ਪੰਜਾਬ ਦੇ ਮੇਲੇ ਤੇ ਤਿਉਹਾਰ : ਡਾ. ਵਣਜਾਰਾ ਬੇਦੀ
ਪਾਠ-ਅਭਿਆਸ ਦੇ ਪ੍ਰਸ਼ਨ-ਉੱਤਰ
ਪ੍ਰਸ਼ਨ 1. ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਹੋਰ ਕਿਸ ਚੀਜ਼ ਦੀ ਪ੍ਰਤਿਨਿਧਤਾ ਕਰਦਾ ਹੈ?
ਉੱਤਰ : ਸੱਭਿਆਚਾਰ ਦੀ
ਪ੍ਰਸ਼ਨ 2. ਪੰਜਾਬ ਦੇ ਬਹੁਤੇ ਮੇਲੇ ਮੌਸਮਾਂ, ਰੁੱਤਾਂ ਅਤੇ ਤਿਉਹਾਰਾਂ ਨਾਲ ਸੰਬੰਧਿਤ ਹਨ। (ਹਾਂ/ਨਹੀਂ)
ਉੱਤਰ : ਹਾਂ।
ਪ੍ਰਸ਼ਨ 3. ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਯੋਧਿਆਂ ਦੇ ਦੋ ਦਲ ਬਣਾ ਕੇ ਕੀ ਕਰਵਾਉਂਦੇ ਸਨ?
ਉੱਤਰ : ਮੁਕਾਬਲੇ/ਮਸਨੂਈ ਲੜਾਈ।
ਪ੍ਰਸ਼ਨ 4. ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ?
ਉੱਤਰ : ਗੁੱਗੇ ਦੀ।
ਪ੍ਰਸ਼ਨ 5. ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਕਰਦੇ ਸਮੇਂ ਲੱਭੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਸੀ?
ਉੱਤਰ : ਦੇਵੀ ਮਾਤਾ ਦੀ।
ਪ੍ਰਸ਼ਨ 6. ਜਰਗ ਦਾ ਮੇਲਾ ਕਿੱਥੇ ਅਤੇ ਕਿਸ ਨੂੰ ਪਤਿਆਉਣ ਲਈ ਲੱਗਦਾ ਹੈ?
ਉੱਤਰ : (i) ਜਰਗ ਪਿੰਡ ਵਿੱਚ
(ii) ਸੀਤਲਾ ਦੇਵੀ ਨੂੰ।
ਪ੍ਰਸ਼ਨ 7. ਮਾਘੀ ਵਾਲੇ ਦਿਨ ਮੁਕਤਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ? (ਮੱਥਾ ਟੇਕਦੀਆਂ ਹਨ/ਇਸ਼ਨਾਨ ਕਰਦੀਆਂ ਹਨ)
ਉੱਤਰ : ਇਸ਼ਨਾਨ ਕਰਦੀਆਂ ਹਨ।
ਪ੍ਰਸ਼ਨ 8. ਰੁੱਤ ਦਾ ਸੁਆਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਅਤੇ ਛੋਲਿਆਂ ਦੀਆਂ ਹੋਲਾ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ?
(ਚੇਤਰ/ਅੱਸੂ)
ਉੱਤਰ : ਚੇਤਰ ਦੇ।
ਪ੍ਰਸ਼ਨ 9. ਮੇਲਿਆਂ ਦਾ ਕਿਸੇ ਜਾਤੀ ਲਈ ਕੀ ਮਹੱਤਵ ਹੁੰਦਾ ਹੈ?
ਉੱਤਰ : ਕਿਸੇ ਜਾਤੀ ਲਈ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਮੇਲਿਆਂ ਵਿੱਚ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਪੂਰੇ ਰੰਗ ਵਿੱਚ ਪ੍ਰਤਿਬਿੰਬਿਤ ਹੁੰਦੀ ਹੈ।
ਮੇਲਿਆਂ ਵਿੱਚ ਹਰ ਜਾਤੀ ਖੁੱਲ੍ਹ ਕੇ ਸਾਹ ਲੈਂਦੀ ਅਥਵਾ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਹੈ। ਮੇਲਿਆਂ ਵਿੱਚ ਉਸ ਦੀ ‘ਲੋਕ-ਪ੍ਰਤਿਭਾ ਨਿਖਰਦੀ ਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ।’ ਮੇਲੇ ਮਨ-ਪਰਚਾਵੇ ਅਤੇ ਮੇਲ-ਜੋਲ ਦੇ ਸਮੂਹਿਕ ਵਸੀਲੇ ਹੀ ਨਹੀਂ ਹੁੰਦੇ ਸਗੋਂ ਇਹ ਸਾਡੇ ਧਾਰਮਿਕ ਤੇ ਕਲਾਤਮਿਕ ਭਾਵਾਂ ਨੂੰ ਵੀ ਤ੍ਰਿਪਤ ਕਰਦੇ ਹਨ। ਮੇਲਿਆਂ ਵਿੱਚ ਕਿਸੇ ‘ਜਾਤੀ ਦਾ ਸਮੁੱਚਾ ਮਨ ਤਾਲ-ਬੱਧ ਹੋ ਕੇ ਨੱਚਦਾ ਅਤੇ ਇੱਕਸੁਰ ਹੋ ਕੇ ਗੂੰਜਦਾ ਹੈ।’ ਇਸ ਤਰ੍ਹਾਂ ਮੇਲਿਆਂ ਦਾ ਕਿਸੇ ਜਾਤੀ ਲਈ ਵਿਸ਼ੇਸ਼ ਮਹੱਤਵ ਹੁੰਦਾ ਹੈ।
ਪ੍ਰਸ਼ਨ 10. ‘ਮੇਲਾ ਸ਼ਬਦ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੈ। ਦੱਸੋ ਕਿਵੇਂ?
ਉੱਤਰ : ਇਸ ਵਿੱਚ ਕੋਈ ਸ਼ੱਕ ਨਹੀਂ ਕਿ ‘ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੋਇਆ ਹੈ।’ ਇਹੀ ਕਾਰਨ ਹੈ ਕਿ ਪੰਜਾਬੀਆਂ ਲਈ ਹਰ ਪਲ ਪੁਰਬ ਅਤੇ ਹਰ ਦਿਨ ਮੇਲਾ ਹੁੰਦਾ ਹੈ। ਇਸੇ ਲਈ ਦੂਸਰੇ ਪ੍ਰਾਂਤਾਂ ਦੇ ਲੋਕ ਆਖਦੇ ਹਨ ਕਿ ਪੰਜਾਬੀ ਤਾਂ ਦੁਨੀਆਂ ਵਿੱਚ ਆਏ ਹੀ ਮੇਲਾ ਮਨਾਉਣ ਲਈ ਹਨ। ਜਿੱਥੇ ਵੀ ਚਾਰ-ਛੇ ਪੰਜਾਬੀ ਜੁੜ ਜਾਂਦੇ ਹਨ ਉਹ ਚੱਲਦਾ-ਫਿਰਦਾ ਮੇਲਾ ਬਣ ਜਾਂਦਾ ਹੈ। ਪਰ ਜਦੋਂ ਸੱਚ- ਮੁੱਚ ਹੀ ਕੋਈ ਮੇਲਾ ਹੋਵੇ ‘ਫੇਰ ਤਾਂ ਪੰਜਾਬੀਆਂ ਦਾ ਜਲਾਲ ਤੇ ਭਖਦਾ ਉਤਸ਼ਾਹ ਵੇਖਣ ਵਾਲਾ ਹੁੰਦਾ ਹੈ।’ ਮੇਲੇ ਵਿੱਚ ਪੰਜਾਬੀ ਸੱਚ-ਮੁੱਚ ਹੀ ਲਾੜਾ ਬਣਿਆ ਹੁੰਦਾ ਹੈ। ਉਹਦਾ ਆਪਾ ਜਿਵੇਂ ਘੋੜੀ ਚੜ੍ਹਿਆ ਹੁੰਦਾ ਹੈ। ਇਹ ਮੇਲੇ ਨਿਰੰਤਰ ਚੱਲਦੇ ਰਹਿੰਦੇ ਹਨ ਅਤੇ ਪੰਜਾਬੀ ਸਾਰਾ ਸਾਲ ਇਹਨਾਂ ਮੇਲਿਆਂ ਦਾ ਅਨੰਦ ਮਾਣਦੇ ਰਹਿੰਦੇ ਹਨ। ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ‘ਮੇਲਾ ਬੀਜ-ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਹੀ ਸਮਾਇਆ ਹੈ।
ਪ੍ਰਸ਼ਨ 11. ਪੰਜਾਬ ਦੇ ਮੇਲਿਆਂ ਦੀ ਕਿਹੜੀ-ਕਿਹੜੀ ਵਿਸ਼ੇਸ਼ਤਾ ਹੈ?
ਉੱਤਰ : ਪੰਜਾਬ ਦੇ ਮੇਲਿਆਂ ਦੀ ਕਈ ਪੱਖਾਂ ਤੋਂ ਵਿਸ਼ੇਸ਼ਤਾ ਹੈ। ਪੰਜਾਬ ਦੇ ਮੇਲਿਆਂ ਤੋਂ ਕਿਸੇ ਜਾਤੀ ਦੀ ਸੰਸਕ੍ਰਿਤਿਕ ਨੁਹਾਰ ਪ੍ਰਤਿਬਿੰਬਤ ਹੁੰਦੀ ਹੈ। ‘ਪੰਜਾਬੀ ਤਾਂ ਮੇਲੇ ਵਿੱਚ ਸੱਚ-ਮੁੱਚ ਲਾੜਾ ਬਣਿਆ ਫਿਰਦਾ ਹੈ।’ ਉਹਦਾ ਆਪਾ ਜਿਵੇਂ ਘੋੜੀ ਚੜ੍ਹਿਆ ਹੁੰਦਾ ਹੈ।
ਪੰਜਾਬ ਦੇ ਮੇਲਿਆਂ ਦੀ ਬਹੁਰੰਗਤਾ ਪੰਜਾਬੀਆਂ ਦੇ ਬਹੁਪੱਖੀ ਜੀਵਨ ਦਾ ਹੁੰਗਾਰਾ ਭਰਦੀ ਹੈ। ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਭਾਉਣਾ ਹੋਣ ਤੋਂ ਬਿਨਾਂ ਇਹ ਸੱਭਿਆਚਾਰਿਕ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬ ਦੇ ਲੋਕ ਹਰ ਮੇਲੇ ‘ਤੇ ਕੋਈ ਨਵੀਂ ਚੀਜ਼ ਜ਼ਰੂਰ ਖ਼ਰੀਦਦੇ ਹਨ। ਇਸੇ ਲਈ ਹਰ ਮੇਲੇ ਵਿੱਚ ਭਰਪੂਰ ਬਜ਼ਾਰ ਲੱਗਿਆ ਹੁੰਦਾ ਹੈ। ਇੱਥੇ ਖਾਣ-ਪੀਣ ਦੀਆਂ ਵੱਖ-ਵੱਖ ਚੀਜ਼ਾਂ ਤੋਂ ਬਿਨਾਂ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ; ਜਿਵੇਂ— ਚੂੜੀਆਂ, ਹਾਰ-ਸ਼ਿੰਗਾਰ ਦੀਆਂ ਚੀਜ਼ਾਂ ਅਤੇ ਖਿਡੌਣਿਆਂ ਆਦਿ ਦੀਆਂ ਦੁਕਾਨਾਂ ਸਜੀਆਂ ਹੁੰਦੀਆਂ ਹਨ। ਇਲਾਕੇ ਦੇ ਕਲਾਕਾਰ ਅਤੇ ਸ਼ਿਲਪੀ ਆਪਣੀਆਂ ਸੁੰਦਰ ਕਲਾ-ਕਿਰਤਾਂ ਮੇਲੇ ਵਿੱਚ ਲਿਆ ਕੇ ਉਹਨਾਂ ਦੀ ਖ਼ੂਬਸੂਰਤੀ ਨੂੰ ਨਿਖਾਰਦੇ ਹਨ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਮੇਲਿਆਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਹਨ।
ਪ੍ਰਸ਼ਨ 12. ਪੰਜਾਬ ਦੇ ਮੁੱਖ ਮੌਸਮੀ ਮੇਲੇ ਕਿਹੜੇ-ਕਿਹੜੇ ਹਨ? ਕਿਸੇ ਇੱਕ ਮੇਲੇ ਦਾ ਵੇਰਵਾ ਦਿਓ।
ਉੱਤਰ : ਮੌਸਮੀ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇਕਸੁਰਤਾ ਦੇ ਪ੍ਰਤੀਕ ਹਨ। ਮੌਸਮੀ ਮੇਲੇ ਰੁੱਤਾਂ ਦੇ ਬਦਲਦੇ ਗੇੜ ਵਿੱਚੋਂ ਜਨਮੇ। ਰੁੱਤਾਂ ਵਿੱਚੋਂ ਸਭ ਤੋਂ ਸੁੰਦਰ ਰੁੱਤ ਬਸੰਤ ਦੀ ਹੈ। ਇਸੇ ਰੁੱਤ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਬਸੰਤ, ਹੋਲੀ ਅਤੇ ਤੀਆਂ ਪੰਜਾਬ ਦੇ ਮੁੱਖ ਮੌਸਮੀ ਮੇਲੇ ਹਨ। ਹੋਲੀ ਦੇ ਸੰਬੰਧ ਵਿੱਚ ਫੱਗਣ ਵਿੱਚ ਮੇਲੇ ਲੱਗਦੇ ਹਨ। ਤੀਆਂ ਦੇ ਮੇਲੇ ਸਾਵਣ ਮਹੀਨੇ ਵਿੱਚ ਜੁੜਦੇ ਹਨ।
ਬਸੰਤ-ਪੰਚਮੀ :- ਮੌਸਮੀ ਤਿਉਹਾਰਾਂ/ਮੇਲਿਆਂ ਵਿੱਚ ਬਸੰਤ ਪੰਚਮੀ ਦਾ ਵਿਸ਼ੇਸ਼ ਮਹੱਤਵ ਹੈ। ਇਸ ਸਮੇਂ ਬਹਾਰ ਦੀ ਰੁੱਤ ਖ਼ੁਸ਼ੀਆਂ ਵੰਡਦੀ ਹੈ।
ਬਸੰਤ-ਪੰਚਮੀ ਦਾ ਤਿਉਹਾਰ ਮਾਘ ਸੁਦੀ ਪੰਜ ਨੂੰ ਬੜੇ ਚਾਅ ਤੇ ਖ਼ੁਸ਼ੀ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੇਕਾਂ ਥਾਂਵਾਂ ‘ਤੇ ਨਿੱਕੇ-ਵੱਡੇ ਮੇਲੇ ਲੱਗਦੇ ਹਨ। ਪਟਿਆਲੇ ਅਤੇ ਛੇਹਰਟੇ ਦੀ ਬਸੰਤ-ਪੰਚਮੀ ਬਹੁਤ ਪ੍ਰਸਿੱਧ ਹੈ। ਦੇਸ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ਹਕੀਕਤ ਰਾਏ ਦੀ ਸਮਾਧ ‘ਤੇ ਬਸੰਤ ਦਾ ਇੱਕ ਵੱਡਾ ਮੇਲਾ ਲੱਗਦਾ ਸੀ। ਬਸੰਤ ਵਾਲੇ ਦਿਨ ਮੁੰਡੇ ਪੀਲੀਆਂ ਪੱਗਾਂ ਬੰਨ੍ਹਦੇ ਹਨ ਤੇ ਕੁੜੀਆਂ ਪੀਲੀਆਂ ਚੁੰਨੀਆਂ ਲੈਂਦੀਆਂ ਹਨ। ਇਸ ਦਿਨ ਪੀਲਾ ਕੜਾਹ ਜਾਂ ਪੀਲੇ ਚੌਲ ਬਣਾਏ ਜਾਂਦੇ ਹਨ। ਇਸ ਤਰ੍ਹਾਂ ਬਸੰਤ ਦਾ ਮੌਸਮੀ ਮੇਲਿਆਂ ਵਿੱਚ ਵਿਸ਼ੇਸ਼ ਮਹੱਤਵ ਹੈ।
ਪ੍ਰਸ਼ਨ 13. ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ-ਪੂਜਾ ਨਾਲ ਸੰਬੰਧਿਤ ਕਿਹੜੇ ਮੇਲੇ ਹਨ? ਇਹਨਾਂ ਵਿੱਚੋਂ ਕਿਸੇ ਇੱਕ ਮੇਲੇ ਦਾ ਵਰਨਣ ਕਰੋ।
ਉੱਤਰ : ਪੰਜਾਬ ਦੇ ਕੁਝ ਮੇਲੇ ਪ੍ਰਾਚੀਨ ਕਾਲ ਤੋਂ ਚੱਲੀ ਆਉਂਦੀ ਸਰਪ-ਪੂਜਾ ਦੀ ਦੇਣ ਹਨ। ਪਹਿਲੇ ਸਮਿਆਂ ਵਿੱਚ ਪੈਲੀ ਨੂੰ ਵਾਹੁਣ, ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸਾਨ ਨਾਗ-ਪੂਜਾ ਕਰਿਆ ਕਰਦੇ ਸਨ ਅਤੇ ਖੇਤਾਂ ਦੇ ਨੇੜੇ ਮੇਲੇ ਵੀ ਲੱਗਦੇ ਸਨ। ਇਹ ਮੇਲੇ ‘ਨਾਗ-ਮਾਹਾ’ ਅਖਵਾਉਂਦੇ ਸਨ।
ਪੰਜਾਬ ਵਿੱਚ ਵਰਖਾ ਰੁੱਤ ਦੇ ਕੁਝ ਮੇਲੇ ਗੁੱਗੇ ਨਾਲ ਸੰਬੰਧਿਤ ਹਨ। ਗੁੱਗੇ ਦੀ ਪੂਜਾ ਸਰਪ-ਪੂਜਾ ਦਾ ਹੀ ਸੁਧਰਿਆ ਹੋਇਆ ਰੂਪ ਹੈ। ਗੁੱਗਾ ਸ਼ਬਦ ਉਸ ਸੱਪ ਦਾ ਵਾਚਕ ਹੈ ਜੋ ਰੂਪ ਬਦਲ ਕੇ, ਮਨੁੱਖ ਦਾ ਜਾਮਾ ਧਾਰਨ ਕਰ ਸਕੇ।’ ਗੁੱਗੇ ਦੀ ਯਾਦ ਵਿੱਚ ਇੱਕ ਵੱਡਾ ਮੇਲਾ (ਛਪਾਰ ਦਾ ਮੇਲਾ) ਲੁਧਿਆਣੇ ਜ਼ਿਲ੍ਹੇ ਦੇ ਪਿੰਡ ਛਪਾਰ ਵਿੱਚ ਭਾਦਰੋਂ ਸੁਦੀ ਚੌਦਾਂ ਨੂੰ ਲੱਗਦਾ ਹੈ। ਇਸ ਪਿੰਡ ਦੀ ਦੱਖਣੀ ਗੁੱਠ ਵਿੱਚ ਗੁੱਗੇ ਪੀਰ ਦੀ ਇੱਕ ਮਾੜੀ ਹੈ। ਗੁੱਗੇ ਦੇ ਭਗਤਾਂ ਨੇ ਰਾਜਸਥਾਨ ਦੀ ਕਿਸੇ ਮਾੜੀ ਤੋਂ ਮਿੱਟੀ ਲਿਆ ਕੇ 1880 ਬਿਕਰਮੀ ਵਿੱਚ ਇਸ ਮਾੜੀ ਦੀ ਸਥਾਪਨਾ ਕੀਤੀ ਸੀ। ਉਸ ਸਮੇਂ ਤੋਂ ਹੀ ਇਹ ਮੇਲਾ ਚੱਲਿਆ ਆ ਰਿਹਾ ਹੈ। ਇਸ ਮੇਲੇ ਵਿੱਚ ਗੁੱਗੇ ਦੇ ਭਗਤਾਂ ਤੋਂ ਬਿਨਾਂ ਦੂਜੇ ਲੋਕ ਦੀ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਇਸ ਤਰ੍ਹਾਂ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਸਰਪ-ਪੂਜਾ ਨਾਲ ਵੀ ਕੁਝ ਮੇਲੇ ਸੰਬੰਧਿਤ ਹਨ।
ਪ੍ਰਸ਼ਨ 14. ਦੇਵੀ ਮਾਤਾ ਦੇ ਮੇਲਿਆਂ ਦਾ ਕੀ ਪਿਛੋਕੜ ਹੈ? ਦੇਵੀ ਮਾਤਾ ਨਾਲ ਸੰਬੰਧਿਤ ਕਿਸੇ ਇੱਕ ਮੇਲੇ ਬਾਰੇ ਸੰਖੇਪ ਨੋਟ ਲਿਖੋ।
ਉੱਤਰ : ਦੇਵੀ ਮਾਤਾ ਨੂੰ ਪਤਿਆਉਣ ਲਈ ਵੀ ਕੁਝ ਮੇਲੇ ਲੱਗਦੇ ਹਨ। ਮੁੱਢ-ਕਦੀਮ ਤੋਂ ਹੀ ਦੇਵੀ ਮਾਤਾ ਦੀ ਪੂਜਾ ਹੁੰਦੀ ਆ ਰਹੀ ਹੈ। ਮਹਿੰਜੋਦੜੋ ਤੇ ਹੜੱਪਾ ਦੀ ਖੁਦਾਈ ਵਿੱਚੋਂ ਇੱਕ ਦੇਵੀ ਮਾਤਾ ਦੀਆਂ ਵੀ ਕੁਝ ਮੂਰਤੀਆਂ ਮਿਲੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਦੇਵੀ ਮਾਤਾ ਦੀ ਪੂਜਾ ਪੁਰਾਤਨ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਜਵਾਲਾ ਜੀ, ਚਿੰਤਪੁਰਨੀ, ਨੈਣਾ ਦੇਵੀ ਅਤੇ ਮਨਸਾ ਦੇਵੀ ਦੇ ਸਥਾਨਾਂ ‘ਤੇ ਚੇਤਰ ਅਤੇ ਅੱਸੂ ਦੇ ਮਹੀਨਿਆਂ ਵਿੱਚ ਮੇਲੇ ਲੱਗਦੇ ਹਨ।
ਜਰਗ ਦਾ ਮੇਲਾ : ‘ਜਰਗ ਦਾ ਮੇਲਾ’ ਚੇਤਰ ਮਹੀਨੇ ਦੇ ਪਹਿਲੇ ਮੰਗਲਵਾਰ ਜਰਗ ਪਿੰਡ ਵਿੱਚ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਲੱਗਦਾ ਹੈ। ਲੋਕਾਂ ਦਾ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਚੇਚਕ ਦੇ ਦਾਣੇ ਸੀਤਲਾ ਦੇਵੀ ਦੇ ਪ੍ਰਵੇਸ਼ ਨਾਲ ਨਿਕਲਦੇ ਹਨ। ਇਸ ਲਈ ਸੀਤਲਾ ਦੇਵੀ ਨੂੰ ਖ਼ੁਸ਼ ਕਰਨ ਲਈ ਕਈ ਉਪਾਅ ਕੀਤੇ ਜਾਂਦੇ ਹਨ। ਜਿਨ੍ਹਾਂ ਮਾਵਾਂ ਦੇ ਬੱਚੇ ਠੀਕ (ਅਰੋਗ) ਹੋ ਜਾਂਦੇ ਹਨ ਉਹ ਵਿਸ਼ੇਸ਼ ਤੌਰ ‘ਤੇ ਇੱਥੇ ਸੁੱਖਣਾ ਦੇਣ ਆਉਂਦੀਆਂ ਹਨ। ਦੇਵੀ ਮਾਤਾ ਨੂੰ ਬਹਿੜੀਏ (ਬੇਹੇ ਗੁਲਗੁਲੇ) ਭੇਟ ਕੀਤੇ ਜਾਂਦੇ ਹਨ ਜਿਸ ਕਾਰਨ ਇਸ ਨੂੰ ‘ਬਹਿੜੀਏ ਦਾ ਮੇਲਾ’ ਕਿਹਾ ਜਾਣ ਲੱਗਾ। ਸੁੱਖਾਂ ਦੇਣ ਵਾਲੇ ਮੇਲੇ ਦੀ ਪੂਰਬ ਸੰਧਿਆ ‘ਤੇ ਦੇਵੀ ਮਾਤਾ ਨੂੰ ਭੇਂਟ ਕਰਨ ਲਈ ਗੁਲਗੁਲੇ ਚੜਾ ਕੇ ਪਹਿਲਾਂ ਸੀਤਲਾ ਮਾਤਾ ਦੇ ਵਾਹਨ ਖੋਤੇ ਨੂੰ ਖਵਾਉਂਦੇ ਹਨ। ਘੁਮਿਆਰ ਖੋਤਿਆਂ ਨੂੰ ਉਚੇਚੇ ਤੌਰ ‘ਤੇ ਸ਼ਿੰਗਾਰ ਕੇ ਲਿਆਉਂਦੇ ਹਨ। ਲੋਕ ਇਹਨਾਂ ਨੂੰ ਪੂਜਦੇ ਅਤੇ ਗੁਲਗੁਲੇ ਤੇ ਛੋਲੇ ਭੇਟ ਕਰਦੇ ਹਨ।
ਪ੍ਰਸ਼ਨ 15. ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲੱਗਦੇ ਹਨ? ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ।
ਉੱਤਰ : ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ, ਉਹਨਾਂ ਦੇ ਪਵਿੱਤਰ ਸਥਾਨਾਂ ‘ਤੇ ਖ਼ਾਸ-ਖ਼ਾਸ ਤਿਥਾਂ ‘ਤੇ ਮੇਲੇ ਲੱਗਦੇ ਰਹਿੰਦੇ ਹਨ। ਪੱਛਮੀ ਪੰਜਾਬ ਵਿੱਚ ਹਰ ਪੂਰਨਮਾਸ਼ੀ ਨੂੰ ਪੰਜਾ ਸਾਹਿਬ ਵਿਖੇ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਵਿਖੇ ਭਾਰੀ ਮੇਲਾ ਲੱਗਦਾ ਸੀ। ਲਾਹੌਰ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ‘ਤੇ ਡੇਹਰਾ ਸਾਹਿਬ ਵਿਖੇ ਜੋੜ-ਮੇਲਾ ਲੱਗਦਾ ਸੀ। ਭਾਰਤੀ ਪੰਜਾਬ ਵਿੱਚ ਗੁਰੂ ਸਾਹਿਬਾਂ ਦੀ ਸਿਮਰਤੀ ਵਿੱਚ ਮੁਕਤਸਰ, ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਗੁਰਦਾਸਪੁਰ ਆਦਿ ਸਥਾਨਾਂ ‘ਤੇ ਮੇਲੇ ਲੱਗਦੇ ਹਨ।
ਹੋਲਾ ਮਹੱਲਾ : ਚੇਤ ਵਦੀ ਪਹਿਲੀ ਨੂੰ ਅਨੰਦਪੁਰ ਸਾਹਿਬ ਵਿਖੇ ਕੇਸਗੜ੍ਹ ਦੇ ਸਥਾਨ ‘ਤੇ ਇੱਕ ਭਾਰੀ ਮੇਲਾ ਲੱਗਦਾ ਹੈ ਜਿਸ ਨੂੰ ‘ਹੋਲਾ-ਮਹੱਲਾ’ ਆਖਦੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖ਼ਾਲਸੇ ਨੂੰ ਸ਼ਸਤਰ ਵਿੱਦਿਆ ਅਤੇ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣ ਲਈ ਦੋ ਦਲ ਬਣਾ ਕੇ ਉਹਨਾਂ ਵਿੱਚ ਫਰਜ਼ੀ/ਨਕਲੀ ਲੜਾਈ ਕਰਵਾਉਂਦੇ ਤੇ ਬਹਾਦਰ ਯੋਧਿਆਂ ਨੂੰ ਸਰੋਪੇ ਬਖਸ਼ਦੇ ਸਨ। ਉਦੋਂ ਤੋਂ ਹੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਹੋਲੀ ਤੋਂ ਅਗਲੇ ਦਿਨ ਹੋਲਾ-ਮਹੱਲਾ ਮਨਾਇਆ ਜਾਣ ਲੱਗਾ।
ਪ੍ਰਸ਼ਨ 16. ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ ਤਿਉਹਾਰ ਮਨਾਏ ਜਾਂਦੇ ਹਨ?
ਉੱਤਰ : ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਪੁਰਬ ਇਕਾਦਸੀ, ਪੂਰਨਮਾਸ਼ੀ, ਮੱਸਿਆ ਤੇ ਸੰਗਰਾਂਦ ਆਉਂਦੇ ਹਨ। ਚੇਤਰ ਮਹੀਨੇ ਦੀ ਏਕਮ ਨੂੰ ਨਵਾਂ ਸੰਮਤ ਮਨਾਇਆ ਜਾਂਦਾ ਹੈ। ਚੇਤਰ ਸੁਦੀ ਅੱਠਵੀਂ ਨੂੰ ਦੇਵੀ ਦੇ ਉਪਾਸ਼ਕਾਂ ਵੱਲੋਂ ਕੰਜਕਾਂ ਬਿਠਾਈਆਂ ਜਾਂਦੀਆਂ ਹਨ। ਚੇਤਰ ਸੁਦੀ ਨੌਂਵੀਂ ਨੂੰ ਰਾਮ ਨੌਂਵੀਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸਾਵਣ ਮਹੀਨੇ ਦੀ ਤੀਜੀ ਤਿਥ ਨੂੰ ਤੀਆਂ, ਸਾਵਣ ਦੀ ਪੂਰਨਮਾਸ਼ੀ ਨੂੰ ਰੱਖੜੀ ਅਤੇ ਭਾਦਰੋਂ ਮਹੀਨੇ ਵਿੱਚ ਗੁੱਗਾ ਨੌਂਵੀਂ ਆਉਂਦੀ ਹੈ। ਭਾਦਰੋਂ ਦੀ ਕ੍ਰਿਸ਼ਨਾ ਪੱਖ ਦੀ ਅੱਠਵੀਂ ਨੂੰ ਜਨਮ-ਅਸ਼ਟਮੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅੱਸੂ ਮਹੀਨੇ ਦੇ ਹਨੇਰੇ ਪੱਖ ਦੀਆਂ ਪੰਦਰਾਂ ਤਿਥਾਂ ਨੂੰ ਪਿੱਤਰਾਂ ਪ੍ਰਤਿ ਸ਼ਰਧਾ ਪ੍ਰਗਟਾਉਣ ਲਈ ਸਾਧ ਕੀਤੇ ਜਾਂਦੇ ਹਨ। ਸਾਧਾਂ ਦੇ ਮੁੱਕਦਿਆਂ ਹੀ ਨਰਾਤੇ ਸ਼ੁਰੂ ਹੁੰਦੇ ਹਨ। ਦਸਵੀਂ ਵਾਲ਼ੇ ਦਿਨ ਦਸਹਿਰੇ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ। ਕੱਤਕ ਮਹੀਨੇ ਦੀ ਪੂਰਨਮਾਸ਼ੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ-ਉਤਸਵ, ਕੱਤਕ ਦੇ ਹਨੇਰੇ ਪੱਖ ਦੀ ਚੌਥੀ ਤਿਥ ਨੂੰ ਕਰਵਾਚੋਥ, ਚਾਰ ਦਿਨ ਬਾਅਦ ਅਹੋਈ ਮਾਤਾ ਦਾ ਵਰਤ ਅਤੇ ਕੱਤਕ ਦੀ ਮੱਸਿਆ ਨੂੰ ਦਿਵਾਲ਼ੀ ਦਾ ਪ੍ਰਸਿੱਧ ਤਿਉਹਾਰ ਮਨਾਇਆ ਜਾਂਦਾ ਹੈ। ਪੋਹ ਮਹੀਨੇ ਦੇ ਅਖੀਰਲੇ ਦਿਨ ਲੋਹੜੀ ਅਤੇ ਇਸ ਤੋਂ ਅਗਲੇ ਦਿਨ ਮਾਘੀ ਦਾ ਤਿਉਹਾਰ ਆਉਂਦਾ ਹੈ। ਇਸ ਨੂੰ ‘ਮਕਰ ਸੰਕ੍ਰਾਂਤੀ’ ਵੀ ਕਹਿੰਦੇ ਹਨ। ਫੱਗਣ ਮਹੀਨੇ ਦੀ ਮੱਸਿਆ ਨੂੰ ਸ਼ਿਵਰਾਤਰੀ ਦਾ ਪੁਰਬ ਮਨਾਇਆ ਜਾਂਦਾ ਹੈ।