CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਰਸਮ-ਰਿਵਾਜ’ ਲੇਖ : 70-80 ਸ਼ਬਦਾਂ ਵਿੱਚ ਉੱਤਰ


ਪ੍ਰਸ਼ਨ 1. ‘ਪੰਜਾਬ ਦੇ ਰਸਮ-ਰਿਵਾਜ’ ਲੇਖ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਪੰਜਾਬ ਦੇ ਰਸਮ-ਰਿਵਾਜ’ ਨਾਂ ਦੇ ਲੇਖ ਦੇ ਵਿਸ਼ੇ ਦਾ ਸੰਬੰਧ ਪੰਜਾਬ ਦੇ ਰਸਮ-ਰਿਵਾਜਾਂ ਨਾਲ ਹੈ। ਲੇਖਕ (ਗੁਲਜ਼ਾਰ ਸਿੰਘ ਸੰਧੂ) ਨੇ ਜਨਮ, ਵਿਆਹ ਅਤੇ ਮੌਤ ਨਾਲ ਸੰਬੰਧਿਤ ਰਸਮਾਂ/ਰਿਵਾਜਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ। ਜਨਮ, ਵਿਆਹ ਅਤੇ ਮੌਤ ਦੇ ਮੌਕਿਆਂ ‘ਤੇ ਇਹਨਾਂ ਰਸਮਾਂ/ਰਿਵਾਜਾਂ ਦਾ ਅਸਲੀ ਰੂਪ ਦੇਖਿਆ ਜਾ ਸਕਦਾ ਹੈ। ਲੇਖਕ ਨੇ ਦੱਸਿਆ ਹੈ ਕਿ ਸਾਡੇ ਬਹੁਤ ਸਾਰੇ ਰਸਮ-ਰਿਵਾਜ ਸੰਸਕਾਰ ਦੈਵੀ ਤਾਕਤਾਂ ਨੂੰ ਪਤਿਆਉਣ/ਰਿਝਾਉਣ ਕਰਕੇ ਅਰੰਭ ਹੋਏ। ਸਾਡੇ ਕੁਝ ਸੰਸਕਾਰ ਖ਼ੁਸ਼ੀਆਂ ਦੇ ਪ੍ਰਗਟਾਵੇ ਤੋਂ ਵੀ ਸ਼ੁਰੂ ਹੋਏ ਪਰ ਸਮੇਂ ਦੇ ਬਦਲਨ ਨਾਲ ਸਾਡੇ ਬਹੁਤ ਸਾਰੇ ਸੰਸਕਾਰ ਸਾਡੇ ਭਾਈਚਾਰੇ ਵਿੱਚੋਂ ਅਲੋਪ ਹੋ ਰਹੇ ਹਨ। ਇਸ ਦਾ ਕਾਰਨ ਵਿੱਦਿਆ ਦੇ ਪਸਾਰ ਕਾਰਨ ਸਾਡੀ ਸੋਚ ਵਿੱਚ ਆਈ ਤਬਦੀਲੀ, ਰੋਜ਼ੀ-ਰੋਟੀ ਲਈ ਵੱਧ ਰਹੇ ਸੰਘਰਸ਼ ਕਾਰਨ ਮਨੁੱਖਾਂ ਕੋਲ ਘੱਟ ਰਹੀ ਵਿਹਲ ਅਤੇ ਕੁੜੀਆਂ ਦਾ ਪੜ੍ਹ-ਲਿਖ ਕੇ ਸਮਾਜ ਦਾ ਕਮਾਊ ਅੰਗ ਬਣ ਜਾਣਾ ਆਦਿ ਹਨ।

ਪ੍ਰਸ਼ਨ 2. ਪੰਜਾਬ ਵਿੱਚ ਬੱਚੇ ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ-ਰਿਵਾਜ ਹਨ?

ਉੱਤਰ : ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਔਰਤ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂਦਾ ਸੀ ਜਾਂ ਉਸ ਦੇ ਪੱਲੇ ਪਾਇਆ ਜਾਂਦਾ ਸੀ। ਬੱਚੇ ਦੇ ਪੈਦਾ ਹੋਣ ‘ਤੇ ਬੱਚਾ ਤੇ ਜੱਚਾ ਨੂੰ ਧੂਫ ਦੇਣ ਜਾਂ ਦਸ ਦਿਨਾਂ ਤੱਕ ਲਗਾਤਾਰ ਦੀਵਾ ਜਗਾਈ ਰੱਖਣ ਅਤੇ ਗੁੜ੍ਹਤੀ ਦੀ ਰਸਮ ਵਰਨਣਯੋਗ ਹਨ। ਜਣੇਪੇ ਤੋਂ ਪੰਜਵੇਂ ਦਿਨ ‘ਪੰਜਵੀਂ ਨ੍ਹਾਉਣ’, ਛੇਵੇਂ ਦਿਨ ‘ਛਟੀ’ ਅਤੇ ਤੇਰ੍ਹਵੇਂ ਦਿਨ ‘ਬਾਹਰ ਵਧਾਉਣ ਦੀ ਰਸਮ ਹੁੰਦੀ ਹੈ। ਮੁੰਡਾ ਹੋਣ ‘ਤੇ ਇਸ ਸਮੇਂ ਲਾਗੀ ਤੋਹਫ਼ੇ ਲੈ ਕੇ ਵਧਾਈਆਂ ਦੇਣ ਆਉਂਦੇ ਸਨ। ਵਧਾਈਆਂ ਦੇ ਬਦਲੇ ਉਹਨਾਂ ਨੂੰ ਬਣਦਾ- ਸਰਦਾ ਲਾਗ ਦਿੱਤਾ ਜਾਂਦਾ ਸੀ। ਬੱਚੇ ਦੇ ਜਨਮ ‘ਤੇ ਨਾਨਕੇ ਛੂਛਕ ਦਿੰਦੇ ਹਨ ਅਤੇ ਮੁੰਡਾ ਹੋਣ ’ਤੇ ਉਸ ਦੀ ਪਹਿਲੀ ਲੋਹੜੀ ਪਾਈ ਜਾਂਦੀ ਹੈ। ਹਿੰਦੂ ਪਰਿਵਾਰਾਂ ਵਿੱਚ ਤੀਜੇ ਤੋਂ ਪੰਜਵੇਂ ਸਾਲ ਵਿੱਚ ‘ਮੁੰਡਨ ਸੰਸਕਾਰ’ ਕੀਤਾ ਜਾਂਦਾ ਹੈ।

ਪ੍ਰਸ਼ਨ 3. ਗਰਭਵਤੀ ਔਰਤ ਦੇ ਪੱਲੇ ਨਾਲ ਅਨਾਜ ਕਦੋਂ ਅਤੇ ਕਿਉਂ ਬੰਨ੍ਹਿਆ ਜਾਂਦਾ ਸੀ?

ਉੱਤਰ : ਸਾਡੇ ਬਹੁਤੇ ਸੰਸਕਾਰ ਅੱਗ, ਪਾਣੀ, ਲੋਹੇ, ਅਨਾਜ ਅਤੇ ਦਰਖਤਾਂ ਦੀਆਂ ਟਾਹਣੀਆਂ ਰਾਹੀਂ ਨੇਪਰੇ ਚੜ੍ਹਦੇ ਹਨ। ਇਹ ਸੰਸਕਾਰ ਗਰਭ ਦੇ ਸਮੇਂ ਵਿੱਚ ਹੀ ਸ਼ੁਰੂ ਹੋ ਜਾਂਦੇ ਹਨ। ਪਹਿਲੇ ਸਮੇਂ ਵਿੱਚ ਪ੍ਰੇਤ-ਰੂਹਾਂ ਤੋਂ ਬਚਣ ਲਈ ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਨਾਲ ਅਨਾਜ ਬੰਨ੍ਹਿਆ ਜਾਂਦਾ ਸੀ ਜਾਂ ਉਸ ਦੇ ਪੱਲੇ ਵਿੱਚ ਪਾਇਆ ਜਾਂਦਾ ਸੀ। ਜੇਕਰ ਕੁੜੀ ਆਪਣੇ ਸਹੁਰੇ ਘਰ ਹੋਵੇ ਤਾਂ ਇਹ ਅਨਾਜ ਕੁੜੀ ਦੇ ਮਾਪਿਆਂ ਵੱਲੋਂ ਭੇਜਿਆ ਜਾਂਦਾ ਸੀ। ਕੁੜੀ ਇਹ ਅਨਾਜ ਰਿੰਨ੍ਹ ਕੇ ਖਾਂਦੀ ਸੀ ਅਤੇ ਇਸ ਨੂੰ ਭਾਈਚਾਰੇ ਵਿੱਚ ਵੀ ਵੰਡਦੀ ਸੀ।

ਪ੍ਰਸ਼ਨ 4. ਗੁੜ੍ਹਤੀ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਬੱਚੇ ਦੇ ਜਨਮ ਤੋਂ ਬਾਅਦ ਗੁੜ੍ਹਤੀ ਦੀ ਰਸਮ ਮਹੱਤਵਪੂਰਨ ਮੰਨੀ ਗਈ ਹੈ। ਬੱਚੇ ਦੇ ਜਨਮ ਤੋਂ ਇਕਦਮ ਬਾਅਦ ਉਸ ਦੇ ਮੂੰਹ ਨੂੰ ਕੋਈ ਚੀਜ਼ (ਗੂੜ, ਸ਼ਹਿਦ ਜਾਂ ਦੁੱਧ ਆਦਿ) ਲਾਈ ਜਾਂ ਚਟਾਈ ਜਾਂਦੀ ਹੈ। ਇਹ ਰਸਮ ‘ਗੁੜ੍ਹਤੀ ਦੇਣਾ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਖ਼ਿਆਲ ਕੀਤਾ ਜਾਂਦਾ ਹੈ ਕਿ ਬੱਚੇ ਦਾ ਸੁਭਾਅ ਗੁੜ੍ਹਤੀ ਦੇਣ ਵਾਲੇ ਵਿਅਕਤੀ ਵਰਗਾ ਹੀ ਹੋਵੇਗਾ। ਗੁੜ੍ਹਤੀ ਮਿਸ਼ਰੀ ਦੀ ਡਲੀ ਜਾਂ ਕਿਸੇ ਭੇਡ-ਬੱਕਰੀ ਦੇ ਦੁੱਧ ਦੀ ਦਿੱਤੀ ਜਾਂਦੀ ਸੀ। ਜਿੰਨੀ ਦੇਰ ਤੱਕ ਬੱਚੇ ਨੂੰ ਗੁੜ੍ਹਤੀ ਨਹੀਂ ਸੀ ਦਿੱਤੀ ਜਾਂਦੀ, ਓਨੀ ਦੇਰ ਤੱਕ ਮਾਂ ਬੱਚੇ ਨੂੰ ਦੁੱਧ ਨਹੀਂ ਸੀ ਚੁੰਘਾਉਂਦੀ। ਗੁੜ੍ਹਤੀ ਦੀ ਰਸਮ ਕੁਝ ਬਦਲੇ ਹੋਏ ਰੂਪ ਵਿੱਚ ਅਜੇ ਵੀ ਪ੍ਰਚਲਿਤ ਹੈ।

ਪ੍ਰਸ਼ਨ 5. ਪੰਜਵੀਂ ਨ੍ਹਾਉਣ ਅਤੇ ਛਟੀ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਬੱਚੇ ਦੇ ਜਨਮ ਤੋਂ ਪੰਜ ਦਿਨ ਪਿੱਛੋਂ ‘ਪੰਜਵੀਂ-ਨ੍ਹਾਉਣ’ ਦੀ ਰਸਮ ਹੁੰਦੀ ਸੀ। ਪੰਜਵੇਂ ਦਿਨ ਮਾਵਾਂ ਪਾਣੀ ਵਿੱਚ ਸੇਜੀ, ਮੇਥੀ ਜਾਂ ਵਣ ਦੇ ਪੱਤੇ ਉਬਾਲ ਕੇ ਨ੍ਹਾਉਂਦੀਆਂ ਸਨ। ਪੰਜਵੀਂ-ਨ੍ਹਾਉਣ ਦੀ ਰਸਮ ਦਾਈ ਕਰਾਉਂਦੀ ਸੀ। ਉਹ ਨ੍ਹਾਉਣ ਤੋਂ ਪਹਿਲਾਂ ਮਾਂ ਦੀਆਂ ਤਲੀਆਂ ਥੱਲੇ ਕੁਝ ਨਕਦੀ ਰਖਾਉਂਦੀ ਸੀ ਜਿਹੜੀ ਬਾਅਦ ਵਿੱਚ ਉਸ ਨੂੰ (ਦਾਈ ਨੂੰ) ਹੀ ਦੇ ਦਿੱਤੀ ਜਾਂਦੀ ਸੀ। ਛੇਵੇਂ ਦਿਨ ਚੌਂਕ ਪੂਰਨ ਤੋਂ ਬਾਅਦ ਮਾਂ ਨੂੰ ਰੋਟੀ ਖੁਆਈ ਜਾਂਦੀ ਸੀ। ਇਸ ਨੂੰ ਪੰਜਾਬ ਵਿੱਚ ‘ਛਟੀ’ ਕਹਿੰਦੇ ਹਨ। ਮਾਂ ਇਸ ਖ਼ਿਆਲ ਨਾਲ ਰੱਜ ਕੇ ਰੋਟੀ ਖਾਂਦੀ ਹੈ ਕਿ ਬੱਚੇ ਦੀ ਨੀਅਤ ਭਰੀ ਰਹੇਗੀ।

ਪ੍ਰਸ਼ਨ 6. ਨਾਮ-ਸੰਸਕਾਰ ਅਤੇ ਮੁੰਡਨ ਸੰਸਕਾਰ ਬਾਰੇ ਜਾਣਕਾਰੀ ਦਿਓ।

ਉੱਤਰ : ਪੰਜਾਬ ਵਿੱਚ ਬੱਚੇ ਦਾ ਨਾਂ ਰੱਖਣ ਲਈ ਕੋਈ ਖ਼ਾਸ ‘ਨਾਮ-ਸੰਸਕਾਰ’ ਨਹੀਂ ਮਨਾਇਆ ਜਾਂਦਾ। ਆਪੋ-ਆਪਣੇ ਧਾਰਮਿਕ ਗ੍ਰੰਥ ਦਾ ਪਿੰਡ ਦੇ ਗ੍ਰੰਥੀ, ਮੌਲਵੀ ਜਾਂ ਪੰਡਤ ਤੋਂ ਕੋਈ ਪੰਨਾ ਖੁਲ੍ਹਵਾ ਕੇ ਉਸ ਪੰਨੇ ਦੇ ਪਹਿਲੇ ਅੱਖਰ ਤੋਂ ਕੋਈ ਨਾਂ ਰੱਖ ਲਿਆ ਜਾਂਦਾ ਹੈ। ਜਿੱਥੋਂ ਤੱਕ ਮੁੰਡਨ ਸੰਸਕਾਰ ਦਾ ਸੰਬੰਧ ਹੈ ਹਿੰਦੂ ਪਰਿਵਾਰਾਂ ਵਿੱਚ ਤੀਜੇ ਤੋਂ ਪੰਜਵੇਂ ਸਾਲ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕੀਤਾ ਜਾਂਦਾ ਹੈ। ਇਹ ਸੰਸਕਾਰ ਆਮ ਤੌਰ ‘ਤੇ ਉਸ ਸਥਾਨ ‘ਤੇ ਕੀਤਾ ਜਿੱਥੋਂ ਬੱਚੇ ਦੇ ਮਾਂ-ਬਾਪ ਨੇ ਸੁੱਖ ਸੁੱਖੀ ਹੋਵੇ। ਮੁੰਡਨ ਤੋਂ ਪਿੱਛੋਂ ਜਨੇਊ ਪਹਿਨਣ ਤੱਕ ਪੰਜਾਬ ਦੇ ਹਿੰਦੂਆਂ ਵਿੱਚ ਆਮ ਤੌਰ ‘ਤੇ ਹੋਰ ਕੋਈ ਵਿਸ਼ੇਸ਼ ਸੰਸਕਾਰ ਨਹੀਂ ਕੀਤਾ ਜਾਂਦਾ। ਸਿੱਖਾਂ ਵਿੱਚ ਜਨੇਊ ਦੀ ਥਾਂ ਅੰਮ੍ਰਿਤ ਛਕਣ ਦਾ ਰਿਵਾਜ ਹੈ।

ਪ੍ਰਸ਼ਨ 7. ਜਣੇਪੇ ਦੇ ਪ੍ਰਸੰਗ ਵਿੱਚ ‘ਬਾਹਰ ਵਧਾਉਣ’ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਪੰਜਾਬ ਵਿੱਚ ਬੱਚੇ ਦੇ ਜਨਮ ਦੇ ਤੇਰ੍ਹਵੇਂ ਦਿਨ ਬਾਹਰ ਵਧਾਉਣ ਦੀ ਰਸਮ ਹੁੰਦੀ ਸੀ। ਜੇਕਰ ਮੁੰਡਾ ਜਨਮਿਆ ਹੋਵੇ ਤਾਂ ਇਸ ਮੌਕੇ ‘ਤੇ ਸਾਰੇ ਲਾਗੀ ਤੋਹਫ਼ੇ ਤੇ ਵਧਾਈਆਂ ਦੇਣ ਲਈ ਆਉਂਦੇ ਹਨ। ਮਹਿਰਾ ਮੌਲੀ ਵਿੱਚ ਸ਼ਰੀਹ ਦੇ ਪੱਤਿਆਂ ਦਾ ਸਿਹਰਾ, ਤਰਖਾਣ ਗੁੱਲੀ-ਡੰਡਾ, ਘੁਮਿਆਰ ਨਾਉਣ ਵਾਲਾ ਦੌਰਾ ਜਾਂ ਝੱਜਰ ਤੇ ਦਾਈ ਬੱਚੇ ਵਾਸਤੇ ਤੜਾਗੀ ਭੇਟ ਕਰਦੀ ਸੀ। ਉਹਨਾਂ ਨੂੰ ਪਹੁੰਚ ਅਨੁਸਾਰ ਲਾਗ ਦਿੱਤਾ ਜਾਂਦਾ ਸੀ ਅਤੇ ਭਾਈਚਾਰੇ ਵਿੱਚ ਪਰੋਸੇ ਵੰਡੇ ਜਾਂਦੇ ਸਨ। ਸ਼ਾਮ ਵੇਲੇ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਜਣੇਪੇ ਪਿੱਛੋਂ ਪਹਿਲੀ ਵਾਰ ਬਾਹਰ ਜਾਂਦੀ ਸੀ। ਬਾਹਰੋਂ ਉਹ ਚੰਗੇ ਸ਼ਗਨਾਂ ਲਈ ਹਰਾ ਘਾਹ ਪੁੱਟ ਕੇ ਲਿਆਉਂਦੀ ਸੀ। ਇਸ ਨੂੰ ਉਹ ਆਪਣੇ ਸਿਰ੍ਹਾਣੇ ਰੱਖ ਲੈਂਦੀ ਸੀ। ਮੰਨਿਆ ਜਾਂਦਾ ਸੀ ਕਿ ਇਹ ਘਾਹ ਹਰ ਤਰ੍ਹਾਂ ਉਸ ਦੀ ਰਾਖੀ ਕਰਦਾ ਹੈ। ਜੇਕਰ ਮੁੰਡਾ ਜਨਮਿਆ ਹੋਵੇ ਤਾਂ ਬਹੁਤੀ ਥਾਂਈਂ ਇਸੇ ਦਿਨ ਦਾਦਕਿਆਂ ਨੂੰ ਨਾਈ ਹੱਥ ਦੱਭ, ਖੰਮ੍ਹਣੀ ਅਤੇ ਗੁੜ ਦੀ ਭੇਲੀ ਭੇਜੀ ਜਾਂਦੀ। ਬਾਕੀ ਅੰਗਾਂ-ਸਾਕਾਂ ਲਈ ਵੀ ਥੋੜ੍ਹਾ ਬਹੁਤ ਸ਼ਗਨ ਭੇਜਿਆ ਜਾਂਦਾ, ਉਹ ਭੇਲੀ ਦੇ ਬਦਲੇ ਵਿੱਚ ਆਪਣੀ ਨੂੰਹ ਲਈ ਗਹਿਣੇ, ਕੱਪੜੇ ਅਤੇ ਨਾਈ ਤੇ ਦਾਈ ਨੂੰ ਤਿਓਰ ਭੇਜਦੇ ਹਨ।

ਪ੍ਰਸ਼ਨ 8. ਪੰਜਾਬ ਵਿੱਚ ਵਿਆਹ ਦੇ ਰਸਮ-ਰਿਵਾਜ ਕਿਹੜੇ ਹਨ? ਹੁਣ ਇਹਨਾਂ ਵਿੱਚ ਕੀ ਤਬਦੀਲੀ ਆ ਰਹੀ ਹੈ?

ਉੱਤਰ : ਰੋਕੇ/ਠਾਕੇ ਤੋਂ ਬਾਅਦ ਕੁੜਮਾਈ ਦੀ ਰਸਮ ਹੁੰਦੀ ਹੈ ਪਰ ਹੁਣ ਨਾਈ/ਨਾਇਣ ਵਾਲੀ ਭੂਮਿਕਾ ਕੁੜੀ/ਮੁੰਡੇ ਵਾਲੇ ਆਪ ਨਿਭਾਉਣ ਲੱਗ ਪਏ ਹਨ। ਸਾਹਾ ਕਢਵਾ ਕੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਵਾਲਿਆਂ ਨੂੰ ਵਿਚੋਲੇ ਆਦਿ ਦੇ ਹੱਥ ਸਾਹੇ ਚਿੱਠੀ ਭੇਜੀ ਜਾਂਦੀ ਹੈ। ਹੁਣ ਵਿਆਹ ਦੇ ਹਰ ਕੰਮ ਵਿੱਚ ਸੱਤ ਸੁਹਾਗਣਾਂ ਦੇ ਇਕੱਠੀਆਂ ਹੋਣ ਵਾਲੀ ਰਸਮ ਖ਼ਤਮ ਹੋ ਗਈ ਹੈ। ਵਿਆਹ ਵਾਲੇ ਮੁੰਡੇ/ਕੁੜੀ ਦੀ ਮਾਂ ਆਪਣੇ ਪੇਕਿਆਂ ਨੂੰ ਵਿਆਹ ਦੱਸਣ ਜ਼ਰੂਰ ਜਾਂਦੀ ਹੈ। ਵਟਣਾ ਹੁਣ ਕਈ ਦਿਨਾਂ ਤੱਕ ਨਹੀਂ ਲੱਗਦਾ ਸਗੋਂ ਇਸ ਦਾ ਕੇਵਲ ਸ਼ਗਨ ਹੀ ਕੀਤਾ ਜਾਂਦਾ ਹੈ। ਨਾਨਕਾ ਮੇਲ ਵੀ ਹੁਣ ਪਹਿਲਾਂ ਵਾਂਗ ਬੰਬੀਹਾ ਬੁਲਾਉਂਦਾ ਨਹੀਂ ਆਉਂਦਾ। ਭਰਜਾਈ ਵੱਲੋਂ ਵਿਆਂਹਦੜ ਮੁੰਡੇ ਦੇ ਸੁਰਮਾ ਪਾਉਣ, ਮੁੰਡੇ ਦੇ ਘੋੜੀ ਚੜ੍ਹਨ, ਭੈਣ ਵੱਲੋਂ ਵਾਗ ਫੜਨ ਅਤੇ ਮਿਲ਼ਨੀ ਦੀ ਰਸਮ ਅਜੇ ਵੀ ਹੁੰਦੀ ਹੈ। ਫੇਰਿਆਂ ਜਾਂ ਅਨੰਦ-ਕਾਰਜ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ। ਸਮੁੱਚੇ ਰੂਪ ਵਿੱਚ ਵਿਆਹ ਦੀਆਂ ਰਸਮਾਂ ਵਿੱਚ ਤਬਦੀਲੀ ਆ ਰਹੀ ਹੈ ਪਰ ਖ਼ਰਚੇ ਵੱਧ ਰਹੇ ਹਨ।

ਪ੍ਰਸ਼ਨ 9. ਕੁੜਮਾਈ ਜਾਂ ਸਗਾਈ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਠਾਕੇ ਤੋਂ ਬਾਅਦ ਕੁੜਮਾਈ ਜਾਂ ਸਗਾਈ ਹੁੰਦੀ ਹੈ। ਪਹਿਲੇ ਸਮੇਂ ਵਿੱਚ ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਖੰਮ੍ਹਣੀ, ਰੁਪਈਆ, ਮਿਸ਼ਰੀ ਦੇ ਪੰਜ ਕੂਜੇ, ਪੰਜ ਛੁਹਾਰੇ ਅਤੇ ਕੇਸਰ ਆਦਿ ਸਮਾਨ ਮੁੰਡੇ ਵਾਲਿਆਂ ਦੇ ਘਰ ਘੱਲ ਦਿੱਤਾ ਜਾਂਦਾ ਸੀ। ਮੁੰਡੇ ਨੂੰ ਚੌਕੀ ‘ਤੇ ਬਿਠਾਇਆ ਜਾਂਦਾ ਅਤੇ ਨਾਈ ਸਭ ਚੀਜ਼ਾਂ ਉਸ ਦੀ ਝੋਲੀ ਵਿੱਚ ਪਾ ਕੇ ਉਸ ਦੇ ਮੱਥੇ ‘ਤੇ ਕੇਸਰ ਦਾ ਟਿੱਕਾ ਲਾ ਦਿੰਦਾ। ਕੁੜੀ ਦਾ ਬਾਪ ਜਾਂ ਵਿਚੋਲਾ ਮੁੰਡੇ ਦੀ ਝੋਲੀ ਵਿੱਚੋਂ ਇੱਕ ਛੁਹਾਰਾ ਤੇ ਮਿਸ਼ਰੀ ਮੁੰਡੇ ਦੇ ਮੂੰਹ ਵਿੱਚ ਪਾ ਦਿੰਦਾ। ਭਾਈਚਾਰੇ ਦੀਆਂ ਇਸਤਰੀਆਂ ਇੱਕ-ਇੱਕ ਰੁਪਈਆ ਅਤੇ ਠੂਠੀ ਵਾਰ ਕੇ ਮੁੰਡੇ ਦੀ ਝੋਲੀ ਵਿੱਚ ਪਾਉਂਦੀਆਂ। ਨਾਈ ਨੂੰ ਲਾਗ ਤੇ ਖ਼ਰਚਾ ਦੇ ਕੇ ਵਿਦਾ ਕਰ ਦਿੱਤਾ ਜਾਂਦਾ। ਮੁੰਡੇ ਵਾਲਿਆਂ ਵੱਲੋਂ ਨਾਈ ਹੱਥ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਚੀਜ਼ਾਂ ਘੱਲੀਆਂ ਜਾਂਦੀਆਂ। ਕੁੜੀ ਆਪਣੇ ਘਰ ਨ੍ਹਾ-ਧੋ ਕੇ ਜੁੱਤੀ, ਕੱਪੜੇ ਤੇ ਲਾਲ ਪਰਾਂਦੀ ਪਾ ਕੇ ਚੜ੍ਹਦੇ ਪਾਸੇ ਮੂੰਹ ਕਰ ਕੇ ਪੀੜ੍ਹੇ ‘ਤੇ ਬੈਠ ਜਾਂਦੀ। ਪਿੰਡ ਦੀ ਨਾਇਣ ਉਸ ਦੀ ਝੋਲੀ ਵਿੱਚ ਸਹੁਰਿਆਂ ਵੱਲੋਂ ਭੇਜੀ ਨਕਦੀ ਪਾ ਕੇ ਉਸ ਦੇ ਮੂੰਹ ਵਿੱਚ ਖੰਡ ਤੇ ਛੁਹਾਰਾ ਪਾ ਦਿੰਦੀ। ਇਸ ਤਰ੍ਹਾਂ ਉਸ ਦੀ ਵੀ ਕੁੜਮਾਈ/ਸਗਾਈ ਹੋ ਜਾਂਦੀ। ਪਰ ਹੁਣ ਨਾਈ ਅਤੇ ਨਾਇਣ ਦੀ ਭੂਮਿਕਾ ਲਗਪਗ ਖ਼ਤਮ ਹੋ ਗਈ ਹੈ। ਹੁਣ ਇਹ ਕੰਮ ਕੁੜੀ ਜਾਂ ਮੁੰਡੇ ਵਾਲ਼ੇ ਆਪ ਕਰ ਲੈਂਦੇ ਹਨ। ਕੁੜਮਾਈ ਤੋਂ ਲੈ ਕੇ ਵਿਆਹ ਤੱਕ ਹੋਰ ਕੋਈ ਰਸਮ ਨਹੀਂ ਸੀ ਹੁੰਦੀ।

ਪ੍ਰਸ਼ਨ 10. ਸਾਹਾ ਕਢਵਾਉਣ ਅਤੇ ਸਾਹੇ ਚਿੱਠੀ ਭੇਜਣ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਮੰਗਣੀ ਤੋਂ ਬਾਅਦ ਕਿਸੇ ਸ਼ੁੱਭ ਮਹੀਨੇ ਦੀ ਤਿਥ ਅਤੇ ਘੜੀ ਵਿਆਹ ਲਈ ਨਿਯਤ ਕੀਤੀ ਜਾਂਦੀ ਹੈ। ਇਸ ਨੂੰ ਸਾਹਾ ਕਢਾਉਣਾ ਕਿਹਾ ਜਾਂਦਾ ਹੈ। ਜਦ ਵਿਆਹ ਵਿੱਚ ਥੋੜ੍ਹੇ ਦਿਨ ਰਹਿ ਜਾਂਦੇ ਹਨ ਤਾਂ ਕੁੜੀ ਵਾਲ਼ੇ ‘ਸਾਹੇ ਦੀ ਚਿੱਠੀ’ ਜਾਂ ‘ਲਗਨ’ ਲਿਖਵਾਉਂਦੇ ਹਨ। ਉਹ ਸਾਹੇ ਦੀ ਚਿੱਠੀ ਨੂੰ ਦੱਭ, ਚੌਲ, ਹਲਦੀ, ਖੰਮ੍ਹਣੀ ਵਿੱਚ ਵਲ੍ਹੇਟ ਕੇ ਨਾਈ/ਪੰਡਤ ਜਾਂ ਵਿਚੋਲੇ ਹੱਥ ਮੁੰਡੇ ਵਾਲਿਆਂ ਨੂੰ ਭੇਜਦੇ ਹਨ। ਇਹ ਚਿੱਠੀ ਪੰਚਾਇਤ ਅਤੇ ਮੁੰਡੇ ਨੂੰ ਬਿਠਾ ਕੇ ਸਾਰਿਆਂ ਦੀ ਹਾਜ਼ਰੀ ਵਿੱਚ ਖੋਲ੍ਹੀ ਅਤੇ ਪੜ੍ਹੀ ਜਾਂਦੀ ਹੈ। ਨਾਈ ਜਾਂ ਪ੍ਰੋਹਤ ਨੂੰ ਲਾਗ ਦੇ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਦੋਹਾਂ ਘਰਾਂ ਵਿੱਚ ਵਿਆਹ ਦੀਆਂ ਤਿਆਰੀਆਂ ਅਰੰਭ ਹੋ ਜਾਂਦੀਆਂ ਹਨ।

ਪ੍ਰਸ਼ਨ 11. ‘ਵਟਣੇ’ ਜਾਂ ‘ਮਾਈਏਂ’ ਦੀ ਰਸਮ ਬਾਰੇ ਜਾਣਕਾਰੀ ਦਿਓ।

ਉੱਤਰ : ਵਿਆਹ ਤੋਂ ਪਹਿਲਾਂ ਵੱਡੀ ਰਸਮ ਵਟਣੇ ਜਾਂ ਮਾਈਏਂ ਦੀ ਹੁੰਦੀ ਹੈ। ਵਿਆਂਹਦੜ ਮੁੰਡੇ ਜਾਂ ਕੁੜੀ ਦੇ ਸਿਰ ‘ਤੇ ਚਾਰ ਕੁੜੀਆਂ ਪੀਲੀ ਚਾਦਰ ਜਾਂ ਚੰਦੋਆ ਤਾਣ ਕੇ ਖੜ੍ਹੀਆਂ ਹੋ ਜਾਂਦੀਆਂ ਹਨ। ਇੱਕ ਠੂਠੀ ਵਿੱਚ ਤੇਲ, ਪਾਣੀ ਅਤੇ ਹਲਦੀ ਮਿਲਾ ਕੇ ਵਟਣਾ ਬਣਾਇਆ ਜਾਂਦਾ ਹੈ। ਘਾਹ ਦੀ ਗੁੱਟੀ ਨਾਲ ਲਾ-ਲਾ ਕੇ ਇਹ ਵਟਣਾ ਮੁੰਡੇ ਜਾਂ ਕੁੜੀ ਦੇ ਵਾਲ ਦੀ ਲਿਟ ਨੂੰ ਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਵਟਣਾ ਹੱਥਾਂ, ਪੈਰਾਂ ਅਤੇ ਚਿਹਰੇ ‘ਤੇ ਦੱਬ-ਦੱਬ ਕੇ ਮਲਿਆ ਜਾਂਦਾ ਹੈ। ਇਹ ਵਟਣਾ ਵਿਆਹ ਵਾਲੇ ਦਿਨ ਤੱਕ ਲੱਗਦਾ ਹੈ। ਪਰ ਹੁਣ ਵਟਣਾ ਕਈ ਦਿਨਾਂ ਤੱਕ ਨਹੀਂ ਲੱਗਦਾ ਸਗੋਂ ਇਸ ਦਾ ਕੇਵਲ ਸ਼ਗਨ ਹੀ ਕੀਤਾ ਜਾਂਦਾ ਹੈ।

ਪ੍ਰਸ਼ਨ 12. ‘ਨਾਨਕਾ-ਮੇਲ’ ਤੋਂ ਜਾਣੂ ਕਰਵਾਓ।

ਉੱਤਰ : ਵਿਆਹ ਤੋਂ ਇੱਕ ਦਿਨ ਪਹਿਲਾਂ ਸੱਦੇ ਹੋਏ ਅੰਗ-ਸਾਕ ਪਹੁੰਚਣੇ ਸ਼ੁਰੂ ਹੋ ਜਾਂਦੇ ਹਨ। ਸਭ ਤੋਂ ਵੱਧ ਮੇਲ ਨਾਨਕਿਆਂ ਦਾ ਹੁੰਦਾ ਹੈ। ਇਸ ਨੂੰ ‘ਨਾਨਕਾ-ਮੇਲ’ ਕਿਹਾ ਜਾਂਦਾ ਹੈ। ਉਹ ਆਪਣੀ ਦੋਹਤਰੀ ਜਾਂ ਦੋਹਤਮਾਨ ਲਈ ਗਹਿਣੇ, ਕੱਪੜੇ, ਬਰਤਨ, ਪਲੰਘ, ਬਿਸਤਰੇ ਆਦਿ ਲੈ ਕੇ ਆਉਂਦੇ ਹਨ। ਮਾਮੇ ਅਤੇ ਮਾਮੀ ਨੇ ਇੱਕ-ਦੂਜੇ ਦਾ ਲੜ ਫੜਿਆ ਹੁੰਦਾ ਹੈ। ਬਾਕੀ ਮੇਲ ਹਾਸਾ-ਮਖ਼ੌਲ ਕਰਦਾ ਅਤੇ ਬੰਬੀਹੇ ਬੁਲਾਉਂਦਾ ਪਿੰਡ ਦੀ ਜੂਹ (ਸੀਮਾ, ਹੱਦ) ਵਿੱਚ ਵੜਦਾ ਹੈ। ਵਿਆਂਹਦੜ ਦੀ ਮਾਂ ਆਪਣੇ ਭਰਾ-ਭਰਜਾਈ ਦੇ ਸਵਾਗਤ ਲਈ ਉਹਨਾਂ ਦੀ ਉਡੀਕ ਕਰ ਰਹੀ ਹੁੰਦੀ ਹੈ। ਪਰ ਸਮੇਂ ਦੇ ਬਦਲਨ ਨਾਲ ਅਜਿਹੀਆਂ ਰਸਮਾਂ ਵਿੱਚ ਤਬਦੀਲੀ ਆ ਰਹੀ ਹੈ।

ਪ੍ਰਸ਼ਨ 13. ਸਿਹਰਾ ਬੰਦੀ ਅਤੇ ਘੋੜੀ ਦੀ ਰਸਮ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਵਿਆਹ ਤੋਂ ਇੱਕ ਦਿਨ ਪਹਿਲਾਂ ‘ਨਾਨਕਾ ਮੇਲ’ ਆਉਣ ਤੋਂ ਅਗਲੇ/ਦੂਜੇ ਦਿਨ ਚੰਨ ਦੇ ਚੜ੍ਹਨ ਤੋਂ ਪਹਿਲਾਂ ਮੁੰਡੇ ਨੂੰ ਆਖ਼ਰੀ ਵੱਟਣਾ ਮਲ ਕੇ ਨੁਹਾਇਆ ਜਾਂਦਾ ਹੈ। ਫਿਰ ਮਾਮੇ ਦੀ ਲਿਆਂਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਇਸ ਤੋਂ ਬਾਅਦ ਮੁੰਡੇ ਦੇ ਸਿਰ ‘ਤੇ ਮੁਕਟ ਜਾਂ ਮੱਥੇ ‘ਤੇ ਸਿਹਰਾ ਬੰਨ੍ਹਿਆ ਜਾਂਦਾ ਹੈ । ਸਰਬਾਲੇ ਨੂੰ ਵੀ ਨਹਾ ਕੇ ਸਿਹਰਾ ਬੰਨ੍ਹਦੇ ਹਨ। ਹਨ। ਫਿਰ ਘੋੜੀ ਦੀ ਰਸਮ ਹੁੰਦੀ ਹੈ। ਮੁੰਡੇ ਦੇ ਘੋੜੀ ਚੜ੍ਹਨ ਤੋਂ ਪਹਿਲਾਂ ਉਸ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਅਤੇ ਸੁਰਮਾ ਪੁਆਈ ਲੈਂਦੀ ਹੈ। ਫਿਰ ਭੈਣ ਵਾਗ ਫੜਦੀ ਹੈ। ਉਸ ਨੂੰ ਵਾਗ ਫੜਾਈ ਦਿੱਤੀ ਜਾਂਦੀ ਹੈ। ਮੁੰਡੇ ਦੀ ਮਾਂ ਅਤੇ ਹੋਰ ਸ਼ਰੀਕਣਾ ਸਲਾਮੀਆਂ ਪਾਉਂਦੀਆਂ ਹਨ ਅਤੇ ਮੁੰਡੇ ਨੂੰ ਪੂਰੇ ਸ਼ਗਨਾਂ ਨਾਲ ਮੋਟਰ ਜਾਂ ਰੱਥ ਆਦਿ ਵਿੱਚ ਬਿਠਾਉਂਦੀਆਂ ਹਨ।

ਪ੍ਰਸ਼ਨ 14. ਮਿਲਨੀ ਅਤੇ ਫੇਰਿਆਂ ਦੀ ਰਸਮ ਤੋਂ ਜਾਣੂ ਕਰਵਾਓ।

ਉੱਤਰ : ਵਿਆਹ ਦੀਆਂ ਰਸਮਾਂ ਦੇ ਪ੍ਰਸੰਗ ਵਿੱਚ ਮਿਲਨੀ ਅਤੇ ਫੇਰਿਆਂ ਦੀ ਰਸਮ ਦਾ ਵਿਸ਼ੇਸ਼ ਮਹੱਤਵ ਹੈ। ਇਹ ਦੋਵੇਂ ਰਸਮਾਂ ਕੁੜੀ ਵਾਲਿਆਂ ਦੇ ਘਰ ਹੁੰਦੀਆਂ ਹਨ। ਜੰਞ ਦੇ ਕੁੜੀ ਵਾਲਿਆਂ ਦੇ ਪਹੁੰਚਣ ‘ਤੇ ਪਿੰਡ ਦੀ ਪੰਚਾਇਤ ਉਸ ਦਾ ਸੁਆਗਤ ਕਰਦੀ ਹੈ। ਪਿੰਡ ਦੇ ਦਰਵਾਜ਼ੇ ‘ਤੇ ਜਾਂ ਡੇਰੇ ਵਿੱਚ ਪਹੁੰਚਣ ‘ਤੇ ਮਿਲਨੀ ਦੀ ਰਸਮ ਹੁੰਦੀ ਹੈ। ਜੇਕਰ ਜਾਂਞੀਆਂ ਦੇ ਗੋਤ ਦੀ ਕੋਈ ਕੁੜੀ ਉਸ ਪਿੰਡ ਵਿਆਹੀ ਹੋਵੇ ਤਾਂ ਮੁੰਡੇ ਵਾਲੇ ਉਸ ਦੇ ਮਾਣ-ਸਤਿਕਾਰ ਵਜੋਂ ਉਸ ਨੂੰ ਮਠਿਆਈ ਤੇ ਰੁਪਏ ਸਮੇਤ ਪੱਤਲਾਂ ਭੇਜਦੇ ਹਨ। ਵਿਆਹ ਵਿੱਚ ਫੇਰਿਆਂ ਦੀ ਰਸਮ ਬਹੁਤ ਮਹੱਤਵ ਰੱਖਦੀ ਹੈ ਕਿਉਂਕਿ ਫੇਰਿਆਂ ਤੋਂ ਬਿਨਾਂ ਵਿਆਹ ਪੂਰਾ ਨਹੀਂ ਹੁੰਦਾ। ਸਿੰਘ ਸਭਾ ਲਹਿਰ ਨੇ ਅਨੰਦ ਕਾਰਜ ਦੀ ਰੀਤ ਦਾ ਪ੍ਰਚਾਰ ਕੀਤਾ ਜਿੱਥੇ ਹਵਨ ਦੀ ਥਾਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦਾ ਪ੍ਰਕਾਸ਼ ਹੁੰਦਾ ਹੈ। ਸੁਹਾਗ-ਜੋੜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਆਲੇ-ਦੁਆਲੇ ਲਾਵਾਂ ਦੇ ਪਾਠ ਅਤੇ ਕੀਰਤਨ ਸਮੇਂ ਚਾਰ ਫੇਰੇ ਲੈਂਦੀ ਹੈ। ਚਾਰੇ ਲਾਵਾਂ ਪੜ੍ਹ ਕੇ ਗ੍ਰੰਥੀ ‘ਅਨੰਦ ਸਾਹਿਬ’ ਦਾ ਪਾਠ ਕਰਨ ਉਪਰੰਤ ਭੋਗ ਪਾਉਂਦਾ ਹੈ।

ਪ੍ਰਸ਼ਨ 15. ਵਿਆਹ ਦੀਆਂ ਰਸਮਾਂ ਵਿੱਚ ਆ ਰਹੀ ਤਬਦੀਲੀ ਬਾਰੇ ਜਾਣਕਾਰੀ ਦਿਓ।

ਉੱਤਰ : ਸਮੇਂ ਦੇ ਬਦਲਨ ਨਾਲ ਵਿਆਹ ਦੀਆਂ ਕਈ ਰਸਮਾਂ ਅਲੋਪ ਹੋ ਰਹੀਆਂ ਹਨ ਅਤੇ ਕਈ ਰਸਮਾਂ ਵਿੱਚ ਤਬਦੀਲੀ ਆ ਰਹੀ ਹੈ। ਵਿਆਹ ਵਿੱਚ ਨਾਈ ਅਤੇ ਨਾਇਣ ਦੀ ਭੂਮਿਕਾ ਅਤੇ ਵਿਆਹ ਦੇ ਹਰ ਕੰਮ ਵਿੱਚ ਸੱਤ ਸੁਹਾਗਣਾਂ ਦੇ ਇਕੱਠੀਆਂ ਹੋਣ ਵਾਲੀ ਰਸਮ ਲਗਪਗ ਖ਼ਤਮ ਹੋ ਗਈ ਹੈ। ਵਟਣਾ ਹੁਣ ਕਈ ਦਿਨਾਂ ਤੱਕ ਨਹੀਂ ਲੱਗਦਾ ਸਗੋਂ ਇਸ ਦਾ ਸ਼ਗਨ ਹੀ ਕੀਤਾ ਜਾਂਦਾ ਹੈ। ਵਰੀ ਜਾਂ ਦਾਜ ਦਿਖਾਉਣ ਦੀ ਰਸਮ ਵੀ ਹੁਣ ਖ਼ਤਮ ਹੋ ਰਹੀ ਹੈ। ਸਮੁੱਚੇ ਰੂਪ ਵਿੱਚ ਵਿਆਹ ਦੀਆਂ ਰਸਮਾਂ ਘੱਟ ਰਹੀਆਂ ਹਨ ਪਰ ਖ਼ਰਚੇ ਵੱਧ ਰਹੇ ਹਨ। ਕਈ ਰਸਮਾਂ ਦੇ ਰੂਪ ਬਦਲ ਰਹੇ ਹਨ। ਹੁਣ ਜੰਞ ਕਈ ਦਿਨਾਂ ਤੱਕ ਨਹੀਂ ਠਹਿਰਦੀ ਸਗੋਂ ਉਸੇ ਦਿਨ ਜਾਂ ਅਗਲੇ ਦਿਨ ਵਾਪਸ ਆ ਜਾਂਦੀ ਹੈ। ਹੁਣ ‘ਰਿੰਗ ਸੈਰੇਮਨੀ’ ਅਤੇ ‘ਰਿਸੈਪਸ਼ਨ’ ਵਰਗੇ ਰਿਵਾਜ ਵੀ ਸ਼ੁਰੂ ਹੋ ਗਏ ਹਨ। ਇਸ ਤਰ੍ਹਾਂ ਵਿਆਹ ਦੀਆਂ ਰਸਮਾਂ ਵਿੱਚ ਤਬਦੀਲੀਆਂ ਆ ਗਈਆਂ ਹਨ।

ਪ੍ਰਸ਼ਨ 16. ਮਿਰਤਕ ਦੀ ਅੰਤਿਮ ਯਾਤਰਾ ਦੀ ਤਿਆਰੀ ਸੰਬੰਧੀ ਜਾਣਕਾਰੀ ਦਿਓ।

ਉੱਤਰ : ਸਸਕਾਰ ਤੋਂ ਪਹਿਲਾਂ ਮਿਰਤਕ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਹੈ। ਜੇਕਰ ਮਰਨ ਵਾਲੀ ਸੁਹਾਗਣ ਹੋਵੇ ਤਾਂ ਉਸ ਨੂੰ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਹਿਨਾਈ ਜਾਂਦੀ ਹੈ। ਹੋਠਾਂ ਨੂੰ ਦੰਦਾਸਾ ਅਤੇ ਹੱਥਾਂ ਪੈਰਾਂ ਨੂੰ ਮਹਿੰਦੀ ਲਾਈ ਜਾਂਦੀ ਹੈ। ਅੱਖਾਂ ਵਿੱਚ ਸੁਰਮਾ, ਵੀਣੀ ‘ਤੇ ਚੂੜੀਆਂ, ਮੱਥੇ ‘ਤੇ ਬਿੰਦੀ ਲਗਾ ਕੇ ਉਸ ਨੂੰ ਅੰਤਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ। ਅਰਥੀ ਦੀ ਤਿਆਰੀ ਵੀ ਕੀਤੀ ਜਾਂਦੀ ਹੈ। ਅਰਥੀ ਲਈ ਬਾਂਸ ਜਾਂ ਬੇਰੀ ਦੀ ਲੱਕੜ ਵਰਤੀ ਜਾਂਦੀ ਹੈ। ਅਰਥੀ ਦੀਆਂ ਲੱਕੜਾਂ ਨੂੰ ਕਿੱਲਾਂ ਦੀ ਥਾਂ ਬੱਭੜ (ਵਾਣ ਵੱਟਣ ਵਾਲਾ ਘਾਹ) ਨਾਲ਼ ਬੰਨ੍ਹਿਆ ਜਾਂਦਾ ਹੈ।

ਪ੍ਰਸ਼ਨ 17. ਘਰ ਤੋਂ ਸਿਵਿਆਂ (ਸ਼ਮਸ਼ਾਨ ਭੂਮੀ) ਤੱਕ ਜਾਣ ਦਾ ਵਰਨਣ ਕਰੋ।

ਉੱਤਰ : ਘਰ ਤੋਂ ਸਿਵਿਆਂ ਤੱਕ ਮਿਰਤਕ ਦੇ ਨੇੜੇ ਦੇ ਰਿਸ਼ਤੇਦਾਰ ਅਰਥੀ ਨੂੰ ਮੋਢਿਆਂ ‘ਤੇ ਚੁੱਕ ਕੇ ਲੈ ਜਾਂਦੇ ਹਨ। ਅੱਧ ਮਾਰਗ ਤੋਂ ਪਿੱਛੋਂ ਔਰਤਾਂ ਉੱਥੇ ਬੈਠ ਜਾਂਦੀਆਂ ਹਨ ਅਤੇ ਮਰਦ ਅਰਥੀ ਨਾਲ ਜਾਂਦੇ ਹਨ। ਪਰ ਅੱਜ-ਕੱਲ੍ਹ ਔਰਤਾਂ ਵੀ ਸ਼ਮਸ਼ਾਨ-ਘਾਟ ਦੇ ਅੰਦਰ ਤੱਕ ਚਲੇ ਜਾਂਦੀਆਂ ਹਨ। ਸ਼ਮਸ਼ਾਨ-ਭੂਮੀ ਵਿੱਚ ਜਾ ਕੇ ਅਰਥੀ ਲਾਹ ਲਈ ਜਾਂਦੀ ਹੈ। ਚਿਖਾ ਲਈ ਲੱਕੜਾਂ ਚਿਣ ਕੇ ਮਿਰਤਕ ਦੇਹ ਨੂੰ ਉਸ ਤੇ ਲਿਟਾ ਦਿੱਤਾ ਜਾਂਦਾ ਹੈ। ਮਿਰਤਕ ਦਾ ਵੱਡਾ ਪੁੱਤਰ ਚਿਖਾ ਨੂੰ ਲਾਂਬੂ ਲਾਉਂਦਾ ਹੈ।

ਪ੍ਰਸ਼ਨ 18. ਮੁਰਦੇ ਨਾਲ ਸੰਬੰਧ ਕਿਵੇਂ ਤੋੜਿਆ ਜਾਂਦਾ ਹੈ?

ਉੱਤਰ : ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿੱਛੇ ਦੇਖਿਆ ਵਾਪਸ ਤੁਰ ਪੈਂਦੇ ਹਨ। ਇਹਨਾਂ ਚਿੰਨ੍ਹਾਂ ਰਾਹੀਂ ਉਹ ਮੁਰਦੇ ਨਾਲ ਆਪਣੇ ਸੰਬੰਧ ਤੋੜਦੇ ਹਨ। ਕਈ ਵਾਰ ਡੱਕਾ ਤੋੜਦੇ ਹਨ ਅਤੇ ਕਈ ਵਾਰ ਕੰਡਾ। ਕਈ ਨਿੰਮ ਦੀ ਪੱਤੀ ਚਬਾ ਕੇ ਮਰਨ ਵਾਲ਼ੇ ਨੂੰ ਆਪਣੇ ਲਈ ਨਿੰਮੋਂ ਕੌੜਾ ਕਰ ਦਿੰਦੇ ਹਨ ਜਾਂ ਅੱਕ ਦਾ ਦੁੱਧ ਚੋ ਕੇ ਅੱਕੋਂ ਕੌੜਾ ਕਰਦੇ ਹਨ। ਵਾਪਸ ਆਉਂਦਿਆਂ ਰਾਹ ਵਿੱਚ ਸਭ ਲੋਕ ਕਿਸੇ ਖੂਹ, ਟੋਭੇ ਜਾਂ ਛੱਪੜ ‘ਤੇ ਇਸ਼ਨਾਨ ਕਰਦੇ ਜਾਂ ਹੱਥ-ਮੂੰਹ ਧੋਂਦੇ ਹਨ।