CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਰਸਮ ਰਿਵਾਜ ਪਾਠ ਦਾ ਸਾਰ


ਪੰਜਾਬ ਦੇ ਰਸਮ ਰਿਵਾਜ : ਗੁਲਜ਼ਾਰ ਸਿੰਘ ਸੰਧੂ


ਪ੍ਰਸ਼ਨ. ‘ਪੰਜਾਬ ਦੇ ਰਸਮ-ਰਿਵਾਜ’ ਪਾਠ ਦਾ ਸੰਖੇਪ-ਸਾਰ ਲਿਖੋ।

ਉੱਤਰ : ਰਸਮ-ਰਿਵਾਜ ਜਾਂ ਸੰਸਕਾਰ ਭਾਈਚਾਰਕ ਜੀਵਾਂ ਦੇ ਮਨਾਂ ਦੀਆਂ ਸੱਧਰਾਂ ਤੇ ਜਜ਼ਬਿਆਂ ਨੂੰ ਰੂਪਮਾਨ ਕਰਦੇ ਹਨ। ਭਾਈਚਾਰਕ ਜੀਵਾਂ ਦੇ ਜਨਮ, ਵਿਆਹ ਅਤੇ ਮੌਤ ਦੇ ਮੌਕੇ ਉੱਤੇ ਇਨ੍ਹਾਂ ਦੀ ਪ੍ਰਧਾਨਤਾ ਹੁੰਦੀ ਹੈ। ਇਨ੍ਹਾਂ ਦੀ ਉਤਪੱਤੀ ਦਾ ਇਕ ਕਾਰਨ ਤਾਂ ਭੈਦਾਇਕ ਦੈਵੀ ਤਾਕਤਾਂ ਨੂੰ ਪਤਿਆਉਣ ਅਤੇ ਦੂਸਰਾ ਖ਼ੁਸ਼ੀ ਜਾਂ ਗ਼ਮੀ ਆਦਿ ਦੇ ਮੌਕਿਆਂ ਨੂੰ ਪ੍ਰਗਟਾਉਣ ਦੀ ਲੋੜ ਹੈ। ਬਹੁਤੇ ਸੰਸਕਾਰ ਅਗਨੀ, ਪਾਣੀ, ਲੋਹੇ, ਅਨਾਜ ਤੇ ਬਿਰਛਾਂ ਦੀਆਂ ਟਹਿਣੀਆਂ ਰਾਹੀਂ ਨੇਪਰੇ ਚਾੜ੍ਹੇ ਜਾਂਦੇ ਹਨ।

ਜਨਮ ਦੀਆਂ ਰਸਮਾਂ : ਜਨਮ ਦੇ ਸੰਸਕਾਰ ਇਸਤਰੀ ਦੇ ਗਰਭ ਧਾਰਨ ਤੋਂ ਹੀ ਆਰੰਭ ਹੋ ਜਾਂਦੇ ਹਨ। ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇਸਤਰੀ ਦੇ ਪੱਲੇ ਅਨਾਜ ਪਾਇਆ ਜਾਂ ਬੰਨ੍ਹਿਆ ਜਾਂਦਾ ਹੈ, ਜਿਸ ਨੂੰ ਉਹ ਰਿੰਨ੍ਹ ਕੇ ਖਾਂਦੀ ਤੇ ਭਾਈਚਾਰੇ ਵਿਚ ਵੰਡਦੀ ਹੈ। ਪਹਿਲੇ ਬੱਚੇ ਦਾ ਜਨਮ ਆਮ ਕਰਕੇ ਉਸ ਦੇ ਨਾਨਕੇ ਪਿੰਡ ਹੁੰਦਾ ਹੈ।

ਜਣੇਪੇ ਤੋਂ ਮਗਰੋਂ ਜੱਚਾ-ਬੱਚਾ ਨੂੰ ਧੂਫ ਦੇ ਕੇ ਦੀਵਾ ਬਾਲਿਆ ਜਾਂਦਾ ਹੈ, ਜਿਹੜਾ ਦਸ ਦਿਨ ਬਲਦਾ ਰਹਿੰਦਾ ਹੈ। ਮੁੰਡਾ ਜੰਮਣ ‘ਤੇ ਪਿੰਡ ਦੇ ਲਾਗੀ ਤੇ ਭਾਈਚਾਰੇ ਦੇ ਬੰਦੇ ਵਧਾਈ ਦੇਣ ਆਉਂਦੇ ਹਨ। ਲਾਗੀਆਂ ਨੂੰ ਸ਼ਰਧਾ ਅਨੁਸਾਰ ਲਾਗ ਤੇ ਭਾਈਚਾਰੇ ਵਿਚ ਗੁੜ, ਮਿਸਰੀ ਤੇ ਪਤਾਸੇ ਵੰਡੇ ਜਾਂਦੇ ਹਨ। ਜਨਮ ਤੋਂ ਮਗਰੋਂ ਗੁੜ੍ਹਤੀ ਦੀ ਰਸਮ ਮਹੱਤਵਪੂਰਨ ਮੰਨੀ ਜਾਂਦੀ ਤੇ ਸਮਝਿਆ ਜਾਂਦਾ ਹੈ ਕਿ ਗੁੜ੍ਹਤੀ ਦੇਣ ਵਾਲੇ ਬੰਦੇ ਦਾ ਬੱਚੇ ਦੇ ਸੁਭਾ ਉੱਪਰ ਅਸਰ ਪੈਂਦਾ ਹੈ। ਜਣੇਪੇ ਤੋਂ ਮਗਰੋਂ ਦਾਈ ਇਸਤਰੀ ਨੂੰ ਪੰਜਵਾਂ ਨਹਾਉਂਦੀ ਹੈ ਤੇ ਉਸ ਦੀਆਂ ਤਲੀਆਂ ਹੇਠ ਰਖਾਈ ਨਕਦੀ ਲਾਗ ਵਜੋਂ ਲੈਂਦੀ ਹੈ। ਛੇਵੇਂ ਦਿਨ ਉਸ ਨੂੰ ਬਾਹਰ ਵਧਾਇਆ ਜਾਂਦਾ ਹੈ। ਇਸ ਦਿਨ ਲਾਗੀ ਤੋਹਫ਼ੇ ਤੇ ਦਾਈ ਤੜਾਗੀ ਲੈ ਕੇ ਆਉਂਦੀ ਹੈ ਤੇ ਸਭ ਨੂੰ ਲਾਗ ਦਿੱਤਾ ਜਾਂਦਾ ਹੈ। ਸ਼ਾਮ ਨੂੰ ਇਸਤਰੀ ਪਹਿਲੀ ਵਾਰੀ ਹੱਥ ਵਿਚ ਗੜਵੀ ਲੈ ਕੇ ਬਾਹਰ ਜਾਂਦੀ ਹੈ ਤੇ ਬਾਹਰੋਂ ਹਰਾ ਘਾਹ ਲਿਆ ਕੇ ਸਿਰ੍ਹਾਣੇ ਥੱਲੇ ਰੱਖ ਲੈਂਦੀ ਹੈ।

ਮੁੰਡਾ ਹੋਵੇ ਤਾਂ ਦਾਦਕਿਆਂ ਨੂੰ ਦੱਭ, ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜੀ ਜਾਂਦੀ ਹੈ ਤੇ ਦਾਦਕੇ ਅੱਗੋਂ ਨੂੰਹ ਲਈ ਗਹਿਣੇ-ਕੱਪੜੇ ਅਤੇ ਨਾਈ ਤੇ ਦਾਈ ਲਈ ਤਿਉਰ ਭੇਜਦੇ ਹਨ। ਭੇਲੀ ਪਹੁੰਚਣ ਤੇ ਨਾਨਕੇ ਛੂਛਕ ਭੇਜਦੇ ਹਨ। ਪੰਜਾਬ ਵਿਚ ਨਾਂ ਰੱਖਣ ਵੇਲੇ ਕੋਈ ਖ਼ਾਸ ਸੰਸਕਾਰ ਨਹੀਂ ਕੀਤਾ ਜਾਂਦਾ। ਕਈ ਵਾਰੀ ਭਾਈ ਦਾ ਦੱਸਿਆ ਨਾਂ ਹੀ ਰੱਖਿਆ ਜਾਂਦਾ ਹੈ ਤੇ ਕਈ ਵਾਰੀ ਧਰਮ-ਗ੍ਰੰਥ ਖੁੱਲ੍ਹਵਾ ਕੇ ਪਹਿਲੇ ਅੱਖਰ ਦੇ ਆਧਾਰ ‘ਤੇ ਨਾਂ ਰੱਖਿਆ ਜਾਂਦਾ ਹੈ। ਫਿਰ ਹਿੰਦੂਆਂ ਵਿਚ ਮੁੰਡਨ ਸੰਸਕਾਰ ਹੁੰਦਾ ਹੈ। ਮਗਰੋਂ ਹਿੰਦੂ ਜਨੇਊ ਪੁਆਉਂਦੇ ਤੇ ਸਿੱਖ ਅੰਮ੍ਰਿਤ ਛਕਾਉਂਦੇ ਹਨ।

ਇਹ ਸਾਰੇ ਚਾਅ-ਮਲ੍ਹਾਰ ਮੁੰਡਿਆਂ ਲਈ ਹੀ ਕੀਤੇ ਜਾਂਦੇ ਹਨ। ਕੁੜੀ ਜੰਮਣ ‘ਤੇ ਘਰ ਵਿਚ ਉਦਾਸੀ ਛਾ ਜਾਂਦੀ ਹੈ। ਨਾ ਕੋਈ ਵਧਾਈ ਦਿੰਦਾ ਹੈ ਤੇ ਨਾ ਹੀ ਲੱਡੂ ਵੰਡਦਾ ਹੈ। ਧੀਆਂ ਦਾ ਨਾਮਕਰਨ ਸੰਸਕਾਰ ਵੀ ਕੋਈ ਨਹੀਂ ਹੁੰਦਾ। ਕੰਨ-ਵਿੱਧ ਸੰਸਕਾਰ ਵੀ ਨਾਂ-ਮਾਤਰ ਹੀ ਹੁੰਦਾ ਹੈ, ਪਰ ਹੁਣ ਧੀਆਂ ਦੇ ਕਮਾਊ ਬਣਨ ਤੇ ਇਹ ਸੰਸਕਾਰ ਬਦਲ ਰਹੇ ਹਨ।

ਵਿਆਹ ਦੀਆਂ ਰਸਮਾਂ : ਮੁੰਡੇ-ਕੁੜੀ ਦੇ ਜਵਾਨ ਹੋਣ ‘ਤੇ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਹੁੰਦੀਆਂ ਹਨ। ਪਹਿਲਾਂ ਕੁੜੀ ਵਾਲੇ ਨਾਈ ਨੂੰ ਮੁੰਡੇ ਵਾਲੇ ਘਰ ਇਕ ਰੁਪਇਆ ਦੇ ਕੇ ਭੇਜਦੇ ਹਨ ਤੇ ਮੁੰਡੇ ਵਾਲੇ ਇਕ ਰੁਪਇਆ ਦੇ ਕੇ ‘ਰੋਕਣ’ ਜਾਂ ‘ਠਾਕਣ’ ਦਾ ਕੰਮ ਕਰ ਲੈਂਦੇ ਹਨ। ਫਿਰ ਕੁੜਮਾਈ ਕੀਤੀ ਜਾਂਦੀ ਹੈ। ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ, ਰੁਪਇਆ, ਪੰਜ ਮਿਸਰੀ ਦੇ ਕੂਜੇ, ਪੰਜ ਛੁਹਾਰੇ ਤੇ ਕੇਸਰ ਆਦਿ ਮੁੰਡੇ ਦੇ ਘਰ ਭੇਜ ਦਿੰਦੇ ਹਨ, ਜਿੱਥੇ ਉਨ੍ਹਾਂ ਦੇ ਰਿਸ਼ਤੇਦਾਰ ਇਕੱਠੇ ਹੁੰਦੇ ਹਨ।

ਮੁੰਡੇ ਦੇ ਪਿਤਾ, ਮਾਮੇ ਤੇ ਪੰਚਾਇਤ ਦੀ ਹਾਜ਼ਰੀ ਵਿਚ ਮੁੰਡੇ ਨੂੰ ਚੌਂਕੀ ‘ਤੇ ਬਿਠਾ ਕੇ ਨਾਈ ਕੇਸਰ ਦਾ ਟਿੱਕਾ ਲਾਉਂਦਾ ਹੈ। ਕੁੜੀ ਦਾ ਬਾਪ ਜਾਂ ਵਿਚੋਲਾ ਇਕ ਛੁਹਾਰਾ ਤੇ ਮਿਸਰੀ ਮੁੰਡੇ ਦੇ ਮੂੰਹ ਵਿਚ ਪਾ ਦਿੰਦਾ ਹੈ। ਬਾਕੀ ਛੁਹਾਰੇ ਮੁੰਡੇ ਦੇ ਹਾਣੀਆਂ ਵਿਚ ਵੰਡੇ ਜਾਂਦੇ ਹਨ।

ਭਾਈਚਾਰੇ ਦੀਆਂ ਇਸਤਰੀਆਂ ਸ਼ਗਨ ਪਾਉਂਦੀਆਂ ਹਨ। ਫਿਰ ਨਾਈ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ।

ਦੂਜੇ ਪਾਸੇ ਮੁੰਡੇ ਵਾਲਿਆਂ ਵਲੋਂ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮੌਲੀ, ਮਹਿੰਦੀ, ਖੰਡ, ਚੌਲ, ਛੁਹਾਰੇ ਤੇ ਰੁਪਏ ਭੇਜੇ ਜਾਂਦੇ ਹਨ। ਕੁੜੀ ਨਹਾ ਧੋ ਕੇ ਕੱਪੜੇ ਤੇ ਜੁੱਤੀ ਪਹਿਨ ਕੇ, ਲਾਲ ਪਰਾਂਦੀ ਪਾ ਕੇ ਚੜ੍ਹਦੇ ਵਲ ਮੂੰਹ ਕਰ ਕੇ ਪੀੜ੍ਹੇ ਉੱਤੇ ਬੈਠ ਜਾਂਦੀ ਹੈ। ਸਹੁਰਿਆਂ ਦੀ ਭੇਜੀ ਨਕਦੀ ਉਸ ਦੀ ਝੋਲੀ ਵਿਚ ਪਾ ਕੇ ਛੁਹਾਰਾ ਉਸ ਦੇ ਮੂੰਹ ਵਿਚ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਉਸ ਦੀ ਵੀ ਕੁੜਮਾਈ ਹੋ ਜਾਂਦੀ ਹੈ।

ਕੁੜਮਾਈ ਤੋਂ ਪਿੱਛੋਂ ਕਿਸੇ ਸ਼ੁੱਭ ਦਿਨ ‘ਤੇ ਵਿਆਹ ਲਈ ਸਾਹਾ ਕਢਵਾਇਆ ਜਾਂਦਾ ਹੈ। ਕੁੜੀ ਵਾਲੇ ਸਾਹੇ ਚਿੱਠੀ ਲਿਖਵਾ ਕੇ ਤੇ ਉਸ ਨੂੰ ਦੁੱਬ, ਚੌਲ, ਹਲਦੀ ਤੇ ਖੰਮ੍ਹਣੀ ਵਿਚ ਲਪੇਟ ਕੇ ਨਾਈ, ਪੰਡਿਤ ਜਾਂ ਵਿਚੋਲੇ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜਦੇ ਹਨ ਤੇ ਇਹ ਚਿੱਠੀ ਪੰਚਾਇਤ ਦੀ ਹਾਜ਼ਰੀ ਵਿਚ ਖੋਲ੍ਹ ਕੇ ਪੜ੍ਹੀ ਜਾਂਦੀ ਹੈ ਫਿਰ ਨਾਈ ਜਾਂ ਲਾਗੀ ਨੂੰ ਲਾਗ ਦੇ ਕੇ ਵਿਦਾ ਕਰ ਦਿੱਤਾ ਜਾਂਦਾ ਹੈ।

ਇਸ ਪਿੱਛੋਂ ਦੋਹਾਂ ਘਰਾਂ ਵਿਚ ਵਿਆਹ ਦੀਆਂ ਤਿਆਰੀਆਂ ਆਰੰਭ ਹੋ ਜਾਂਦੀਆਂ ਹਨ। ਸ਼ਗਨ ਭੇਜਣ ਮਗਰੋਂ ਮੁੰਡੇ ਕੁੜੀ ਦੋਹਾਂ ਦਾ ਘਰੋਂ ਨਿਕਲਣਾ ਬੰਦ ਕਰ ਦਿੱਤਾ ਜਾਂਦਾ ਹੈ। ਸੱਤ ਸੁਹਾਗਣ ਇਸਤਰੀਆਂ ਨੂੰ ਇਕੱਠੀਆਂ ਕਰ ਕੇ ਉਨ੍ਹਾਂ ਨੂੰ ਗੁੜ ਆਦਿ ਦਿੱਤਾ ਜਾਂਦਾ ਹੈ ਤੇ ਇਹ ਸੱਤੇ ਵਿਆਹ ਦੇ ਕੰਮਾਂ ਲਈ ਇਕੱਠੀਆਂ ਰਹਿੰਦੀਆਂ ਹਨ।

ਵਿਆਹ ਤੋਂ ਸੱਤ ਦਿਨ ਜਾਂ ਨੌਂ ਦਿਨ ਪਹਿਲਾਂ ਕੜਾਹੀ ਚੜ੍ਹਾਈ ਜਾਂਦੀ ਹੈ। ਵਿਆਂਹਦੜ ਦੀ ਮਾਂ ਇਸ ਵਿਚ ਤਿਆਰ ਹੋਏ ਗੁਲਗੁਲੇ ਆਪਣੇ ਪੇਕਿਆਂ ਦੇ ਲੈ ਜਾਂਦੀ ਹੈ ਤੇ ਉਹ ਨਾਨਕੀ ਛੱਕ ਦੀ ਤਿਆਰੀ ਕਰਨ ਲੱਗ ਪੈਂਦੇ ਹਨ। ਵਿਆਹ ਤੋਂ ਪਹਿਲਾਂ ਵੱਡੀ ਰਸਮ ਵੱਟਣੇ ਦੀ ਹੁੰਦੀ ਹੈ, ਜੋ ਕਿ ਹਲਦੀ ਤੇ ਤੇਲ ਆਦਿ ਮਿਲਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਇਸਤਰੀਆਂ, ਕੁੜੀਆਂ ਮਿਲ ਕੇ ਮੁੰਡੇ ਤੇ ਕੁੜੀ ਨੂੰ ਲਾਉਂਦੀਆਂ ਹਨ। ਨਾਨਕਾ-ਮੇਲ ਨਾਨਕੀ ਛੱਕ ਲੈ ਕੇ ਆਉਂਦਾ ਹੈ।

ਜੰਞ ਚੜ੍ਹਨ ਵਾਲੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਆਖਰੀ ਵੱਟਣਾ ਲਾ ਕੇ ਮੁੰਡੇ ਨੂੰ ਮਾਮੇ ਦੀ ਲਿਆਂਦੀ ਪੁਸ਼ਾਕ ਪੁਆਈ ਜਾਂਦੀ ਹੈ। ਇਸ ਪਿੱਛੋਂ ਸਿਰ ‘ਤੇ ਮੁਕਟ ਜਾਂ ਮੱਥੇ ਉੱਤੇ ਸਿਹਰਾ ਬੰਨ੍ਹ ਦਿੰਦੇ ਹਨ। ਸਰਬਾਲ੍ਹੇ ਨੂੰ ਚੰਗੀ ਤਰ੍ਹਾਂ ਨੁਹਾ ਕੇ ਸਿਹਰਾ ਬੰਨ੍ਹਿਆ ਜਾਂਦਾ ਹੈ।

ਇਸ ਪਿੱਛੋਂ ਘੋੜੀ ਦੀ ਰੀਤ ਹੁੰਦੀ ਹੈ। ਮੁੰਡੇ ਦੀ ਭਰਜਾਈ ਉਸ ਦੇ ਸੁਰਮਾ ਪਾਉਂਦੀ ਹੈ। ਭੈਣਾਂ ਵਾਗ ਫੜਦੀਆਂ ਤੇ ਵਾਗ ਫੜਾਈ ਲੈਂਦੀਆਂ ਹਨ। ਮੁੰਡੇ ਦੀ ਮਾਂ ਤੇ ਸ਼ਰੀਕਣੀਆਂ ਸਲਾਮੀਆਂ ਪਾਉਂਦੀਆਂ ਹਨ। ਸ਼ਗਨ ਮਨਾ ਕੇ ਲਾੜੇ ਨੂੰ ਘੋੜੀ ਤੋਂ ਉਤਾਰ ਕੇ ਮੋਟਰ ਜਾਂ ਰੱਥ ਆਦਿ ਵਿਚ ਬਿਠਾ ਦਿੱਤਾ ਜਾਂਦਾ ਹੈ। ਜਦੋਂ ਜੰਞ ਕੁੜੀ ਵਾਲਿਆਂ ਦੇ ਘਰ ਪੁੱਜਦੀ ਹੈ, ਤਾਂ ਅੱਗੋਂ ਪਿੰਡ ਦੀ ਪੰਚਾਇਤ ਸਵਾਗਤ ਲਈ ਖੜ੍ਹੀ ਹੁੰਦੀ ਹੈ। ਪਹਿਲਾਂ

ਮਿਲਣੀ ਦੀ ਰਸਮ ਹੁੰਦੀ ਹੈ ਤੇ ਜੰਞ ਨੂੰ ਡੇਰੇ ਵਿਚ ਪਹੁੰਚਾਇਆ ਜਾਂਦਾ ਹੈ। ਜਾਂਞੀਆਂ ਦੀ ਗੋਤਣ ਕੁੜੀ ਉਸ ਪਿੰਡ ਵਿਚ ਵਿਆਹੀ ਹੋਵੇ, ਤਾਂ ਉਸ ਨੂੰ ਪੱਤਲਾਂ ਸਮੇਤ ਮਠਿਆਈ ਤੇ ਰੁਪਏ ਭੇਜ ਕੇ ਉਸ ਦਾ ਸਤਿਕਾਰ ਕੀਤਾ ਜਾਂਦਾ ਹੈ। ਵਿਆਹ ਵਿਚ ਫੇਰਿਆਂ ਦੀ ਰਸਮ ਬਹੁਤ ਮਹੱਤਵਪੂਰਨ ਹੈ। ਇਹ ਵੇਦੀ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਆਲੇ ਲਾਵਾਂ ਦਾ ਪਾਠ ਕਰ ਕੇ ਲਏ ਜਾਂਦੇ ਹਨ। ਇਸ ਪਿੱਛੋਂ ਮੁੰਡੇ ਵਾਲੇ ਵਰੀ ਤੇ ਕੁੜੀ ਵਾਲੇ ਖੱਟ ਦਿਖਾਉਂਦੇ ਹਨ। ਜੰਞ ਡੇਰੇ ਚਲੀ ਜਾਂਦੀ ਹੈ, ਪਰ ਮੁੰਡਾ ਤੇ ਸਰਬਾਲ੍ਹਾ ਬੈਠੇ ਰਹਿੰਦੇ ਹਨ। ਔਰਤਾਂ ਸਲਾਮੀਆਂ ਪਾਉਂਦੀਆਂ ਹਨ ਤੇ ਕੁੜੀਆਂ ਮੁੰਡੇ ਨੂੰ ਟਿੱਚਰਾਂ ਕਰਦੀਆਂ ਤੇ ਛੰਦ ਸੁਣਦੀਆਂ ਹਨ। ਅੰਤ ਮਾਮਾ ਰੋਂਦੀ-ਕੁਰਲਾਉਂਦੀ ਕੁੜੀ ਨੂੰ ਚੁੱਕ ਕੇ ਡੋਲੇ ਜਾਂ ਰੱਥ ਵਿਚ ਬਿਠਾ ਦਿੰਦਾ ਹੈ।

ਲਾੜੀ ਨੂੰ ਲੈ ਕੇ ਘਰ ਪਹੁੰਚਣ ‘ਤੇ ਮਾਂ ਉਸ ਤੋਂ ਸੱਤ ਵਾਰੀ ਪਾਣੀ ਵਾਰ ਕੇ ਮੂੰਹ ਨੂੰ ਲਾਉਂਦੀ ਹੈ ਤੇ ਮੁੰਡਾ ਉਸ ਨੂੰ ਰੋਕਦਾ ਹੈ। ਸੱਤਵੀਂ ਵਾਰੀ ਉਸ ਦੀਆਂ ਦਰਾਣੀਆਂ-ਜਠਾਣੀਆਂ ਉਸ ਨੂੰ ਪਾਣੀ ਬਿਲਕੁਲ ਨਹੀਂ ਪੀਣ ਦਿੰਦੀਆਂ। ਇਸ ਪਿੱਛੋਂ ਭਾਈਚਾਰੇ ਦੀਆਂ ਔਰਤਾਂ ਵਹੁਟੀ ਦਾ ਮੂੰਹ ਦੇਖਦੀਆਂ ਤੇ ਸ਼ਗਨ ਪਾਉਂਦੀਆਂ ਹਨ।

ਅਗਲੇ ਦਿਨ ਲਾੜਾ-ਲਾੜੀ, ਪਿੱਤਰਾਂ, ਸ਼ਹੀਦਾਂ ਜਾਂ ਤੁਲਸੀ ਦੀ ਪੂਜਾ ਕਰਦੇ ਜਾਂ ਗੁਰਦੁਆਰੇ ਮੱਥਾ ਟੇਕਦੇ ਹਨ। ਕਈ ਥਾਈਂ ਛਟੀਆਂ ਖੇਡਣ ਤੇ ਕੰਙਣਾ ਖੋਲ੍ਹਣ ਦੀ ਰਸਮ ਹੁੰਦੀ ਹੈ। ਤੀਜੇ ਦਿਨ ਪਿੰਡ ਨੂੰ ਕੁੜੀ ਦਾ ਸਾਮਾਨ ਦਿਖਾਇਆ ਜਾਂਦਾ ਹੈ। ਛੋਟੀ ਨਨਾਣ ਪੇਟੀ ਖੁਲ੍ਹਾਈ ਵਜੋਂ ਮਨ-ਪਸੰਦ ਦਾ ਸੂਟ ਲੈਂਦੀ ਹੈ।

ਮੌਤ ਦੀਆਂ ਰਸਮਾਂ : ਜਦੋਂ ਕੋਈ ਮਰ ਜਾਂਦਾ ਹੈ, ਤਾਂ ਘਰ ਦੀਆਂ ਇਸਤਰੀਆਂ ਵੈਣ ਪਾਉਣ ਲੱਗ ਪੈਂਦੀਆਂ ਹਨ ਤੇ ਮਰਦ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ ਤੇ ਮਰਨ ਵਾਲੇ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਦੇ ਹਨ। ਫਿਰ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਾਇਆ ਜਾਂਦਾ ਹੈ।

ਜੇਕਰ ਮਰਨ ਵਾਲੀ ਸੁਹਾਗਣ ਹੋਵੇ, ਤਾਂ ਉਸ ਦੇ ਕੱਪੜਿਆਂ ਨਾਲ ਗਹਿਣੇ ਤੇ ਲਾਲ ਚੰਦੋਰੀ ਪਾਈ ਜਾਂਦੀ ਹੈ। ਉਸ ਦੇ ਹੱਥਾਂ-ਪੈਰਾਂ ਨੂੰ ਮਹਿੰਦੀ, ਅੱਖਾਂ ਵਿਚ ਸੁਰਮਾ, ਵੀਣੀਆਂ ਵਿਚ ਚੂੜੀਆਂ ਤੇ ਮੱਥੇ ਉੱਤੇ ਬਿੰਦੀ ਵੀ ਲਾਈ ਜਾਂਦੀ ਹੈ। ਫਿਰ ਬਾਂਸ ਜਾਂ ਬੇਰੀ ਦੀਆਂ ਲੱਕੜੀਆਂ ਬੰਨ੍ਹ ਕੇ ਬਣਾਈ ਅਰਥੀ ਉੱਪਰ ਲਿਟਾ ਕੇ ਰਿਸ਼ਤੇਦਾਰ ਉਸ ਨੂੰ ਮੋਢਿਆਂ ਉੱਤੇ ਚੁੱਕ ਕੇ ਲਿਜਾਂਦੇ ਹਨ ਤੇ ਘਰੋਂ ਤੁਰਨ ਸਮੇਂ ਉਸ ਤੋਂ ਪੈਸੇ ਵਾਰ ਕੇ ਉਸ ਦਾ ਭਾੜਾ ਉਤਾਰ ਦਿੱਤਾ ਜਾਂਦਾ ਹੈ। ਅੱਧ-ਮਾਰਗ ਪਿੱਛੋਂ ਤੀਵੀਆਂ ਉੱਥੇ ਬੈਠ ਜਾਂਦੀਆਂ ਹਨ।

ਸ਼ਮਸ਼ਾਨ ਭੂਮੀ ਪਹੁੰਚ ਕੇ ਮ੍ਰਿਤਕ ਦੇ ਸਰੀਰ ਨੂੰ ਚਿਖਾ ਲਈ ਚਿਣੀਆਂ ਲੱਕੜਾਂ ਉੱਪਰ ਲਿਟਾ ਕੇ ਵੱਡਾ ਪੁੱਤਰ ਹੱਥ ਵਿਚ ਲਾਂਬੂ ਫੜ ਲੈਂਦਾ ਹੈ ਤੇ ਸੱਜਿਓਂ ਖੱਬੇ ਨੂੰ ਇਕ ਗੇੜਾ ਕੱਢ ਕੇ ਚਿਤਾ ਨੂੰ ਲਾਂਬੂ ਲਾ ਦਿੰਦਾ ਹੈ। ਅੱਗ ਲੱਗਣ ‘ਤੇ ਸਾਰੇ ਲੋਕ ਦੂਰ ਖੜ੍ਹੇ ਹੋ ਜਾਂਦੇ ਹਨ। ਮੁਰਦੇ ਦੀ ਖੋਪਰੀ ਦਿਖਾਈ ਦੇਣ ਤੇ ਕਪਾਲ ਕਿਰਿਆ ਕੀਤੀ ਜਾਂਦੀ ਹੈ।

ਵਾਪਸੀ ਵੇਲੇ ਮੁਰਦੇ ਨਾਲੋਂ ਸੰਬੰਧ ਤੋੜਨ ਲਈ ਕਈ ਲੋਕ ਡੱਕਾ ਜਾਂ ਕੰਡਾ ਤੋੜਦੇ ਹਨ। ਕਈ ਨਿੰਮ ਦੀ ਪੱਤੀ ਚਬਾਉਂਦੇ ਹਨ। ਫਿਰ ਸਾਰੇ ਇਸ਼ਨਾਨ ਕਰ ਕੇ ਜਾਂ ਮੂੰਹ-ਹੱਥ ਧੋ ਕੇ ਘਰ ਮੁੜਦੇ ਹਨ।

ਮੌਤ ਤੋਂ ਤੀਜੇ ਦਿਨ ਮੁਰਦੇ ਦੇ ਫੁੱਲ ਚੁਗੇ ਜਾਂਦੇ ਹਨ ਤੇ ਉਹ ਹਰਦੁਆਰ ਜਾਂ ਕੀਰਤਪੁਰ ਸਾਹਿਬ ਪਾਏ ਜਾਂਦੇ ਹਨ। ਪਿੱਛੋਂ ਕੁੱਝ ਦਿਨ ਮੁਕਾਣਾਂ ਆਉਂਦੀਆਂ ਹਨ ਤੇ ਅੰਤਮ ਕਿਰਿਆ ‘ਤੇ ਵੱਡੇ ਪੁੱਤਰ ਦੀ ਸਹੁਰਿਆਂ ਵਲੋਂ ਲਿਆਂਦੀ ਪੱਗ ਨਾਲ ਦਸਤਾਰਬੰਦੀ ਕਰ ਕੇ ਉਸ ਨੂੰ ਪਿਤਾ ਦਾ ਵਾਰਸ ਬਣਾ ਦਿੱਤਾ ਜਾਂਦਾ ਹੈ।