ਪੰਜਾਬ ਦੇ ਲੋਕ ਗੀਤ – ਤਜਿੰਦਰ ਕੌਰ

ਸਾਹਿਤਕ ਕਿਰਨਾਂ -2 ਦਸਵੀਂ ਜਮਾਤ

ਪ੍ਰਸ਼ਨ 1. ਲੋਕ ਗੀਤ ਕਿਸਨੂੰ ਆਖਦੇ ਹਨ ?
ਉੱਤਰ – ਜਿਹੜੇ ਗੀਤ ਲੋਕਾਂ ਦੇ ਮਨਾਂ ਵਿਚੋਂ ਆਪ – ਮੁਹਾਰੇ ਹੀ ਪ੍ਰਗਟ ਹੋਏ ਹੋਣ ਉਹਨਾਂ ਨੂੰ ਲੋਕ ਗੀਤ ਕਿਹਾ ਜਾਂਦਾ ਹੈ। ਇਹ ਸਮੂਹ ਲੋਕਾਂ ਦੇ ਹਾਵਾ – ਭਾਵਾਂ ਦੀ ਤਰਜਮਾਨੀ ਕਰਦੇ ਹਨ। ਇਹਨਾਂ ਤੇ ਸਿਰਜਣਹਾਰੇ ਦਾ ਨਾਂ ਨਹੀਂ ਹੁੰਦਾ। ਇਹ ਸੁਰ ਲੈਅ – ਤਾਲ ਪੱਖੋਂ ਕਮਾਲ ਦੇ ਹੁੰਦੇ ਹਨ ਤੇ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਅੱਗੇ ਤੁਰੇ ਜਾਂਦੇ ਹਨ।
ਪ੍ਰਸ਼ਨ 2 . ਲੋਕ ਗੀਤਾਂ ਦੀ ਸਭਿਆਚਾਰ ਨਾਲ ਕੀ ਸਾਂਝ ਹੈ ?
ਉੱਤਰ – ਲੋਕ ਗੀਤਾਂ ਦੀ ਸਭਿਆਚਾਰ ਨਾਲ ਗੂੜ੍ਹੀ ਸਾਂਝ ਹੁੰਦੀ ਹੈ। ਇਹ ਕਿਸੇ ਸਭਿਆਚਾਰ ਦਾ ਹੀ ਦਰਪਣ ਹੁੰਦੇ ਹਨ। ਕਿਸੇ ਸਭਿਆਚਾਰ ਦੀ ਜਿੰਨੀ ਬਹੁ – ਰੰਗੀ ਝਾਕੀ ਲੋਕ ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਹੋਰ ਰੂਪ ਵਿਚ ਨਹੀਂ ਲੱਭ ਸਕਦੀ। ਇਸੇ ਲਈ ਲੋਕ ਗੀਤਾਂ ਵਿਚ ਸਭਿਆਚਾਰਕ ਕਦਰਾਂ ਕੀਮਤਾਂ ਤੇ ਰਸਮਾਂ ਰੱਲ – ਗੱਡ ਹਨ।
ਪ੍ਰਸ਼ਨ 3. ਪੰਜਾਬ ਦੇ ਲੋਕ ਗੀਤ ਪੰਜਾਬ ਦੇ ਕਿਹੜੇ – ਕਿਹੜੇ ਖੇਤਰਾਂ ਵਿੱਚ ਮਿਲਦੇ ਹਨ ?
ਉੱਤਰ – ਪੰਜਾਬ ਦੇ ਲੋਕ – ਗੀਤ ਵੱਖ – ਵੱਖ ਖੇਤਰਾਂ – ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੋਹਾਰ ਅਤੇ ਪਹਾੜੀ ਇਲਾਕਿਆਂ ਵਿੱਚ ਬਹੁਗਿਣਤੀ ਵਿੱਚ ਲੋਕ – ਗੀਤ ਮਿਲਦੇ ਹਨ।
ਪ੍ਰਸ਼ਨ 4 . ਲੋਕ – ਗੀਤਾਂ ਦੇ ਕਿਹੜੇ – ਕਿਹੜੇ ਰੂਪ ਹਨ ?
ਉੱਤਰ – ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਪੰਜਾਬੀ ਲੋਕ ਗੀਤਾਂ ਦੇ ਵਿਸ਼ੇ ਵੰਨ – ਸੁਵੰਨੇ ਹਨ ; ਜਿਵੇਂ ਸੂਰਮਗਤੀ ਦੇ ਗੀਤ ਪ੍ਰੀਤ ਕਥਾਵਾਂ, ਪੂਜਾ ਪਾਠ, ਦਿਨ – ਤਿਉਹਾਰ, ਰੁੱਤਾਂ – ਥਿਤਾਂ, ਪਿਆਰ – ਗੀਤ, ਵਿਛੋੜਾ ਜਨਮ, ਵਿਆਹ, ਮਰਨ, ਪੇਕਾ-ਘਰ, ਸਹੁਰਾ ਘਰ, ਹਾਰ ਸ਼ਿੰਗਾਰ ਆਦਿ।
ਪ੍ਰਸ਼ਨ 5. ਇਸ ਲੇਖ ਵਿੱਚ ਕਿਹੜੀਆਂ ਖੇਡਾਂ ਦਾ ਜ਼ਿਕਰ ਆਇਆ ਹੈ ?
ਉੱਤਰ – ਇਸ ਲੇਖ ਵਿੱਚ ਕਿਕਲੀ, ਕੋਰੜਾ – ਛਪਾਕੀ, ਗੁੱਲੀ – ਡੰਡਾ, ਖਿੱਦੋ – ਖੂੰਡੀ, ਲੁੱਕਣ ਮੀਟੀ ਆਦਿ ਖੇਡਾਂ ਦਾ ਜ਼ਿਕਰ ਆਇਆ ਹੈ।
ਪ੍ਰਸ਼ਨ 6. ਮੁਟਿਆਰਾਂ ਕਿਹੋ – ਜਿਹੇ ਗੀਤ ਗਾਉਂਦੀਆਂ ਅਤੇ ਕਿਸ ਤਰ੍ਹਾਂ ਦਾ ਜੀਵਨ ਜੀਉਂਦੀਆਂ ਹਨ ?
ਉੱਤਰ – ਮੁਟਿਆਰਾਂ ਰੁੱਤਾਂ – ਤਿਉਹਾਰਾਂ ਨਾਲ ਸੰਬੰਧਤ ਗੀਤ ਗਾਉਂਦੀਆਂ ਹਨ। ਉਹ ਤ੍ਰਿੰਞਣ ਵਿੱਚ ਪੀਂਘਾਂ ਝੂਟਦੀਆਂ ਆਪਣੇ ਮਨ ਦੇ ਹਾਵਾਂ ਭਾਵਾਂ ਦੀ ਤਰਜਮਾਨੀ ਕਰਨ ਵਾਲੇ ਗੀਤ ਗਾਉਂਦੀਆਂ ਹਨ, ਜਿਨ੍ਹਾਂ ਵਿਚ ਮਨ ਦੇ ਚਾਅ, ਸਹੇਲੀਆਂ ਨਾਲ ਸਾਂਝ ਤੇ ਮੇਲ – ਮਿਲਾਪ ਹੁੰਦਾ ਹੈ। ਉਹ ਬਹੁਤ ਵਧੀਆ ਖੁਸ਼ੀਆਂ ਭਰਿਆ ਮੇਲ ਮਿਲਾਪ ਵਾਲਾ ਜੀਵਨ ਜੀਉਂਦੀਆਂ ਹਨ।
ਪ੍ਰਸ਼ਨ 7 . ਕੁੜੀ ਦੇ ਵਿਆਹ ਵੇਲੇ ਪਰਿਵਾਰ ਵਿੱਚ ਕੀ – ਕੀ ਕੀਤਾ ਜਾਂਦਾ ਹੈ ? ਪਾਠ ਦੇ ਅਧਾਰ ‘ਤੇ ਦੱਸੋ।
ਉੱਤਰ – ਕੁੜੀ ਦੇ ਵਿਆਹ ਵੇਲੇ ਸੁਹਾਗ ਦੇ ਗੀਤ ਗਾਕੇ ਸ਼ਗਨਾਂ ਸੇ ਕੰਮ ਸ਼ੁਰੂ ਕੀਤੇ ਜਾਂਦੇ ਹਨ। ਸਾਰੇ ਸਾਕ ਇਕੱਠੇ ਹੋ ਕੇ ਖੁਸ਼ੀਆਂ ਮਨਾਉਂਦੇ ਹਨ।
ਘਰ ਦੀਆਂ ਨੂੰਹਾਂ – ਧੀਆਂ, ਵੱਡੀਆਂ ਬੁੱਢੀਆਂ ਸਭ ਗਿੱਧੇ ਪਾਉਂਦੀਆਂ ਹਨ। ਇਹ ਹਾਸੇ – ਠੱਠੇ ਤੇ ਢੋਲ – ਢਮੱਕਿਆਂ ਵਾਲਾ ਮਾਹੌਲ ਕਰੁਣਾਮਈ ਰੂਪ ਧਾਰ ਲੈਂਦਾ ਹੈ, ਕਿਉਂਕਿ ਕੁੜੀ ਨੂੰ ਤੋਰਨ ਦਾ ਸਮਾਂ ਆ ਜਾਂਦਾ ਹੈ।
ਮਾਂ ਬਾਪ, ਭੈਣ ਭਰਾਵਾਂ, ਸਹੇਲੀਆਂ, ਘਰ – ਬਾਰ ਤੋਂ ਵਿਛੋੜੇ ਦਾ ਵੇਲਾ ਕੁੜੀ ਲਈ ਔਖਾ ਹੋ ਜਾਂਦਾ ਹੈ।
ਪ੍ਰਸ਼ਨ 8. ਲੇਖਕਾ ਅਨੁਸਾਰ ਅਜੋਕੇ ਸਮੇਂ ਵਿੱਚ ਲੋਕ – ਗੀਤਾਂ ਦੀ ਸਥਿਤੀ ਕਿਹੋ ਜਿਹੀ ਹੈ ?
ਉੱਤਰ – ਲੇਖਕਾ ਅਨੁਸਾਰ ਅਜੋਕੇ ਸਮੇਂ ਵਿੱਚ ਲੋਕ – ਗੀਤਾਂ ਦੀ ਸਥਿਤੀ ਪਹਿਲਾਂ ਵਰਗੀ ਨਹੀਂ ਰਹੀ। ਅਜੋਕੇ ਸਮੇਂ ਦੀ ਭੱਜ – ਦੌੜ ਅਤੇ ਤਕਨਾਲੋਜੀ ਦੇ ਪ੍ਰਭਾਵ ਸਦਕਾ ਸਾਡੇ ਜੀਵਨ ਵਿੱਚ ਬਹੁਤ ਸਾਰੇ ਲੋਕ ਗੀਤ ਅਲੋਪ ਹੋ ਗਏ ਹਨ ਤੇ ਜਿਹੜੇ ਪ੍ਰਚਲਿਤ ਹਨ ਉਹਨਾਂ ਵਿੱਚ ਵੀ ਫ਼ਿਲਮੀ ਗਾਣਿਆਂ ਦਾ ਰਲੇਵਾਂ ਪਿਆ ਹੋਇਆ ਹੈ। ਅੱਜ ਨਾ ਹੀ ਕਿਸੇ ਨੂੰ ਗੀਤ ਗਾਉਣੇ ਆਉਂਦੇ ਹਨ ਤੇ ਨਾ ਹੀ ਕਿਸੇ ਨੂੰ ਸ਼ੌਕ ਹੈ। ਸਮੇਂ ਨਾਲ ਤਕਨਾਲੋਜੀ ਵੀ ਬਦਲ ਗਈ ਹੈ।
ਪ੍ਰਸ਼ਨ 9. ਲੋਕ ਗੀਤ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਕਿਉਂ ਛੱਡ ਜਾਂਦੇ ਹਨ ?
ਉੱਤਰ – ਲੋਕ ਗੀਤ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਇਸ ਲਈ ਛੱਡ ਜਾਂਦੇ ਹਨ ਕਿਉਂਕਿ ਇਹਨਾਂ ਵਿੱਚ ਲੈਅ ਅਤੇ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਲੋਕ ਗੀਤਾਂ ਦਾ ਨਿਤਾਰਾ ਗਾਉਣ ਨਾਲ ਹੁੰਦਾ ਹੈ।
ਜਿਸ ਨਾਲ ਇਹ ਲੋਕ – ਦਿਲਾਂ ਤੇ ਰਾਜ ਕਰਦੇ ਤੇ ਅਮਰ ਹੁੰਦੇ ਹਨ ਤੇ ਲੋਕ – ਬੁੱਲਾਂ ਤੇ ਜਿਊਂਦੇ ਹਨ। ਜਦਕਿ ਹੋਰ ਕਾਵਿ ਰੂਪਾਂ ਵਿੱਚ ਇਹ ਗੁਣ ਨਾ – ਮਾਤਰ ਹੁੰਦੇ ਹਨ ਤੇ ਉਹ ਇਨ੍ਹੇ ਜਿਆਦਾ ਮਕਬੂਲ ਨਹੀਂ ਹੋ ਸਕਦੇ।

ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।