ਪੰਜਾਬੀ ਸਭਿਆਚਾਰਕ ਪਰਿਵਰਤਨ : ਪਾਠ ਦਾ ਸਾਰ
ਪੰਜਾਬੀ ਸਭਿਆਚਾਰਕ ਪਰਿਵਰਤਨ : ਡਾ. ਰਾਜਿੰਦਰ ਪਾਲ ਸਿੰਘ ਬਰਾੜ
ਪ੍ਰਸ਼ਨ. ‘ਪੰਜਾਬੀ ਸਭਿਆਚਾਰਕ ਪਰਿਵਰਤਨ’ ਪਾਠ ਦਾ ਸਾਰ ਲਿਖੋ ।
ਉੱਤਰ : ਸਭਿਆਚਾਰ ਵਿਚ ਪਰਿਵਰਤਨ ਲਗਾਤਾਰ ਜਾਰੀ ਰਹਿੰਦਾ ਹੈ। ਪੈਦਾਵਾਰੀ ਸਾਧਨਾਂ, ਸ਼ਕਤੀਆਂ ਅਤੇ ਤਕਨੀਕ ਦੇ ਬਦਲ ਜਾਣ ਤੇ ਦੂਜੇ ਸਭਿਆਚਾਰਾਂ ਦੇ ਪ੍ਰਭਾਵ ਕਾਰਨ ਇਸ ਵਿਚ ਤਬਦੀਲੀਆਂ ਆ ਜਾਂਦੀਆਂ ਹਨ। ਇਸ ਦੀਆਂ ਪਰੰਪਰਾਵਾਂ ਬਣਨ ਵਿਚ ਸਦੀਆਂ ਲੱਗ ਜਾਂਦੀਆਂ ਹਨ। ਹਰ ਸਭਿਆਚਾਰ ਸਮੇਂ ਨਾਲ ਵੇਲਾ ਵਿਹਾ ਚੁੱਕੇ ਰਸਮਾਂ-ਰਿਵਾਜਾਂ, ਕੰਮਾਂ-ਕਾਰਾਂ, ਕਦਰਾਂ-ਕੀਮਤਾਂ, ਵਿਸ਼ਵਾਸਾਂ ਤੇ ਸੁਹਜ-ਸੁਆਦਾਂ ਨੂੰ ਤਿਆਗ ਕੇ ਨਵੀਆਂ ਕੀਮਤਾਂ ਨੂੰ ਉਸਾਰਦਾ ਹੋਇਆ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਹੈ। ਆਧੁਨਿਕ ਯੁਗ ਵਿਚ ਨਵੀਂ ਤਕਨੀਕ ਦੇ ਤੇਜ਼ ਆਵਾਜਾਈ ਤੇ ਸੰਚਾਰ ਸਾਧਨਾਂ ਦੇ ਪ੍ਰਭਾਵ ਹੇਠ ਪੰਜਾਬੀ ਸਭਿਆਚਾਰ ਤੇਜ਼ੀ ਨਾਲ ਬਦਲ ਰਿਹਾ ਹੈ। ਇਹ ਪ੍ਰਭਾਵ ਕੁੱਝ ਲੋਕਾਂ ਦੀ ਨਜ਼ਰ ਵਿਚ ਨਕਾਰਾਤਮਕ ਹਨ ਤੇ ਕੁੱਝ ਦੀ ਨਜ਼ਰ ਵਿਚ ਸਕਾਰਾਤਮਕ। ਨਕਾਰਾਤਮਕ ਸੋਚ ਵਾਲੇ ਪੁਰਾਣੇ ਸਭਿਆਚਾਰ ਨੂੰ ਵਡਿਆਉਂਦੇ ਹਨ ਤੇ ਅਜੋਕੇ ਨੂੰ ਛੁਟਿਆਉਂਦੇ ਹਨ, ਪਰੰਤੂ ਸਕਾਰਾਤਮਕ ਸੋਚ ਵਾਲੇ ਕਈ ਵਾਰ ਆਪਣੇ ਵਿਰਸੇ ਨੂੰ ਹੀ ਭੁੱਲ ਜਾਂਦੇ ਹਨ।
ਸਾਡਾ ਸਭਿਆਚਾਰ ਜਾਗੀਰਦਾਰੀ ਪ੍ਰਬੰਧ ਹੇਠ ਪ੍ਰਫੁਲਤ ਹੋਇਆ ਹੋਣ ਕਰਕੇ ਕੁੜੀਆਂ ਨੂੰ ਦਬਾਉਣ ਤੇ ਮੁੰਡਿਆਂ ਨੂੰ ਉਚਿਆਉਣ ਵਾਲਾ ਰਿਹਾ ਹੈ, ਪਰੰਤੂ ਆਧੁਨਿਕ ਯੁਗ ਵਿਚ ਕੁੜੀਆਂ ਪੜ੍ਹ-ਲਿਖ ਕੇ ਨੌਕਰੀ ਕਰਨ ਲੱਗੀਆਂ ਹਨ ਤੇ ਉਨ੍ਹਾਂ ਨੇ ਘੁੰਡ ਕੱਢਣਾ ਛੱਡ ਦਿੱਤਾ ਹੈ। ਹੌਲੀ-ਹੌਲੀ ਉਨ੍ਹਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਘੱਗਰੇ-ਕੁੜਤੀ ਤੇ ਚਾਦਰ ਨੂੰ ਛੱਡ ਕੇ ਸਲਵਾਰ-ਕਮੀਜ਼ ਤੇ ਚੁੰਨੀ ਨੂੰ ਅਪਣਾ ਲਿਆ ਤੇ ਫਿਰ ਪੱਛਮੀ ਪ੍ਰਭਾਵ ਹੇਠ ਜੀਨ-ਟੌਪ ਤੇ ਸਕਰਟ-ਟੌਪ ਪਹਿਨਣ ਲੱਗ ਪਈਆਂ। ਇਹ ਕੇਵਲ ਪਹਿਰਾਵੇ ਦੀ ਤਬਦੀਲੀ ਹੀ ਨਹੀਂ, ਸਗੋਂ ਵਿਚਾਰਾਂ ਦੀ ਤਬਦੀਲੀ ਵੀ ਹੈ । ਬੇਸ਼ਕ ਅੱਜ ਵਿਆਹੀ ਕੁੜੀ ਤੋਂ ਬੁਰਕਾ ਪਹਿਨਣ ਤੇ ਘੁੰਡ ਕੱਢਣ ਦੀ ਆਸ ਨਹੀਂ ਕੀਤੀ ਜਾ ਸਕਦੀ, ਪਰੰਤੂ ਜਨਤਕ ਥਾਂਵਾਂ ਉੱਤੇ ਅਧਨੰਗਾ ਭੜਕਾਊ ਪਹਿਰਾਵਾ ਵੀ ਪ੍ਰਵਾਨ ਨਹੀਂ ਕੀਤਾ ਜਾਂਦਾ। ਅੱਜ ਕੁੜੀਆਂ ਵਿਚ ਲਹਿੰਗਾ-ਚੋਲੀ ਵਿਆਹ ਦੀ ਪੁਸ਼ਾਕ ਬਣਦੀ ਜਾ ਰਹੀ ਹੈ, ਪਰ ਉਹ ਪਰਿਵਾਰਿਕ ਸਮਾਗਮਾਂ ਵਿਚ ਸਲਵਾਰ-ਕਮੀਜ਼ ਹੀ ਪਹਿਨਦੀਆਂ ਹਨ। ਕਈ ਘਰਾਂ ਵਿਚ ਸੌਖੇ ਰਹਿਣ ਲਈ ਕੈਪਰੀਆਂ, ਹਾਫ਼ ਪੈਂਟਾਂ, ਬਰਮੁੰਡੇ ਤੇ ਸਕਰਟਾਂ ਵੀ ਪਾਈਆਂ ਜਾਂਦੀਆਂ ਹਨ। ਸਾਨੂੰ ਜਿੱਥੇ ਨਵੀਂ ਪੀੜ੍ਹੀ ਦੀ ਪਹਿਰਾਵਾ ਤਬਦੀਲੀ
ਪਰਵਾਨ ਕਰਨੀ ਚਾਹੀਦੀ ਹੈ, ਉੱਥੇ ਰਵਾਇਤੀ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਤੇ ਇਹ ਗੱਲ ਮੁੰਡਿਆਂ ਉੱਤੇ ਵੀ ਲਾਗੂ ਹੋਣੀ ਚਾਹੀਦੀ ਹੈ। ਅਜੋਕੀ ਤਬਦੀਲੀ ਵਿਚ ਮੰਡੀ ਦਾ ਵੀ ਵੱਡਾ ਰੋਲ ਹੈ । ਸਾਡੇ ਪੁਸ਼ਾਕ ਨਿਰਮਾਤਿਆਂ ਨੂੰ ਚੰਗੀਆਂ ਦੇਸ਼ੀ ਪੁਸ਼ਾਕਾਂ ਬਜ਼ਾਰ ਵਿਚ ਲਿਆਉਣੀਆਂ ਚਾਹੀਦੀਆਂ ਹਨ।
ਬੀਤੇ ਸਮੇਂ ਵਿਚ ਪੰਜਾਬੀ ਖਾਣ-ਪੀਣ ਵਿਚ ਵੀ ਵੱਡੀ ਤਬਦੀਲੀ ਆਈ ਹੈ। ਪੰਜਾਬ ਦੇ ਰਵਾਇਤੀ ਖਾਣਿਆਂ ਦਾਲ, ਸਬਜ਼ੀ, ਰੋਟੀ, ਖੀਰ, ਕੜਾਹ, ਮਿੱਠੇ ਚੌਲ, ਮਠਿਆਈਆਂ, ਲੱਸੀ, ਸ਼ਕੰਜਵੀ, ਸ਼ਰਬਤ ਤੇ ਠੰਢਿਆਈ ਦੀ ਥਾਂ ਪੀਜਾ, ਬਰਗਰ, ਹੋਟ-ਡੋਗ, ਚੱਕਲੇਟ, ਟਾਫ਼ੀਆਂ ਤੇ ਕੋਲਡ ਡਰਿੰਕਸ ਦੀ ਵਰਤੋਂ ਵਧ ਰਹੀ ਹੈ। ਉਂਞ ਸਭਿਆਚਾਰਾਂ ਦੇ ਮੇਲ-ਮਿਲਾਪ ਨਾਲ ਖਾਣ-ਪੀਣ ਸਾਂਝਾ ਹੋ ਜਾਂਦਾ ਹੈ ਤੇ ਹੁੰਦਾ ਰਿਹਾ ਹੈ। ਪਰ ਸਾਨੂੰ ਇਹ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਹਰ ਇਲਾਕੇ ਵਿਚ ਪੈਦਾ ਹੋਣ ਵਾਲੀ ਖਾਧ-ਖ਼ਰਾਕ ਤੇ ਉਸ ਨੂੰ ਬਣਾਉਣ ਦਾ ਢੰਗ ਉੱਥੋਂ ਦੇ ਵਾਤਾਵਰਨ ਅਨੁਸਾਰ ਢਲਿਆ ਹੁੰਦਾ ਹੈ।
ਸਾਡੇ ਰਵਾਇਤੀ ਖਾਣੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਤੇ ਸਸਤੇ ਹਨ, ਜਦਕਿ ਨਵੇਂ ਤੇ ਡੱਬਾ ਬੰਦ ਖਾਣੇ ਮਹਿੰਗੇ ਤੇ ਸਿਹਤ ਲਈ ਮਾੜੇ ਹਨ।
ਬੀਤੇ ਕੁੱਝ ਸਮੇਂ ਤੋਂ ਪੰਜਾਬੀ ਭਾਈਚਾਰੇ ਵਿਚ ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਬਹੁਤ ਵਧ ਗਈ ਹੈ ਤੇ ਇਸ ਨੂੰ ਗੀਤ- ਸੰਗੀਤ ਰਾਹੀਂ ਉਚਿਆਇਆ ਜਾ ਰਿਹਾ ਹੈ, ਜੋ ਕਿ ਸਾਡੇ ਸਭਿਆਚਾਰ ਦਾ ਮਾੜਾ ਪੱਖ ਹੈ, ਜਿਸ ਦੇ ਤਟਫਟ ਤਿਆਗ ਦੀ ਲੋੜ ਹੈ।
ਇਸ ਤੋਂ ਇਲਾਵਾ ਪੰਜਾਬੀ ਲੋਕਾਂ ਦਾ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵਿਚ ਵਸਣ ਤੇ ਸੰਯੁਕਤ ਪਰਿਵਾਰਾਂ ਨੂੰ ਛੱਡ ਕੇ ਜੋੜਾ ਪਰਿਵਾਰਾਂ ਨੂੰ ਅਪਣਾਉਣ ਦੀ ਰੁਚੀ ਵੀ ਵਧ ਰਹੀ ਹੈ, ਜਿਸ ਕਾਰਨ ਪੰਜਾਬੀ ਸਭਿਆਚਾਰ ਨੂੰ ਬਹੁਤ ਢਾਹ ਲੱਗੀ ਹੈ। ਬਹੁਤ ਸਾਰੇ ਤਿਉਹਾਰਾਂ-ਤੀਆਂ ਲੋਹੜੀ ਤੇ ਸਾਂਝੀ ਦੇ ਰੂਪ ਬਦਲ ਗਏ ਹਨ, ਜਿਸ ਕਾਰਨ ਪੰਜਾਬੀ ਸਭਿਆਚਾਰ ਵਿਚੋਂ ਰਵਾਇਤੀ ਭਾਈਚਾਰਕ ਸਾਂਝ ਘਟ ਗਈ ਹੈ ਤੇ ਇਹ ਤਿਉਹਾਰ ਮੌਜੂਦਾ ਖ਼ਪਤਕਾਰੀ ਯੁੱਗ ਵਿਚ ਚਾਪਲੂਸੀ ਦਾ ਸਾਧਨ ਬਣ ਗਏ ਹਨ। ਅੱਜ ਇਨ੍ਹਾਂ ਤਿਉਹਾਰਾਂ ਨੂੰ ਬਚਾਉਣ ਦੀ ਜ਼ਰੂਰਤ ਹੈ।
ਜੋੜਾ-ਪਰਿਵਾਰਾਂ ਦੇ ਹੋਂਦ ਵਿਚ ਆਉਣ ਨਾਲ ਬੇਸ਼ਕ ਉਨ੍ਹਾਂ ਨੂੰ ਵਿਅਕਤੀਗਤ ਅਜ਼ਾਦੀ ਤਾਂ ਪ੍ਰਾਪਤ ਹੋ ਗਈ ਹੈ ਪਰੰਤੂ ਦੁੱਖ-ਸੁਖ ਦੀ ਸਾਂਝ ਨਾਮ-ਮਾਤਰ ਹੀ ਹੈ। ਇਨ੍ਹਾਂ ਘਰਾਂ ਵਿਚੋਂ ਬਜ਼ੁਰਗਾਂ ਦੇ ਮਨਫ਼ੀ ਹੋਣ ਨਾਲ ਨਵੀਂ ਪੀੜ੍ਹੀ ਲਈ ਆਪਣੇ ਸਭਿਆਚਾਰਕ ਸੰਸਕਾਰ ਪ੍ਰਾਪਤ ਕਰਨ ਦਾ ਸ੍ਰੋਤ ਖ਼ਤਮ ਹੋ ਗਿਆ ਹੈ। ਜੇਕਰ ਘਰ ਵਿਚ ਬਜ਼ੁਰਗ ਨਹੀਂ, ਤਾਂ ਲੋਕ-ਧਾਰਾ ਦਾ ਖ਼ਜ਼ਾਨਾ ਅੱਗੇ ਨਹੀਂ ਤੁਰ ਸਕਦਾ। ਬੇਸ਼ਕ ਬਦਲੇ ਹਾਲਾਤਾਂ ਵਿਚ ਵੱਡੇ ਸੰਯੁਕਤ ਪਰਿਵਾਰ ਤਾਂ ਸੰਭਵ ਨਹੀਂ, ਪਰੰਤੂ ਜੋੜਾ ਪਰਿਵਾਰ ਆਪਣੇ ਨਾਲ ਬਜ਼ੁਰਗਾਂ ਨੂੰ ਰੱਖ ਕੇ ਵੱਡੇ ਤੇ ਛੋਟੇ ਪਰਿਵਾਰ ਦੇ ਵਿਚਕਾਰਲਾ ਰੂਪ ਕਾਇਮ ਰੱਖ ਸਕਦਾ ਹੈ. ਜਿਸ ਨਾਲ ਉਹ ਬਜ਼ੁਰਗ ਮਾਪਿਆਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਵੀ ਨਿਭਾ ਸਕੇਗਾ ਤੇ ਬਜ਼ੁਰਗ ਨਵੀਂ ਪੀੜ੍ਹੀ ਦਾ ਰਾਹ ਦਸੇਰਾ ਵੀ ਬਣਨਗੇ। ਅੱਜ-ਕਲ੍ਹ ਪੰਜਾਬੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵਧ ਚੁੱਕਾ ਹੈ। ਬੇਸ਼ਕ ਇਹ ਮਾੜੀ ਗੱਲ ਨਹੀਂ, ਪਰੰਤੂ ਬਿਨਾਂ ਸੋਚੇ-ਸਮਝੇ ਅਤੇ ਬਿਨਾਂ ਪੜ੍ਹਾਈ ਤੇ ਸਿਖਲਾਈ ਤੋਂ ਲੱਖਾਂ ਰੁਪਏ ਪੁੱਟ ਕੇ ਗ਼ੈਰ-ਕਾਨੂੰਨੀ ਬਾਹਰ ਜਾਣਾ ਨਿਰੀ ਮੂਰਖਤਾ ਹੈ । ਇਸ ਤਰ੍ਹਾਂ ਬੇਸ਼ਕ ਪੰਜਾਬੀ ਲੋਕ ਦੁਨੀਆ ਭਰ ਵਿਚ ਫੈਲ ਰਹੇ ਹਨ, ਪਰੰਤੂ ਪੰਜਾਬੀ ਸਭਿਆਚਾਰ ਦੀ ਖ਼ੁਸ਼ਬੂ ਨਹੀਂ ਫੈਲ ਰਹੀ। ਨਵੀਂ ਪੀੜ੍ਹੀ ਵਲੋਂ ਆਧੁਨਿਕ ਸੰਚਾਰ-ਸਾਧਨਾਂ ਕੰਪਿਊਟਰ, ਇੰਟਰਨੈੱਟ, ਸੈਟੇਲਾਈਟ ਚੈਨਲ ਅਤੇ ਮੋਬਾਈਲ ਫ਼ੋਨ ਦੀ ਖ਼ੂਬ ਵਰਤੋਂ ਕੀਤੀ ਜਾ ਰਹੀ ਹੈ ਤੇ ਇਹ ਸਾਧਨ ਪੰਜਾਬੀ ਸਭਿਆਚਾਰ ਨੂੰ ਦੂਰ-ਦੂਰ ਤਕ ਫੈਲਾਉਣ ਲਈ ਵਰਤੇ ਜਾ ਸਕਦੇ ਹਨ।
ਪੁਰਾਣੀ ਪੀੜ੍ਹੀ ਇਨ੍ਹਾਂ ਦੀ ਨਿੰਦਿਆ ਕਰ ਕੇ ਇਨ੍ਹਾਂ ਤੋਂ ਪਿੱਛਾ ਨਹੀਂ ਛੁਡਾ ਸਕਦੀ ਤੇ ਉਸ ਨੂੰ ਨਵੀਂ ਪੀੜ੍ਹੀ ਦੀ ਹਾਣੀ ਬਣ ਕੇ ਉਸ ਦੀ ਅਗਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਵਿਚ ਪੀੜ੍ਹੀ ਦਾ ਪਾੜਾ ਇੰਨਾ ਵਧ ਜਾਵੇਗਾ ਕਿ ਮਾਪੇ ਬੱਚਿਆਂ ਦੀ ਗੱਲ ਸਮਝਣ ਤੋਂ ਅਸਮਰੱਥ ਹੋ ਜਾਣਗੇ।
ਨਵੀਆਂ ਪ੍ਰਸਥਿਤੀਆਂ ਵਿਚ ਨਵੀਆਂ ਲੋੜਾਂ ਪੈਦਾ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਕੇਵਲ ਕਾਨੂੰਨਾਂ ਨਾਲ ਹੱਲ ਨਹੀਂ ਕੀਤਾ ਜਾ ਸਕਦਾ, ਸਗੋਂ ਇਨ੍ਹਾਂ ਪ੍ਰਤੀ ਚੇਤਨਾ ਸਾਡੇ ਸਭਿਆਚਾਰ ਦਾ ਅੰਗ ਬਣਨੀ ਚਾਹੀਦੀ ਹੈ। ਸਾਨੂੰ ਪਲਾਸਟਿਕ ਦੇ ਲਿਫਾਫਿਆਂ ਤੋਂ ਛੁਟਕਾਰਾ ਪਾਉਣ ਲਈ ਝੋਲਿਆਂ ਦੀ ਪਰੰਪਰਾ ਨੂੰ ਮੁੜ ਸੁਰਜੀਤ ਕਰਨਾ ਪਵੇਗਾ ਤੇ ਜਨਮ ਦਿਨ ਮਨਾਉਣ ਤੇ ਵਿਛੜਿਆਂ ਦੀ ਯਾਦ ਵਿਚ ਰੁੱਖ ਲਾਉਣ ਦੀਆਂ ਪਰੰਪਰਾਵਾਂ ਵਿਕਸਿਤ ਕਰਨੀਆਂ ਪੈਣਗੀਆਂ।
ਭਾਸ਼ਾ ਸਭਿਆਚਾਰ ਦਾ ਵਾਹਨ ਹੁੰਦੀ ਹੈ। ਜੇਕਰ ਭਾਸ਼ਾ ਬਦਲ ਜਾਵੇ, ਤਾਂ ਸਭਿਆਚਾਰ ਵੀ ਬਦਲ ਜਾਂਦਾ ਹੈ। ਅੱਜ ਸਾਡੇ ਉੱਤੇ ਅੰਗਰੇਜ਼ੀ ਸਵਾਰ ਹੈ, ਜੋ ਕਿ ਸਭਿਆਚਾਰਕ ਕਲਾਵਾਂ ਦੀ ਅੰਤਰ-ਰਾਸ਼ਟਰੀ ਮੰਡੀ ਹੈ ਅਤੇ ਇਹ ਆਪਣੀ ਇਸ਼ਤਿਹਾਰਬਾਜ਼ੀ ਤੇ ਤਕਨੀਕ ਰਾਹੀਂ ਸਾਰੀ ਦੁਨੀਆ ਦੇ ਸਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਸਾਡਾ ਬੱਚਾ ਸਭ ਕੁੱਝ ਅੰਗਰੇਜ਼ੀ ਵਿਚ ਹੀ ਪੜ੍ਹੇਗਾ, ਤਾਂ ਉਹ ਦਾਦੀਆਂ-ਨਾਨੀਆਂ ਦੀਆਂ ਬਾਤਾਂ, ਅਖਾਣਾਂ ਤੇ ਮੁਹਾਵਰਿਆਂ ਨੂੰ ਸਮਝਣ ਤੋਂ ਅਸਮਰਥ ਹੋ ਜਾਵੇਗਾ ਤੇ ਆਪਣੇ ਵਿਰਸੇ ਵਿਚ ਛੁਪੇ ਸਭਿਆਚਾਰਕ ਕੀਮਤ-ਪ੍ਰਬੰਧ ਤੋਂ ਵੀ ਟੁੱਟ ਜਾਵੇਗਾ।
ਪੰਜਾਬੀ ਸਭਿਆਚਾਰ ਇਕ ਸੰਯੁਕਤ ਸਭਿਆਚਾਰ ਸੀ, ਜਿਸ ਵਿਚ ਹਿੰਦੂ, ਸਿੱਖ, ਮੁਸਲਮਾਨ, ਇਸਾਈ, ਜੈਨੀ ਤੇ ਬੋਧੀ ਸਭ ਮਿਲ ਕੇ ਹਿੱਸਾ ਪਾਉਂਦੇ ਸਨ, ਪਰ ਦੇਸ਼-ਵੰਡ ਮਗਰੋਂ ਵੰਡ-ਦਰ-ਵੰਡ ਹੋਣ ਨਾਲ ਪੰਜਾਬ ਬਹੁਤ ਛੋਟਾ ਰਹਿ ਗਿਆ ਹੈ। ਅੱਜ ਭਾਰਤ ਵਿਚ ਪੰਜਾਬੀ ਨੂੰ ਲਿਖਣ ਲਈ ਗੁਰਮੁਖੀ ਪਰ ਪਾਕਿਸਤਾਨ ਵਿਚ ਸਾਹਮੁਖੀ ਵਰਤੀ ਜਾ ਰਹੀ ਹੈ। ਮੇਲ-ਮਿਲਾਪ ਦੀ ਘਾਟ ਕਾਰਨ ਬਹੁਤ ਸਾਰੇ ਦਿਨ, ਤਿਉਹਾਰ ਤੇ ਮੁਹਾਵਰੇ ਓਪਰੇ ਹੋ ਗਏ ਹਨ। ਪੰਜਾਬੀ ਸਭਿਆਚਾਰ ਦੀ ਪ੍ਰਫੁਲਤਾ ਲਈ ਦੋਹਾਂ ਦੇਸ਼ਾਂ ਵਿਚਕਾਰ ਮੇਲ-ਮਿਲਾਪ ਜ਼ਰੂਰੀ ਹੈ।
ਪੰਜਾਬੀ ਸਮਾਜ ਜਾਤ-ਪ੍ਰਬੰਧ ਵਿਚ ਵੰਡਿਆ ਹੋਇਆ ਸੀ। ਪੰਜਾਬ ਦੇ ਖੇਤੀ ਪ੍ਰਧਾਨ ਹੋਣ ਕਰਕੇ, ਇੱਥੇ ਕਿਸਾਨ ਦੀ ਚੜ੍ਹਤ ਰਹੀ ਹੈ। ਪਰੰਤੂ ਬੀਤੇ ਸਮੇਂ ਵਿਚ ਫ਼ਿਲਮਾਂ ਤੇ ਗੀਤ ਸੰਗੀਤ ਵਿਚ ‘ਜੱਟ’ ਸ਼ਬਦ ਦੀ ਵਰਤੋਂ ਬਹੁਤ ਵਧ ਗਈ ਹੈ ਤੇ ਉਸ ਨੂੰ ਮਿਹਨਤੀ ਦੀ ਥਾਂ ਹਿੰਸਕ ਤੇ ਸ਼ਰਾਬੀ ਦੇ ਰੂਪ ਵਿਚ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਕਿਸਾਨ ਦੀਆਂ ਸਮੱਸਿਆਵਾਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੀ ਥਾਂ ਹੈਂਕੜ ਤੇ ਫੁਕਰੇਪਨ ਦਾ ਪ੍ਰਗਟਾਵਾ ਵਧਿਆ ਹੈ।
ਅੰਤ ਵਿਚ ਇਹੋ ਕਹਿਣਾ ਚਾਹੀਦਾ ਹੈ ਕਿ ਹਰ ਪੰਜਾਬੀ ਨੂੰ ਆਪਣੇ ਸਭਿਆਚਾਰ ਉੱਤੇ ਅਭਿਮਾਨ ਨਹੀਂ, ਸਗੋਂ ਮਾਣ ਕਰਨਾ ਚਾਹੀਦਾ ਹੈ। ਸਾਨੂੰ ਬਹੁਤ ਕੁੱਝ ਛੱਡਣਾ ਚਾਹੀਦਾ ਹੈ। ਜਿਵੇਂ-ਕੁੜੀਆਂ ਨੂੰ ਮਾਰਨਾ ਤੇ ਬਹੁਤ ਕੁੱਝ ਰੱਖਣਾ ਚਾਹੀਦਾ ਹੈ, ਜਿਵੇਂ-ਬਜ਼ੁਰਗਾਂ ਦੀ ਸੰਭਾਲ। ਸਾਨੂੰ ਦੂਜਿਆਂ ਤੋਂ ਬਹੁਤ ਕੁੱਝ ਸਿੱਖਣਾ ਚਾਹੀਦਾ ਹੈ, ਜਿਵੇਂ ਕੰਮ ਸਭਿਆਚਾਰ। ਬਹੁਤ ਕੁੱਝ ਸਾਡੇ ਕੋਲ ਹੈ, ਜਿਵੇਂ ਕਿਰਤ ਕਰਨਾ, ਵੰਡ ਛਕਣਾ ਤੇ ਸਬਰ, ਸੰਤੋਖ ਵਾਲਾ ਜੀਵਨ ਗੁਜ਼ਾਰਨਾ। ਸਭਿਆਚਾਰ ਇਕ ਜਿਊਂਦੀ-ਜਾਗਦੀ ਜੀਵਨ-ਜਾਚ ਹੈ। ਇਸ ਨੂੰ ਨਵਿਆਉਂਦੇ ਰਹਿਣ ਲਈ ਸਾਨੂੰ ਸਿਹਤਮੰਦ ਪਰੰਪਰਾਵਾਂ ਵਿਕਸਿਤ ਕਰਨੀਆਂ ਚਾਹੀਦੀਆਂ ਹਨ।