ਪੰਜਾਬ ਦੀਆਂ ਨਕਲਾਂ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਪੰਜਾਬ ਦੀਆਂ ਨਕਲਾਂ : ਪਿਆਰਾ ਸਿੰਘ ਖੁੰਡਾ
ਪ੍ਰਸ਼ਨ 1. ਪੰਜਾਬੀ ਨਕਲਾਂ ਤੋਂ ਕੀ ਭਾਵ ਹੈ?
ਉੱਤਰ : ਪੰਜਾਬੀ ਨਕਲਾਂ ਤੋਂ ਭਾਵ ਪੰਜਾਬੀ ਜੀਵਨ ਵਿਚ ਸਾਂਗ, ਰੀਸ ਜਾਂ ਕਿਸੇ ਹੋਰ ਵਾਂਗ ਕਰਨ ਦੀ ਕਿਰਿਆ ਹੈ। ਇਸ ਵਿਚ ਕਿਸੇ ਮਨੁੱਖ, ਜਾਤੀ, ਪਸ਼ੂ ਜਾਂ ਚੀਜ਼ ਸੰਬੰਧੀ ਕਹਾਣੀ ਨੂੰ ਪੇਸ਼ਾਵਰ ਨਕਲੀਆਂ ਦੁਆਰਾ ਚਮੋਟਾ ਰੰਗ-ਸ਼ੈਲੀ ਵਿਚ ਭੇਸ ਧਾਰੇ ਬਗ਼ੈਰ ਵਿਅੰਗਮਈ ਵਾਰਤਾਲਾਪ ਰਾਹੀਂ ਪਿੜ ਵਿਚ ਪੇਸ਼ ਕੀਤਾ ਜਾਂਦਾ ਹੈ। ਨਕਲਾਂ ਚੁਸਤ ਵਾਰਤਾਲਾਪ, ਹਾਜ਼ਰ- ਜਵਾਬੀ, ਵਿਅੰਗ, ਨਾਟਕੀ ਮੌਕੇ ਸਿਰਜਣ ਦੀ ਸਮਰੱਥਾ ਕਾਰਨ ਸਜੀਵ ਨਾਟਕੀ ਪੇਸ਼ਕਾਰੀ ਦਾ ਪ੍ਰਤੀਨਿਧ ਨਮੂਨਾ ਹਨ।
ਪ੍ਰਸ਼ਨ 2. ਪੰਜਾਬੀ ਨਕਲਾਂ ਦੀਆਂ ਵਿਸ਼ੇ ਪੱਖੋਂ ਕਿਸਮਾਂ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਵਿਸ਼ੇ ਪੱਖੋਂ ਪੰਜਾਬੀ ਨਕਲਾਂ ਦੀਆਂ ਕਿਸਮਾਂ ਹੇਠ ਲਿਖੀਆਂ ਹਨ-ਜਨਮ ਨਾਲ ਸੰਬੰਧਿਤ ਨਕਲਾਂ, ਵਿਆਹ ਨਾਲ ਸੰਬੰਧਿਤ ਨਕਲਾਂ, ਹੂ-ਬ-ਹੂ ਸਾਂਗਾਂ ਨਾਲ ਸੰਬੰਧਿਤ ਨਕਲਾਂ, ਕਿੱਤਿਆਂ ਤੇ ਵਿਸ਼ੇਸ਼-ਵਿਅਕਤੀਆਂ ਨਾਲ ਸੰਬੰਧਿਤ ਨਕਲਾਂ।
ਪ੍ਰਸ਼ਨ 3. ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ?
ਉੱਤਰ : ਪੇਸ਼ਕਾਰੀ ਦੇ ਪੱਖੋਂ ਨਕਲਾਂ ਦੋ ਕਿਸਮਾਂ ਦੀਆਂ ਹਨ-ਨਿੱਕੀਆਂ ਨਕਲਾਂ ਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਵਿਚ ਕੇਵਲ ਦੋ ਹੀ ਕਲਾਕਾਰ ਹੁੰਦੇ ਹਨ, ਜਿਨ੍ਹਾਂ ਵਿਚੋਂ ਇਕ ਦੇ ਹੱਥ ਵਿਚ ਚਮੋਟਾ ਹੁੰਦਾ ਹੈ ਤੇ ਦੂਜੇ ਦੇ ਹੱਥ ਵਿਚ ਤਬਲਾ।
ਜਦੋਂ ਤਬਲੇ ਵਾਲਾ ਕੋਈ ਬੇਤੁਕੀ ਗੱਲ ਕਰਦਾ ਹੈ, ਤਾਂ ਚਮੋਟੇ ਵਾਲਾ ਉਸ ਦੇ ਚਮੋਟਾ ਮਾਰਦਾ ਹੈ, ਜਿਸ ਨਾਲ ਹਾਸਾ ਪੈਦਾ ਹੁੰਦਾ ਹੈ। ਇਸ ਵਿਚ ਪੰਜ ਤੋਂ ਦਸ ਮਿੰਟ ਦੀ ਝਾਕੀ ਵਿਚ ਇਕ ਹਾਸ-ਰਸੀ ਸਿਖ਼ਰ ਉਸਾਰਿਆ ਜਾਂਦਾ ਹੈ। ਇਸ ਦਾ ਆਰੰਭ ਸਧਾਰਨ ਗੱਲ-ਬਾਤ ਨਾਲ ਹੁੰਦਾ ਹੈ, ਮੱਧ ਵਿਚ ਲਟਕਾਓ ਹੁੰਦਾ ਹੈ ਤੇ ਅੰਤ ਬੰਬ ਵਾਂਗ ਫਟਦਾ ਹੈ।
ਲੰਮੀਆਂ ਨਕਲਾਂ ਵਿਚ 10-15 ਪਾਤਰ ਹਿੱਸਾ ਲੈਂਦੇ ਹਨ, ਪਰ ਇਸ ਵਿਚ ਮਹੱਤਵਪੂਰਨ ਪਾਤਰ ਦੋ ਹੀ ਹੁੰਦੇ ਹਨ। ਬਾਕੀ ਪਾਤਰਾਂ ਵਿਚੋਂ ਕਈ ਤੀਵੀਆਂ ਬਣਦੇ ਹਨ। ਇਸ ਵਿਚ ਘਟਨਾ-ਪ੍ਰਧਾਨ ਕਹਾਣੀ ਨੂੰ ਵੱਖ-ਵੱਖ ਝਾਕੀਆਂ ਵਿਚ ਤਿੰਨ ਕੁ ਘੰਟਿਆਂ ਦੇ ਸਮੇਂ ਵਿਚ ਪੇਸ਼ ਕੀਤਾ ਜਾਂਦਾ ਹੈ। ਇਸ ਵਿਚ ਥਾਂ-ਥਾਂ ਹਾਸ-ਰਸੀ ਮੌਕੇ ਪੈਦਾ ਕੀਤੇ ਜਾਂਦੇ ਹਨ। ਇਸ ਦੇ ਦੋ ਮਹੱਤਵਪੂਰਨ ਪਾਤਰਾਂ ਵਿਚੋਂ ਇਕ ਦਾ ਨਾਂ ਰੰਗਾ ਹੁੰਦਾ ਤੇ ਦੂਜੇ ਦਾ ਨਾਂ ਬਿਗਲਾ। ਰੰਗੇ ਦੇ ਹੱਥ ਵਿਚ ਚਮੋਟਾ ਹੁੰਦਾ ਹੈ, ਪਰ ਬਿਗਲਾ ਮਖ਼ੌਲੀਆ ਪਾਤਰ ਹੁੰਦਾ ਹੈ। ਰੰਗਾ ਸ਼ਬਦਾਂ ਦਾ ਮਹੱਲ ਉਸਾਰਦਾ ਹੈ, ਪਰ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ।
ਪ੍ਰਸ਼ਨ 4. “ਨਕਲਾਂ ਵਿਚ ਦਰਸ਼ਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ।” ਦੱਸੋ ਕਿਵੇਂ?
ਉੱਤਰ : ਜਦੋਂ ਨਕਲੀਏ ਪਿੜ ਲਾਉਂਦੇ ਹਨ, ਤਾਂ ਦਰਸ਼ਕ ਉਨ੍ਹਾਂ ਦੁਆਲੇ ਜੁੜ ਜਾਂਦੇ ਹਨ। ਨਕਲੀਏ ਦੀ ਸੰਬੋਧਨੀ ਸ਼ੈਲੀ ਬਹੁ-ਪਸਾਰੀ ਹੁੰਦੀ ਹੈ। ਉਹ ਇੱਕੋ ਵੇਲੇ ਦਰਸ਼ਕਾਂ ਨੂੰ ਵੀ ਸੰਬੋਧਿਤ ਹੁੰਦਾ ਹੈ ਤੇ ਆਪਣੇ ਸਾਥੀਆਂ ਨੂੰ ਵੀ। ਇਸੇ ਕਰਕੇ ਦਰਸ਼ਕਾਂ ਦੀ ਮਾਨਸਿਕ ਹੀ ਨਹੀਂ, ਸਗੋਂ ਸਰੀਰਕ ਹਾਜ਼ਰੀ ਵੀ ਹੁੰਦੀ ਹੈ। ਮੌਕੇ ਅਨੁਸਾਰ ਦਰਸ਼ਕਾਂ ਵਿੱਚੋਂ ਬੱਚਾ ਚੁੱਕ ਲੈਣਾ, ਕਿਸੇ ਨਿੱਕੇ ਮੁੰਡੇ ਦੁਆਰਾ ਮਖ਼ੌਲ ਸਿਰਜਣਾ, ਜਵਾਨ ਵਲ ਇਸ਼ਾਰਾ ਕਰਨਾ ਆਮ ਵਿਧੀ ਹੈ। ਨਕਲੀਏ ਦੀ ਦਰਸ਼ਕਾਂ ਨਾਲ ਛੇੜ-ਛਾੜ ਹਾਸਾ ਪੈਦਾ ਕਰਦੀ ਹੈ। ਨਕਲਾਂ ਵਿਚ ਦਰਸ਼ਕ ਨਕਲੀਆਂ ਨੂੰ ਪੈਸੇ ਦੇ ਕੇ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹਨ।
ਪ੍ਰਸ਼ਨ 5. ਮੰਚ ਦੇ ਪੱਖ ਤੋਂ ਨਕਲਾਂ ਦੀਆਂ ਕੀ ਵਿਸ਼ੇਸ਼ਤਾਵਾਂ ਹਨ?
ਉੱਤਰ : ਮੰਚ ਦੇ ਪੱਖ ਤੋਂ ਨਕਲਾਂ ਸਮੂਹਿਕ ਤੇ ਖੁੱਲ੍ਹੇ ਚਰਿੱਤਰ ਦੀਆਂ ਧਾਰਨੀ ਹਨ। ਇਨ੍ਹਾਂ ਦੀ ਪੇਸ਼ਕਾਰੀ ਖੁੱਲ੍ਹੇ ਅਖਾੜੇ ਵਿਚ ਲੋਕਾਂ ਲਈ ਹੁੰਦੀ ਹੈ, ਜਿਸ ਵਿਚ ਸਿਰਫ਼ ਸੰਕੇਤਕ ਤੇ ਲੋੜੀਂਦੀ ਸਾਮਗਰੀ ਹੀ ਵਰਤੀ ਜਾਂਦੀ ਹੈ, ਜਿਵੇਂ ਚਮੋਟਾ ਤੇ ਛੋਟਾ ਤਬਲਾ, ਬਾਕੀ ਕੰਮ ਇਸ਼ਾਰਿਆਂ ਨਾਲ ਹੀ ਸਾਰ ਲਿਆ ਜਾਂਦਾ ਹੈ। ਇੱਕੋ ਆਦਮੀ ਬਿਨਾਂ ਕੱਪੜੇ ਬਦਲਿਆਂ ਸਿਰ ‘ਤੇ ਸਾਫ਼ਾ ਰੱਖ ਕੇ ਕੁੜੀ ਬਣ ਜਾਂਦਾ ਹੈ ਤੇ ਫਿਰ ਉਹੀ ਸਾਫ਼ਾ ਸਿਰ ‘ਤੇ ਬੰਨ੍ਹ ਕੇ ਪਿਓ ਜਾਂ ਵਿਚੋਲਾ ਬਣ ਜਾਂਦਾ ਹੈ। ਇਕ ਵਾਰੀ ਬੋਲਣ ਨਾਲ ਹੀ ਦ੍ਰਿਸ਼ ਬਦਲ ਜਾਂਦਾ ਹੈ ਤੇ ਦਰਸ਼ਕ ਇਸ ਨੂੰ ਸਹਿਜ ਨਾਲ ਹੀ ਸਮਝ ਲੈਂਦੇ ਹਨ। ਅਦਾਕਾਰ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਨੂੰ ਕੀਲ ਲੈਂਦੇ ਹਨ, ਨਾ ਕਿ ਰੌਸ਼ਨੀਆਂ ਤੇ ਬਣਾਵਟੀ ਤਕਨੀਕਾਂ ਨਾਲ।
ਪ੍ਰਸ਼ਨ 6. ਨਕਲਾਂ ਖੇਡਣ ਲਈ ਕਿਹੋ ਜਿਹੇ ਪਿੜ ਦੀ ਵਰਤੋਂ ਕੀਤੀ ਜਾਂਦੀ ਹੈ?
ਉੱਤਰ : ਨਕਲਾਂ ਨੂੰ ਖੇਡਣ ਲਈ ਤਿੰਨ ਪ੍ਰਕਾਰ ਦਾ ਪਿੜ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਘੱਗਰੀ, ਤੀਰ-ਕਮਾਨੀ ਅਤੇ ਦਰੱਖ਼ਤ ਵਾਲਾ ਥੜ੍ਹਾ। ਜਦੋਂ ਨਕਲੀਏ ਇਕ ਥਾਂ ਖੜ੍ਹੇ ਹੋ ਕੇ ਨਕਲਾਂ ਕਰਨ ਤੇ ਦਰਸ਼ਕ ਉਨ੍ਹਾਂ ਦੁਆਲੇ ਗੋਲ-ਦਾਇਰੇ ਵਿਚ ਖੜ੍ਹੇ ਹੋਣ, ਤਾਂ ਇਸ ਨੂੰ ‘ਘੱਗਰੀ ਪਿੜ’ ਕਿਹਾ ਜਾਂਦਾ ਹੈ। ਜਦੋਂ ਪਿਛਲੇ ਪਾਸੇ ਕਿਸੇ ਦੀਵਾਰ ਜਾਂ ਮਕਾਨ ਦਾ ਸਹਾਰਾ ਹੋਵੇ ਤੇ ਪਿਛਲੇ ਪਾਸੇ ਕੋਈ ਦਰਸ਼ਕ ਨਾ ਆ ਸਕੇ, ਤਾਂ ਇਸ ਨੂੰ ‘ਤੀਰ-ਕਮਾਨੀ ਪਿੜ’ ਕਹਿੰਦੇ ਹਨ। ਜਦੋਂ ਕਦੇ ਦਰੱਖ਼ਤ ਹੇਠ ਬਣੇ ਥੜ੍ਹੇ ਉੱਤੇ ਨਕਲਾਂ ਕੀਤੀਆਂ ਜਾਣ, ਤਾਂ ਇਸ ਨੂੰ ‘ਦਰੱਖ਼ਤ ਹੇਠਲਾ ਪਿੜ’ ਕਿਹਾ ਜਾਂਦਾ ਹੈ, ਜਿੱਥੇ ਲੋਕ ਥੜ੍ਹੇ ਤੋਂ ਹੇਠ ਖੜ੍ਹੇ ਹੋ ਕੇ ਨਕਲਾਂ ਦੇਖਦੇ ਹਨ।
ਪ੍ਰਸ਼ਨ 7. ਪੰਜਾਬੀ ਸਭਿਆਚਾਰ ਵਿਚ ਨਕਲਾਂ ਦਾ ਕੀ ਮਹੱਤਵ ਹੈ?
ਉੱਤਰ : ਬੇਸ਼ਕ ਵਰਤਮਾਨ ਕਾਲ ਵਿਚ ਤਕਨਾਲੋਜੀ ਕਰਕੇ ਮਨੋਰੰਜਨ ਦੇ ਸਾਧਨ ਦਿਨੋ-ਦਿਨ ਵਧ ਰਹੇ ਹਨ, ਪਰ ਫਿਰ ਵੀ ਪੰਜਾਬੀ ਸਭਿਆਚਾਰ ਵਿਚ ਨਕਲਾਂ ਦਾ ਆਪਣਾ ਮਹੱਤਵ ਹੈ। ਅੱਜ ਵੀ ਜਦੋਂ ਕਿਤੇ ਨਕਲਾਂ ਹੁੰਦੀਆਂ ਹਨ, ਤਾਂ ਲੋਕ ਬੜੀ ਬੇਸਬਰੀ ਨਾਲ ਇਨ੍ਹਾਂ ਨੂੰ ਦੇਖਣ ਜਾਂਦੇ ਹਨ।