CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਪੰਜਾਬੀ ਸੱਭਿਆਚਾਰ ਪਰਿਵਰਤਨ : ਸੰਖੇਪ ਉੱਤਰ ਵਾਲੇ ਪ੍ਰਸ਼ਨ


ਪੰਜਾਬੀ ਸੱਭਿਆਚਾਰ ਪਰਿਵਰਤਨ : ਡਾ. ਰਾਜਿੰਦਰ ਪਾਲ ਸਿੰਘ ਬਰਾੜ


ਪ੍ਰਸ਼ਨ 1. ਪੰਜਾਬੀ ਸਭਿਆਚਾਰਕ ਪਰਿਵਰਤਨ ਕੀ ਹੈ? ਸੰਖੇਪ ਵਿਚ ਲਿਖੋ।

ਉੱਤਰ : ਪੰਜਾਬੀ ਸਭਿਆਚਾਰਕ ਪਰਿਵਰਤਨ ਤੋਂ ਭਾਵ ਪੰਜਾਬੀ ਜੀਵਨ-ਜਾਚ ਵਿਚ ਆ ਰਹੀ ਤਬਦੀਲੀ ਹੈ। ਬੇਸ਼ਕ ਪੰਜਾਬੀ ਸਭਿਆਚਾਰ ਕਦੇ ਵੀ ਜੜ੍ਹ ਵਸਤੂ ਨਹੀਂ ਰਿਹਾ ਤੇ ਬੀਤੀਆਂ ਸਦੀਆਂ ਵਿਚ ਇਸ ਵਿਚ ਸਭਿਆਚਾਰਾਂ ਦੇ ਮੇਲ ਤੇ ਰਾਜਸੀ ਕਾਰਨਾਂ ਕਰਕੇ ਤਬਦੀਲੀਆਂ ਆਉਂਦੀਆਂ ਰਹੀਆਂ ਹਨ, ਪਰੰਤੂ ਬੀਤੇ ਕੁੱਝ ਸਮੇਂ, ਖ਼ਾਸ ਕਰ ਆਜ਼ਾਦੀ ਮਿਲਣ ਪਿੱਛੋਂ ਇਸ ਦੀ ਹੋਈ ਵੰਡ, ਵਿਗਿਆਨਿਕ ਕਾਂਢਾ ਦੇ ਪ੍ਰਵੇਸ਼, ਆਵਾਜਾਈ ਤੇ ਸੰਚਾਰ ਦੇ ਤੇਜ਼ ਸਾਧਨਾਂ ਦੀ ਵਰਤੋਂ ਅਤੇ ਵਿਸ਼ਵੀਕਰਨ ਦੇ ਸਿੱਟੇ ਵਜੋਂ ਦੁਨੀਆ ਦੇ ਇਕ ਪਿੰਡ ਬਣ ਜਾਣ ਨਾਲ ਇਸ ਦੇ ਰਹਿਣ-ਸਹਿਣ, ਰਸਮਾਂ-ਰਿਵਾਜਾਂ, ਕੰਮਾਂ-ਕਾਰਾਂ, ਖਾਣ-ਪੀਣ, ਪਹਿਰਾਵੇ, ਪਰਿਵਾਰਿਕ ਬਣਤਰ, ਤਰਜੀਹਾਂ ਤੇ ਰੁਚੀਆਂ ਵਿਚ ਭਾਰੀ ਤਬਦੀਲੀ ਪੈਦਾ ਹੋ ਰਹੀ ਹੈ। ਫਲਸਰੂਪ ਅਸੀਂ ਪੰਜਾਬੀ ਸਭਿਆਚਾਰ ਵਿਚ ਲਗਾਤਾਰ ਪਰਿਵਰਤਨ ਦੇਖ ਰਹੇ ਹਾਂ, ਜਿਸਦੇ ਸਿੱਟੇ ਨਕਾਰਾਤਮਕ ਵੀ ਹਨ ਤੇ ਸਕਾਰਾਤਮਕ ਵੀ।

ਪ੍ਰਸ਼ਨ 2. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਦੇ ਆਧਾਰ ‘ਤੇ ਦੱਸੋ ਕਿ ਪੰਜਾਬੀ ਸਭਿਆਚਾਰ ਵਿਚ ਪਹਿਰਾਵੇ ਦੇ ਨਾਲ-ਨਾਲ ਵਿਚਾਰਾਂ ਵਿਚ ਵੀ ਤਬਦੀਲੀ ਆਈ ਹੈ। ਦੱਸੋ ਕਿਵੇਂ?

ਉੱਤਰ : ਅੱਜ ਜਦੋਂ ਪੰਜਾਬੀ ਸਭਿਆਚਾਰ ਵਿਚ ਕੁੜੀਆਂ ਦੇ ਪਹਿਰਾਵੇ ਵਿਚ ਖ਼ਾਸ ਤੌਰ ‘ਤੇ ਤਬਦੀਲੀ ਆਈ ਹੈ, ਤਾਂ ਬਿਨਾਂ ਸ਼ੱਕ ਕੇਵਲ ਪਹਿਰਾਵੇ ਦੀ ਤਬਦੀਲੀ ਹੀ ਨਹੀਂ, ਸਗੋਂ ਵਿਚਾਰਾਂ ਦੀ ਤਬਦੀਲੀ ਹੈ। ਅੱਜ ਦੀ ਔਰਤ ਆਪਣੇ ਆਪ ਨੂੰ ਕਿਸੇ ਤਰ੍ਹਾਂ ਵੀ ਮਰਦ ਤੋਂ ਘੱਟ ਨਹੀਂ ਸਮਝਦੀ ਤੇ ਉਸ ਵਿਚੋਂ ਪਹਿਲਾਂ ਵਾਲੀ ਅਧੀਨਗੀ ਦੀ ਭਾਵਨਾ ਲਗਪਗ ਖ਼ਤਮ ਹੋ ਗਈ ਹੈ। ਉਹ ਘਰ ਦੀ ਚਾਰ-ਦੀਵਾਰੀ ਤੋਂ ਨਿਕਲ ਕੇ ਪੜ੍ਹਨ-ਲਿਖਣ ਤੇ ਨੌਕਰੀ ਕਰਨ ਲੱਗੀ ਹੈ। ਇਸੇ ਕਰਕੇ ਉਸ ਨੇ ਘੁੰਡ ਦਾ ਤਿਆਗ ਕਰ ਦਿੱਤਾ। ਹੌਲੀ-ਹੌਲੀ ਉਹ ਰਵਾਇਤੀ ਪੰਜਾਬੀ ਪਹਿਰਾਵਾ, ਘੱਗਰਾ, ਕੁੜਤੀ ਤੇ ਚਾਦਰ ਦੀ ਥਾਂ ਸਲਵਾਰ-ਕਮੀਜ਼ ਤੇ ਚੁੰਨੀ ਪਹਿਨਣ ਲੱਗੀ। ਫਿਰ ਪੱਛਮੀ ਪ੍ਰਭਾਵਾਂ ਹੇਠ ਉਸ ਨੇ ਜੀਨ-ਟੌਪ ਤੇ ਸਕਰਟ ਪਹਿਨਣੀ ਆਰੰਭ ਕਰ ਦਿੱਤੀ ਤੇ ਕਈ ਵਾਰ ਉਹ ਘਰਾਂ ਵਿਚ ਸੌਖੇ ਰਹਿਣ ਲਈ ਕੈਪਰੀ, ਹਾਫ਼-ਪੈਂਟ, ਬਰਮੂਡਾ ਜਾਂ ਸਕਰਟ ਵੀ ਪਹਿਨਦੀ ਹੈ। ਅੱਜ ਦੀ ਵਿਆਹੀ ਕੁੜੀ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਸਹੁਰੇ ਜਾ ਕੇ ਉਹ ਘੁੰਡ ਕੱਢ ਕੇ ਰਹੇ, ਸਗੋਂ ਉਹ ਖੁੱਲ੍ਹ-ਡੁੱਲ੍ਹ ਵਿਚ ਵਿਚਰਨਾ ਪਸੰਦ ਕਰਦੀ ਹੈ। ਅਜੋਕਾ ਮਰਦ ਇਹ ਸਭ ਕੁੱਝ ਪਰਵਾਨ ਕਰ ਰਿਹਾ ਹੈ। ਇਸ ਪ੍ਰਕਾਰ ਪੰਜਾਬੀ ਸਭਿਆਚਾਰ ਵਿਚ ਪਹਿਰਾਵੇ ਦੇ ਨਾਲ-ਨਾਲ ਵਿਚਾਰਾਂ ਵਿਚ ਵੀ ਤਬਦੀਲੀ ਆਈ ਹੈ।

ਪ੍ਰਸ਼ਨ 3. ਪੰਜਾਬੀ ਸਭਿਆਚਾਰ ਦੇ ਰਵਾਇਤੀ ਖਾਣੇ ਨੂੰ ਕਿਉਂ ਤਰਜੀਹ ਦੇਣੀ ਚਾਹੀਦੀ ਹੈ?

ਉੱਤਰ : ਸਾਨੂੰ ਅਜੋਕੇ ਵਿਸ਼ਵੀਕਰਨ ਤੇ ਮੰਡੀ ਸਭਿਆਚਾਰ ਦੁਆਰਾ ਪ੍ਰਚਲਿਤ ਕੀਤੇ ਖਾਣਿਆਂ ਪੀਜੇ, ਬਰਗਰ, ਹੌਟ-ਡੌਗ, ਚਾਕਲੇਟ, ਟਾਫ਼ੀਆਂ ਤੇ ਕੋਲਡ ਡਰਿੰਕਸ ਦੀ ਥਾਂ ਆਪਣੇ ਰਵਾਇਤੀ ਖਾਣਿਆਂ ਦਾਲ, ਸਬਜ਼ੀ, ਸਾਗ, ਰੋਟੀ, ਖੀਰ, ਕੜਾਹ, ਮਿੱਠੇ ਚੌਲ, ਲੱਡੂ, ਜਲੇਬੀ, ਸ਼ਕਰਪਾਰੇ, ਲੱਸੀ, ਸ਼ਕੰਜਵੀ, ਸ਼ਰਬਤ, ਠੰਢਿਆਈ ਤੇ ਸੱਤੂ ਆਦਿ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ, ਕਿਉਂਕਿ ਹਰ ਇਲਾਕੇ ਵਿਚ ਪੈਦਾ ਹੋਣ ਵਾਲੀ ਖਾਧ-ਖੁਰਾਕ ਅਤੇ ਉਸ ਨੂੰ ਬਣਾਉਣ ਦਾ ਢੰਗ ਉੱਥੋਂ ਦੇ ਵਾਤਾਵਰਨ ਅਨੁਸਾਰ ਢਲਿਆ ਹੁੰਦਾ ਹੈ ਤੇ ਇਨ੍ਹਾਂ ਰਵਾਇਤੀ ਖਾਣਿਆਂ ਵਿਚ ਖ਼ੁਰਾਕੀ ਤੱਤ ਸਾਡੇ ਸਰੀਰ ਦੇ ਅਨੁਕੂਲ, ਚੰਗੇ ਤੇ ਸਸਤੇ ਹੁੰਦੇ ਹਨ, ਜਦਕਿ ਨਵੇਂ ਵਿਦੇਸ਼ੀ ਖਾਣੇ ਸਾਡੀ ਸਿਹਤ ਲਈ ਮਾੜੇ ਵੀ ਹਨ ਤੇ ਮਹਿੰਗੇ ਵੀ। ਸਾਡੇ ਰਵਾਇਤੀ ਖਾਣੇ ਸਾਡੇ ਘਰਾਂ ਵਿਚ ਜਾਂ ਘਰਾਂ ਦੇ ਨੇੜੇ ਬਣੇ ਹੋਣ ਕਰਕੇ ਤਾਜ਼ੇ ਵੀ ਹੁੰਦੇ ਹਨ, ਜਦ ਕਿ ਨਵੇਂ ਖਾਣੇ ਡੱਬਾ ਬੰਦ ਹੋਣ ਕਰਕੇ ਬੇਹੇ ਵੀ ਹੁੰਦੇ ਹਨ ਤੇ ਉਨ੍ਹਾਂ ਦੀ ਸੰਭਾਲ ਲਈ ਉਨ੍ਹਾਂ ਵਿਚ ਅਜਿਹੇ ਤੱਤ ਮਿਲਾਏ ਹੁੰਦੇ ਹਨ, ਜੋ ਮਨੁੱਖੀ ਸਿਹਤ ਲਈ ਚੰਗੇ ਨਹੀਂ ਹੁੰਦੇ। ਇਸ ਕਰਕੇ ਸਾਨੂੰ ਨਵੇਂ ਵਿਦੇਸ਼ੀ ਖਾਣਿਆਂ ਦੀ ਥਾਂ ਰਵਾਇਤੀ ਖਾਣਿਆਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ।

ਪ੍ਰਸ਼ਨ 4. ਪੰਜਾਬੀ ਸਭਿਆਚਾਰ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਖਾਣ-ਪੀਣ ਵਿਚ ਆਈ ਤਬਦੀਲੀ ਬਾਰੇ ਚਾਨਣਾ ਪਾਓ।

ਉੱਤਰ : ਪੰਜਾਬੀ ਸਭਿਆਚਾਰ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਖਾਣ-ਪੀਣ ਵਿਚ ਬਹੁਤ ਤਬਦੀਲੀ ਆਈ ਹੈ। ਲੋਕ ਰਵਾਇਤੀ ਖਾਣਿਆਂ ਦਾਲ, ਸਬਜ਼ੀ, ਸਾਗ, ਰੋਟੀ, ਖੀਰ, ਕੜਾਹ, ਮਿੱਠੇ ਚੌਲ, ਲੱਡੂ, ਜਲੇਬੀਆਂ, ਸ਼ਕਰਪਾਰੇ, ਲੱਸੀ, ਸ਼ਕੰਜਵੀ, ਸ਼ਰਬਤ, ਠੰਢਿਆਈ ਤੇ ਸੱਤੂ ਆਦਿ ਦੀ ਤਾਂ ਪੀਜ਼ੇ, ਬਰਗਰ, ਹੋਟ-ਡੌਗ, ਚਾਕਲੇਟ, ਟਾਫ਼ੀਆਂ ਤੇ ਕੋਲਡ ਡਰਿੰਕਸ ਦੀ ਵਰਤੋਂ ਵਧੇਰੇ ਕਰਨ ਲੱਗੇ ਹਨ। ਬੇਸ਼ਕ ਸਭਿਆਚਾਰਾਂ ਦੇ ਮੇਲ ਨਾਲ ਲੋਕਾਂ ਦੇ ਖਾਣੇ ਸਾਂਝੇ ਹੁੰਦੇ ਰਹਿੰਦੇ ਹਨ, ਪਰੰਤੂ ਸਾਡਾ ਆਪਣੇ ਆਲੇ-ਦੁਆਲੇ ਵਿਚ ਪੈਦਾ ਹੋਏ ਪਦਾਰਥਾਂ ਤੇ ਘਰਾਂ ਵਿਚ ਜਾਂ ਘਰਾਂ ਦੇ ਨੇੜੇ ਬਣੇ ਖਾਣਿਆਂ ਨੂੰ ਛੱਡ ਕੇ ਜੰਕ ਫੂਡ ਤੇ ਡੱਬਾ-ਬੰਦ ਖਾਣਿਆਂ ਵਲ ਰੁਚਿਤ ਹੋਣਾ ਸਿਹਤਮੰਦੀ ਦੀ ਨਿਸ਼ਾਨੀ ਨਹੀਂ। ਰਹਿੰਦੀ ਕਸਰ ਸ਼ਰਾਬ ਦੀ ਬਹੁਤੀ ਵਰਤੋਂ ਤੇ ਨਸ਼ਿਆਂ ਨੇ ਪੂਰੀ ਕਰ ਦਿੱਤੀ ਹੈ।

ਪ੍ਰਸ਼ਨ 5. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਅਨੁਸਾਰ ਦੋ ਰੁਝਾਨਾਂ ਨੇ ਰਵਾਇਤੀ ਪੰਜਾਬੀ ਸਭਿਆਚਾਰ ਨੂੰ ਢਾਹ ਲਾਈ ਹੈ। ਇਸ ਬਾਰੇ ਉਦਾਹਰਨਾਂ ਸਹਿਤ ਚਾਨਣਾ ਪਾਓ।

ਉੱਤਰ : ਬੀਤੇ ਸਮੇਂ ਵਿਚ ਪੰਜਾਬੀ ਸਭਿਆਚਾਰ ਨੂੰ ਢਾਹ ਲਾਉਣ ਵਾਲੇ ਦੋ ਵੱਡੇ ਰੁਝਾਨਾਂ ਵਿਚੋਂ ਇਕ ਤਾਂ ਪਿੰਡਾਂ ਦੀ ਥਾਂ ਸ਼ਹਿਰਾਂ ਵਿਚ ਵਸਣ ਦਾ ਰੁਝਾਨ ਹੈ, ਦੂਸਰਾ ਵੱਡਾ ਰੁਝਾਨ ਵੱਡੇ ਸਾਂਝੇ ਪਰਿਵਾਰਾਂ ਦੀ ਥਾਂ ਛੋਟੇ ਜੋੜਾ-ਪਰਿਵਾਰਾਂ ਦਾ ਵਧਣਾ ਹੈ। ਇਨ੍ਹਾਂ ਕਰਕੇ ਸਾਡੇ ਬਹੁਤ ਸਾਰੇ ਤਿਉਹਾਰ, ਜਿਵੇਂ ਤੀਆਂ, ਲੋਹੜੀ ਤੇ ਸਾਂਝੀ ਇਸ ਹੱਦ ਬਦਲ ਗਏ ਹਨ ਕਿ ਇਹ ਹੁਣ ਪੰਜਾਬੀ ਤਿਉਹਾਰ ਹੀ ਨਹੀਂ ਲਗਦੇ। ਮਿਸਾਲ ਵਜੋਂ ਪਿੰਡਾਂ ਵਿਚ ਸਾਉਣ ਮਹੀਨੇ ਪੂਰਾ ਪੰਦਰਵਾੜਾ ਲੱਗਣ ਵਾਲੀਆਂ ਤੀਆਂ ਵਿਆਹੀਆਂ ਕੁੜੀਆਂ ਦੇ ਮੁੜ ਮਿਲਣ ਦਾ ਸਾਧਨ ਤੇ ਨਵੀਆਂ ਕੁੜੀਆਂ ਲਈ ਗਿੱਧਾ ਸਿੱਖਣ ਦੀ ਵਰਕਸ਼ਾਪ ਸੀ, ਪਰੰਤੂ ਅੱਜ ਕਲੱਬਾਂ ‘ਤੇ ਦਫ਼ਤਰਾਂ ਵਿਚ ਲੱਗਣ ਵਾਲੀਆਂ ਤੀਆਂ ਤੇ ਹੋਰ ਤਿਉਹਾਰ ਆਧੁਨਿਕ ਖਪਤਕਾਰੀ ਯੁਗ ਵਿਚ ਚਾਪਲੂਸੀ ਦੇ ਸਾਧਨ ਬਣ ਕੇ ਰਹਿ ਗਏ ਹਨ।

ਨੌਕਰੀ-ਪੇਸ਼ਾ ਸਮਾਜ ਦੇ ਵਿਕਸਿਤ ਹੋਣ ਨਾਲ ਪਰਿਵਾਰ ਛੋਟੇ ਹੋਣ ਲੱਗੇ ਹਨ। ਇਨ੍ਹਾਂ ਆਧੁਨਿਕ ਜੋੜਾ-ਪਰਿਵਾਰਾਂ ਵਿਚ ਸੰਯੁਕਤ ਪਰਿਵਾਰਾਂ ਵਿਚ ਨਾ ਮਿਲਣ ਵਾਲੀ ਵਿਅਕਤੀਗਤ ਅਜ਼ਾਦੀ ਤਾਂ ਹੈ, ਪਰ ਦੁੱਖ-ਸੁਖ ਦੀ ਸਾਂਝ ਨਾਮ-ਮਾਤਰ ਹੀ ਹੈ। ਨਵੀਂ ਪੀੜ੍ਹੀ ਨੇ ਆਪਣੇ ਸਭਿਆਚਾਰਕ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਹੀ ਪ੍ਰਾਪਤ ਕਰਨੇ ਹੁੰਦੇ ਹਨ। ਪਰ ਜੇਕਰ ਘਰ ਵਿਚ ਬਜ਼ੁਰਗ ਹੀ ਨਹੀਂ ਹਨ, ਤਾਂ ਲੋਕ-ਧਾਰਾ ਅੱਗੇ ਨਹੀਂ ਤੁਰ ਸਕਦੀ। ਬੇਸ਼ਕ ਬਦਲਦੀਆਂ ਪ੍ਰਸਥਿਤੀਆਂ ਵਿਚ ਰਵਾਇਤੀ ਕਿਸਮ ਦੇ ਵੱਡੇ ਤੇ ਸੰਯੁਕਤ ਪਰਿਵਾਰਾਂ ਦਾ ਹੋਣਾ ਸੰਭਵ ਨਹੀਂ, ਪਰ ਜੋੜਾ-ਪਰਿਵਾਰ ਵਿਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੇ ਵੱਡੇ ਪਰਿਵਾਰ ਦਾ ਵਿਚਕਾਰਲਾ ਰੂਪ ਕਾਇਮ ਰੱਖਿਆ ਜਾ ਸਕਦਾ ਹੈ। ਇਸ ਨਾਲ ਮਾਪਿਆਂ ਪ੍ਰਤੀ ਫ਼ਰਜ਼ ਵੀ ਅਦਾ ਹੋ ਸਕਦਾ ਹੈ ਤੇ ਬਜ਼ੁਰਗ ਨਵੀਂ ਪੀੜ੍ਹੀ ਲਈ ਰਾਹ-ਦਸੇਰਾ ਵੀ ਬਣ ਸਕਦੇ ਹਨ।

ਪ੍ਰਸ਼ਨ 6. ਸਾਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਨਵੇਂ ਸਭਿਆਚਾਰਕ ਮਾਪ-ਦੰਡ ਸਿਰਜਣ ਦੀ ਕਿਉਂ ਲੋੜ ਹੈ?

ਉੱਤਰ : ਸਾਨੂੰ ਨਵੀਆਂ ਪ੍ਰਸਥਿਤੀਆਂ ਅਨੁਸਾਰ ਨਵੇਂ ਸਭਿਆਚਾਰਕ ਮਾਪ-ਦੰਡ ਇਸ ਕਰਕੇ ਸਿਰਜਣੇ ਚਾਹੀਦੇ ਹਨ, ਤਾਂ ਜੋ ਅਸੀਂ ਪੰਜਾਬੀ ਸਭਿਆਚਾਰ ਦੀਆਂ ਚੰਗੀਆਂ ਗੱਲਾਂ ਨੂੰ ਬਚਾ ਕੇ ਰੱਖ ਸਕੀਏ। ਅੱਜ ਨੌਕਰੀ ਪੇਸ਼ਾ ਸਮਾਜ ਦੇ ਵਿਕਸਿਤ ਹੋਣ ਨਾਲ ਵੱਡੇ ਤੇ ਸੰਯੁਕਤ ਪਰਿਵਾਰ ਟੁੱਟ ਰਹੇ ਹਨ ਤੇ ਜੋੜਾ-ਪਰਿਵਾਰ ਵਿਕਸਿਤ ਹੋ ਰਹੇ ਹਨ। ਨਵੀਂ ਪੀੜ੍ਹੀ ਨੇ ਆਪਣੇ ਸਭਿਆਚਾਰਕ ਸੰਸਕਾਰ ਪੁਰਾਣੀ ਪੀੜ੍ਹੀ ਤੋਂ ਹੀ ਪ੍ਰਾਪਤ ਕਰਨੇ ਹੁੰਦੇ ਹਨ, ਪਰੰਤੂ ਜੇਕਰ ਘਰ ਵਿਚ ਬਜ਼ੁਰਗ ਹੀ ਨਹੀਂ, ਤਾਂ ਲੋਕ ਧਾਰਾ ਅੱਗੇ ਨਹੀਂ ਤੁਰ ਸਕਦੀ। ਬੇਸ਼ਕ ਬਦਲਦੀਆਂ ਪ੍ਰਸਥਿਤੀਆਂ ਵਿਚ ਵੱਡੇ ਤੇ ਸੰਯੁਕਤ ਪਰਿਵਾਰਾਂ ਦਾ ਹੋਣਾ ਸੰਭਵ ਨਹੀਂ, ਪਰੰਤੂ ਜੋੜਾ ਪਰਿਵਾਰ ਵਿਚ ਮਾਪਿਆਂ ਨੂੰ ਨਾਲ ਰੱਖ ਕੇ ਛੋਟੇ ਤੇ ਵੱਡੇ ਪਰਿਵਾਰ ਦਾ ਵਿਚਕਾਰਲਾ ਰੂਪ ਕਾਇਮ ਰੱਖਿਆ ਜਾ ਸਕਦਾ ਹੈ। ਇਸ ਨਾਲ ਮਾਪਿਆਂ ਪ੍ਰਤੀ ਫ਼ਰਜ਼ ਵੀ ਅਦਾ ਹੋ ਸਕਦਾ ਹੈ ਤੇ ਬਜ਼ੁਰਗ ਨਵੀਂ ਪੀੜ੍ਹੀ ਲਈ ਰਾਹ-ਦਸੇਰਾ ਵੀ ਹੋ ਸਕਦੇ ਹਨ। ਇਸ ਕਰਕੇ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਨਵੇਂ ਮਾਪਦੰਡ ਸਿਰਜਣ ਦੀ ਲੋੜ ਹੈ।

ਪ੍ਰਸ਼ਨ 7. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਵਿਚ ਗੁਰਬਾਣੀ ਦੀ ਤੁਕ ‘ਮਾਤਾ ਧਰਤਿ ਮਹਤੁ’ ਨੂੰ ਅੰਕਿਤ ਕੀਤਾ ਗਿਆ ਹੈ? ਇਸ ਬਾਰੇ ਖੋਲ੍ਹ ਕੇ ਦੱਸੋ।

ਉੱਤਰ : ਇਸ ਪਾਠ ਵਿਚ ਲੇਖਕ ਸਮਾਜ ਵਿਚ ਨਵੀਆਂ ਸਮੱਸਿਆਵਾਂ ਤੇ ਲੋੜਾਂ ਦੇ ਹੱਲ ਲਈ ਇਨ੍ਹਾਂ ਪ੍ਰਤੀ ਚੇਤਨਾ ਨੂੰ ਆਪਣੇ ਸਭਿਆਚਾਰ ਦਾ ਅੰਗ ਬਣਾਉਣ ਦੀ ਗੱਲ ਕਰਦਿਆਂ ਵਾਤਾਵਰਨ ਦੀ ਸਮੱਸਿਆ ਦੀ ਮਿਸਾਲ ਦਿੰਦਾ ਹੋਇਆ ਗੁਰਬਾਣੀ ਦੀ ਇਸ ਤੁਕ ਨੂੰ ਅੰਕਿਤ ਕਰਦਾ ਹੈ, ਜਿਸ ਅਨੁਸਾਰ ਸਾਡੇ ਵਡੇਰੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੰਦੇ ਹੋਏ ਇਸ ਉੱਤੇ ਵਾਤਾਵਰਨ ਨੂੰ ਵਿਗਾੜਨ ਤੋਂ ਬਚਣ ਦਾ ਯਤਨ ਕਰਦੇ ਸਨ ਤੇ ਰਾਤ ਨੂੰ ਦਰੱਖ਼ਤ ਤੋਂ ਦਾਤਣ ਤਕ ਨਹੀਂ ਸਨ ਤੋੜਦੇ, ਕਿਉਂਕਿ ਉਨ੍ਹਾਂ ਦੀ ਚੇਤਨਾ ਵਿਚ ਵਿਰਸੇ ਤੋਂ ਇਹ ਗੱਲ ਵਸੀ ਹੋਈ ਸੀ ਕਿ ਰਾਤ ਨੂੰ ਦਰੱਖ਼ਤ ਸੁੱਤੇ ਹੋਏ ਹੁੰਦੇ ਹਨ। ਇਸ ਪ੍ਰਕਾਰ ‘ਧਰਤੀ ਨੂੰ ਮਹਾਨ ਮਾਤਾ’ ਮੰਨਣ ਦੇ ਵਿਸ਼ਵਾਸ ਨੂੰ ਆਪਣੀ ਚੇਤਨਾ ਦਾ ਅੰਗ ਬਣਾ ਕੇ ਅਸੀਂ ਅਜਿਹੇ ਕੰਮ ਕਰਨ ਤੋਂ ਬਚ ਸਕਦੇ ਹਾਂ, ਜਿਸ ਨਾਲ ਧਰਤੀ ਉੱਪਰਲਾ ਵਾਤਾਵਰਨ ਵਿਗੜਦਾ ਹੋਵੇ।

ਪ੍ਰਸ਼ਨ 8. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਦੇ ਆਧਾਰ ‘ਤੇ ਦੱਸੋ ਕਿ ਸਾਨੂੰ ਚੇਤੰਨ ਪੱਧਰ ‘ਤੇ ਕਿਹੜੀਆਂ ਨਵੀਆਂ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨ ਦੀ ਲੋੜ ਹੈ?

ਉੱਤਰ : ਲੇਖਕ ਅਨੁਸਾਰ ਸਾਨੂੰ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਚੇਤੰਨ ਪੱਧਰ ਤੇ ਨਵੀਆਂ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨੀਆਂ ਪੈਣਗੀਆਂ। ਬਹੁਤ ਕੁੱਝ ਸਾਨੂੰ ਛੱਡਣ ਦੀ ਲੋੜ ਹੈ, ਜਿਵੇਂ ਕੁੜੀਆਂ ਨੂੰ ਮਾਰਨਾ, ਨਸ਼ੇ ਤੇ ਫੋਕੀ ਹੈਂਕੜ। ਬਹੁਤ ਕੁੱਝ ਸਾਨੂੰ ਰੱਖਣ ਦੀ ਜ਼ਰੂਰਤ ਹੈ, ਜਿਵੇਂ ਘਰ ਵਿਚ ਬਜ਼ੁਰਗ। ਬਹੁਤ ਕੁੱਝ ਸਾਨੂੰ ਦੂਜਿਆਂ ਤੋਂ ਸਿੱਖਣ ਦੀ ਜ਼ਰੂਰਤ ਹੈ, ਜਿਵੇਂ ਕੰਮ ਸਭਿਆਚਾਰ। ਬਹੁਤ ਕੁੱਝ ਸਾਡੇ ਕੋਲ ਮੌਜੂਦ ਹੈ, ਜਿਵੇਂ ਕਿਰਤ ਕਰਨਾ, ਵੰਡ ਛਕਣਾ ਤੇ ਸਬਰ-ਸੰਤੋਖ ਦਾ ਜੀਵਨ ਜਿਊਣਾ। ਇਹ ਕੁੱਝ ਸਾਨੂੰ ਬਚਾਉਣਾ ਚਾਹੀਦਾ ਹੈ। ਆਧੁਨਿਕ ਯੁਗ ਵਿਚ ਇਸ ਬਾਰੇ ਚੇਤੰਨ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪਰੰਪਰਾ ਤੋਂ ਸਹਿਜ ਰੂਪ ਵਿਚ ਪੀੜ੍ਹੀ ਦਰ ਪੀੜ੍ਹੀ ਸਿੱਖਣ ਵਾਲਾ ਸਾਂਝਾ ਸਮਾਜ ਖ਼ਤਮ ਹੋ ਚੁੱਕਾ ਹੈ। ਇਸ ਕਰਕੇ ਸਾਨੂੰ ਚੇਤੰਨ ਪੱਧਰ ਤੇ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨੀਆਂ ਪੈਣਗੀਆਂ।