ਪੰਜਾਬ ਦੇ ਰਸਮ-ਰਿਵਾਜ : ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ


ਵਸਤੂਨਿਸ਼ਠ ਪ੍ਰਸ਼ਨ-ਉੱਤਰ


ਪ੍ਰਸ਼ਨ 1. ‘ਪੰਜਾਬ ਦੇ ਰਸਮ-ਰਿਵਾਜ’ ਦੇ ਆਧਾਰ ‘ਤੇ ਦੱਸੋ ਕਿ ਜੀਵਨ-ਨਾਟਕ ਦੀਆਂ ਝਾਕੀਆਂ ਦੇ ਰੰਗ-ਮੰਚ ਆਮ ਤੌਰ ‘ਤੇ ਕਿਹੜੇ ਹੁੰਦੇ ਹਨ?

ਉੱਤਰ : ਘਰਾਂ ਦੇ ਵਿਹੜੇ।

ਪ੍ਰਸ਼ਨ 2. ਮੁਢਲਾ ਮਨੁੱਖ ਬਹੁਤ ਸਾਰੇ ਸੰਸਕਾਰਾਂ ਦਾ ਅਰੰਭ ਕਰਨ ਸਮੇਂ ਦੈਵੀ ਤਾਕਤਾਂ ਨੂੰ ਕਿਉਂ ਰਿਝਾਉਂਦਾ ਸੀ?

ਉੱਤਰ : ਇਹਨਾਂ ਦੇ ਭੈ ਕਾਰਨ।

ਪ੍ਰਸ਼ਨ 3. ਪੰਜਾਬ ਦੇ ਰਸਮ ਰਿਵਾਜਾਂ ਦੀ ਸਾਂਭ-ਸੰਭਾਲ ਦਾ ਵਰਨਣ ਕਰਨਾ ਕਿਉਂ ਜ਼ਰੂਰੀ ਹੋ ਗਿਆ ਹੈ?

ਉੱਤਰ : ਇਹਨਾਂ ਦੇ ਅਲੋਪ ਹੁੰਦੇ ਜਾਣ ਕਾਰਨ।

ਪ੍ਰਸ਼ਨ 4. ਬਿਰਖ ਦੀ ਟਾਹਣੀ ਜਾਂ ਹਰੀ ਘਾਹ ਜਿਸ ਨੂੰ ‘ਦੱਭ’ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦੀ ਸੂਚਕ ਮੰਨੀ ਜਾਂਦੀ ਹੈ। (ਹਾਂ/ਨਹੀਂ)

ਉੱਤਰ : ਹਾਂ।

ਪ੍ਰਸ਼ਨ 5. ਬੱਚੇ ਦੇ ਜਨਮ ਤੋਂ ਬਾਅਦ ਕਿਹੜੀਆਂ ਦੋ ਰਸਮਾਂ ਕੀਤੀਆਂ ਜਾਂਦੀਆਂ ਹਨ?

ਉੱਤਰ : ਗੁੜ੍ਹਤੀ ਅਤੇ ਪੰਜਵੀਂ ਨ੍ਹਾਉਣ ਦੀ।

ਪ੍ਰਸ਼ਨ 6. ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਮੁੰਡਨ ਸੰਸਕਾਰ ਕਦੋਂ ਕੀਤਾ ਜਾਂਦਾ ਹੈ?

ਉੱਤਰ : ਤੀਜੇ ਤੋਂ ਪੰਜਵੇਂ ਸਾਲ ਵਿੱਚ।

ਪ੍ਰਸ਼ਨ 7. ਅੱਜ-ਕੱਲ੍ਹ ਕੁੜੀਆਂ ਮਾਪਿਆਂ ਉੱਤੇ ਭਾਰ ਨਾ ਹੋਣ ਕਾਰਨ, ਉਹਨਾਂ ਦਾ ਘਰ ਵਿੱਚ ਕੀ ਸਥਾਨ ਬਣ ਗਿਆ ਹੈ?

ਉੱਤਰ : ਸਤਿਕਾਰਯੋਗ।

ਪ੍ਰਸ਼ਨ 8. ਮੁੰਡੇ-ਕੁੜੀ ਦੇ ਜਵਾਨ ਹੋਣ ਤੇ ਵਿਆਹ ‘ਤੋਂ ਪਹਿਲਾਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ : ਰੋਕੇ ਜਾਂ ਠਾਕੇ ਦੀ।

ਪ੍ਰਸ਼ਨ 9. ਵਿਆਹ ਤੋਂ ਪਹਿਲਾਂ ਉਹ ਕਿਹੜੀ ਵੱਡੀ ਰੀਤ ਹੈ ਜਿਹੜੀ ਬੰਨੜੇ ਅਤੇ ਬੰਨੜੀ ਦੋਹਾਂ ਲਈ ਕੀਤੀ ਜਾਂਦੀ ਹੈ?

ਉੱਤਰ : ਵਟਣੇ ਜਾਂ ਮਾਈਏ ਦੀ।

ਪ੍ਰਸ਼ਨ 10. ਸ਼ਗਨ ਪੁਆਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ?

ਉੱਤਰ : ਸਗਾਈ ਦੀ।

ਪ੍ਰਸ਼ਨ 11. ਹੰਗਾਮੇ ਸਮੇਂ ਕਿਹੜੀ ਰਸਮ ਕੀਤੀ ਜਾਂਦੀ ਹੈ?

ਉੱਤਰ : ‘ਦਸਤਾਰਬੰਦੀ’ ਦੀ।

ਪ੍ਰਸ਼ਨ 12. ਮੁਸਲਮਾਨ ਮ੍ਰਿਤਕ ਦੇਹ ਲਈ ਕਿਹੜੀ ਰਸਮ ਕਰਦੇ ਹਨ?

ਉੱਤਰ : ਦਫ਼ਨਾਉਣ ਦੀ।

ਪ੍ਰਸ਼ਨ 13. ……… ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ……..  ਦੇ ਬਾਹਰ ਪਏ …… ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ। ਖ਼ਾਲੀ ਥਾਂਵਾਂ ਭਰ ਕੇ ਵਾਕ ਨੂੰ ਮੁੜ ਲਿਖੋ।

ਉੱਤਰ : ‘ਕਪਾਲ-ਕ੍ਰਿਆ’ ਤੋਂ ਪਿੱਛੋਂ ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ।

ਪ੍ਰਸ਼ਨ 15. ਮਨੁੱਖੀ ਜੀਵਨ ਵਿੱਚ ਰਸਮ-ਰਿਵਾਜਾਂ ਦਾ ਕੀ ਮਹੱਤਵ ਹੈ?

ਉੱਤਰ : ਮਨੁੱਖੀ ਜੀਵਨ ਵਿੱਚ ਰਸਮ-ਰਿਵਾਜਾਂ ਦਾ ਬਹੁਤ ਮਹੱਤਵ ਹੈ। ਇਹ ਰਸਮ-ਰਿਵਾਜ ਸਾਡੀਆਂ ਸੱਧਰਾਂ ਅਤੇ ਸਾਡੇ ਜਜ਼ਬਿਆਂ ਦੀ ਤਰਜਮਾਨੀ ਕਰਦੇ ਹਨ। ਇਹ ਰਸਮ-ਰਿਵਾਜ ਮੁੱਖ ਤੌਰ ‘ਤੇ ਜਨਮ, ਵਿਆਹ ਅਤੇ ਮੌਤ ਨਾਲ ਸੰਬੰਧਿਤ ਹਨ। ਇਹਨਾਂ ਰਸਮ-ਰਿਵਾਜਾਂ ਤੋਂ ਸਾਡੇ ਵੱਖ-ਵੱਖ ਫ਼ਿਰਕਿਆਂ ਦੇ ਵਿਸ਼ਵਾਸਾਂ ਬਾਰੇ ਜਾਣਕਾਰੀ ਮਿਲਦੀ ਹੈ। ਇਹ ਸਾਡੀ ਭਾਈਚਾਰਿਕ ਸਾਂਝ ਨੂੰ ਦਰਸਾਉਂਦੇ ਹਨ। ਅਸੀਂ ਵੱਖ-ਵੱਖ ਰਸਮਾਂ ਦੇ ਮੌਕਿਆਂ ‘ਤੇ ਇੱਕ-ਦੂਜੇ ਦੀ ਖ਼ੁਸ਼ੀ-ਗ਼ਮੀ ਵਿੱਚ ਸ਼ਾਮਲ ਹੁੰਦੇ ਹਾਂ। ਰਸਮ-ਰਿਵਾਜਾਂ ਤੋਂ ਸਾਨੂੰ ਜੀਵਨ ਦੇ ਵਿਭਿੰਨ ਪੱਖਾਂ ਬਾਰੇ ਮਿਲਦੀ ਜਾਣਕਾਰੀ ਸਾਡੇ ਆਉਣ ਵਾਲ਼ੇ ਜੀਵਨ ਵਿੱਚ ਸਹਾਇਕ ਸਿੱਧ ਹੋ ਸਕਦੀ ਹੈ। ਰਸਮ-ਰਿਵਾਜਾਂ ਤੋਂ ਸਾਡੇ ਧਾਰਮਿਕ ਸੰਸਕਾਰਾਂ ਬਾਰੇ ਵੀ ਪਤਾ ਲੱਗਦਾ ਹੈ। ਹਿੰਦੂ, ਸਿੱਖ ਅਤੇ ਮੁਸਲਮਾਨ ਭਾਈਚਾਰੇ ਦੇ ਸੰਸਕਾਰਾਂ ਅਤੇ ਵਿਸ਼ਵਾਸਾਂ ਦੀ ਭਿੰਨਤਾ ਵੀ ਇਹਨਾਂ ਰਸਮਾਂ-ਰਿਵਾਜਾਂ ਤੋਂ ਜਾਣੀ ਜਾ ਸਕਦੀ ਹੈ।

ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਮਨੁੱਖੀ ਜੀਵਨ ਵਿੱਚ ਰਸਮ-ਰਿਵਾਜਾਂ ਦਾ ਵਿਸ਼ੇਸ਼ ਮਹੱਤਵ ਹੈ। ਇਹਨਾਂ ਤੋਂ ਪੰਜਾਬੀ ਸੱਭਿਆਚਾਰ ਸਪਸ਼ਟ ਝਲਕਦਾ ਦਿਖਾਈ ਦਿੰਦਾ ਹੈ।

ਪ੍ਰਸ਼ਨ 16. ਰਸਮ-ਰਿਵਾਜਾਂ ਦੇ ਪੈਦਾ ਹੋਣ ਦੇ ਕੀ ਕਾਰਨ ਦੱਸੇ ਗਏ ਹਨ?

ਉੱਤਰ : ਰਸਮ-ਰਿਵਾਜਾਂ ਅਥਵਾ ਸੰਸਕਾਰਾਂ ਦੇ ਪੈਦਾ ਹੋਣ ਦੇ ਇਹ ਕਾਰਨ ਦੱਸੇ ਗਏ ਹਨ – ਮੁਢਲੇ ਮਨੁੱਖ ਨੂੰ ਦੈਵੀ ਤਾਕਤਾਂ ਦਾ ਡਰ ਸਾਡੇ ਨਾਲੋਂ ਜ਼ਿਆਦਾ ਸੀ। ਬਹੁਤ ਸਾਰੇ ਰਸਮ-ਰਿਵਾਜਾਂ ਦਾ ਅਰੰਭ ਇਹਨਾਂ ਦੈਵੀ ਤਾਕਤਾਂ ਨੂੰ ਪਤਿਆਉਣ ਜਾਂ ਰਿਝਾਉਣ ਵਿੱਚੋਂ ਲੱਭਿਆ ਜਾ ਸਕਦਾ ਹੈ। ਦੂਸਰੇ ਪਾਸੇ ਕੁਝ ਰਸਮ-ਰਿਵਾਜ ਅਥਵਾ ਸੰਸਕਾਰ ਜਨਮ ਅਤੇ ਵਿਆਹ ਦੀਆਂ ਖ਼ੁਸ਼ੀਆਂ ਦੇ ਪ੍ਰਗਟਾਵੇ ਅਤੇ ਮੌਤ ਦੇ ਸੋਗ ਤੋਂ ਵੀ ਪੈਦਾ ਹੋਏ ਸਿੱਧ ਹੁੰਦੇ ਹਨ। ਮਨੂ ਦੀ ਭਾਈਚਾਰਿਕ ਵੰਡ ਅਨੁਸਾਰ ਮਨੁੱਖੀ ਜੀਵਨ ਨੂੰ ਬ੍ਰਹਮਚਰਜ, ਸਤ, ਬਾਨਪ੍ਰਸਥ ਅਤੇ ਸਨਿਆਸ ਨਾਂ ਦੇ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਹਰ ਭਾਗ ਦੇ ਵੱਖ-ਵੱਖ ਸੰਸਕਾਰ ਬੱਝੇ ਹੋਏ ਹਨ।

ਇਸ ਤਰ੍ਹਾਂ ਰਸਮ-ਰਿਵਾਜਾਂ ਦੇ ਪੈਦਾ ਹੋਣ ਦਾ ਕਾਰਨ ਦੈਵੀ ਤਾਕਤਾਂ ਨੂੰ ਪਤਿਆਉਣਾ ਅਤੇ ਖ਼ੁਸ਼ੀ ਜਾਂ ਗ਼ਮੀ ਦਾ ਪ੍ਰਗਟਾਵਾ ਕਹੇ ਜਾ ਸਕਦੇ ਹਨ।

ਪ੍ਰਸ਼ਨ 17. ਪੰਜਾਬ ਵਿੱਚ ਜੀਵ ਦੇ ਜਨਮ ਨਾਲ ਸੰਬੰਧਿਤ ਕਿਹੜੇ-ਕਿਹੜੇ ਰਸਮ-ਰਿਵਾਜ ਹਨ?

ਉੱਤਰ : ਪ੍ਰੇਤ-ਰੂਹਾਂ ਤੋਂ ਬਚਾਅ ਲਈ ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਔਰਤ ਦੇ ਪੱਲੇ ਅਨਾਜ ਪਾਇਆ ਜਾਂਦਾ ਹੈ ਜਾਂ ਉਸ ਦੇ ਪੱਲੇ ਨਾਲ ਬੰਨ੍ਹਿਆ ਜਾਂਦਾ ਹੈ। ਬੱਚਾ ਪੈਦਾ ਹੋਣ ‘ਤੇ ਬੱਚਾ ਤੇ ਜੱਚਾ ਨੂੰ ਧੂਫ ਦਿੱਤੀ ਜਾਂਦੀ ਜਾਂ ਦੀਵਾ ਬਾਲ ਕੇ ਰੱਖਿਆ ਜਾਂਦਾ ਜਿਹੜਾ ਦਸ ਦਿਨ ਲਗਾਤਾਰ ਜਗਦਾ ਰਹਿੰਦਾ। ਬੱਚੇ ਦੇ ਜਨਮ ਤੋਂ ਬਾਅਦ ਗੁੜ੍ਹਤੀ ਦੀ ਮਹੱਤਵਪੂਰਨ ਰਸਮ ਹੁੰਦੀ ਹੈ। ਬੱਚੇ ਦੇ ਜਨਮ ਤੋਂ ਪੰਜਵੇਂ ਦਿਨ ਪਿੱਛੋਂ ‘ਪੰਜਵੀਂ-ਨ੍ਹਾਉਣ’ ਦੀ ਰੀਤ ਹੁੰਦੀ ਹੈ। ਛੇਵੇਂ ਦਿਨ ਬੱਚੇ ਦੀ ਮਾਂ ਨੂੰ ਰੱਜ ਕੇ ਰੋਟੀ ਖੁਆਈ ਜਾਂਦੀ ਹੈ। ਇਸ ਨੂੰ ‘ਛਟੀ’ ਵੀ ਕਹਿੰਦੇ ਹਨ। ਤੇਰ੍ਹਵੇਂ ਦਿਨ ਬਾਹਰ ਵਧਾਉਣ ਦੀ ਰਸਮ ਹੁੰਦੀ ਹੈ। ਮੁੰਡਾ ਜਨਮਿਆ ਹੋਵੇ ਤਾਂ ਇਸ ਸਮੇਂ ਲਾਗੀ ਲੋਕ ਤੋਹਫ਼ੇ ਲੈ ਕੇ ਵਧਾਈਆਂ ਦੇਣ ਆਉਂਦੇ ਹਨ। ਸ਼ਾਮ ਨੂੰ ਬੱਚੇ ਦੀ ਮਾਂ ਹੱਥ ਵਿੱਚ ਪਾਣੀ ਦੀ ਗੜਵੀ ਲੈ ਕੇ ਜਣੇਪੇ ਪਿੱਛੋਂ ਪਹਿਲੀ ਵਾਰ ਬਾਹਰ ਜਾਂਦੀ ਹੈ। ਚੰਗੇ ਸ਼ਗਨਾਂ ਲਈ ਉਹ ਬਾਹਰੋਂ ਘਾਹ ਪੁੱਟ ਕੇ ਲਿਆਉਂਦੀ ਹੈ। ਜੇਕਰ ਨਾਨਕੇ ਘਰ ਮੁੰਡਾ ਹੋਵੇ ਤਾਂ ਇਸੇ ਦਿਨ ਦਾਦਕਿਆਂ ਨੂੰ ਨਾਈ ਹੱਥ ਦੱਭ, ਖੰਮ੍ਹਣੀ ਤੇ ਗੁੜ ਦੀ ਭੇਲੀ ਭੇਜੀ ਜਾਂਦੀ ਹੈ। ਬੱਚੇ ਦੇ ਨਾਨਕਿਆਂ ਵੱਲੋਂ ਛੂਛਕ ਦੇਣ ਦਾ ਰਿਵਾਜ ਤਾਂ ਆਮ ਹੈ। ਮੁੰਡੇ ਦੇ ਜਨਮ ਦੀ ਖ਼ੁਸ਼ੀ ਵਿੱਚ ਜਨਮ ਤੋਂ ਬਾਅਦ ਆਉਣ ਵਾਲੀ ਪਹਿਲੀ ਲੋਹੜੀ ਪਾਈ ਜਾਂਦੀ ਹੈ।

ਪ੍ਰਸ਼ਨ 18. ਪਹਿਲੇ ਸਮਿਆਂ ਵਿੱਚ ਮੁੰਡੇ ਅਤੇ ਕੁੜੀ ਦੇ ਜੰਮਣ ‘ਤੇ ਰਸਮ-ਰਿਵਾਜਾਂ ਦੇ ਪੱਖ ਤੋਂ ਕੀ ਵਿਤਕਰਾ ਸੀ? ਹੁਣ ਇਹ ਵਿਤਕਰਾ ਕਿਵੇਂ ਘਟ ਰਿਹਾ ਹੈ?

ਉੱਤਰ : ਮੁੰਡਾ ਪੈਦਾ ਹੋਣ ‘ਤੇ ਖ਼ੁਸ਼ੀ ਮਨਾਈ ਜਾਂਦੀ ਸੀ ਪਰ ਧੀ ਜੰਮਣ ‘ਤੇ ਮਾਪਿਆਂ ਦੇ ਭਾ ਦਾ ਜਿਵੇਂ ਪਹਾੜ ਡਿੱਗ ਪੈਂਦਾ ਸੀ। ਕੋਈ ਵਧਾਈ ਨਹੀਂ ਸੀ ਦਿੰਦਾ ਅਤੇ ਨਾ ਹੀ ਲੱਡੂ ਵੰਡੇ ਜਾਂਦੇ ਸਨ। ਧੀਆਂ ਦਾ ਨਾਮਕਰਨ ਸੰਸਕਾਰ ਵੀ ਨਹੀਂ ਸੀ ਹੁੰਦਾ। ਕੰਨ-ਵਿੰਨ੍ਹ ਸੰਸਕਾਰ ਵੀ ਨਾਂ-ਮਾਤਰ ਹੀ ਕੀਤਾ ਜਾਂਦਾ ਸੀ। ਕੋਈ ਵਣਜਾਰਾ ਆਉਂਦਾ ਤਾਂ ਕੰਨ-ਵਿੰਨ੍ਹ ਜਾਂਦਾ। ਕੁੜੀਆਂ ਉਸ ਨੂੰ ਗੁੜ ਦੀ ਰੋੜੀ ਅਤੇ ਆਪਣੀ ਮਾਂ ਤੋਂ ਦੁਆਨੀ-ਚੁਆਨੀ ਲੈ ਕੇ ਦੇ ਦਿੰਦੀਆਂ ਸਨ। ਪਰ ਹੁਣ ਧੀਆਂ ਪ੍ਰਤਿ ਇਸ ਦ੍ਰਿਸ਼ਟੀਕੋਣ ਵਿੱਚ ਤਬਦੀਲੀ ਆ ਰਹੀ ਹੈ। ਛੋਟੇ ਪਰਿਵਾਰਾਂ ਦੀ ਲੋੜ ਕਾਰਨ ਮਾਪਿਆਂ ਦਾ ਹਰ ਬੱਚੇ ਪ੍ਰਤੀ ਰੁਝਾਨ ਬਦਲ ਗਿਆ ਹੈ। ਧੀਆਂ ਹੁਣ ਕਮਾਉਣ ਵੀ ਲੱਗ ਪਈਆਂ ਹਨ। ਭਾਰ ਨਾ ਬਣਨ ਕਾਰਨ ਘਰ ਵਿੱਚ ਉਹਨਾਂ ਦਾ ਸਤਿਕਾਰਯੋਗ ਸਥਾਨ ਹੋ ਗਿਆ ਹੈ ਅਤੇ ਹੋ ਰਿਹਾ ਹੈ।

ਇਸ ਤਰ੍ਹਾਂ ਰਸਮ-ਰਿਵਾਜਾਂ ਦੇ ਪੱਖ ਤੋਂ ਕੁੜੀਆਂ ਨਾਲ ਕੀਤਾ ਜਾਂਦਾ ਵਿਤਕਰਾ ਘਟ ਰਿਹਾ ਹੈ।

ਪ੍ਰਸ਼ਨ 19. ਪੰਜਾਬ ਵਿੱਚ ਵਿਆਹ ਦੇ ਰਸਮ-ਰਿਵਾਜ ਕਿਹੜੇ-ਕਿਹੜੇ ਸਨ? ਹੁਣ ਇਹਨਾਂ ਵਿੱਚ ਕੀ ਤਬਦੀਲੀ ਆ ਰਹੀ ਹੈ?

ਉੱਤਰ : ਵਿਆਹ ਦੇ ਰਸਮ-ਰਿਵਾਜਾਂ ਦੇ ਪ੍ਰਸੰਗ ਵਿੱਚ ਸਭ ਤੋਂ ਪਹਿਲਾਂ ਠਾਕਾ ਹੁੰਦਾ ਹੈ। ਕੁੜੀ ਵਾਲਿਆਂ ਵੱਲੋਂ ਨਾਈ ਦੇ ਹੱਥ ਮੁੰਡੇ ਨੂੰ ਇੱਕ ਰੁਪਈਆ ਭੇਜਿਆ ਜਾਂਦਾ ਸੀ। ਪਹਿਲਾਂ ਕੁੜਮਾਈ ‘ਤੇ ਵੀ ਕੁੜੀ ਵਾਲੇ ਨਾਈ ਦੇ ਹੱਥ ਖੰਮ੍ਹਣੀ, ਰੁਪਈਆ, ਪੰਜ ਮਿਸ਼ਰੀ ਦੇ ਕੂਜੇ, ਪੰਜ ਛੁਹਾਰੇ ਅਤੇ ਕੇਸਰ ਆਦਿ ਮੁੰਡੇ ਵਾਲਿਆਂ ਦੇ ਘਰ ਭੇਜਦੇ ਸਨ ਅਤੇ ਨਾਈ ਹੀ ਇਹ ਚੀਜ਼ਾਂ ਮੁੰਡੇ ਦੀ ਝੋਲੀ ਪਾ ਕੇ ਉਸ ਨੂੰ ਕੇਸਰ ਦਾ ਟਿੱਕਾ ਲਾਉਂਦਾ ਸੀ। ਪਹਿਲਾਂ ਮੁੰਡੇ ਵਾਲੇ ਨਾਈ ਦੇ ਹੱਥ ਹੀ ਮੰਗੇਤਰ ਕੁੜੀ ਲਈ ਸੂਟ, ਜੁੱਤੀ, ਗਹਿਣਾ, ਲਾਲ ਪਰਾਂਦੀ, ਮਹਿੰਦੀ, ਮੌਲੀ, ਖੰਡ, ਚੌਲ, ਛੁਹਾਰੇ ਤੇ ਨਕਦੀ ਆਦਿ ਭੇਜਦੇ ਸਨ। ਪਿੰਡ ਦੀ ਨਾਇਣ ਕੁੜੀ ਦੇ ਮੂੰਹ ਨੂੰ ਖੰਡ ਤੇ ਛੁਹਾਰਾ ਲਾਉਂਦੀ ਸੀ। ਪਰ ਅੱਜ-ਕੱਲ੍ਹ ਨਾਈ-ਨਾਇਣ ਦੀ ਭੂਮਿਕਾ ਖ਼ਤਮ ਹੋ ਰਹੀ ਹੈ ਅਤੇ ਹੁਣ ਇਹ ਕੰਮ ਮੁੰਡੇ/ਕੁੜੀ ਵਾਲ਼ੇ ਆਪ ਹੀ ਕਰ ਲੈਂਦੇ ਹਨ।

ਮੰਗਣੀ ਤੋਂ ਬਾਅਦ ਸਾਹਾ ਕਢਵਾ ਕੇ ਵਿਆਹ ਲਈ ਕੋਈ ਸ਼ੁੱਭ ਦਿਨ ਨਿਸ਼ਚਿਤ ਕਰ ਲਿਆ ਜਾਂਦਾ ਹੈ। ਵਿਆਹ ਤੋਂ ਥੋੜ੍ਹੇ ਦਿਨ ਪਹਿਲਾਂ ਮੁੰਡੇ ਵਾਲਿਆਂ ਨੂੰ ਵਿਚੋਲੇ ਆਦਿ ਦੇ ਹੱਥ ਸਾਹੇ ਦੀ ਚਿੱਠੀ ਭੇਜੀ ਜਾਂਦੀ ਹੈ। ਹੁਣ ਵਿਆਹ ਦੇ ਹਰ ਕੰਮ ਲਈ ਸੱਤ ਸੁਹਾਗਣਾਂ ਦੇ ਇਕੱਠੀਆਂ ਹੋਣ ਵਾਲੀ ਰਸਮ ਵੀ ਅਲੋਪ ਹੋ ਗਈ ਹੈ।

ਵਿਆਹ ਵਾਲੇ ਮੁੰਡੇ ਜਾਂ ਕੁੜੀ ਦੀ ਮਾਂ ਆਪਣੇ ਪੇਕਿਆਂ ਨੂੰ ਵਿਆਹ ਦੱਸਣ ਜਾਂਦੀ ਹੈ। ਵਿਆਹ ਤੋਂ ਪਹਿਲਾਂ ਵਟਣੇ ਜਾਂ ਮਾਈਏਂ ਦੀ ਰਸਮ ਹੁੰਦੀ ਹੈ। ਪਰ ਵਟਣਾ ਵੀ ਹੁਣ ਪਹਿਲਾਂ ਵਾਂਗ ਨਹੀਂ ਲੱਗਦਾ ਸਗੋਂ ਇਸ ਦਾ ਸ਼ਗਨ ਹੀ ਕੀਤਾ ਜਾਂਦਾ ਹੈ।

ਵਿਆਹ ਵਾਲੇ ਮੁੰਡੇ ਨੂੰ ਨੁਹਾ ਕੇ ਮਾਮੇ ਵੱਲੋਂ ਲਿਆਂਦੀ ਪੁਸ਼ਾਕ ਪਹਿਨਾਈ ਜਾਂਦੀ ਹੈ। ਫਿਰ ਘੋੜੀ ਦੀ ਰਸਮ ਹੁੰਦੀ ਹੈ। ਘੋੜੀ ਚੜ੍ਹਨ ਤੋਂ ਪਹਿਲਾਂ ਮੁੰਡੇ ਦੀ ਭਰਜਾਈ ਵੱਲੋਂ ਉਸ ਦੇ ਸੁਰਮਾ ਪਾਇਆ ਜਾਂਦਾ ਹੈ। ਭੈਣ ਵਾਗ ਫੜਦੀ ਹੈ। ਜੰਞ ਦੇ ਪਹੁੰਚਣ ‘ਤੇ ਕੁੜੀ ਵਾਲਿਆਂ ਵੱਲੋਂ ਇਸ ਦਾ ਸੁਆਗਤ ਕੀਤਾ ਜਾਂਦਾ ਹੈ ਅਤੇ ਮਿਲਣੀ ਦੀ ਰਸਮ ਹੁੰਦੀ ਹੈ। ਫੇਰਿਆ ਜਾਂ ਅਨੰਦ ਕਾਰਜ ਦੀ ਰਸਮ ਨਾਲ ਵਿਆਹ ਸੰਪੂਰਨ ਹੋ ਜਾਂਦਾ ਹੈ। ਵਰੀ ਅਤੇ ਦਾਜ ਤੇ ਖੱਟ ਦਿਖਾਉਣ ਦੀ ਰਸਮ ਹੁਣ ਖ਼ਤਮ ਹੋ ਰਹੀ ਹੈ।

ਸਮੁੱਚੇ ਤੌਰ ‘ਤੇ ਵਿਆਹ ਦੀਆਂ ਰਸਮਾਂ ਘਟ ਰਹੀਆਂ ਹਨ। ਕਈ ਰਸਮਾਂ ਦੇ ਰੂਪ ਬਦਲ ਰਹੇ ਹਨ। ਹੁਣ ‘ਰਿੰਗ ਸੈਰੇਮਨੀ’ ਅਤੇ ‘ਰਿਸੈਪਸ਼ਨ’ ਵਰਗੇ ਨਵੇਂ ਰਿਵਾਜ ਵੀ ਸ਼ੁਰੂ ਹੋ ਗਏ ਹਨ। ਵਿਆਹ ਲਈ ਹੁਣ ਮੁੰਡੇ-ਕੁੜੀ ਦੀ ਮਰਜ਼ੀ ਵੀ ਪੁੱਛੀ ਜਾਣ ਲੱਗ ਪਈ ਹੈ।

ਪ੍ਰਸ਼ਨ 20. ਵਿਆਹ ਕੇ ਲਿਆਉਣ ਪਿੱਛੋਂ ਮੁੰਡੇ ਦੇ ਘਰ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ?

ਉੱਤਰ : ਪਾਣੀ ਵਾਰਨਾ : ਲਾੜੇ ਦੇ ਘਰ ਪਹੁੰਚਣ ’ਤੇ ਉਸ ਦੀ ਮਾਂ ਸ਼ਗਨਾਂ ਦੀ ਥਾਲ਼ੀ ਲੈ ਕੇ ਨੂੰਹ-ਪੁੱਤਰ ਨੂੰ ਲੈਣ ਲਈ ਆਉਂਦੀ ਹੈ। ਦਰਵਾਜ਼ੇ ‘ਤੇ ਉਹ ਪਾਣੀ ਨਾਲ ‘ਵਾਰਨੇ ਵਾਰਦੀ’ ਹੈ।

ਵਹੁਟੀ ਦਾ ਮੂੰਹ ਦੇਖਣਾ : ਭਾਈਚਾਰੇ ਦੀਆਂ ਔਰਤਾਂ ਵਹੁਟੀ ਨੂੰ ਸ਼ਗਨ ਪਾਉਂਦੀਆਂ ਹਨ ਅਤੇ ਉਸ ਦਾ ਮੂੰਹ ਦੇਖਦੀਆਂ ਹਨ।

ਪੂਜਾ, ਛਟੀ ਤੇ ਕੰਙਣਾ : ਅਗਲੇ ਦਿਨ ਸਵੇਰੇ ਲਾੜਾ ਅਤੇ ਵਹੁਟੀ ਪਿੱਤਰਾਂ ਜਾਂ ਤੁਲਸੀ ਦੇ ਬੂਟੇ ਦੀ ਪੂਜਾ ਲਈ ਜਾਂਦੇ ਹਨ। ਕਈ ਥਾਂਵਾਂ ‘ਤੇ ਇਸ ਸਮੇਂ ਛਟੀ ਖੇਡਣ ਦੀ ਰੀਤ ਵੀ ਹੈ। ਲਾੜੇ ਅਤੇ ਵਹੁਟੀ ਵੱਲੋਂ ਇੱਕ-ਦੂਜੇ ਨੂੰ ਸੱਤ-ਸੱਤ ਛਟੀਆਂ ਮਾਰੀਆਂ ਜਾਂਦੀਆਂ ਹਨ। ਇਸੇ ਸ਼ਾਮ ਕੰਙਣਾ ਖੇਡਿਆ ਜਾਂਦਾ ਹੈ।

ਪੇਟੀ ਖੋਲ੍ਹਣੀ : ਤੀਸਰੇ ਦਿਨ ਵਹੁਟੀ ਨੂੰ ਤੋਰਨ ਤੋਂ ਪਹਿਲਾਂ ਪਿੰਡ ਨੂੰ ‘ਦਿਖਾਵਾ’ ਦਿਖਾਇਆ ਜਾਂਦਾ ਹੈ। ਵਹੁਟੀ ਦੀ ਛੋਟੀ ਨਣਾਨ ਪੇਟੀ ਖੁਲ੍ਹਾਈ ਦਾ ਮਨਭਾਉਂਦਾ ਸੂਟ ਲੈਂਦੀ ਹੈ।

ਇਸ ਤਰ੍ਹਾਂ ਮੁੰਡੇ ਵੱਲੋਂ ਕੁੜੀ ਨੂੰ ਵਿਆਹ ਕੇ ਲਿਆਉਣ ਪਿੱਛੋਂ ਲਾੜੇ ਦੇ ਘਰ ਵੀ ਵੱਖ-ਵੱਖ ਰੀਤਾਂ ਕੀਤੀਆਂ ਜਾਂਦੀਆਂ ਹਨ।

ਪ੍ਰਸ਼ਨ 21. ਜੀਵ ਦੀ ਮੌਤ ਹੋਣ ‘ਤੇ ਕਿਹੜੀਆਂ-ਕਿਹੜੀਆਂ ਰਸਮਾਂ ਹੁੰਦੀਆਂ ਹਨ ?

ਉੱਤਰ : ਵਿਅਕਤੀ ਦੇ ਪ੍ਰਾਣ ਤਿਆਗਣ ਪਿੱਛੋਂ ਔਰਤਾਂ ਘਰ ਵਿੱਚ ਵੈਣ ਪਾਉਣ ਲੱਗ ਪੈਂਦੀਆਂ ਹਨ ਅਤੇ ਮਰਦ ਬਾਹਰ ਫੂਹੜੀ ਵਿਛਾ ਕੇ ਬੈਠ ਜਾਂਦੇ ਹਨ। ਸਸਕਾਰ ਤੋਂ ਪਹਿਲਾਂ ਮ੍ਰਿਤਕ ਨੂੰ ਆਖ਼ਰੀ ਇਸ਼ਨਾਨ ਕਰਵਾਇਆ ਜਾਂਦਾ ਹੈ। ਜੇਕਰ ਮ੍ਰਿਤਕ ਸੁਹਾਗਣ ਹੋਵੇ ਤਾਂ ਉਸ ਦਾ ਹਾਰ-ਸ਼ਿੰਗਾਰ ਕਰ ਕੇ ਉਸ ਨੂੰ ਅੰਤਿਮ ਯਾਤਰਾ ਲਈ ਤਿਆਰ ਕੀਤਾ ਜਾਂਦਾ ਹੈ।

ਘਰ ਤੋਂ ਸਿਵਿਆਂ ਤੱਕ ਮ੍ਰਿਤਕ ਦੇ ਨੇੜਲੇ ਰਿਸ਼ਤੇਦਾਰ ਅਰਥੀ ਨੂੰ ਮੋਢਿਆਂ ‘ਤੇ ਚੁੱਕ ਕੇ ਲੈ ਜਾਂਦੇ ਹਨ। ਅੱਧ ਮਾਰਗ ਤੋਂ ਪਿੱਛੋਂ ਔਰਤਾਂ ਉੱਥੇ ਬੈਠ ਜਾਂਦੀਆਂ ਹਨ ਅਤੇ ਮਰਦ ਅਰਥੀ ਨਾਲ ਜਾਂਦੇ ਹਨ। ਚਿਖਾ ਦੀਆਂ ਲੱਕੜਾਂ ਚਿਣ ਕੇ ਮ੍ਰਿਤਕ ਦੇਹ ਉਸ ‘ਤੇ ਲਿਟਾ ਦਿੱਤੀ ਜਾਂਦੀ ਹੈ। ਵੱਡਾ ਪੁੱਤਰ ਚਿਖਾ ਨੂੰ ਅਗਨੀ ਦਿੰਦਾ ਹੈ। ਜਦ ਚਿਖਾ ਜਲ ਕੇ ਮੁਰਦੇ ਦੀ ਖੋਪਰੀ ਦਿਖਾਈ ਦੇਣ ਲੱਗ ਪਵੇ ਤਾਂ ਕੋਈ ਆਦਮੀ ਅਰਥੀ ਦਾ ਡੰਡਾ ਕੱਢ ਕੇ ਖੋਪਰੀ ਠਕੋਰਦਾ ਹੈ ਜਿਸ ਨੂੰ ‘ਕਪਾਲ -ਕ੍ਰਿਆ’ ਕਹਿੰਦੇ ਹਨ। ਇਸ ਤੋਂ ਬਾਅਦ ‘ਅਰਥੀ ਨਾਲ ਆਏ ਸਾਰੇ ਬੰਦੇ ਚਿਖਾ ਦੇ ਬਾਹਰ ਪਏ ਬਾਲਣ ਦੇ ਤੀਲਿਆਂ ਨੂੰ ਚਿਖਾ ਉੱਤੇ ਸੁੱਟਦੇ ਹਨ ਅਤੇ ਫਿਰ ਬਿਨਾਂ ਪਿਛਾਂਹ ਤੱਕਣ ਤੋਂ ਵਾਪਸ ਤੁਰ ਪੈਂਦੇ ਹਨ।’ ਵਾਪਸ ਆਉਂਦਿਆਂ ਰਾਹ ਵਿੱਚ ਸੱਭ ਸੱਜਣ ਕਿਸੇ ਖੂਹ , ਟੋਭੇ ਜਾਂ ਛੱਪੜ ‘ਤੇ ਇਸ਼ਨਾਨ ਕਰਦੇ ਜਾਂ ਮੂੰਹ-ਹੱਥ ਧੋਂਦੇ ਹਨ।

ਮੌਤ ਤੋਂ ਤੀਸਰੇ ਦਿਨ ਮ੍ਰਿਤਕ ਦੇ ਫੁੱਲ ਚੁੱਗੇ ਜਾਂਦੇ ਹਨ ਜੋ ਹਰਿਦੁਆਰ ਜਾਂ ਕੀਰਤਪੁਰ ਸਾਹਿਬ ਜਲ ਪ੍ਰਵਾਹ ਕੀਤੇ ਜਾਂਦੇ ਹਨ। ਮੌਤ ਤੋਂ ਬਾਅਦ ਕੁਝ ਦਿਨ ਦੂਰ ਨੇੜੇ ਦੀਆਂ ਮੁਕਾਣਾਂ ਆਉਂਦੀਆਂ ਹਨ। ਕਿਰਿਆ ਜਾਂ ਪਗੜੀ ਦੀ ਰਸਮ ‘ਤੇ ਵੱਡਾ ਪੁੱਤਰ ਸਹੁਰਿਆਂ ਵੱਲੋਂ ਆਈ ਪੱਗ ਬੰਨ੍ਹਦਾ ਹੈ ਅਤੇ ਆਪਣੇ ਪਿਤਾ ਦਾ ਵਾਰਸ ਬਣ ਜਾਂਦਾ ਹੈ।

ਪ੍ਰਸ਼ਨ 22. ਪੰਜਾਬ ਦੇ ‘ਰਸਮ-ਰਿਵਾਜਾਂ’ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੀ-ਕੀ ਭਿੰਨਤਾ ਹੈ?

ਉੱਤਰ : ਪੰਜਾਬ ਦੇ ਰਸਮ-ਰਿਵਾਜਾਂ ਦੇ ਪੱਖੋਂ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਕੁਝ ਭਿੰਨਤਾ ਦੇਖੀ ਜਾ ਸਕਦੀ ਹੈ। ਉਦਾਹਰਨ ਲਈ ਜਿੱਥੇ ਹਿੰਦੂਆਂ ਵਿੱਚ ਜਨੇਊ ਅਤੇ ਸਿੱਖਾਂ ਵਿੱਚ ਅੰਮ੍ਰਿਤ-ਪਾਨ ਦੀ ਰਸਮ ਹੁੰਦੀ ਹੈ ਉੱਥੇ ਮੁਸਲਮਾਨਾਂ ਵਿੱਚ ਸੁੰਨਤ ਦੀ ਰਸਮ ਕੀਤੀ ਜਾਂਦੀ ਹੈ। ਹਿੰਦੂਆਂ ਵਿੱਚ ਵਿਆਹ ਸਮੇਂ ਫੇਰੇ ਹੁੰਦੇ ਹਨ ਜਦ ਕਿ ਸਿੱਖ ਭਾਈਚਾਰੇ ਵਿੱਚ ਅਨੰਦ-ਕਾਰਜ ਦੀ ਰੀਤ ਹੈ। ਮੁਸਲਮਾਨਾਂ ਵਿੱਚ ਨਿਕਾਹ ਦੀ ਰਸਮ ਹੁੰਦੀ ਹੈ। ਮੁਸਲਮਾਨ ਹਿੰਦੂਆਂ ਤੇ ਸਿੱਖਾਂ ਵਾਂਗ ਮ੍ਰਿਤਕ ਨੂੰ ਅਗਨੀ-ਭੇਟ ਕਰਨ ਦੀ ਥਾਂ ਦਫ਼ਨਾਉਂਦੇ ਹਨ।

ਇਸ ਤਰ੍ਹਾਂ ਪੰਜਾਬ ਦੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਵਿੱਚ ਰਸਮ-ਰਿਵਾਜਾਂ ਦੇ ਪੱਖੋਂ ਕੁਝ ਭਿੰਨਤਾ ਹੈ।