CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬ ਦੇ ਮੇਲੇ ਤੇ ਤਿਉਹਾਰ ਦਾ ਸਾਰ


ਪ੍ਰਸ਼ਨ. ‘ਪੰਜਾਬ ਦੇ ਮੇਲੇ ਤੇ ਤਿਉਹਾਰ’ ਪਾਠ ਦਾ ਸੰਖੇਪ-ਸਾਰ ਲਿਖੋ।

ਉੱਤਰ : ਕਿਸੇ ਜਾਤੀ ਦੀ ਸੰਸਕ੍ਰਿਤਕ ਨੁਹਾਰ ਮੇਲਿਆਂ ਤੇ ਤਿਉਹਾਰਾਂ ਵਿਚੋਂ ਪੂਰੀ ਤਰ੍ਹਾਂ ਪ੍ਰਤੀਬਿੰਬਤ ਹੁੰਦੀ ਹੈ। ਮੇਲੇ ਮੇਲ-ਜੋਲ ਦਾ ਸਾਧਨ ਹੋਣ ਤੋਂ ਇਲਾਵਾ ਧਾਰਮਿਕ ਕਲਾਤਮਿਕ ਭਾਵਾਂ ਦੀ ਤ੍ਰਿਪਤੀ ਵੀ ਕਰਦੇ ਹਨ। ਮੇਲਾ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਸਮਾਇਆ ਹੋਇਆ ਹੈ। ਪੰਜਾਬੀਆਂ ਲਈ ਹਰ ਪਲ ਪੁਰਬ ਤੇ ਹਰ ਦਿਨ ਮੇਲਾ ਹੁੰਦਾ ਹੈ। ਜਿੱਥੇ ਚਾਰ-ਛੇ ਪੰਜਾਬੀ ਇਕੱਠੇ ਹੋ ਜਾਣ, ਉਹ ਤੁਰਦਾ-ਫਿਰਦਾ ਮੇਲਾ ਬਣ ਜਾਂਦਾ ਹੈ। ਮੇਲਾ ਇਕ ਅਜਿਹਾ ਇਕੱਠ ਹੈ, ਜਿਸ ਵਿਚ ਸਾਰੇ ਲਾੜੇ ਹੁੰਦੇ ਹਨ, ਪਰ ਬਰਾਤੀ ਕੋਈ ਵੀ ਨਹੀਂ ਹੁੰਦਾ।

ਪੰਜਾਬ ਦੇ ਹਰ ਮੇਲੇ ਦਾ ਆਪਣਾ ਰੰਗ ਤੇ ਚਰਿੱਤਰ ਹੈ। ਪੰਜਾਬੀ ਹਰ ਪੁਰਬ ਅਤੇ ਮੇਲੇ ਉੱਤੇ ਕੋਈ ਨਵੀਂ ਚੀਜ਼ ਖ਼ਰੀਦਦੇ ਹਨ। ਇਸ ਕਰਕੇ ਹਰ ਮੇਲੇ ਵਿਚ ਇਕ ਬਜ਼ਾਰ ਉੱਭਰ ਆਉਂਦਾ ਹੈ, ਜਿੱਥੇ ਖਾਣ-ਪੀਣ, ਸ਼ਿੰਗਾਰ ਤੇ ਦਿਲ-ਪਰਚਾਵੇ ਲਈ ਭਾਂਤ-ਭਾਂਤ ਦੀਆਂ ਚੀਜ਼ਾਂ ਮਿਲਦੀਆਂ ਹਨ। ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਤੇ ਤਿਉਹਾਰਾਂ ਨਾਲ ਜੁੜੇ ਹੋਏ ਹਨ। ਮੌਸਮੀ ਮੇਲਿਆਂ ਵਿਚੋਂ ਮਾਘ ਸੁਦੀ ਪੰਜ ਨੂੰ ਬਸੰਤ ਦਾ ਮੇਲਾ ਥਾਂ-ਥਾਂ ਲਗਦਾ ਹੈ। ਛੇਹਰਟੇ ਤੇ ਪਟਿਆਲੇ ਦੇ ਬਸੰਤ ਪੰਚਮੀ ਦੇ ਮੇਲੇ ਪ੍ਰਸਿੱਧ ਹਨ। ਵੰਡ ਤੋਂ ਪਹਿਲਾਂ ਲਾਹੌਰ ਵਿਚ ਹਕੀਕਤ ਰਾਇ ਧਰਮੀ ਦੀ ਸਮਾਧ ‘ਤੇ ਬਸੰਤ-ਪੰਚਮੀ ਨੂੰ ਭਾਰੀ ਮੇਲਾ ਲਗਦਾ ਸੀ। ਫੱਗਣ ਵਿਚ ਰੰਗਾਂ ਦਾ ਤਿਉਹਾਰ ਹੋਲੀ ਆਉਂਦਾ ਹੈ, ਜਿਸ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਵਿਚ ਸੂਰਮਗਤੀ ਦੇ ਭਾਵ ਪ੍ਰਚੰਡ ਕਰਨ ਲਈ ਹੋਲੇ ਦਾ ਤਿਉਹਾਰ ਜੋੜਿਆ। ਇਸ ਸੰਬੰਧੀ ਆਨੰਦਪੁਰ ਸਾਹਿਬ ਵਿਚ ਭਾਰੀ ਮੇਲਾ ਲਗਦਾ ਹੈ। ਸਾਵਣ ਦੇ ਮਹੀਨੇ ਵਿਚ ਤੀਆਂ ਦੇ ਮੇਲੇ ਲਗਦੇ ਹਨ। ਸਰਪ-ਪੂਜਾ ਨਾਲ ਸੰਬੰਧਿਤ ਮੇਲੇ ਵੀ ਲਗਦੇ ਹਨ। ਗੁੱਗੇ ਦੀ ਪੂਜਾ ਨਾਲ ਸੰਬੰਧਿਤ ਮੇਲੇ ਸਰਪ-ਪੂਜਾ ਦਾ ਹੀ ਸੁਧਰਿਆ ਰੂਪ ਹੈ। ਇਸ ਸੰਬੰਧੀ ਭਾਦਰੋਂ ਸੁਦੀ ਚੌਦਾਂ ਨੂੰ ਛਪਾਰ ਦਾ ਪ੍ਰਸਿੱਧ ਮੇਲਾ ਲਗਦਾ ਹੈ। ਦੇਵੀ ਮਾਤਾ ਨੂੰ ਖ਼ੁਸ਼ ਕਰਨ ਵਾਲੇ ਮੇਲੇ ਵੀ ਪੰਜਾਬ ਵਿਚ ਥਾਂ-ਥਾਂ ਲਗਦੇ ਹਨ। ਇਹ ਚੇਤਰ ਤੇ ਅੱਸੂ ਦੇ ਨਰਾਤਿਆਂ ਵਿਚ
ਲਗਦੇ ਹਨ। ਜਵਾਲਾਮੁਖੀ, ਚਿੰਤਪੁਰਨੀ, ਮਨਸਾ ਦੇਵੀ ਤੇ ਨੈਨਾ ਦੇਵੀ ਇਨ੍ਹਾਂ ਮੇਲਿਆਂ ਦੇ ਪ੍ਰਸਿੱਧ ਸਥਾਨ ਹਨ।

ਜਰਗ ਦਾ ਮੇਲਾ ਚੇਚਕ ਤੋਂ ਬਚਣ ਲਈ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਚੇਤਰ ਦੇ ਪਹਿਲੇ ਮੰਗਲਵਾਰ ਨੂੰ ਲਗਦਾ ਹੈ। ਇੱਥੇ ਮਾਤਾ ਦੇ ਵਾਹਣ ਖੋਤੇ ਨੂੰ ਬੇਹੇ ਗੁਲਗੁਲੇ ਭੇਟ ਕੀਤੇ ਜਾਂਦੇ ਹਨ, ਜਿਸ ਕਰਕੇ ਇਸ ਨੂੰ ‘ਬਹਿੜੀਏ ਦਾ ਮੇਲਾ’ ਵੀ ਕਹਿੰਦੇ ਹਨ।

ਇਨ੍ਹਾਂ ਤੋਂ ਬਿਨਾਂ ਮੁਸਲਮਾਨ ਪੀਰਾਂ, ਫ਼ਕੀਰਾਂ ਦਿਆਂ ਮਕਬਰਿਆਂ, ਹੁਜ਼ਰਿਆਂ ਤੇ ਤਕੀਆਂ ਉੱਤੇ ਵੀ ਮੇਲੇ ਲਗਦੇ ਹਨ, ਜਿਨ੍ਹਾਂ ਵਿਚ ਸਭ ਧਰਮਾਂ ਦੇ ਲੋਕ ਹਿੱਸਾ ਲੈਂਦੇ ਹਨ। ਜਗਰਾਵਾਂ ਦੀ ਰੌਸ਼ਨੀ ਅਜਿਹਾ ਹੀ ਇਕ ਮੇਲਾ ਹੈ, ਜਿਹੜਾ ਸੂਫ਼ੀ ਫ਼ਕੀਰ ਮੋਹਕਮ ਦੀਨ ਦੀ ਕਬਰ ਉੱਤੇ 14, 15 ਅਤੇ 16 ਫੱਗਣ ਨੂੰ ਲਗਦਾ ਹੈ। ਇੱਥੇ ਅਨੇਕਾਂ ਚਿਰਾਗ ਬਾਲੇ ਜਾਂਦੇ ਹਨ, ਜਿਸ ਕਰਕੇ ਇਸ ਨੂੰ ‘ਰੌਸ਼ਨੀ’ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਮਲੇਰਕੋਟਲੇ ਵਿਚ ਨਿਮਾਣੀ ਇਕਾਦਸ਼ੀ ਨੂੰ ਹੈਦਰ ਸ਼ੇਖ ਦਾ ਤੇ ਪੋਹ ਦੇ ਪਹਿਲੇ ਵੀਰਵਾਰ ਨੂੰ ਸਖੀ ਸਰਵਰ ਦਾ ਇਕ ਮੇਲਾ ਲਗਦਾ ਹੈ।

ਪੰਜਾਬ ਦੀ ਧਰਤੀ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਪਵਿੱਤਰ ਹੋਈ ਹੋਣ ਕਰਕੇ ਬਹੁਤ ਸਾਰੇ ਮੇਲੇ ਗੁਰੂ ਸਾਹਿਬਾਂ ਨਾਲ ਵੀ ਸੰਬੰਧਿਤ ਹਨ। ਪੱਛਮੀ ਪੰਜਾਬ ਵਿਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਖੇ, ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਮੌਕੇ ਤੇ ਡੇਰਾ ਸਾਹਿਬ ਲਾਹੌਰ ਵਿਚ ਭਾਰੀ ਮੇਲਾ ਲਗਦਾ ਸੀ। ਭਾਰਤੀ ਪੰਜਾਬ ਵਿਚ ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਵਿਚ ਗੁਰੂ ਸਾਹਿਬਾਂ ਦੀ ਯਾਦ ਵਿਚ ਮੇਲੇ ਲਗਦੇ ਹਨ।

ਮਾਘੀ ਵਾਲੇ ਦਿਨ ਚਾਲੀ ਮੁਕਤਿਆਂ ਦੀ ਯਾਦ ਵਿਚ ਮੁਕਤਸਰ ਵਿਖੇ, ਚੇਤ ਦੀ ਪਹਿਲੀ ਨੂੰ ਆਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ, ਤਰਨਤਾਰਨ ਵਿਖੇ ਹਰ ਮੱਸਿਆ ਤੇ ਖ਼ਾਸਕਰ ਭਾਦੋਂ ਦੀ ਮੱਸਿਆ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਮੋਰਿੰਡਾ, ਫ਼ਤਹਿਗੜ੍ਹ ਸਾਹਿਬ ਤੇ ਚਮਕੌਰ ਸਾਹਿਬ ਵਿਖੇ ਮੇਲੇ ਲਗਦੇ ਹਨ।

ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਵਿਚ ਹੀਰ ਦੀ ਕਬਰ ਉੱਤੇ ਵੀ ਮੇਲਾ ਲਗਦਾ ਹੈ। ਪੰਜਾਬ ਵਿਚ ਤਿਉਹਾਰਾਂ ਦੀ ਲੜੀ ਵੀ ਲਗਾਤਾਰ ਚਲਦੀ ਰਹਿੰਦੀ ਹੈ। ਇੱਥੇ ਹਰ ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ ਇਕ ਪ੍ਰਕਾਰ ਦਾ ਤਿਉਹਾਰ ਹੀ ਹੁੰਦੀ ਹੈ।

ਚੇਤ ਦੀ ਏਕਮ ਨੂੰ ‘ਨਵਾਂ ਸੰਮਤ’ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕ ਕੰਜਕਾਂ ਬਿਠਾਉਂਦੇ ਹਨ। ਚੇਤਰ ਵਿਚ ਹੀ ਰਾਮ ਨੌਵੀਂ ਦਾ ਤਿਉਹਾਰ ਹੁੰਦਾ ਹੈ। ਸਾਵਣ ਵਿਚ ਤੀਆਂ ਲਗਦੀਆਂ ਹਨ। ਰੱਖੜੀ ਦਾ ਤਿਉਹਾਰ ਵੀ ਇਸੇ ਮਹੀਨੇ ਵਿਚ ਹੀ ਆਉਂਦਾ ਹੈ। ਭਾਦਰੋਂ ਵਿਚ ਗੁੱਗਾ ਨੌਵੀਂ ਤੋਂ ਪਿੱਛੋਂ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਅੱਸੂ ਦੇ ਹਨੇਰੇ ਪੱਖ ਵਿਚ ਸਰਾਧ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿਚ ਪਿੱਤਰਾਂ ਨਮਿੱਤ ਭੋਜਨ ਕੀਤਾ ਜਾਂਦਾ ਹੈ। ਸਰਾਧ ਖ਼ਤਮ ਹੁੰਦਿਆਂ ਹੀ ਨੌਰਾਤੇ ਸ਼ੁਰੂ ਹੋ ਜਾਂਦੇ ਹਨ, ਜਿਨ੍ਹਾਂ ਵਿਚ ਮਾਤਾ ਗੋਰਜਾਂ ਤੇ ਸਾਂਝੀ ਮਾਈ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਕਸਬਿਆਂ ਤੇ ਸ਼ਹਿਰਾਂ ਵਿਚ ਰਾਮ-ਲੀਲ੍ਹਾ ਹੁੰਦੀ ਹੈ ਤੇ ਦਸਵੇਂ ਨੌਰਾਤੇ ‘ਤੇ ਦੁਸਹਿਰਾ ਮਨਾਇਆ ਜਾਂਦਾ ਹੈ।

ਕੱਤਕ ਦੀ ਮੱਸਿਆ ਨੂੰ ਸਭ ਤੋਂ ਵੱਡਾ ਤਿਉਹਾਰ ਦੀਵਾਲੀ ਆਉਂਦਾ ਹੈ। ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਪ੍ਰਸਿੱਧ ਹੈ। ਪੂਰਨਮਾਸ਼ੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ-ਦਿਨ ਮਨਾਇਆ ਜਾਂਦਾ ਹੈ।

ਪੋਹ ਮਹੀਨੇ ਦੇ ਅਖ਼ੀਰਲੇ ਦਿਨ ਲੋਹੜੀ ਮਨਾਈ ਜਾਂਦੀ ਹੈ। ਲੋਹੜੀ ਤੋਂ ਪਹਿਲਾਂ ਹੀ ਛੋਟੇ-ਛੋਟੇ ਬੱਚੇ ਟੋਲੀਆਂ ਬਣਾ ਕੇ ਗੀਤ ਗਾਉਂਦੇ ਹੋਏ ਘਰਾਂ ਵਿਚੋਂ ਲੋਹੜੀ ਮੰਗਦੇ ਹਨ। ਲੋਹੜੀ ਦੀ ਰਾਤ ਨੂੰ ਉਨ੍ਹਾਂ ਘਰਾਂ ਵਿਚ ਬਹੁਤ ਰੌਣਕ ਹੁੰਦੀ ਹੈ, ਜਿੱਥੇ ਬੀਤੇ ਸਾਲ ਵਿਚ ਮੁੰਡਾ ਜੰਮਿਆ ਹੋਵੇ ਜਾਂ ਨਵਾਂ-ਨਵਾਂ ਵਿਆਹ ਹੋਇਆ ਹੋਵੇ।

ਲੋਹੜੀ ਤੋਂ ਅਗਲੇ ਦਿਨ ਮਕਰ ਸੰਕ੍ਰਾਂਤੀ ਦਾ ਤਿਉਹਾਰ ਹੁੰਦਾ ਹੈ, ਜਿਸ ਨੂੰ ‘ਮਾਘੀ’ ਵੀ ਕਹਿੰਦੇ ਹਨ। ਫੱਗਣ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਇਸ ਪ੍ਰਕਾਰ ਪੰਜਾਬ ਵਿਚ ਮੇਲਿਆਂ ਤੇ ਤਿਉਹਾਰਾਂ ਦਾ ਕਾਫ਼ਲਾ ਲਗਾਤਾਰ ਚਲਦਾ ਰਹਿੰਦਾ ਹੈ ।