ਪੰਜਾਬ ਦੇ ਮਹਾਨ ਸਾਹਿਤਕਾਰ : ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਸਮੁੱਚੀ ਨੌਜਵਾਨ ਪੀੜੀ ਦੇ ਦਿਲਾਂ ਦੀ ਧੜਕਣ ਅਖਵਾਉਂਦਾ ਹੈ। ਇਹ ਆਪਣੀ ਛੋਟੀ ਜਿਹੀ ਉਮਰ ਵਿੱਚ ਹੀ ਸਾਡੇ ਦਿਲਾਂ ਉੱਤੇ ਉਹ ਛਾਪ ਛੱਡ ਗਿਆ ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਸ ਦਾ ਜਨਮ 8 ਅਕਤੂਬਰ, 1937 ਈ: ਨੂੰ ਬੜਾ ਪਿੰਡ ਲੋਹਟੀਆ ਜ਼ਿਲ੍ਹਾ ਗੁਰਦਾਸਪੁਰ ਜੋ ਇਸ ਵੇਲੇ ਪਾਕਿਸਤਾਨ ਵਿੱਚ ਹੈ, ਵਿਖੇ ਹੋਇਆ। 1953 ਵਿੱਚ ਮੈਟ੍ਰਿਕ ਪਾਸ ਕਰਨ ਉਪਰੰਤ ਐੱਫ਼. ਐੱਸ. ਸੀ. ਕੀਤੀ। ਇਸ ਨੇ ਕਈ ਤਰ੍ਹਾਂ ਦੇ ਕੰਮ ਕੀਤੇ ਜਿਵੇਂ ਸਕੂਲ ਮਾਸਟਰੀ, ਪਟਵਾਰ, ਬੈਂਕ ਦੀ ਨੌਕਰੀ ਵੀ ਕੀਤੀ। ਪਰੰਤੂ ਇਸ ਨੂੰ ਸ਼ਾਇਰੀ ਤੋਂ ਬਿਨਾਂ ਕੋਈ ਵੀ ਕੰਮ ਰਾਸ ਨਾ ਆਇਆ। ਇਸ ਨੇ ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਖੂਬ ਭਰਿਆ। ਇਹ ਮੁਸ਼ਾਇਰਿਆਂ ਵਿੱਚ ਜਾਂਦਾ ਤੇ ਆਪਣੀ ਕਵਿਤਾ ਨੂੰ ਰੱਜ ਕੇ ਸੁਣਾਉਂਦਾ ਤੇ ਖੂਬ ਵਾਹ! ਵਾਹ! ਲੁੱਟਦਾ। ‘ਅਸਾਂ ਜੋਬਨ ਰੁੱਤੇ ਮਰਨਾ’ ਕਵਿਤਾ ਦੇ ਬੋਲ ਇਸ ਨੂੰ ਭਰ ਜਵਾਨੀ ਵਿੱਚ ਹੀ ਸਾਡੇ ਕੋਲੋਂ ਹਮੇਸ਼ਾ ਲਈ ਖੋਹ ਕੇ ਲੈ ਗਏ। 6 ਮਈ, 1973 ਨੂੰ ਇਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ।