ਪੰਜਾਬ ਦੇ ਲੋਕ-ਨਾਚ : ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ
ਵਸਤੂਨਿਸ਼ਠ ਪ੍ਰਸ਼ਨ-ਉੱਤਰ : ਪੰਜਾਬ ਦੇ ਲੋਕ ਨਾਚ
ਪ੍ਰਸ਼ਨ 1. ਪੰਜਾਬ ਦੇ ਲੋਕ-ਨਾਚ ਕਿਸ ਪ੍ਰਕਾਰ ਦੀ ਕਲਾ ਹਨ?
ਉੱਤਰ : ਇੱਕ ਤਰ੍ਹਾਂ ਦੀ ਲੋਕ-ਕਲਾ।
ਪ੍ਰਸ਼ਨ 2. ਪੰਜਾਬ ਵਿੱਚ ਪੰਜ ਹਜ਼ਾਰ ਪੂਰਵ ਈਸਵੀ ਤੋਂ ਕਿਹੜੇ ਨਾਚ ਨੱਚਣ ਦੀ ਪਰੰਪਰਾ ਦੇ ਪ੍ਰਮਾਣ ਮਿਲਦੇ ਹਨ?
ਉੱਤਰ : ਲੋਕ-ਨਾਚ।
ਪ੍ਰਸ਼ਨ 3. ਪੰਜਾਬ ਦੇ ਸਮੁੱਚੇ ਲੋਕ-ਨਾਚ ਲੌਕਿਕ ਪ੍ਰਕਿਰਤੀ ਦੇ ਧਾਰਨੀ ਹਨ। (ਹਾਂ/ਨਹੀਂ)
ਉੱਤਰ : ਹਾਂ।
ਪ੍ਰਸ਼ਨ 4. ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਕਿਹੜੇ ਦੋ ਪੱਧਰਾਂ ‘ਤੇ ਕੀਤਾ ਜਾ ਸਕਦਾ ਹੈ?
ਉੱਤਰ : ਇਸਤਰੀਆਂ ਅਤੇ ਮਰਦਾਂ ਦੇ ਲੋਕ-ਨਾਚ।
ਪ੍ਰਸ਼ਨ 5. ਇਸਤਰੀਆਂ ਦੇ ਲੋਕ-ਨਾਚਾਂ ਦੇ ਨਾਂ ਦੱਸੋ।
ਉੱਤਰ : ਗਿੱਧਾ, ਸੰਮੀ, ਕਿੱਕਲੀ, ਹੁੱਲੇ-ਹੁਲਾਰੇ, ਲੁੱਡੀ।
ਪ੍ਰਸ਼ਨ 6. ਸੰਮੀ ਮੇਰੀ ਵਣ ……… ਕੂ ਤਾਂ ਮੇਰੇ ਵੀਰ ਦੀ ਵਣ ਸੰਮੀਆਂ
ਸੰਮੀ ਮੇਰੀ ਵਣ ……….. ਖਾਵਣ ਵਾਲੇ ਆ ਗਏ, ਵਣ ਸੰਮੀਆਂ।
ਉਪਰੋਕਤ ਗੀਤ ਕਿਸ ਲੋਕ-ਨਾਚ ਦੀਆਂ ਸਤਰਾਂ ਹਨ?
ਉੱਤਰ : ਸੰਮੀ।
ਪ੍ਰਸ਼ਨ 7. ਪੱਛਮੀ ਪੰਜਾਬ ਵਿੱਚ ਕਿਹੜਾ ਲੋਕ-ਨਾਚ ਮਰਦਾਂ ਤੇ ਔਰਤਾਂ ਦੋਹਾਂ ਵੱਲੋਂ ਨੱਚਿਆ ਜਾਂਦਾ ਸੀ?
ਉੱਤਰ : ਲੁੱਡੀ।
ਪ੍ਰਸ਼ਨ 8. ਮਰਦਾਂ ਦੇ ਲੋਕ-ਨਾਚਾਂ ਦੇ ਨਾਂ ਦੱਸੋ।
ਉੱਤਰ : ਭੰਗੜਾ, ਝੂੰਮਰ, ਲੁੱਡੀ, ਮਾਲਵੇ ਦਾ ਮਰਦਾਂ ਦਾ ਗਿੱਧਾ, ਧਮਾਲ ਆਦਿ।
ਪ੍ਰਸ਼ਨ 9. ਉਹ ਕਿਹੜਾ ਲੋਕ-ਸਾਜ਼ ਹੈ ਜਿਸ ਦੀ ਸਰਲ ਤਾਲ ‘ਤੇ ਲੋਕ-ਨਾਚ ਭੰਗੜਾ ਨੱਚਿਆ ਜਾਂਦਾ ਹੈ?
ਉੱਤਰ : ਢੋਲ।
ਪ੍ਰਸ਼ਨ 10. ਭੰਗੜੇ ਦੀ ਟੋਲੀ ਵਿੱਚ ਬੋਲੀ ਕੌਣ ਪਾਉਂਦਾ ਹੈ?
ਉੱਤਰ : ਨਚਾਰ ਜਾਂ ਢੋਲਚੀ ਜਾਂ ਲਾਕੜੀ।
ਪ੍ਰਸ਼ਨ 11. ਮਰਦਾਂ ਦਾ ਉਹ ਕਿਹੜਾ ਨਾਚ ਹੈ ਜਿਸ ਨੂੰ ਇਸਤਰੀ-ਨਾਚ ਵੀ ਸਮਝ ਲਿਆ ਜਾਂਦਾ ਹੈ?
ਉੱਤਰ : ਲੁੱਡੀ।
ਪ੍ਰਸ਼ਨ 12. ਪੰਜਾਬ ਦੇ ਲੋਕ-ਨਾਚਾਂ ਦੀ ਪਰੰਪਰਾ ਜਾਂ ਪ੍ਰਾਚੀਨਤਾ ਦਾ ਕਿਵੇਂ ਪਤਾ ਲੱਗਦਾ ਹੈ?
ਉੱਤਰ : ਪੰਜਾਬ ਦੇ ਲੋਕ-ਨਾਚ ਬਹੁਤ ਪ੍ਰਾਚੀਨ ਹਨ। ਪੰਜਾਬ ਵਿੱਚ ਪੰਜ ਹਜ਼ਾਰ ਈਸਵੀ ਪੂਰਵ ਤੋਂ ਲੋਕ-ਨਾਚ ਨੱਚਣ ਦੀ ਪਰੰਪਰਾ ਦੇ ਸਬੂਤ ਮਿਲਦੇ ਹਨ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਪਰੰਪਰਾ ਵਿੱਚ ਕਈ ਭੂਗੋਲਿਕ, ਸਮਾਜਿਕ ਅਤੇ ਵਿਸ਼ੇਸ਼ ਕਰਕੇ ਇਤਿਹਾਸਿਕ ਤਬਦੀਲੀਆਂ ਆ ਚੁੱਕੀਆਂ ਹਨ। ਅਨੇਕਾਂ ਜਨ-ਜਾਤੀਆਂ (ਦਰਾਵੜਾਂ ਤੋਂ ਅੰਗਰੇਜ਼ਾਂ ਤੱਕ) ਨੇ ਇਸ ਖਿੱਤੇ ਦੇ ਸੱਭਿਆਚਾਰਿਕ ਇਤਿਹਾਸ ਨੂੰ ਨਵੀਆਂ ਦਿਸ਼ਾਵਾਂ ਪ੍ਰਦਾਨ ਕੀਤੀਆਂ ਹਨ।
ਪ੍ਰਸ਼ਨ 13. ਇਸਤਰੀਆਂ ਦੇ ਮੁੱਖ ਲੋਕ-ਨਾਚਾਂ ਦਾ ਸੰਖੇਪ ਵਰਨਣ ਕਰੋ।
ਉੱਤਰ : ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਆਏ ਇਸਤਰੀ ਲੋਕ-ਨਾਚਾਂ ਵਿੱਚ ਗਿੱਧਾ, ਸੰਮੀ, ਕਿੱਕਲੀ ਆਦਿ ਵਿਸ਼ੇਸ਼ ਤੌਰ ‘ਤੇ ਵਰਨਣਗੇ ਹਨ। ਹੇਠਾਂ ਇਹਨਾਂ ਲੋਕ-ਨਾਚਾਂ ਬਾਰੇ ਸੰਖੇਪ ਵਿੱਚ ਵਿਚਾਰ ਕੀਤਾ ਜਾਵੇਗਾ :
ਗਿੱਧਾ : ਗਿੱਧਾ ਪੰਜਾਬ ਦੀਆਂ ਮੁਟਿਆਰਾਂ/ਇਸਤਰੀਆਂ ਦੇ ਚਾਵਾਂ, ਉਮੰਗਾਂ ਅਤੇ ਵਲਵਲਿਆਂ ਆਦਿ ਨੂੰ ਪ੍ਰਗਟਾਉਣ ਵਾਲਾ ਹਰਮਨ ਪਿਆਰਾ ਲੋਕ-ਨਾਚ ਹੈ। ਇਹ ਤਾਲੀ ਨਾਚ ਹੈ। ਨੱਚਣ ਵਾਲੀਆਂ ਅਤੇ ਘੇਰੇ ਵਿੱਚ ਖੜ੍ਹੀਆਂ ਮੁਟਿਆਰਾਂ/ਇਸਤਰੀਆਂ ਤਾਲੀ ਮਾਰਦੀਆਂ ਹਨ। ਤਾਲੀ ਦਾ ਵਹਾਅ ਬੋਲੀਆਂ ਅਤੇ ਟੱਪਿਆਂ ਨਾਲ ਚੱਲਦਾ ਹੈ। ਬੋਲੀਆਂ ਅਤੇ ਟੱਪਿਆਂ ਦੇ ਭਾਵਾਂ ਨੂੰ ਨਾਚ-ਮੁਦਰਾਵਾਂ ਦੁਆਰਾ ਪੇਸ਼ ਕੀ ਜਾਂਦਾ ਹੈ। ਗਿੱਧੇ ਦੇ ਦ੍ਰਿਸ਼ ਵਿੱਚ ਇੱਕ ਕੁੜੀ ਬੋਲੀ ਪਾਉਂਦੀ ਹੈ ਅਤੇ ਬਾਕੀ ਉਸ ਦੇ ਸਾਥ ਵਿੱਚ ਅਵਾਜ਼ ਚੁੱਕਦੀਆਂ ਹਨ। ਦੋ ਮੁਟਿਆਰਾਂ ਦਾ ਜੁੱਟ ਘੇਰੇ ਦੇ ਵਿਚਕਾਰ ਬੋਲੀ ਦੇ ਹਾਵਾਂ-ਭਾਵਾਂ ਨੂੰ ਪ੍ਰਗਟਾਉਣ ਵਾਲੀਆਂ ਮੁਦਰਾਵਾਂ ਦਾ ਪ੍ਰਦਰਸ਼ਨ ਕਰਦਾ ਹੈ। ਗਿੱਧੇ ਦੀ ਇੱਕ ਬੋਲੀ ਹੈ :
ਸਉਣ ਮਹੀਨਾ ਦਿਨ ਗਿੱਧੇ ਦੇ, ਸਭੇ ਸਹੇਲੀਆਂ ਆਈਆਂ।
ਭਿੱਜ ਗਈ ਰੂਹ ਮਿੱਤਰਾ, ਸ਼ਾਮ ਘਟਾ ਚੜ੍ਹ ਆਈਆਂ।
ਸੰਮੀ : ਇਸਤਰੀਆਂ ਦਾ ਪ੍ਰਸਿੱਧ ਲੋਕ-ਨਾਚ ਸੰਮੀ ਸਾਂਝੇ ਪੰਜਾਬ ਦੇ ਪੱਛਮੀ ਭਾਗ (ਜੋ ਹੁਣ ਪਾਕਿਸਤਾਨ ਵਿੱਚ ਹੈ) ਦੀਆਂ ਬਾਰਾਂ ਵਿੱਚ ਪ੍ਰਚਲਿਤ ਰਿਹਾ ਹੈ। ਸੰਮੀ ਨਾਚ ਗਿੱਧੇ ਵਾਂਗ ਘੇਰਾ ਬਣਾ ਕੇ ਨੱਚਿਆ ਜਾਂਦਾ ਹੈ ਪਰ ਇਸ ਦੀਆਂ ਮੁਦਰਾਵਾਂ ਗਿੱਧੇ ਤੋਂ ਵੱਖ ਹੁੰਦੀਆਂ ਹਨ। ਸੰਮੀ ਲੋਕ-ਨਾਚ ਨੱਚਦੀਆਂ ਘੇਰੇ ਵਿੱਚੋਂ ਕੁਝ ਇਸਤਰੀਆਂ ਖਲੋ ਕੇ ਉੱਪਰ ਵੱਲ ਹੱਥ ਤੇ ਬਾਹਾਂ ਕਰਦੀਆਂ ਹਨ ਅਤੇ ਕਿਸੇ ਪੰਛੀ ਨੂੰ ਅਵਾਜ਼ ਮਾਰਨ ਦਾ ਸੰਕੇਤ ਕਰਦੀਆਂ ਸੁਰੀਲੀ ਅਵਾਜ਼ ਵਿੱਚ ਗੀਤ ਦੇ ਇਹ ਬੋਲ ਅਲਾਪਦੀਆਂ ਹਨ :
ਖਲੀ ਦੇਨੀ ਆਂ ਸੁਨੇਹੜਾ।
ਖਲੀ ਦੇਨੀ ਆਂ ਸੁਨੇਹੜਾ।
ਸੰਮੀ ਨਾਚ ਨੱਚਣ ਵਾਲੀਆਂ ਨਚਾਰ ਇਸਤਰੀਆਂ ਨੂੰ ਨੱਚਦੇ ਸਮੇਂ ਢੋਲ ਦੀ ਜਾਂ ਕਿਸੇ ਹੋਰ ਸਾਜ਼ ਦੀ ਲੋੜ ਨਹੀਂ ਪੈਂਦੀ। ਉਹ ਹੱਥਾਂ ਦੀਆਂ ਤਾੜੀਆਂ (ਬਾਹਾਂ ਨੂੰ ਉੱਪਰ ਅਤੇ ਹੇਠਾਂ ਕਰ ਕੇ) ਤੋਂ ਬਿਨਾਂ ਚੁਟਕੀਆਂ ਅਤੇ ਪੈਰਾਂ ਦੀ ਥਾਪ ਨਾਲ ਤਾਲ ਸਿਰਜ ਲੈਂਦੀਆਂ ਹਨ। ਸੰਮੀ ਲੋਕ-ਨਾਚ ਦਾ ਇੱਕ ਪ੍ਰਚਲਿਤ ਗੀਤ ਇਸ ਪ੍ਰਕਾਰ ਹੈ :
ਸੰਮੀ ਮੇਰੀ ਵਣ ……. ਕੁ ਤਾਂ ਮੇਰੇ ਵੀਰ ਦੀ, ਵਣ ਸੰਮੀਆਂ।
ਕਿੱਕਲੀ : ਕਿੱਕਲੀ ਛੋਟੀਆਂ ਕੁੜੀਆਂ ਦਾ ਲੋਕ-ਨਾਚ ਹੈ। ਇਸ ਲੋਕ-ਨਾਚ ਨੂੰ ਗਿੱਧੇ ਦੀ ਨਰਸਰੀ ਮੰਨਿਆ ਗਿਆ ਹੈ। ਇਸ ਦਾ ਪ੍ਰਚਲਿਤ ਲੋਕ-ਗੀਤ ਇਸ ਪ੍ਰਕਾਰ ਹੈ :
ਕਿੱਕਲੀ ਕਲੀਰ ਦੀ।
ਪੱਗ ਮੇਰੇ ਵੀਰ ਦੀ।
ਕਿੱਕਲੀ ਵਿੱਚ ਨਿੱਕੀਆਂ ਕੁੜੀਆਂ ਦੋ-ਦੋ ਦੇ ਜੋਟੇ ਬਣਾ ਲੈਂਦੀਆਂ ਹਨ। ਕਿੱਕਲੀ ਪੇਸ਼ ਕਰਨ ਵਾਲ਼ੇ ਜੋਟੇ ਵਿੱਚ ਇੱਕ ਕੁੜੀ ਦੂਜੀ ਦਾ ਸੱਜਾ ਹੱਥ ਆਪਣੇ ਸੱਜੇ ਹੱਥ ਵਿੱਚ ਅਤੇ ਉਸ ਦਾ ਖੱਬਾ ਹੱਥ ਆਪਣੇ ਖੱਬੇ ਹੱਥ ਵਿੱਚ ਘੁੱਟ ਕੇ ਫੜ ਲੈਂਦੀ ਹੈ। ਦੂਜੀ ਵੀ ਇਸੇ ਤਰ੍ਹਾਂ ਕਰਦੀ ਹੈ। ਫਿਰ ਇਹ ਕੁੜੀਆਂ ਆਪਣਾ ਭਾਰ ਪੱਬਾਂ ‘ਤੇ ਪਾਉਂਦੀਆਂ ਹਨ ਅਤੇ ਬਾਕੀ ਸਰੀਰ ਦਾ ਭਾਰ ਪਿਛਾਂਹ ਵੱਲ ਉਲਾਰ ਲੈਂਦੀਆਂ ਹਨ। ਕਿੱਕਲੀ ਦੇ ਲੋਕ-ਗੀਤਾਂ ਦੇ ਉਚਾਰ ਨਾਲ ਉਹ ਤੇਜ਼ ਗਤੀ ਵਿੱਚ ਘੁੰਮਦੀਆਂ ਹਨ। ਇਸ ਤਰ੍ਹਾਂ ਇਹ ਤੀਬਰ ਗਤੀ ਦਾ ਜੁੱਟ-ਨਾਚ ਹੈ। ਇਸ ਵਿੱਚ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ। ਪੱਛਮੀ ਪੰਜਾਬ ਦੇ ਇਸਤਰੀ ਲੋਕ-ਨਾਚਾਂ ਵਿੱਚ ਲੁੱਡੀ ਦੀ ਵੀ ਵਿਸ਼ੇਸ਼ ਥਾਂ ਸੀ ਭਾਵੇਂ ਕਿ ਇਹ ਨਾਚ ਮਰਦਾਂ ਦੁਆਰਾ ਵੀ ਨੱਚਿਆ ਜਾਂਦਾ ਰਿਹਾ ਹੈ। ਹੁਲੇ-ਹੁਲਾਰੇ ਸਾਂਝੇ ਪੰਜਾਬ ਦੇ ਸਮੇਂ ਵੱਖ-ਵੱਖ ਧਰਮਾਂ ਦੀਆਂ ਔਰਤਾਂ ਵੱਲੋਂ ਨੱਚਿਆ ਜਾਂਦਾ ਰਿਹਾ ਹੈ ਪਰ ਹੁਣ ਇਹ ਗਿੱਧੇ ਦੀ ਇੱਕ ਮੁਦਰਾ ਬਣ ਕੇ ਰਹਿ ਗਿਆ ਹੈ।
ਇਸ ਤਰ੍ਹਾਂ ਇਸਤਰੀਆਂ ਦੇ ਆਪਣੇ ਕੁਝ ਮੁੱਖ ਲੋਕ-ਨਾਚ ਹਨ।
ਪ੍ਰਸ਼ਨ 14. ਪੰਜਾਬ ਦੇ ਮਰਦਾਵੇਂ ਲੋਕ-ਨਾਚਾਂ ਦਾ ਸੰਖੇਪ ਵਰਨਣ ਕਰੋ।
ਉੱਤਰ : ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਆਏ ਮਰਦ ਲੋਕ-ਨਾਚਾਂ ਵਿੱਚ ਭੰਗੜਾ, ਝੂੰਮਰ, ਲੁੱਡੀ ਆਦਿ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ।
ਭਗੜਾ: ਭੰਗੜਾ ਪੰਜਾਬ ਦੇ ਗੱਭਰੂਆਂ ਦਾ ਪ੍ਰਮੁੱਖ ਲੋਕ-ਨਾਚ ਹੈ। ਇਸ ਲੋਕ-ਨਾਚ ਵਿੱਚ ਤਕੜੇ ਅਤੇ ਗੱਠੇ ਹੋਏ ਸਰੀਰ ਦਾ ਪ੍ਰਦਰਸ਼ਨ ਜੋਸ਼ ਅਤੇ ਹੌਸਲੇ ਭਰਪੂਰ ਮੁਦਰਾਵਾਂ ਰਾਹੀਂ ਹੁੰਦਾ ਹੈ। ਭੰਗੜਾ ਢੋਲ ਦੀ ਸਰਲ ਤਾਲ ‘ਤੇ ਨੱਚਿਆ ਜਾਂਦਾ ਹੈ। ਭੰਗੜੇ ਦੀਆਂ ਬੋਲੀਆਂ ਅਤੇ ਟੱਪਿਆਂ ਦੇ ਅਨੁਕੂਲ ਹੀ ਤਾਲ ਅਤੇ ਮੁਦਰਾਵਾਂ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ। ਭੰਗੜੇ ਦੀ ਇੱਕ ਬੋਲੀ ਇਸ ਪ੍ਰਕਾਰ ਹੈ :
ਸਾਡੇ ਪਿੰਡ ਦੇ ਮੁੰਡੇ ਵੇਖ ਲਓ, ਜਿਉਂ ਟਾਹਲੀ ਦੇ ਪਾਵੇ।
ਕੰਨੀਦਾਰ ਇਹ ਬੰਨ੍ਹਦੇ ਚਾਦਰੇ, ਪਿੰਨੀਆਂ ਨਾਲ ਸੁਹਾਵੇ।
ਝੂੰਮਰ : ਮਰਦਾਂ ਦਾ ਲੋਕ-ਨਾਚ ਝੂੰਮਰ ਪੱਛਮੀ ਪੰਜਾਬ ਦੀ ਸਾਂਦਲ ਬਾਰ ਦੇ ਲੋਕਾਂ ਦੇ ਚਾਵਾਂ-ਮਲ੍ਹਾਰਾਂ ਨੂੰ ਪ੍ਰਗਟ ਕਰਨ ਵਾਲਾ ਪ੍ਰਸਿੱਧ ਲੋਕ-ਨਾਚ ਹੈ। ਬਾਰ ਦੇ ਲੋਕਾਂ ਦੇ ਇਧਰਲੇ ਪੰਜਾਬ ਵਿੱਚ ਆ ਕੇ ਵੱਸਣ ਉਪਰੰਤ ਇਹ ਲੋਕ-ਨਾਚ ਵੀ ਇਧਰ ਆ ਗਿਆ। ਝੂਮਰ ਨਾਚ ਨੱਚਣ ਲਈ ਲੋਕ ਸਮੂਹਿਕ ਰੂਪ ਵਿੱਚ ਕਿਸੇ ਖੁੱਲ੍ਹੀ ਥਾਂ ਘੇਰੇ ਦੇ ਆਕਾਰ ਵਿੱਚ ਲੋਕ-ਗੀਤ ਢੋਲੇ ਦੇ ਬੋਲਾਂ ਰਾਹੀਂ ਢੋਲ ਦੀ ਤਾਨ ‘ਤੇ ਨੱਚਦੇ ਰਹੇ ਹਨ। ਅਜੋਕੇ ਸਮੇਂ ਵਿੱਚ ਝੂੰਮਰ ਦੀਆਂ ਕੁਝ ਮੁਦਰਾਵਾਂ ਭੰਗੜੇ ਵਿੱਚ ਹੀ ਪੇਸ਼ ਕੀਤੀਆਂ ਜਾਣ ਲੱਗ ਪਈਆਂ ਹਨ। ਝੁੰਮਰ ਦੇ ਗੀਤ ਦੀ ਉਦਾਹਰਨ ਇਸ ਪ੍ਰਕਾਰ ਹੈ :
ਚੀਣਾ ਇੰਜ ਛੜੀਂਦਾ ਲਾਲ, ਚੀਣਾ ਇੰਜ ਛੜੀਂਦਾ ਹੋ…..
ਮੋਹਲਾ ਇੰਜ ਮਰੀਂਦਾ ਲਾਲ, ਮੋਹਲਾ ਇੰਜ ਮਰੀਂਦਾ ਹੋ…..
ਲੁੱਡੀ : ਲੁੱਡੀ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੇ ਉੱਤਰ-ਪੱਛਮੀ ਨੀਮ-ਪਹਾੜੀ ਅਤੇ ਕੁਝ ਮੈਦਾਨੀ ਇਲਾਕੇ ਵਿੱਚ ਪ੍ਰਚਲਿਤ ਰਿਹਾ ਹੈ। ਲਚਕ ਅਤੇ ਮਸਤੀ ਭਰਪੂਰ ਅਦਾਵਾਂ ਵਾਲਾ ਸਰਲ-ਸਹਿਜ ਨਾਚ ਹੋਣ ਕਾਰਨ ਇਸ ਨੂੰ ਇਸਤਰੀ-ਨਾਚ ਵੀ ਸਮਝਿਆ ਜਾਂਦਾ ਰਿਹਾ ਹੈ। ਮੂਲ ਰੂਪ ਵਿੱਚ ਇਹ ਨਾਚ ਜਿੱਤ ਅਤੇ ਖ਼ੁਸ਼ੀ ਦਾ ਨਾਚ ਹੈ। ਇਸ ਨਾਚ ਲਈ ਢੋਲ ਦੇ ਤਾਲ ਦੀ ਲੋੜ ਮੰਨੀ ਜਾਂਦੀ ਹੈ। ਲੁੱਡੀ ਨਾਚ ਨੱਚਦੇ ਸਮੇਂ ਆਮ ਤੌਰ ‘ਤੇ ‘ਪਹਿਲਾਂ ਤਾਂ ਛਾਤੀ ਅੱਗੇ ਤਾੜੀ ਮਾਰਦੇ, ਅੱਖਾਂ ਮਟਕਾਉਂਦੇ, ਮੋਢੇ ਹਿਲਾਉਂਦੇ ਅਤੇ ਲੱਕ ਹਿਲਾਉਂਦੇ ਹੋਏ, ਘੇਰੇ ਦੇ ਅੰਦਰ ਢੋਲ ਦੇ ਤਾਲ ਨਾਲ ਤੁਰਦੇ ਹਨ। ਫੇਰ ਢੋਲੀ ਦੁਆਰਾ ਢੋਲ ‘ਤੇ ਕੀਤੇ ਸੰਕੇਤ ਅਨੁਸਾਰ ਨਾਚ-ਮੁਦਰਾ ਬਦਲ ਕੇ ਤਿੰਨ ਤਾੜੀਆਂ ਮਾਰਦੇ ਹਨ। ਇਹ ਤਿੰਨ ਤਾੜੀਆਂ ਘੇਰੇ ਦੇ ਅੰਦਰਵਾਰ ਸਰੀਰ ਦੇ ਉੱਪਰਲੇ ਭਾਗ ਨੂੰ ਝੁਕਾ ਕੇ, ਫੇਰ ਛਾਤੀ ਅੱਗੇ ਕਰ ਕੇ ਅਤੇ ਤੀਜੀ ਤਾੜੀ ਘੇਰੇ ਦੇ ਬਾਹਰ ਵਾਲੇ ਪਾਸੇ ਨੂੰ ਝੁਕ ਕੇ ਮਾਰਦੇ ਹਨ।’ ਇਸ ਲੋਕ-ਨਾਚ ਵਿੱਚ ਲੋਕ-ਗੀਤ ਨਹੀਂ ਬੋਲੇ ਜਾਂਦੇ ਸਗੋਂ ਨਚਾਰ ਮਸਤੀ ਵਿੱਚ ਆ ਕੇ ਮੂੰਹੋਂ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਦੇ ਹਨ।
ਕੁਝ ਹੋਰ ਲੋਕ-ਨਾਚ : ਮਰਦਾਂ ਦੇ ਮੁੱਖ ਲੋਕ-ਨਾਚਾਂ ਤੋਂ ਬਿਨਾਂ ਕੁਝ ਹੋਰ ਲੋਕ-ਨਾਚਾਂ ਦਾ ਜ਼ਿਕਰ ਵੀ ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਆਇਆ ਹੈ। ਇਹਨਾਂ ਵਿੱਚ ਮਾਲਵੇ ਦਾ ‘ਮਰਦਾਂ ਦਾ ਗਿੱਧਾ’ ਕਾਫੀ ਹਰਮਨ-ਪਿਆਰਾ ਹੋ ਰਿਹਾ ਹੈ। ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਂਦਾ ਰਿਹਾ ਤੇਜ਼ ਗਤੀ ਦਾ ਲੋਕ-ਨਾਚ ‘ਧਮਾਲ’ ਹੁਣ ਭੰਗੜੇ ਸੀਮਿਤ ਰਹਿ ਗਿਆ ਹੈ। ਖਲੀ, ਹੇਮੜੀ, ਡੰਡਾਸ ਅਖਾੜਾ, ਗੱਤਕਾ, ਪਠਾਣੀਆਂ ਅਤੇ ਫੁੰਮਣੀਆਂ ਵਰਗੇ ਲੋਕ-ਨਾਚ ਸੀਮਤ ਖੇਤਰੀ ਲੋਕ-ਨਾਚ ਬਣਦੇ-ਬਣਦੇ ਆਪਣੀ ਹੋਂਦ ਇੱਕ-ਇੱਕ ਦੋ-ਦੋ ਮੁਦਰਾਵਾਂ ਤੱਕ ਹੀ ਸੀਮਿਤ ਕਰ ਕੇ ਲਗਪਗ ਖ਼ਤਮ ਹੀ ਹੋ ਗਏ ਲੱਗਦੇ ਹਨ। ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ ਨਾਚ, ਗੁੱਗਾ-ਨਾਚ ਆਦਿ ਲੋਕ-ਨਾਚ ਵੀ ਲਗਪਗ ਅਲੋਪ ਹੋ ਗਏ ਹਨ।
ਪ੍ਰਸ਼ਨ 15. ਵਰਤਮਾਨ ਸਮੇਂ ਵਿੱਚ ਭੰਗੜੇ ਦੇ ਬਦਲਦੇ ਸਰੂਪ ਬਾਰੇ ਦੱਸੋ।
ਉੱਤਰ : ਵਰਤਮਾਨ ਸਮੇਂ ਵਿੱਚ ਅਸਲ ਭੰਗੜੇ ਦਾ ਸਰੂਪ ਬਦਲ ਚੁੱਕਾ ਹੈ। ਬੋਲੀਆਂ ਦੇ ਪੱਧਰ, ਮੁਦਰਾਵਾਂ ਦੇ ਸੰਚਾਰ-ਪੱਧਰ ਅਤੇ ਸਾਜ਼ੋ-ਸਮਾਨ ਪੱਖੋਂ ਬਹੁਤ ਤਬਦੀਲੀਆਂ ਆ ਗਈਆਂ ਹਨ। ਭੰਗੜੇ ਵਿੱਚ ਵਿਦੇਸ਼ੀ ਨਾਚਾਂ ਦੀਆਂ ਮੁਦਰਾਵਾਂ ਸ਼ਾਮਲ ਹੋ ਰਹੀਆਂ ਹਨ। ਉਹਨਾਂ ਲੋਕ-ਨਾਚਾਂ (ਜਿਨ੍ਹਾਂ ਦੀ ਹੋਂਦ ਮੁੱਕਦੀ ਜਾ ਰਹੀ ਹੈ) ਦੀਆਂ ਮੁੱਖ ਮੁਦਰਾਵਾਂ ਵੀ ਇੱਕ-ਇੱਕ ਕਰ ਕੇ ਇਸ ਦੀਆਂ ਚਾਲਾਂ/ਮੁਦਰਾਵਾਂ ਦਾ ਨਾਂ ਗ੍ਰਹਿਣ ਕਰ ਚੁੱਕੀਆਂ ਹਨ।
ਪ੍ਰਸ਼ਨ 16. ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਮੁੱਖ ਨਾਚਾਂ ਤੋਂ ਬਿਨਾਂ ਹੋਰ ਕਿਹੜੇ-ਕਿਹੜੇ ਨਾਚਾਂ ਦਾ ਜ਼ਿਕਰ ਆਇਆ ਹੈ? ਦੱਸੋ।
ਉੱਤਰ : ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਇਸਤਰੀਆਂ ਅਤੇ ਮਰਦਾਂ ਦੇ ਮੁੱਖ ਨਾਚਾਂ ਤੋਂ ਬਿਨਾਂ ਕੁਝ ਹੋਰ ਨਾਚਾਂ ਦਾ ਜ਼ਿਕਰ ਵੀ ਆਇਆ ਹੈ। ਇਸਤਰੀਆਂ ਦੇ ਅਜਿਹੇ ਲੋਕ-ਨਾਚਾਂ ਵਿੱਚ ਹੁੱਲੇ ਹੁਲਾਰੇ ਨਾਂ ਦਾ ਲੋਕ-ਨਾਚ ਸਾਂਝੇ ਪੰਜਾਬ ਦੀਆਂ ਔਰਤਾਂ ਹੋਲੀ ਅਤੇ ਲੋਹੜੀ ਵਰਗੇ ਖ਼ੁਸ਼ੀ ਦੇ ਤਿਉਹਾਰਾਂ ਸਮੇਂ ਘੇਰੇ ਦੇ ਰੂਪ ਵਿੱਚ ਬੜੇ ਚਾਵਾਂ ਨਾਲ ਨੱਚਦੀਆਂ ਸਨ। ਅੱਜ-ਕੱਲ੍ਹ ਇਹ ਲੋਕ-ਨਾਚ ਗਿੱਧੇ ਵਿੱਚ ‘ਹੁੱਲੇ ਹੁਲਾਰੇ’ ਦੇ ਗੀਤ ਨਾਲ ਇੱਕ ਮੁਦਰਾ ਵਜੋਂ ਹੀ ਰਹਿ ਗਿਆ ਹੈ। ‘ਲੁੱਡੀ’ ਭਾਵੇਂ ਮਰਦਾਂ ਦੁਆਰਾ ਨੱਚਿਆ ਜਾਂਦਾ ਰਿਹਾ ਹੈ ਪਰ ਪੱਛਮੀ ਪੰਜਾਬ ਵਿੱਚ ਪ੍ਰਚਲਿਤ ਰਹੇ ਇਸਤਰੀ ਲੋਕ-ਨਾਚਾਂ ਵਿੱਚ ਇਸ ਨੂੰ ਵਿਸ਼ੇਸ਼ ਥਾਂ ਪ੍ਰਾਪਤ ਸੀ। ਇਸੇ ਤਰ੍ਹਾਂ ‘ਧਮਾਲ’, ਬੋਲੀ/ਟੱਪੇ ਦੇ ਵਹਾਉ-ਪ੍ਰਸੰਗ ਵਿੱਚ ਸੁਤੰਤਰ ਕਿਸਮ ਦਾ ਲੋਕ-ਨਾਚ ਸੀ ਜੋ ‘ਲੁੱਡੀ’ ਵਾਂਗ ਹੀ ਲੁਪਤ ਹੋ ਰਿਹਾ ਹੈ ਅਤੇ ‘ਹੁੱਲੇ-ਹੁਲਾਰੇ’ ਵਾਂਗ ‘ਗਿੱਧੇ’ ਵਿੱਚ ਇੱਕ ਮੁਦਰਾ ਤੱਕ ਹੈ ਸਿਮਟ ਕੇ ਰਹਿ ਗਿਆ ਹੈ। ਟਿੱਪਰੀ ਜਾਂ ਡੰਡਾਸ, ਫੜੂਹਾ, ਘੁੰਮਰ ਅਤੇ ਸਪੇਰਾ ਜਾਂ ਨਾਗ ਲੋਕ-ਨਾਚ ਸਮੇਂ ਦੇ ਮਾਰੂ ਝੱਖੜਾਂ ਵਿੱਚ ਖਿੰਡ ਗਏ ਹਨ।
ਮਰਦਾਂ ਦੇ ਮੁੱਖ ਲੋਕ-ਨਾਚਾਂ ਤੋਂ ਬਿਨਾਂ ਕੁਝ ਹੋਰ ਲੋਕ-ਨਾਚਾਂ ਦਾ ਜ਼ਿਕਰ ਵੀ ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਆਇਆ ਹੈ। ਅਜਿਹੇ ਲੋਕ-ਨਾਚਾਂ ਵਿੱਚ ਮਾਲਵੇ ਦਾ ‘ਮਰਦਾਂ ਦਾ ਗਿੱਧਾ’ ਜਾਂ ‘ਮਲਵਈਆਂ ਦਾ ਗਿੱਧਾ’ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਜੋ ਕਾਫ਼ੀ ਹਰਮਨ-ਪਿਆਰਾ ਹੋ ਰਿਹਾ ਹੈ। ਪੁਰਾਣੇ ਸਮੇਂ ਤੋਂ ਸੂਫ਼ੀਆਂ-ਸੰਤਾਂ ਦੇ ਡੇਰਿਆਂ ‘ਤੇ ਨੱਚਿਆ ਜਾਂਦਾ ਰਿਹਾ ਤੇਜ਼ ਗਤੀ ਦਾ ਲੋਕ-ਨਾਚ ਧਮਾਲ ਹੁਣ ਓਨਾ ਪ੍ਰਚਲਿਤ ਨਹੀਂ ਰਿਹਾ ਅਤੇ ਭੰਗੜੇ ਦੀ ਇੱਕ ਚਾਲ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਖਲੀ, ਹੇਮੜੀ, ਡੰਡਾਸ, ਅਖਾੜਾ, ਗਤਕਾ, ਪਠਾਣੀਆਂ ਅਤੇ ਫੁੰਮਣੀਆਂ ਵਰਗੇ ਲੋਕ-ਨਾਚ ਸੀਮਿਤ ਖੇਤਰੀ ਲੋਕ-ਨਾਚ ਬਣਦੇ-ਬਣਦੇ ਆਪਣੀ ਹੋਂਦ ਇੱਕ-ਇੱਕ, ਦੋ-ਦੋ ਮੁਦਰਾਵਾਂ ਤੱਕ ਹੀ ਸੀਮਿਤ ਕਰ ਕੇ ਲਗਪਗ ਖ਼ਤਮ ਹੋ ਗਏ ਲੱਗਦੇ ਹਨ। ਭਗਤ-ਨਾਚ, ਜੰਗਮ-ਨਾਚ, ਨਾਮਧਾਰੀ-ਨਾਚ, ਸੁਥਰਾ-ਨਾਚ, ਮਰਕਤ-ਨਾਚ, ਗੁੱਗਾ-ਨਾਚ ਆਦਿ ਲੋਕ-ਨਾਚ ਵੀ ਲਗਪਗ ਅਲੋਪ ਹੋ ਚੁੱਕੇ ਹਨ।
ਇਸ ਤਰ੍ਹਾਂ ‘ਪੰਜਾਬ ਦੇ ਲੋਕ-ਨਾਚ’ ਪਾਠ ਵਿੱਚ ਮੁੱਖ ਲੋਕ-ਨਾਚਾਂ ਤੋਂ ਬਿਨਾਂ ਕੁਝ ਹੋਰ ਲੋਕ-ਨਾਚਾਂ ਦਾ ਜ਼ਿਕਰ ਵੀ ਆਇਆ ਹੈ।
ਪ੍ਰਸ਼ਨ 17. ਪੰਜਾਬ ਵਿੱਚ ਬਦਲਦੀਆਂ ਪਰਿਸਥਿਤੀਆਂ ਅਨੁਸਾਰ ਲੋਕ-ਨਾਚਾਂ ਵਿੱਚ ਆਏ ਬਦਲਾਅ ਬਾਰੇ ਜਾਣਕਾਰੀ ਦਿਓ।
ਉੱਤਰ : ਪੰਜਾਬ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਕਾਰਨ ਇੱਥੋਂ ਦੇ ਲੋਕ-ਨਾਚਾਂ ਵਿੱਚ ਬਹੁਤ ਬਦਲਾਅ ਆਇਆ ਹੈ। ਇਹ ਲੋਕ-ਨਾਚ ਪੰਜਾਬੀਆਂ ਦੇ ਸੱਭਿਆਚਾਰਿਕ ਕੇਂਦਰਾਂ-ਪਿੰਡਾਂ, ਪਿੜਾਂ, ਖੇਤਾਂ, ਬੇਲਿਆਂ ਆਦਿ ਤੋਂ ਸਟੇਜ, ਫ਼ਿਲਮਾਂ ਅਤੇ ਟੈਲੀਵੀਜ਼ਨ ਤੱਕ ਦਾ ਸਫ਼ਰ ਤੈਅ ਕਰ ਚੁੱਕੇ ਹਨ। ਇਸ ਪੜਾਅ ‘ਤੇ ਲੋਕ-ਨਾਚ ਆਪਣੇ ਉਦੇਸ਼, ਨਿਭਾਅ-ਪ੍ਰਸੰਗ ਅਤੇ ਨਚਾਰਾਂ ਦੇ ਪੱਧਰ ‘ਤੇ ਕਈ ਤਰ੍ਹਾਂ ਦੇ ਬਦਲਾਅ ਗ੍ਰਹਿਣ ਕਰ ਚੁੱਕੇ ਹਨ। ਇਹ ਬਦਲਾਅ ਮੁਦਰਾਵਾਂ ਦੇ ਸੰਚਾਲਨ, ਗਤੀ ਦੀ ਤੀਬਰਤਾ, ਨਵ-ਸਿਰਜਿਕ ਨਿੱਜੀ ਗੀਤ-ਮੁਖੀ ਬੋਲੀਆਂ, ਸਟੇਜੀ ਜ਼ਰੂਰਤਾਂ, ਪੁਸ਼ਾਕ, ਹਾਰ-ਸ਼ਿੰਗਾਰ, ਸਾਜ਼-ਸੰਗੀਤ ਅਤੇ ਵਿਸ਼ੇਸ਼ ਕਿਸਮ ਦੀ ਸਿਖਲਾਈ ਆਦਿ ਦੇ ਕਈ ਪੱਖਾਂ ਵਿੱਚੋਂ ਪ੍ਰਗਟ ਹੁੰਦੇ ਹਨ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਤਬਦੀਲੀ ਆਪਣੇ ਸੱਭਿਆਚਾਰਿਕ-ਇਤਿਹਾਸਿਕ ਚੌਖਟੇ ਵਿੱਚ ਰੱਖ ਕੇ ਉਸਾਰੂ ਕਦਰ-ਪ੍ਰਣਾਲੀ ਨੂੰ ਗ੍ਰਹਿਣ ਕਰਨ ਲਈ ਕਰਨੀ ਹੀ ਉੱਚਿਤ ਹੈ। ਇਹਨਾਂ ਵਿੱਚ ਵਿਦੇਸ਼ੀ ਪ੍ਰਭਾਵ ਪ੍ਰਤਿ ਚੇਤੰਨ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਸੰਭਵ ਹੋਣ ‘ਤੇ ਹੀ ਇਹ ਲੋਕ-ਨਾਚ ਸਮੂਹ ਪੰਜਾਬੀਆਂ ਦੇ ਸਰਬਪੱਖੀ ਸੱਭਿਆਚਾਰਿਕ ਵਰਤਾਰੇ ਦਾ ਪ੍ਰਮਾਣਿਕ ਰੂਪ ਉਘਾੜਨ ਦੇ ਸਮਰੱਥ ਹੋਣਗੇ।