ਪੰਜਾਬ ਦੇ ਮੇਲੇ ਤੇ ਤਿਉਹਾਰ : ਪ੍ਰਸ਼ਨ-ਉੱਤਰ


70-80 ਸ਼ਬਦਾਂ ਵਿੱਚ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਮੇਲੇ ਤੋਂ ਕੀ ਭਾਵ ਹੈ? ਮੇਲੇ ਬਾਰੇ ਪਰਿਭਾਸ਼ਿਕ ਜਾਣਕਾਰੀ ਦਿਓ।

ਉੱਤਰ : ਡਾ. ਐੱਸ. ਐੱਸ. ਵਣਜਾਰਾ ਬੇਦੀ ਅਨੁਸਾਰ ਮੇਲੇ ਤੋਂ ਭਾਵ ਅਜਿਹਾ ਇਕੱਠ ਹੈ ਜਿਸ ਵਿੱਚ ਬਰਾਤੀ ਕੋਈ ਨਹੀਂ ਸਗੋਂ ਹਰ ਕੋਈ ਲਾੜਾ ਬਣਿਆ ਹੁੰਦਾ ਹੈ। ਮੇਲਾ ਮਨ-ਪਰਚਾਵੇ ਅਤੇ ਮੇਲ-ਜੋਲ ਦਾ ਇੱਕ ਵਸੀਲਾ ਹੈ। ਮੇਲੇ ਵਿੱਚ ਕੋਈ ਜਾਤੀ ਖੁੱਲ੍ਹ ਕੇ ਸਾਹ ਲੈਂਦੀ, ਉਸ ਦੀ ਲੋਕ-ਪ੍ਰਤਿਭਾ ਨਿਖਰਦੀ ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਮੇਲੇ ਵਿੱਚ ਕਿਸੇ ਜਾਤੀ ਦਾ ਮਨ ਤਾਲ-ਬੱਧ ਹੋ ਕੇ ਨੱਚਦਾ ਅਤੇ ਇਕਸੁਰ ਹੋ ਕੇ ਗੂੰਜਦਾ ਹੈ। ਮੇਲੇ ਦਾ ਸੱਭਿਆਚਾਰਿਕ ਮਹੱਤਵ ਹੀ ਨਹੀਂ ਹੁੰਦਾ ਸਗੋਂ ਇਹ ਸਾਡੇ ਧਾਰਮਿਕ ਅਤੇ ਕਲਾਤਮਿਕ ਭਾਵਾਂ ਦੀ ਵੀ ਤ੍ਰਿਪਤੀ ਕਰਦਾ ਹੈ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਆਕਰਸ਼ਕ ਹੁੰਦਾ ਹੈ।

ਪ੍ਰਸ਼ਨ 2. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?

ਉੱਤਰ : ਕਿਸੇ ਜਾਤੀ ਲਈ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਮੇਲਿਆਂ ਵਿੱਚ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਪੂਰੇ ਰੰਗ ਵਿੱਚ ਪ੍ਰਤਿਬਿੰਬਿਤ ਹੁੰਦੀ ਹੈ।

ਮੇਲਿਆਂ ਵਿੱਚ ਹਰ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਅਥਵਾ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਹੈ। ਮੇਲਿਆਂ ਵਿੱਚ ਉਸ ਦੀ ‘ਲੋਕ-ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।’ ਮੇਲੇ ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੀ ਨਹੀਂ ਹੁੰਦੇ ਸਗੋਂ ਇਹ ਸਾਡੇ ਧਾਰਮਿਕ ਤੇ ਕਲਾਤਮਿਕ ਭਾਵਾਂ ਨੂੰ ਵੀ ਤ੍ਰਿਪਤ ਕਰਦੇ ਹਨ। ਮੇਲਿਆਂ ਵਿੱਚ ਕਿਸੇ ‘ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਅਤੇ ਇੱਕਸੁਰ ਹੋ ਕੇ ਗੂੰਜਦਾ ਹੈ।’ ਇਸ ਤਰ੍ਹਾਂ ਮੇਲਿਆਂ ਦਾ ਕਿਸੇ ਜਾਤੀ ਲਈ ਵਿਸ਼ੇਸ਼ ਮਹੱਤਵ ਹੁੰਦਾ ਹੈ।

ਪ੍ਰਸ਼ਨ 3. ਮੇਲਾ ਸ਼ਬਦ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ। ਦੱਸੋ ਕਿਵੇਂ?

ਉੱਤਰ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ।’ ਇਹੀ ਕਾਰਨ ਹੈ ਕਿ ਪੰਜਾਬੀਆਂ ਲਈ ਹਰ ਪਲ ਪੁਰਬ ਅਤੇ ਹਰ ਦਿਨ ਮੇਲਾ ਹੁੰਦਾ ਹੈ। ਇਸੇ ਲਈ ਦੂਸਰੇ ਪ੍ਰਾਂਤਾਂ ਦੇ ਲੋਕ ਆਖਦੇ ਹਨ ਕਿ ਪੰਜਾਬੀ ਤਾਂ ਦੁਨੀਆਂ ਵਿੱਚ ਆਏ ਹੀ ਮੇਲਾ ਮਨਾਉਣ ਲਈ ਹਨ। ਜਿੱਥੇ ਵੀ ਚਾਰ-ਛੇ ਪੰਜਾਬੀ ਜੁੜ ਜਾਂਦੇ ਹਨ ਉਹ ਚੱਲਦਾ-ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੱਚ- ਮੁੱਚ ਹੀ ਕੋਈ ਮੇਲਾ ਹੋਵੇ ‘ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।’ ਮੇਲੇ ਵਿੱਚ ਪੰਜਾਬੀ ਸੱਚ-ਮੁੱਚ ਹੀ ਲਾੜਾ ਬਣਿਆ ਹੁੰਦਾ ਹੈ। ਉਹਦਾ ਆਪਾ ਜਿਵੇਂ ਘੋੜੀ ਚੜ੍ਹਿਆ ਹੁੰਦਾ ਹੈ। ਇਹ ਮੇਲੇ ਨਿਰੰਤਰ ਚੱਲਦੇ ਰਹਿੰਦੇ ਹਨ ਅਤੇ ਪੰਜਾਬੀ ਸਾਰਾ ਸਾਲ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ‘ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੈ।

ਪ੍ਰਸ਼ਨ 4. ਪੰਜਾਬ ਦੇ ਮੇਲਿਆਂ ਦੀ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ?

ਉੱਤਰ : ਪੰਜਾਬ ਦੇ ਮੇਲਿਆਂ ਦੀ ਕਈ ਪੱਖਾਂ ਤੋਂ ਵਿਸ਼ੇਸ਼ਤਾ ਹੈ। ਪੰਜਾਬ ਦੇ ਮੇਲਿਆਂ ਤੋਂ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਪ੍ਰਤਿਬਿੰਬਤ ਹੁੰਦੀ ਹੈ। ‘ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ।’ ਉਹਦਾ ਆਪਾ ਜਿਵੇਂ ਘੋੜੀ ਚੜ੍ਹਿਆ ਹੁੰਦਾ ਹੈ।

ਪੰਜਾਬ ਦੇ ਮੇਲਿਆਂ ਦੀ ਬਹੁਰੰਗਤਾ ਪੰਜਾਬੀਆਂ ਦੇ ਬਹੁਪੱਖੀ ਜੀਵਨ ਦਾ ਹੁੰਗਾਰਾ ਭਰਦੀ ਹੈ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਉਣਾ ਹੋਣ ਤੋਂ ਬਿਨਾਂ ਇਹ ਸੱਭਿਆਚਾਰਿਕ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬ ਦੇ ਲੋਕ ਹਰ ਮੇਲੇ ‘ਤੇ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਭਰਪੂਰ ਬਜ਼ਾਰ ਲੱਗਿਆ ਹੁੰਦਾ ਹੈ। ਇੱਥੇ ਖਾਣ-ਪੀਣ ਦੀਆਂ ਵੱਖ-ਵੱਖ ਚੀਜ਼ਾਂ ਤੋਂ ਬਿਨਾਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ; ਜਿਵੇਂ— ਚੂੜੀਆਂ, ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਅਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਅਤੇ ਸ਼ਿਲਪੀ ਆਪਣੀਆਂ ਸੁੰਦਰ ਕਲਾ-ਕਿਰਤਾਂ ਮੇਲੇ ਵਿੱਚ ਲਿਆ ਕੇ ਉਹਨਾਂ ਦੀ ਖ਼ੂਬਸੂਰਤੀ ਨੂੰ ਨਿਖਾਰਦੇ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਮੇਲਿਆਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ।

ਪ੍ਰਸ਼ਨ 5. ਪੰਜਾਬ ਦੇ ਮੌਸਮੀ ਮੇਲਿਆਂ ਦੇ ਹੋਂਦ ਵਿੱਚ ਆਉਣ ਬਾਰੇ ਜਾਣਕਾਰੀ ਦਿੰਦਿਆਂ ਦੱਸੋ ਕਿ ਪੰਜਾਬ ਦੇ ਮੌਸਮੀ ਮੇਲੇ ਕਿਹੜੇ ਹਨ?

ਉੱਤਰ : ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧ ਰੱਖਦੇ ਹਨ। ਇਹ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ। ਮੌਸਮੀ ਮੇਲੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ ਹਨ। ਹਰ ਨਵੀਂ ਰੁੱਤ ਆਪਣੇ ਨਾਲ ਨਵੇਂ ਕੁਦਰਤੀ ਵਾਤਾਵਰਨ ਨੂੰ ਲਿਆਉਂਦੀ ਹੋਈ ਜੀਵਨ ਵਿੱਚ ਨਵਾਂ ਸਾਹਸ ਭਰਦੀ ਹੈ। ਰੁੱਤਾਂ ਵਿੱਚੋਂ ਸਭ ਤੋਂ ਸੁੰਦਰ ਰੁੱਤ ਬਸੰਤ ਦੀ ਹੈ। ਇਸ ਰੁੱਤ ਵਿੱਚ ਮਾਘ ਸੁਦੀ ਪੰਜ ਨੂੰ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਭਰ ਵਿੱਚ ਮਨਾਇਆ ਜਾਂਦਾ ਹੈ। ਅਨੇਕਾਂ ਥਾਂਵਾਂ ‘ਤੇ ਬਸੰਤ ਦੇ ਨਿੱਕੇ-ਵੱਡੇ ਮੇਲੇ ਲੱਗਦੇ ਹਨ। ਰੰਗਾਂ ਦਾ ਤਿਉਹਾਰ ਹੋਲੀ ਫੱਗਣ ਮਹੀਨੇ ਵਿੱਚ ਆਉਂਦਾ ਹੈ। ਇਹ ਤਿਉਹਾਰ ਵੀ ਬਹਾਰ ਦੀ ਰੁੱਤ ਨਾਲ ਸੰਬੰਧਿਤ ਹੈ। ਤੀਆਂ ਦੇ ਮੇਲੇ ਵਰਖਾ ਰੁੱਤ (ਸਾਵਣ) ਵਿੱਚ ਲੱਗਦੇ ਹਨ। ਇਸ ਤਰ੍ਹਾਂ ਮੌਸਮੀ ਮੇਲੇ ਬਦਲਦੀਆਂ ਰੁੱਤਾਂ ਜਾਂ ਬਦਲਦੇ ਮੌਸਮਾਂ ਨਾਲ ਸੰਬੰਧਿਤ ਹਨ।

ਪ੍ਰਸ਼ਨ 6. ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ।

ਉੱਤਰ : ਮੌਸਮੀ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ। ਮੌਸਮੀ ਮੇਲੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ। ਰੁੱਤਾਂ ਵਿੱਚੋਂ ਸਭ ਤੋਂ ਸੁੰਦਰ ਰੁੱਤ ਬਸੰਤ ਦੀ ਹੈ। ਇਸੇ ਰੁੱਤ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬਸੰਤ, ਹੋਲੀ ਅਤੇ ਤੀਆਂ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ। ਹੋਲੀ ਦੇ ਸੰਬੰਧ ਵਿੱਚ ਫੱਗਣ ਵਿੱਚ ਮੇਲੇ ਲੱਗਦੇ ਹਨ। ਤੀਆਂ ਦੇ ਮੇਲੇ ਸਾਵਣ ਮਹੀਨੇ ਵਿੱਚ ਜੁੜਦੇ ਹਨ।

ਬਸੰਤ-ਪੰਚਮੀ : ਮੌਸਮੀ ਤਿਉਹਾਰਾਂ/ਮੇਲਿਆਂ ਵਿੱਚ ਬਸੰਤ ਪੰਚਮੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਮੇਂ ਬਹਾਰ ਦੀ ਰੁੱਤ ਖ਼ੁਸ਼ੀਆਂ ਵੰਡਦੀ ਹੈ।

ਬਸੰਤ-ਪੰਚਮੀ ਦਾ ਤਿਉਹਾਰ ਮਾਘ ਸੁਦੀ ਪੰਜ ਨੂੰ ਬੜੇ ਚਾਅ ਤੇ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੇਕਾਂ ਥਾਂਵਾਂ ‘ਤੇ ਨਿੱਕੇ-ਵੱਡੇ ਮੇਲੇ ਲੱਗਦੇ ਹਨ। ਪਟਿਆਲੇ ਅਤੇ ਛੇਹਰਟੇ ਦੀ ਬਸੰਤ-ਪੰਚਮੀ ਬਹੁਤ ਪ੍ਰਸਿੱਧ ਹੈ। ਦੇਸ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਹਕੀਕਤ ਰਾਏ ਦੀ ਸਮਾਧ ‘ਤੇ ਬਸੰਤ ਦਾ ਇੱਕ ਵੱਡਾ ਮੇਲਾ ਲੱਗਦਾ ਸੀ। ਬਸੰਤ ਵਾਲੇ ਦਿਨ ਮੁੰਡੇ ਪੀਲੀਆਂ ਪੱਗਾਂ ਬੰਨ੍ਹਦੇ ਹਨ ਤੇ ਕੁੜੀਆਂ ਪੀਲੀਆਂ ਚੁੰਨੀਆਂ ਲੈਂਦੀਆਂ ਹਨ। ਇਸ ਦਿਨ ਪੀਲਾ ਕੜਾਹ ਜਾਂ ਪੀਲੇ ਚੌਲ ਬਣਾਏ ਜਾਂਦੇ ਹਨ। ਇਸ ਤਰ੍ਹਾਂ ਬਸੰਤ ਦਾ ਮੌਸਮੀ ਮੇਲਿਆਂ ਵਿੱਚ ਵਿਸ਼ੇਸ਼ ਮਹੱਤਵ ਹੈ।

ਪ੍ਰਸ਼ਨ 7. ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ-ਪੂਜਾ ਨਾਲ ਸੰਬੰਧਿਤ ਕਿਹੜੇ ਮੇਲੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਨਣ ਕਰੋ।

ਉੱਤਰ : ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆਉਂਦੀ ਸਰਪ-ਪੂਜਾ ਦੀ ਦੇਣ ਹਨ। ਪਹਿਲੇ ਸਮਿਆਂ ਵਿੱਚ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸਾਨ ਨਾਗ-ਪੂਜਾ ਕਰਿਆ ਕਰਦੇ ਸਨ ਅਤੇ ਖੇਤਾਂ ਦੇ ਨੇੜੇ ਮੇਲੇ ਵੀ ਲੱਗਦੇ ਸਨ। ਇਹ ਮੇਲੇ ‘ਨਾਗ-ਮਾਹਾ’ ਅਖਵਾਉਂਦੇ ਸਨ।

ਪੰਜਾਬ ਵਿੱਚ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ। ਗੁੱਗੇ ਦੀ ਪੂਜਾ ਸਰਪ-ਪੂਜਾ ਦਾ ਹੀ ਸੁਧਰਿਆ ਹੋਇਆ ਰੂਪ ਹੈ। ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ।’ ਗੁੱਗੇ ਦੀ ਯਾਦ ਵਿੱਚ ਇੱਕ ਵੱਡਾ ਮੇਲਾ (ਛਪਾਰ ਦਾ ਮੇਲਾ) ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛਪਾਰ ਵਿੱਚ ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ। ਇਸ ਪਿੰਡ ਦੀ ਦੱਖਣੀ ਗੁੱਠ ਵਿੱਚ ਗੁੱਗੇ ਪੀਰ ਦੀ ਇੱਕ ਮਾੜੀ ਹੈ। ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਇਸ ਮਾੜੀ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਤੋਂ ਹੀ ਇਹ ਮੇਲਾ ਚੱਲਿਆ ਆ ਰਿਹਾ ਹੈ। ਇਸ ਮੇਲੇ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਦੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ-ਪੂਜਾ ਨਾਲ ਵੀ ਕੁਝ ਮੇਲੇ ਸੰਬੰਧਿਤ ਹਨ।

ਪ੍ਰਸ਼ਨ 8. ਛਪਾਰ ਦੇ ਮੇਲੇ ਦਾ ਸੰਖੇਪ ਵਰਨਣ ਕਰੋ।

ਉੱਤਰ : ਛਪਾਰ ਦੇ ਮੇਲੇ ਦਾ ਸੰਬੰਧ ਗੁਗੇ ਨਾਲ ਹੈ। ਇਹ ਮੇਲਾ ਗੁੱਗੇ ਦੀ ਯਾਦ ਵਿੱਚ ਲੁਧਿਆਣਾ ਜ਼ਿਲ੍ਹੇ ਵਿੱਚ ਪਿੰਡ ਛਪਾਰ ਵਿਖੇ ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ। ਪਿੰਡ ਦੀ ਦੱਖਣੀ ਗੁੱਠ ਵਿੱਚ ਗੁੱਗੇ ਪੀਰ ਦੀ ਇੱਕ ਮਾੜੀ ਹੈ। ਇਹ ਮਾੜੀ 1880 ਬਿਕਰਮੀ ਵਿੱਚ ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ ਸਥਾਪਿਤ ਕੀਤੀ ਸੀ। ਉਸ ਸਮੇਂ ਤੋਂ ਹੀ ਇਹ ਮੇਲਾ ਲੱਗਦਾ ਆ ਰਿਹਾ ਹੈ। ਇਸ ਮੇਲੇ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਇਸ ਮੇਲੇ ਵਿੱਚ ਪੰਜਾਬੀਆਂ ਨੂੰ ਉਹਨਾਂ ਦੇ ਪੂਰੇ ਰੰਗ ਵਿੱਚ ਦੇਖਿਆ ਜਾ ਸਕਦਾ ਹੈ।

ਪ੍ਰਸ਼ਨ 9. ਦੇਵੀ ਮਾਤਾ ਨਾਲ ਸੰਬੰਧਿਤ ਮੇਲਿਆਂ ਦਾ ਵਰਨਣ ਕਰੋ।

ਉੱਤਰ : ਦੇਵੀ ਮਾਤਾ ਨਾਲ ਸੰਬੰਧਿਤ ਕੁਝ ਮੇਲੇ ਵੀ ਵਰਨਣਯੋਗ ਹਨ। ਕੁਝ ਮੇਲੇ ਦੇਵੀ ਮਾਤਾ ਨੂੰ ਪਤਿਆਉਣ ਲਈ ਲੱਗਦੇ ਹਨ। ਦੇਵੀ ਮਾਤਾ ਦੀ ਪੂਜਾ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ। ਦੇਵੀ ਮਾਤਾ ਦੀ ਪੂਜਾ ਮੈਦਾਨੀ ਇਲਾਕੇ ਦੇ ਮੁਕਾਬਲੇ ਪਹਾੜੀ ਇਲਾਕੇ ਵਿੱਚ ਜ਼ਿਆਦਾ ਚਲਿਤ ਹੈ। ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ ਅਤੇ ਮਨਸਾ ਦੇਵੀ ਦੇ ਸਥਾਨਾਂ ‘ਤੇ ਚੇਤਰ ਅਤੇ ਅੱਸੂ ਮਹੀਨਿਆਂ ਦੇ ਨਰਾਤਿਆਂ ਵਿੱਚ ਮੇਲੇ ਲੱਗਦੇ ਹਨ। ਸੀਤਲਾ ਦੇਵੀ ਨਾਲ ਸੰਬੰਧਿਤ ਇੱਕ ਮੇਲਾ ਪਿੰਡ ਜਰਗ ਵਿੱਚ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਸੀਤਲਾ ਦੇਵੀ ਨੂੰ ਪਤਿਆਉਣ ਲਈ ਲੱਗਦਾ ਹੈ।

ਪ੍ਰਸ਼ਨ 10. ਜਰਗ ਦੇ ਮੇਲੇ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਇਹ ਮੇਲਾ ਜਰਗ ਪਿੰਡ ਵਿੱਚ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਲੱਗਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸੀਤਲਾ ਦੇਵੀ ਦੇ ਪ੍ਰਵੇਸ਼ ਨਾਲ ਨਿਕਲਦੇ ਹਨ। ਸੀਤਲਾ ਦੇਵੀ ਨੂੰ ਖ਼ੁਸ਼ ਰੱਖਣ ਲਈ ਕਈ ਉਪਾਅ ਕੀਤੇ ਜਾਂਦੇ ਹਨ। ਜਿਨ੍ਹਾਂ ਮਾਂਵਾਂ ਦੇ ਬੱਚੇ ਅਰੋਗ ਹੋ ਜਾਂਦੇ ਹਨ ਉਹ ਉਚੇਚੇ ਤੌਰ ‘ਤੇ ਜਰਗ ਦੇ ਮੇਲੇ ‘ਤੇ ਸੁੱਖਣਾ ਦੇਣ ਲਈ ਆਉਂਦੀਆਂ ਹਨ। ਜਰਗ ਦਾ ਮੇਲਾ ਇੱਕ ਟੋਭੇ ਦੁਆਲੇ ਲੱਗਦਾ ਹੈ। ਮਾਤਾ ਦੇ ਭਗਤ ਟੋਭੇ ਵਿੱਚੋਂ ਮਿੱਟੀ ਕੱਢ ਕੇ ਇੱਕ ਮਟੀਲਾ ਜਿਹਾ ਖੜਾ ਕਰ ਲੈਂਦੇ ਹਨ ਜਿਸ ਨੂੰ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਦੇਵੀ ਮਾਤਾ ਨੂੰ ਬੇਹੇ ਗੁਲਗੁਲੇ (ਬਹਿੜੀਏ) ਭੇਟ ਕੀਤੇ ਜਾਂਦੇ ਹਨ ਜਿਸ ਕਾਰਨ ਇਸ ਨੂੰ ‘ਬਹਿੜੀਏ ਦਾ ਮੇਲਾ’ ਕਿਹਾ ਜਾਣ ਲੱਗਾ। ਸੁੱਖਾਂ ਦੇਣ ਵਾਲੇ ਮੇਲੇ ਦੀ ਪੂਰਵ ਸੰਧਿਆ ‘ਤੇ ਦੇਵੀ ਮਾਤਾ ਨੂੰ ਭੇਟ ਕਰਨ ਲਈ ਗੁਲਗੁਲੇ ਪਕਾ ਕੇ ਪਹਿਲਾਂ ਸੀਤਲਾ ਮਾਤਾ ਦੇ ਵਾਹਨ ਖੋਤੇ ਨੂੰ ਖੁਆਉਂਦੇ ਹਨ। ਇਸ ਮੇਲੇ ਵਿੱਚ ਖੋਤਿਆਂ ਦੀ ਬਹੁਤ ਕਦਰ ਹੁੰਦੀ ਹੈ। ਘੁਮਿਆਰ ਖੋਤਿਆਂ ਨੂੰ ਉਚੇਚੇ ਤੌਰ ‘ਤੇ ਸਜਾ-ਸ਼ਿੰਗਾਰ ਕੇ ਲਿਆਉਂਦੇ ਹਨ।

ਪ੍ਰਸ਼ਨ 11. ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ? ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ।

ਉੱਤਰ : ਦੇਵੀ ਮਾਤਾ ਨੂੰ ਪਤਿਆਉਣ ਲਈ ਵੀ ਕੁਝ ਮੇਲੇ ਲੱਗਦੇ ਹਨ। ਮੁੱਢ-ਕਦੀਮ ਤੋਂ ਹੀ ਦੇਵੀ ਮਾਤਾ ਦੀ ਪੂਜਾ ਹੁੰਦੀ ਆ ਰਹੀ ਹੈ। ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਵਿੱਚੋਂ ਇੱਕ ਦੇਵੀ ਮਾਤਾ ਦੀਆਂ ਵੀ ਕੁਝ ਮੂਰਤੀਆਂ ਮਿਲੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਦੇਵੀ ਮਾਤਾ ਦੀ ਪੂਜਾ ਪੁਰਾਤਨ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ ਅਤੇ ਮਨਸਾ ਦੇਵੀ ਦੇ ਸਥਾਨਾਂ ‘ਤੇ ਚੇਤਰ ਅਤੇ ਅੱਸੂ ਦੇ ਮਹੀਨਿਆਂ ਵਿੱਚ ਮੇਲੇ ਲੱਗਦੇ ਹਨ।

ਜਰਗ ਦਾ ਮੇਲਾ : ‘ਜਰਗ ਦਾ ਮੇਲਾ’ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਲੱਗਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸੀਤਲਾ ਦੇਵੀ ਦੇ ਪ੍ਰਵੇਸ਼ ਨਾਲ ਨਿਕਲਦੇ ਹਨ। ਇਸ ਲਈ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ। ਜਿਨ੍ਹਾਂ ਮਾਵਾਂ ਦੇ ਬੱਚੇ ਠੀਕ (ਅਰੋਗ) ਹੋ ਜਾਂਦੇ ਹਨ ਉਹ ਵਿਸ਼ੇਸ਼ ਤੌਰ ‘ਤੇ ਇੱਥੇ ਸੁੱਖਣਾ ਦੇਣ ਆਉਂਦੀਆਂ ਹਨ। ਦੇਵੀ ਮਾਤਾ ਨੂੰ ਬਹਿੜੀਏ (ਬੇਹੇ ਗੁਲਗੁਲੇ) ਭੇਟ ਕੀਤੇ ਜਾਂਦੇ ਹਨ ਜਿਸ ਕਾਰਨ ਇਸ ਨੂੰ ‘ਬਹਿੜੀਏ ਦਾ ਮੇਲਾ’ ਕਿਹਾ ਜਾਣ ਲੱਗਾ। ਸੁੱਖਾਂ ਦੇਣ ਵਾਲੇ ਮੇਲੇ ਦੀ ਪੂਰਬ ਸੰਧਿਆ ‘ਤੇ ਦੇਵੀ ਮਾਤਾ ਨੂੰ ਭੇਂਟ ਕਰਨ ਲਈ ਗੁਲਗੁਲੇ ਚੜਾ ਕੇ ਪਹਿਲਾਂ ਸੀਤਲਾ ਮਾਤਾ ਦੇ ਵਾਹਨ ਖੋਤੇ ਨੂੰ ਖਵਾਉਂਦੇ ਹਨ। ਘੁਮਿਆਰ ਖੋਤਿਆਂ ਨੂੰ ਉਚੇਚੇ ਤੌਰ ‘ਤੇ ਸ਼ਿੰਗਾਰ ਕੇ ਲਿਆਉਂਦੇ ਹਨ। ਲੋਕ ਇਹਨਾਂ ਨੂੰ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਭੇਟ ਕਰਦੇ ਹਨ।

ਪ੍ਰਸ਼ਨ 12. ‘ਜਗਰਾਵਾਂ ਦੀ ਰੋਸ਼ਨੀ’ ਮੇਲੇ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਜਗਰਾਵਾਂ ਵਿਖੇ ਹਰ ਸਾਲ 14 ਤੋਂ 16 ਫੱਗਣ ਤੱਕ ਪ੍ਰਸਿੱਧ ਸੂਫ਼ੀ ਫ਼ਕੀਰ ਅਬਦੁੱਲ ਕਾਦਰ ਜਿਲਾਨੀ ਦੀ ਕਬਰ ‘ਤੇ ਰੋਸ਼ਨੀ ਦਾ ਮੇਲਾ ਲੱਗਦਾ ਹੈ। ਇਹ ਮੇਲਾ ਭਾਵੇਂ ਮੁਸਲਮਾਨੀ ਮੁੱਢ ਦਾ ਹੈ ਪਰ ਇਲਾਕੇ ਦੇ ਹਿੰਦੂ-ਸਿੱਖ ਵੀ ਹੁੰਮ-ਹੁੰਮਾ ਕੇ ਇਸ ਮੇਲੇ ਵਿੱਚ ਸ਼ਾਮਲ ਹੁੰਦੇ ਹਨ। ਦੇਸ ਦੀ ਵੰਡ ਤੋਂ ਬਾਅਦ ਭਾਵੇਂ ਮੁਸਲਮਾਨ ਪੰਜਾਬ ਵਿੱਚੋਂ ਹਿਜਰਤ ਕਰ ਗਏ ਪਰ ਇਸ ਤੋਂ ਬਾਅਦ ਵੀ ਇਹ ਮੇਲਾ ਪਹਿਲਾਂ ਵਾਂਗ ਅਤੇ ਉਸੇ ਜੋਸ਼ ’ਤੇ ਉਤਸ਼ਾਹ ਨਾਲ ਲਗਾਤਾਰ ਲੱਗ ਰਿਹਾ ਹੈ। ਇਸ ਮੇਲੇ ਦੇ ਦਿਨਾਂ ਵਿੱਚ ਪੀਰ ਦੀ ਕਬਰ ‘ਤੇ ਅਨੇਕਾਂ ਚਿਰਾਗ਼ ਬਾਲੇ ਜਾਣ ਕਾਰਨ ਇਸ ਮੇਲੇ ਦਾ ਨਾਂ ‘ਰੋਸ਼ਨੀ’ ਪੈ ਗਿਆ।

ਪ੍ਰਸ਼ਨ 13. ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲੱਗਦੇ ਹਨ? ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ।

ਉੱਤਰ : ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ, ਉਹਨਾਂ ਦੇ ਪਵਿੱਤਰ ਸਥਾਨਾਂ ‘ਤੇ ਖ਼ਾਸ-ਖ਼ਾਸ ਤਿਥਾਂ ‘ਤੇ ਮੇਲੇ ਲੱਗਦੇ ਰਹਿੰਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਖੇ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਸੀ। ਲਾਹੌਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਡੇਹਰਾ ਸਾਹਿਬ ਵਿਖੇ ਜੋੜ-ਮੇਲਾ ਲੱਗਦਾ ਸੀ। ਭਾਰਤੀ ਪੰਜਾਬ ਵਿੱਚ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਆਦਿ ਸਥਾਨਾਂ ‘ਤੇ ਮੇਲੇ ਲੱਗਦੇ ਹਨ।

ਹੋਲਾ ਮਹੱਲਾ : ਚੇਤ ਵਦੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ‘ਤੇ ਇੱਕ ਭਾਰੀ ਮੇਲਾ ਲੱਗਦਾ ਹੈ ਜਿਸ ਨੂੰ ‘ਹੋਲਾ-ਮਹੱਲਾ’ ਆਖਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਸ਼ਸਤਰ ਵਿੱਦਿਆ ਅਤੇ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਫਰਜ਼ੀ/ਨਕਲੀ ਲੜਾਈ ਕਰਵਾਉਂਦੇ ਤੇ ਬਹਾਦਰ ਯੋਧਿਆਂ ਨੂੰ ਸਰੋਪੇ ਬਖਸ਼ਦੇ ਸਨ। ਉਦੋਂ ਤੋਂ ਹੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲਾ-ਮਹੱਲਾ ਮਨਾਇਆ ਜਾਣ ਲੱਗਾ।

ਪ੍ਰਸ਼ਨ 14. ਸ੍ਰੀ ਮੁਕਤਸਰ ਸਾਹਿਬ ਦੇ ਮੇਲੇ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਮਾਘੀ ਵਾਲੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਪ੍ਰਸਿੱਧ ਮੇਲਾ ਲੱਗਦਾ ਹੈ। 1705 ਈ. ਵਿੱਚ ਮੁਗ਼ਲ ਫ਼ੌਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਮਾਲਵੇ ਦੇ ਇਲਾਕੇ ਵਿੱਚ ਆਈਆਂ ਤਾਂ ਸਿੰਘਾਂ ਨੇ ਖਿਦਰਾਣੇ (ਅਜੋਕਾ ਸ੍ਰੀ ਮੁਕਤਸਰ ਸਾਹਿਬ) ਦੇ ਤਾਲ ਦੇ ਕੰਢੇ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਇਸ ਯੁੱਧ ਵਿੱਚ ਚਾਲੀ ਸਿੰਘ ਸ਼ਹੀਦ ਹੋਏ। ਇਹ ਸਿੰਘ ਪਹਿਲਾਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਗਏ ਸਨ। ਗੁਰੂ ਜੀ ਨੇ ਜਥੇਦਾਰ ਮਹਾਂ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਅਤੇ ਉਹਨਾਂ ਨਾਲ ਟੁੱਟੀ ਮੁੜ ਗੰਢੀ। ਗੁਰੂ ਜੀ ਨੇ ਇਹਨਾਂ ਸ਼ਹੀਦ ਸਿੰਘਾਂ ਨੂੰ ਮੁਕਤੇ ਆਖ ਕੇ ਸਨਮਾਨਿਆ ਅਤੇ ਇਸ ਥਾਂ ਦਾ ਨਾਂ ਮੁਕਤਸਰ ਰੱਖਿਆ। ‘ਮਾਘੀ ਵਾਲੇ ਦਿਨ ਸੰਗਤਾਂ ਹੁੰਮ-ਹੁੰਮਾ ਕੇ ਇੱਥੇ ਆਉਂਦੀਆਂ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ।

ਪ੍ਰਸ਼ਨ 15. ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ-ਮਹੱਲੇ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਹੋਲੀ ਤੋਂ ਅਗਲੇ ਦਿਨ, ਚੇਤ ਵਦੀ ਪਹਿਲੀ ਨੂੰ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਦੇ ਸਥਾਨ ਉੱਤੇ ਇੱਕ ਮੇਲਾ ਭਰਦਾ ਹੈ ਜਿਸ ਲਾਜ਼ਮੀ ਪੰਜਾਬੀ (ਬਾਰ੍ਹਵੀਂ) ਨੂੰ ਹੋਲਾ-ਮਹੱਲਾ ਕਹਿੰਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਸ਼ਸਤਰ-ਵਿੱਦਿਆ ਅਤੇ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਫਰਜ਼ੀ/ਨਕਲੀ ਲੜਾਈ ਕਰਵਾਉਂਦੇ ਅਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਦਿੰਦੇ ਸਨ। ਉਦੋਂ ਤੋਂ ਹੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲਾ-ਮਹੱਲਾ ਮਨਾਇਆ ਜਾਣ ਲੱਗਾ।

ਪ੍ਰਸ਼ਨ 16. ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?

ਉੱਤਰ : ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਪੁਰਬ ਇਕਾਦਸੀ, ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ ਆਉਂਦੇ ਹਨ। ਚੇਤਰ ਮਹੀਨੇ ਦੀ ਏਕਮ ਨੂੰ ਨਵਾਂ ਸੰਮਤ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕਾਂ ਵੱਲੋਂ ਕੰਜਕਾਂ ਬਿਠਾਈਆਂ ਜਾਂਦੀਆਂ ਹਨ। ਚੇਤਰ ਸੁਦੀ ਨੌਂਵੀਂ ਨੂੰ ਰਾਮ ਨੌਂਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਵਣ ਮਹੀਨੇ ਦੀ ਤੀਜੀ ਤਿਥ ਨੂੰ ਤੀਆਂ, ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਅਤੇ ਭਾਦਰੋਂ ਮਹੀਨੇ ਵਿੱਚ ਗੁੱਗਾ ਨੌਂਵੀਂ ਆਉਂਦੀ ਹੈ। ਭਾਦਰੋਂ ਦੀ ਕ੍ਰਿਸ਼ਨਾ ਪੱਖ ਦੀ ਅੱਠਵੀਂ ਨੂੰ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਪਿੱਤਰਾਂ ਪ੍ਰਤਿ ਸ਼ਰਧਾ ਪ੍ਰਗਟਾਉਣ ਲਈ ਸਾਧ ਕੀਤੇ ਜਾਂਦੇ ਹਨ। ਸਾਧਾਂ ਦੇ ਮੁੱਕਦਿਆਂ ਹੀ ਨਰਾਤੇ ਸ਼ੁਰੂ ਹੁੰਦੇ ਹਨ। ਦਸਵੀਂ ਵਾਲ਼ੇ ਦਿਨ ਦਸਹਿਰੇ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ, ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਰਵਾਚੋਥ, ਚਾਰ ਦਿਨ ਬਾਅਦ ਅਹੋਈ ਮਾਤਾ ਦਾ ਵਰਤ ਅਤੇ ਕੱਤਕ ਦੀ ਮੱਸਿਆ ਨੂੰ ਦਿਵਾਲ਼ੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਅਤੇ ਇਸ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ। ਇਸ ਨੂੰ ‘ਮਕਰ ਸੰਕ੍ਰਾਂਤੀ’ ਵੀ ਕਹਿੰਦੇ ਹਨ। ਫੱਗਣ ਮਹੀਨੇ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਮਨਾਇਆ ਜਾਂਦਾ ਹੈ।

ਪ੍ਰਸ਼ਨ 17. ਚੇਤਰ ਮਹੀਨੇ ਦੇ ਤਿਉਹਾਰਾਂ ਦਾ ਸੰਖੇਪ ਵੇਰਵਾ ਦਿਓ।

ਉੱਤਰ : ਚੇਤਰ ਮਹੀਨੇ ਦੀ ਏਕਮ ਤੋਂ ਪੰਜਾਬ ਵਿੱਚ ਨਵਾਂ ਵਰ੍ਹਾ ਸ਼ੁਰੂ ਹੁੰਦਾ ਹੈ। ਇਸ ਦਿਨ ਨੂੰ ਨਵੇਂ ਸੰਮਤ ਵਜੋਂ ਮਨਾਇਆ ਜਾਂਦਾ ਹੈ। ਇਸ ਰੁੱਤੇ ਬਹਾਰ ਆਪਣੇ ਭਰ ਜੋਬਨ ਵਿੱਚ ਹੁੰਦੀ ਹੈ। ਇਸ ਦਿਨ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲ਼ਾਂ ਭੁੰਨ ਕੇ ਖਾਧੀਆਂ ਜਾਂਦੀਆਂ ਹਨ। ਇਸ ਨੂੰ ‘ਅੰਨ ਨਵਾਂ ਕਰਨਾ’ ਕਿਹਾ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸਕ ਕੰਜਕਾਂ ਬਿਠਾਉਂਦੇ ਹਨ। ਇਸ ਦਿਨ ਕੁਆਰੀਆਂ ਕੁੜੀਆਂ (ਕੰਜਕਾਂ) ਨੂੰ ਦੇਵੀ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਹੈ। ਉਹਨਾਂ ਨੂੰ ਕੜਾਹ-ਪੂੜੀਆਂ ਅਤੇ ਕੁਝ ਪੈਸੇ ਦੱਖਣਾ ਵੱਜੋਂ ਦਿੱਤੇ ਜਾਂਦੇ ਹਨ। ਚੇਤਰ ਸੁਦੀ ਨੌਂ ਨੂੰ ਰਾਮ ਚੰਦਰ ਜੀ ਦੇ ਜਨਮ ਦੇ ਸੰਬੰਧ ਵਿੱਚ ਰਾਮ-ਨੌਂਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਪ੍ਰਸ਼ਨ 18. ਸਾਵਣ ਮਹੀਨੇ ਵਿੱਚ ਮਨਾਏ ਜਾਂਦੇ ਤਿਉਹਾਰਾਂ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਸਾਵਣ ਮਹੀਨੇ ਦੀ ਸੁਹਾਵਣੀ ਰੁੱਤ ਵਿੱਚ ਮਨਾਏ ਜਾਂਦੇ ਤਿਉਹਾਰਾਂ ਵਿੱਚ ਤੀਆਂ ਅਤੇ ਰੱਖੜੀ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ। ਤੀਆਂ ਸਾਵਣ ਦੀ ਤੀਜੀ ਤਿਥ ਨੂੰ ਮਨਾਈਆਂ ਜਾਂਦੀਆਂ ਹਨ। ਨਵੀਆਂ ਵਿਆਹੀਆਂ ਕੁੜੀਆਂ ਖ਼ਾਸ ਉਤਸੁਕਤਾ ਨਾਲ ਤੀਆਂ ਦੀ ਉਡੀਕ ਕਰਦੀਆਂ ਹਨ। ਇਸ ਤਿਉਹਾਰ ‘ਤੇ ਕੁੜੀਆਂ ਪਿੱਪਲਾਂ ਹੇਠ ਪੀਂਘਾਂ ਪਾ ਕੇ ਝੂਟਦੀਆਂ ਅਤੇ ਤੀਆਂ ਦੇ ਗੀਤ ਗਾਉਂਦੀਆਂ ਹਨ। ਕਿਸੇ ਸਮੇਂ ਹਰ ਪਿੰਡ ਵਿੱਚ ਤੀਆਂ ਦਾ ਮੇਲਾ ਲੱਗਦਾ ਸੀ। ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਦਾ ਤਿਉਹਾਰ ਆਉਂਦਾ ਹੈ ਜੋ ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਪ੍ਰਤੀਕ ਹੈ। ਇਸ ਤਿਉਹਾਰ ‘ਤੇ ਭੈਣਾਂ ਬਹੁਤ ਚਾਅ ਨਾਲ ਆਪਣੇ ਭਰਾਵਾਂ ਦੀ ਵੀਣੀ ‘ਤੇ ਰੱਖੜੀ ਬੰਨ੍ਹਦੀਆਂ ਹਨ।

ਪ੍ਰਸ਼ਨ 19. ਭਾਦਰੋਂ ਦੇ ਮਹੀਨੇ ਦੇ ਤਿਉਹਾਰਾਂ ਦਾ ਸੰਖੇਪ ਵੇਰਵਾ ਦਿਓ।

ਉੱਤਰ : ਭਾਦਰੋਂ ਮਹੀਨੇ ਦੇ ਤਿਉਹਾਰਾਂ ਵਿੱਚ ਗੁੱਗਾ-ਨੌਂਵੀਂ ਅਤੇ ਜਨਮ-ਅਸ਼ਟਮੀ ਵਰਨਣਯੋਗ ਹਨ। ਗੁੱਗਾ-ਨੌਂਵੀਂ ਵਰਖਾ ਰੁੱਤ ਦਾ ਤਿਉਹਾਰ ਹੈ। ਲੋਕ-ਧਾਰਾ ਅਨੁਸਾਰ ਗੁੱਗਾ ਮੂਲ ਰੂਪ ਵਿੱਚ ਸੱਪਾਂ ਦਾ ਰਾਜਾ ਸੀ। ਗੁੱਗੇ ਨੂੰ ਪ੍ਰਸੰਨ ਕਰਨ ਲਈ ਗੁੱਗੇ ਦੇ ਭਗਤ ਸੱਪਾਂ ਦੀਆਂ ਖੁੱਡਾਂ ਵਿੱਚ ਕੱਚੀ ਲੱਸੀ ਪਾਉਂਦੇ ਹਨ। ਇਸ ਦਿਨ ਘਰਾਂ ਵਿੱਚ ਮਿੱਠੀਆਂ ਸੇਵੀਆਂ ਰਿੰਨ੍ਹੀਆਂ ਜਾਂਦੀਆਂ ਹਨ। ਭਾਦਰੋਂ ਮਹੀਨੇ ਦੀ ਕ੍ਰਿਸ਼ਨਾ ਪੱਖ ਦੀ ਅੱਠਵੀਂ ਨੂੰ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਵਿੱਚ ਅਵਤਾਰ ਧਾਰਨ ਕੀਤਾ ਸੀ।

ਪ੍ਰਸ਼ਨ 20. ਅੱਸੂ ਮਹੀਨੇ ਦੇ ਨਰਾਤਿਆਂ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਅੱਸੂ ਮਹੀਨੇ ਦੇ ਨਰਾਤੇ ਚਾਨਣ-ਪੱਖ ਦੀ ਏਕਮ ਤੋਂ ਨੌਂਵੀਂ ਤਿਥ ਤੱਕ ਹੁੰਦੇ ਹਨ। ਨਰਾਤਿਆਂ ਵਿੱਚ ਮਾਤਾ ਗੌਰਜਾਂ ਅਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਨਰਾਤੇ ਮੰਗਲ ਕਾਰਜਾਂ ਲਈ ਸ਼ੁੱਭ ਮੰਨੇ ਜਾਂਦੇ ਹਨ। ਪਹਿਲੇ ਨਰਾਤੇ ਨੂੰ ਕੁੜੀਆਂ ਘਰ ਦੀ ਕਿਸੇ ਨੁੱਕਰ ਵਿੱਚ ਜਾਂ ਕੋਰੇ ਕੁੱਜੇ ਵਿੱਚ ਜੌਂ ਬੀਜਦੀਆਂ ਹਨ। ਇਸ ਨੂੰ ‘ਖੇਤਰੀ’ ਜਾਂ ‘ਗੌਰਜਾਂ ਦੀ ਖੇਤੀ’ ਕਹਿੰਦੇ ਹਨ। ਸਾਂਝੀ ਦੇਵੀ ਦੀ ਪੂਜਾ ਲਈ ਪਹਿਲੇ ਨਰਾਤੇ ਨੂੰ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ‘ਤੇ ਸਾਂਝੀ ਮਾਈ ਦੀ ਮੂਰਤੀ ਬਣਾਈ ਜਾਂਦੀ ਹੈ। ਹਰ ਰੋਜ਼ ਸ਼ਾਮ ਨੂੰ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਦਸਹਿਰੇ ਵਾਲੇ ਦਿਨ ਸਰਘੀ ਵੇਲ਼ੇ ਸਾਂਝੀ ਮਾਈ ਦੀ ਮੂਰਤੀ ਕਿਸੇ ਟੋਭੇ ਜਾਂ ਨਦੀ ਵਿੱਚ ਜਲ-ਪ੍ਰਵਾਹ ਕਰ ਦਿੱਤੀ ਜਾਂਦੀ ਹੈ। ਨਰਾਤਿਆਂ ਦੇ ਦਿਨਾਂ ਵਿੱਚ ਕਸਬਿਆਂ ਅਤੇ ਸ਼ਹਿਰਾਂ ਵਿੱਚ ਰਾਮਲੀਲ੍ਹਾ ਖੇਡੀ ਜਾਂਦੀ ਹੈ।

ਪ੍ਰਸ਼ਨ 21. ਨਰਾਤਿਆਂ ਵਿੱਚ ਕੀਤੀ ਜਾਂਦੀ ਸਾਂਝੀ ਮਾਈ/ਦੇਵੀ ਦੀ ਪੂਜਾ ਬਾਰੇ ਜਾਣਕਾਰੀ ਦਿਓ।

ਉੱਤਰ : ਨਰਾਤਿਆਂ ਵਿੱਚ ਸਾਂਝੀ ਦੇਵੀ ਦੀ ਪੂਜਾ ਲਈ ਪਹਿਲੇ ਨਰਾਤੇ ਗੋਹੇ ਵਿੱਚ ਮਿੱਟੀ ਗੁੰਨ੍ਹ ਕੇ ਘਰ ਦੀ ਕਿਸੇ ਕੰਧ ‘ਤੇ ਸਾਂਝੀ ਮਾਈ ਦੀ ਮੂਰਤੀ ਬਣਾਈ ਜਾਂਦੀ ਹੈ। ਇਸ ਨੂੰ ਸਜਾਇਆ ਅਤੇ ਗਹਿਣਿਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਕਈ ਘਰਾਂ ਵਿੱਚ ਸਾਂਝੀ ਮਾਈ ਦੀ ਮੂਰਤੀ ਦੀ ਥਾਂ ਉਸ ਦਾ ਚਿੱਤਰ ਉਲੀਕਿਆ ਜਾਂਦਾ ਹੈ। ਸਾਂਝੀ ਮਾਈ ਦੀ ਮੂਰਤੀ ‘ਤੇ ਇਹ ਚਿੱਤਰ ਲੋਕ-ਕਲਾ ਦਾ ਸੋਹਣਾ ਨਮੂਨਾ ਹਨ। ਰੋਜ਼ਾਨਾ ਸ਼ਾਮ ਵੇਲ਼ੇ ਸਾਂਝੀ ਮਾਈ ਦੀ ਪੂਜਾ ਹੁੰਦੀ ਹੈ। ਦਸਹਿਰੇ ਵਾਲ਼ੇ ਦਿਨ ਸਾਂਝੀ ਮਾਈ ਦੀ ਮੂਰਤੀ ਨੂੰ ਸਰਘੀ ਵੇਲ਼ੇ ਕਿਸੇ ਟੋਭੇ ਜਾਂ ਨਦੀ ਨਾਲੇ ਵਿੱਚ ਜਲ-ਪ੍ਰਵਾਹ ਕਰ ਦਿੱਤਾ ਜਾਂਦਾ ਹੈ।

ਪ੍ਰਸ਼ਨ 22. ਕੱਤਕ ਮਹੀਨੇ ਵਿੱਚ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?

ਉੱਤਰ : ਕੱਤਕ ਦੇ ਮਹੀਨੇ ਵਿੱਚ ਸਭ ਤੋਂ ਵੱਡੇ ਤਿਉਹਾਰ ਮਨਾਏ ਜਾਂਦੇ ਹਨ। ਕੱਤਕ ਦੀ ਪੂਰਨਮਾਸ਼ੀ ਨੂੰ ਪੰਜਾਬ ਭਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਕੱਤਕ ਮਹੀਨੇ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ‘ਕਰਵਾ ਚੌਥ ਦਾ ਪੁਰਬ ਆਉਂਦਾ ਹੈ। ਇਸ ਦਿਨ ਸੁਹਾਗਣਾਂ ਨਿਰਜਲ ਵਰਤ ਰੱਖ ਕੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।

ਕੱਤਕ ਮਹੀਨੇ ਦਾ ਸਭ ਤੋਂ ਵੱਡਾ ਤਿਉਹਾਰ ਦਿਵਾਲ਼ੀ ਦਾ ਹੈ ਜੋ ਮੱਸਿਆ ਨੂੰ ਸਾਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ। ਜਦ ਸ੍ਰੀ ਰਾਮ ਚੰਦਰ ਜੀ ਰਾਵਣ ‘ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸੀਤਾ ਮਾਤਾ ਨੂੰ ਨਾਲ ਲੈ ਕੇ ਅਜੁੱਧਿਆ ਆਏ ਤਾਂ ਉਹਨਾਂ ਦੇ ਸੁਆਗਤ ਵਿੱਚ ਅਜੁੱਧਿਆ ਨਗਰੀ ਜਗਮਗਾ ਉੱਠੀ। ਇਸ ਤਿਉਹਾਰ ‘ਤੇ ਲੋਕ ਆਪਣੇ ਘਰਾਂ ਨੂੰ ਸ਼ਿੰਗਾਰਦੇ ਹਨ। ਰਾਤ ਸਮੇਂ ਘਰਾਂ ਦੇ ਦਰਵਾਜ਼ਿਆਂ ਅਤੇ ਕੋਠਿਆਂ ਦੇ ਬਨੇਰਿਆਂ ‘ਤੇ ਦੀਵਿਆਂ ਨੂੰ ਪਾਲਾਂ ਵਿੱਚ ਸਜਾ ਕੇ ਬਾਲਿਆ ਜਾਂਦਾ ਹੈ। ਇਸ ਰਾਤ ਲਕਸ਼ਮੀ ਦੇਵੀ ਦੀ ਪੂਜਾ ਕੀਤੀ ਜਾਂਦੀ ਹੈ। ਪੰਜਾਬ ਵਿੱਚ ਅੰਮ੍ਰਿਤਸਰ ਦੀ ਦਿਵਾਲੀ ਬਹੁਤ ਪ੍ਰਸਿੱਧ ਹੈ। ਸ੍ਰੀ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ (ਰੋਸ਼ਨੀ, ਠਾਠ-ਬਾਠ) ਦੇਖਣ ਵਾਲਾ ਹੁੰਦਾ ਹੈ।

ਪ੍ਰਸ਼ਨ 23. ਅੰਮ੍ਰਿਤਸਰ ਦੀ ਦਿਵਾਲ਼ੀ ਬਾਰੇ ਜਾਣਕਾਰੀ ਦਿਓ।

ਉੱਤਰ : ਪੰਜਾਬ ਵਿੱਚ ਅੰਮ੍ਰਿਤਸਰ ਦੀ ਦਿਵਾਲੀ ਪ੍ਰਸਿੱਧ ਹੈ। ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਿਵਾਲੀ ਦਾ ਜਲੌ ਦੇਖਣ ਵਾਲ਼ਾ ਹੁੰਦਾ ਹੈ। ਅੰਮ੍ਰਿਤਸਰ ਵਿੱਚ ਦਿਵਾਲੀ ਦਾ ਮੁੱਢ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਬੱਝਾ। ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ 52 ਰਾਜਿਆਂ ਨੂੰ ਬੰਦੀ ਤੋਂ ਛੁਡਵਾ ਕੇ ਅੰਮ੍ਰਿਤਸਰ ਪਹੁੰਚੇ ਤਾਂ ਉਸ ਦਿਨ ਸਬੱਬ ਨਾਲ ਦਿਵਾਲੀ ਸੀ। ਉਹਨਾਂ ਦੇ ਸੁਆਗਤ ਵਿੱਚ ਸਾਰਾ
ਸ਼ਹਿਰ ਤੇ ਸ੍ਰੀ ਹਰਿਮੰਦਰ ਸਾਹਿਬ ਜਗਮਗਾ ਉੱਠਿਆ। ਉਸ ਸਮੇਂ ਤੋਂ ਹੀ ਸ੍ਰੀ ਹਰਿਮੰਦਰ ਸਾਹਿਬ ਵਿੱਚ ਦਿਵਾਲ਼ੀ ਨੂੰ ਉਚੇਚੀ ਰੋਸ਼ਨੀ ਕੀਤੀ ਜਾਂਦੀ ਹੈ।

ਪ੍ਰਸ਼ਨ 24. ਲੋਹੜੀ ਦੇ ਤਿਉਹਾਰ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਪੋਹ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਕੁਝ ਦਿਨ ਪਹਿਲਾਂ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਲੋਹੜੀ ਦੇ ਗੀਤ ਅਲਾਪਦੇ, ਲੋਹੜੀ ਲਈ ਲੱਕੜਾਂ, ਗੋਹੇ ਤੇ ਢਿੱਗਰ ਆਦਿ ਇਕੱਠੇ ਕਰਦੇ ਹਨ। ‘ਸੁੰਦਰ ਮੁੰਦਰੀਏ’ ਗੀਤ ਵਿੱਚ ਦੁੱਲੇ ਭੱਟੀ ਦੀ ਇੱਕ ਜੀਵਨ-ਘਟਨਾ ਵੱਲ ਸੰਕੇਤ ਹੈ। ਉਂਞ ਤਾਂ ਲੋਹੜੀ ਵਾਲ਼ੀ ਰਾਤ ਨੂੰ ਹਰ ਗਲੀ ਮੁਹੱਲੇ ਵਿੱਚ ਹੀ ਲੋਹੜੀ ਬਾਲੀ ਜਾਂਦੀ ਹੈ ਪਰ ਜਿਸ ਘਰ ਪੁੱਤਰ ਪੈਦਾ ਹੋਇਆ ਹੋਵੇ ਜਾਂ ਜਿਸ ਘਰ ਨਵਾਂ ਵਿਆਹ ਹੋਇਆ ਹੋਵੇ, ਉਹ ਲੋਹੜੀ ਦਾ ਤਿਉਹਾਰ ਵਿਸ਼ੇਸ਼ ਸ਼ਗਨਾਂ ਨਾਲ ਮਨਾਉਂਦੇ ਹਨ ਅਤੇ ਗਲ਼ੀ-ਮੁਹੱਲੇ ਵਿੱਚ ਗੁੜ ਅਤੇ ਚਿੜਵੇ-ਰਿਓੜੀਆਂ ਆਦਿ ਵੰਡਦੇ ਹਨ। ਅੱਜ-ਕੱਲ੍ਹ ਨਵਜੰਮੀਆਂ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣ ਲੱਗੀ ਹੈ।

ਪ੍ਰਸ਼ਨ 25. ਪੰਜਾਬ ਦੇ ਮੇਲੇ ਕਿਸ-ਕਿਸ ਵੰਨਗੀ ਦੇ ਹਨ?

ਉੱਤਰ : ਪੰਜਾਬ ਦੇ ਮੇਲੇ ਵੱਖ-ਵੱਖ ਵੰਨਗੀਆਂ ਦੇ ਹਨ। ਮੌਸਮੀ ਮੇਲਿਆਂ ਵਿੱਚ ਬਸੰਤ, ਹੋਲੀ ਅਤੇ ਤੀਆਂ ਵਰਨਣਯੋਗ ਹਨ। ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ। ਗੁੱਗੇ ਦੀ ਯਾਦ ਵਿੱਚ ਛਪਾਰ (ਲੁਧਿਆਣਾ) ਵਿਖੇ ਭਾਰੀ ਮੇਲਾ ਲੱਗਦਾ ਹੈ। ਦੇਵੀ ਮਾਤਾ ਦੇ ਮੇਲਿਆਂ ਵਿੱਚ ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ, ਮਨਸਾ ਦੇਵੀ ਦੇ ਸਥਾਨਾਂ ‘ਤੇ ਚੇਤਰ ਅਤੇ ਅੱਸੂ ਦੇ ਨਰਾਤਿਆਂ ਵਿੱਚ ਲੱਗਦੇ ਮੇਲਿਆਂ ਤੋਂ ਬਿਨਾਂ ਸੀਤਲਾ ਦੇਵੀ ਨਾਲ ਸੰਬੰਧਿਤ ਜਰਗ ਦਾ ਮੇਲਾ ਵੀ ਪ੍ਰਸਿੱਧ ਹੈ। ਪੀਰਾਂ-ਫ਼ਕੀਰਾਂ ਦੀ ਸ਼ਰਧਾ ਵਿੱਚ ਲੱਗਦੇ ਮੇਲਿਆਂ ਵਿੱਚ ਜਗਰਾਵਾਂ ਦੀ ਰੋਸ਼ਨੀ, ਮਲੇਰਕੋਟਲੇ ਦਾ ਹੈਦਰ ਸ਼ੇਖ਼ ਦਾ ਮੇਲਾ ਅਤੇ ਨਿਗਾਹਾ ਮੇਲਾ ਪ੍ਰਸਿੱਧ ਹਨ। ਗੁਰੂ ਸਾਹਿਬਾਂ ਦੀ ਯਾਦ ਵਿੱਚ ਲੱਗਦੇ ਮੇਲਿਆਂ ਵਿੱਚ ਪੰਜਾ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਦੇ ਡੇਹਰਾ ਸਾਹਿਬ ਦੇ ਮੇਲਿਆਂ ਤੋਂ ਬਿਨਾਂ ਭਾਰਤੀ ਪੰਜਾਬ ਵਿੱਚ ਸ੍ਰੀ ਮੁਕਤਸਰ ਸਾਹਿਬ, ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਆਦਿ ਸਥਾਨਾਂ ‘ਤੇ ਲੱਗਦੇ ਮੇਲੇ ਵਰਨਣਯੋਗ ਹਨ।