਨ ਅਤੇ ਲੰਮੀਆਂ ਬੋਲੀਆਂ ਦੀ ਭਰਮਾਰ ਹੁੰਦੀ ਹੈ। ਬੋਲੀ ਪਾਉਣ ਵਾਲਾ ਕੰਨ ‘ਤੇ ਖੱਬਾ ਹੱਥ ਰੱਖ ਕੇ ਸੱਜੀ ਬਾਂਹ ਉੱਤੇ ਨੂੰ ਉਭਾਰ ਕੇ ਬੋਲੀ ਚੁੱਕਦਾ ਹੈ। ਬੋਲੀ ਦੇ ਆਖ਼ਰੀ ਚਰਨ ‘ਤੇ ਉਹਦੇ ਬਾਕੀ ਸਾਥੀ ਆਪਣੇ ਸਾਜ਼ ਵਜਾਉਂਦੇ ਹਨ। ਇਹ ਲੋਕ-ਨਾਚ ਕਾਫ਼ੀ ਹਰਮਨ ਪਿਆਰਾ ਹੋ ਰਿਹਾ ਹੈ। ‘ਧਮਾਲ’ ਨਾਂ ਦਾ ਲੋਕ-ਨਾਚ ਪੁਰਾਣੇ ਸਮੇਂ ਤੋਂ ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਂਦਾ ਰਿਹਾ ਹੈ। ਤੇਜ਼ ਗਤੀ ਵਾਲ਼ਾ ਇਹ ਲੋਕ-ਨਾਚ ਖ਼ਾਸ ਕਿਸਮ ਦੇ ਸਰੀਰਿਕ ਹਿਲੋਰੇ ਦਾ ਨਾਚ ਸੀ। ਪਰ ਹੁਣ ਇਹ ਉਤਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਸੀਮਿਤ ਹੋ ਗਿਆ ਹੈ। ਖਲੀ, ਹੇਮੜੀ, ਡੰਡਾਸ, ਅਖਾੜਾ, ਗੱਤਕਾ, ਪਠਾਣੀਆਂ ਅਤੇ ਫੁੰਮਣੀਆਂ ਆਦਿ ਲੋਕ-ਨਾਚ ਇੱਕ-ਇੱਕ, ਦੋ-ਦੋ ਮੁਦਰਾਵਾਂ ਤੱਕ ਸੀਮਿਤ ਹੋ ਕੇ ਲਗਪਗ ਖ਼ਤਮ ਹੋ ਗਏ ਲੱਗਦੇ ਹਨ। ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਲੋਕ-ਨਾਚ ਵੀ ਲਗਪਗ ਲੁਪਤ ਹੋ ਗਏ ਹਨ।

ਪ੍ਰਸ਼ਨ 17. ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ? ਦੱਸੋ।

ਉੱਤਰ : ‘ਪੰਜਾਬ ਦੇ ਲੋਕ-ਨਾਚ’ ਨਾਂ ਦੇ ਪਾਠ ਵਿੱਚ ਇਸਤਰੀਆਂ ਦੇ ਪ੍ਰਮੁੱਖ ਲੋਕ-ਨਾਚਾਂ ਤੋਂ ਬਿਨਾਂ ਜਿਨ੍ਹਾਂ ਹੋਰ ਲੋਕ-ਨਾਚਾਂ ਦਾ ਜ਼ਿਕਰ ਆਇਆ ਹੈ ਉਹਨਾਂ ਵਿੱਚ ਹੁੱਲੇ-ਹੁਲਾਰੇ, ਲੁੱਡੀ, ਧਮਾਲ, ਡੰਡਾਸ, ਫਤੂਹਾ, ਘੁੰਮਰ ਅਤੇ ਸਪੇਰਾ ਜਾਂ ਨਾਗ ਲੋਕ-ਨਾਚ ਵਰਨਣਯੋਗ ਹਨ।

ਮਰਦਾਂ ਦੇ ਅਜਿਹੇ ਲੋਕ-ਨਾਚਾਂ ਵਿੱਚ ਮਰਦਾਂ ਦਾ ਗਿੱਧਾ ਤੋਂ ਬਿਨਾਂ ਧਮਾਲ, ਖਲੀ, ਹੇਮੜੀ, ਡੰਡਾਸ, ਅਖਾੜਾ, ਗਤਕਾ, ਪਠਾਣੀਆਂ, ਫੁੰਮਣੀਆਂ ਵਰਨਣਯੋਗ ਹਨ ਜੋ ਲਗਪਗ ਖ਼ਤਮ ਹੋ ਗਏ ਲੱਗਦੇ ਹਨ। ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਲੋਕ-ਨਾਚ ਵੀ ਲਗਪਗ ਅਲੋਪ ਹੋ ਚੁੱਕੇ ਹਨ। ਇਹਨਾਂ ਉਪਰੋਕਤ ਲੋਕ-ਨਾਚਾਂ ਦੇ ਅਲੋਪ ਹੋ ਜਾਣ ਜਾਂ ਨਾਂ-ਮਾਤਰ ਹੀ ਰਹਿ ਜਾਣ ਕਾਰਨ ਪੰਜਾਬੀ ਸੱਭਿਆਚਾਰ ਦੇ ਕਈ ਪੱਖਾਂ ਸੰਬੰਧੀ ਗਿਆਨ ਵੀ ਪੀੜ੍ਹੀ-ਦਰ-ਪੀੜ੍ਹੀ ਸੀਮਿਤ ਜਾਂ ਖ਼ਤਮ ਹੋ ਗਿਆ ਹੈ। 

ਪ੍ਰਸ਼ਨ 18. ਗਿੱਧੇ ਅਤੇ ਭੰਗੜੇ ਦੀ ਬੋਲੀ ਦੀ ਇੱਕ-ਇੱਕ ਉਦਾਹਰਨ ਦਿਓ।

ਉੱਤਰ : ਗਿੱਧੇ ਦੀ ਬੋਲੀ :

ਵੇ ਗੁਰਦਿੱਤੇ ਦੇ ਭਾਈਆ………. ਹਾਂ ਜੀ।

ਵੇ ਦੋ ਖੱਟੇ ਲਿਆ ਦੇ ………. ਹਾਂ ਜੀ।

ਵੇ ਮੇਰੇ ਪੀੜ ਕਲੇਜੇ ………. ਹਾਂ ਜੀ।

ਵੇ ਮੈਂ ਮਰਦੀ ਜਾਵਾਂ ………. ਹਾਂ ਜੀ।

ਵੇ ਤੇਰੀ ਸੜ ਜਾਏ ‘ਹਾਂ ਜੀ’ ………. ਹਾਂ ਜੀ।

ਭੰਗੜੇ ਦੀ ਬੋਲੀ :

ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ।

ਕੰਨੀਦਾਰ ਇਹ ਬੰਨ੍ਹਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ।

ਦੂਧੀਆ-ਕਾਸ਼ਨੀ ਬੰਨ੍ਹਦੇ ਸਾਫ਼ੇ, ਜਿਉਂ ਉੱਡਦਾ ਕਬੂਤਰ ਜਾਵੇ।

ਮਲਮਲ ਦੇ ਤਾਂ ਕੱਪੜੇ ਪਾਉਂਦੇ, ਜਿਉਂ ਬਗਲਾ ਤਲਾਅ ਵਿੱਚ ਨ੍ਹਾਵੇ।

ਭੰਗੜਾ ਪਾਉਂਦਿਆਂ ਦੀ ………ਸਿਫ਼ਤ ਕਰੀ ਨਾ ਜਾਵੇ। ਭੰਗੜਾ……।

ਪ੍ਰਸ਼ਨ 20. ‘ਸੰਮੀ’ ਨਾਂ ਦੇ ਇਸਤਰੀ-ਨਾਚ ਨਾਲ ਸੰਬੰਧਿਤ ਗੀਤਾਂ ਦੀ ਜਾਣਕਾਰੀ ਦਿਓ।

ਉੱਤਰ : (ੳ) ਖਲੀ ਦੇਨੀ ਆਂ ਸੁਨੇਹੜਾ। ਖਲੀ ਦੇਨੀ ਆਂ ਸੁਨੇਹੜਾ।

ਇਸ ਬਟੇਰੇ ਨੂੰ। ਅੱਲਾ ਖ਼ੈਰ ਸੁਣਾਵੇ ਸੱਜਣ ਮੇਰੇ ਨੂੰ।

(ਅ) ਸੰਮੀ ਮੇਰੀ ਵਣ……… ਕੂ ਤਾਂ ਮੇਰੇ ਵੀਰ ਦੀ, ਵਣ ਸੰਮੀਆਂ।

ਸੰਮੀ ਮੇਰੀ ਵਣ……… ਕੋਠੇ ‘ਤੇ ਪਰ ਕੋਠੜਾ, ਵਣ ਸੰਮੀਆਂ।

ਸੰਮੀ ਮੇਰੀ ਵਣ……..ਕੋਠੇ ‘ਤੇ ਤੰਦੂਰ, ਵਣ ਸੰਮੀਆਂ।

ਸੰਮੀ ਮੇਰੀ ਵਣ……..ਗਿਣ-ਗਿਣ ਲਾਵਾਂ ਰੋਟੀਆਂ, ਵਣ ਸੰਮੀਆਂ।

ਖਾਵਣ ਵਾਲੇ ਦੂਰ …….. ਵਣ ਸੰਮੀਆਂ।

ਸੰਮੀ ਮੇਰੀ ਵਣ ………. ਖਾਵਣ ਵਾਲ਼ੇ ਆ ਗਏ, ਵਣ ਸੰਮੀਆਂ।