ਪੰਜਾਬੀ ਵਿਆਕਰਣ ਦੇ ਬੁਨਿਆਦੀ ਨਿਯਮ
ਭਾਸ਼ਾਈ ਬਾਰੀਕੀਆਂ
ਆਮ ਤੌਰ ‘ਤੇ ਹਰ ਭਾਸ਼ਾ ਦੇ ਦੋ ਰੂਪ ਹੁੰਦੇ ਹਨ; ਇਕ ਬੋਲਚਾਲ ਦੀ ਮੌਖਿਕ ਭਾਸ਼ਾ ਅਤੇ ਦੂਸਰੀ ਲਿਖਤੀ ਭਾਸ਼ਾ। ਬੋਲਚਾਲ ਦੀ ਭਾਸ਼ਾ ਮਨੁੱਖ ਆਪਣੇ ਸਮਾਜਿਕ ਵਰਤਾਰੇ ਦੌਰਾਨ ਬਾਕੀ ਲੋਕਾਂ ਦੇ ਸੰਪਰਕ ਵਿੱਚ ਆਉਣ ਨਾਲ ਸਿੱਖਦਾ ਹੈ ਜਿਵੇਂ ਪਰਿਵਾਰ, ਮਾਪੇ, ਸੰਗੀ ਸਾਥੀ, ਸਮਾਜਿਕ ਅਦਾਰੇ ਆਦਿ।
ਹਾਲਾਂਕਿ ਬੋਲਚਾਲ ਦੀ ਭਾਸ਼ਾ ਵਿਚ ਵੀ ਵਿਆਕਰਣ ਨਿਯਮਾਂ ਦਾ ਆਪਣਾ ਮਹੱਤਵਪੂਰਨ ਸਥਾਨ ਹੁੰਦਾ ਹੈ ਪਰ ਬੋਲਦੇ ਸਮੇਂ ਉਨ੍ਹਾਂ ਦਾ ਬਹੁਤਾ ਜ਼ਿਆਦਾ ਧਿਆਨ ਨਹੀਂ ਰੱਖਿਆ ਜਾਂਦਾ। ਮਿਸਾਲ ਦੇ ਤੌਰ ‘ਤੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੇ ਮਾਪੇ ਬੋਲਚਾਲ ਦੀ ਭਾਸ਼ਾ ਅਰਥਾਤ ਮੌਖਿਕ ਭਾਸ਼ਾ ਰਾਹੀਂ ਹੀ ਉਸ ਨਾਲ ਸੰਪਰਕ ਸਥਾਪਿਤ ਕਰਦੇ ਹਨ ਅਤੇ ਆਪਣੀ ਗੱਲਬਾਤ ਦਾ ਸਿਲਸਿਲਾ ਬਣਾਉਣ ਦਾ ਯਤਨ ਕਰਦੇ ਹਨ।
ਖ਼ਾਸ ਕਰਕੇ ਅਨਪੜ੍ਹ ਮਾਪੇ ਜਿਨ੍ਹਾਂ ਕੋਲ ਕੋਈ ਸਕੂਲੀ ਵਿਦਿਆ ਨਹੀਂ ਹੁੰਦੀ ਅਤੇ ਜਿਨ੍ਹਾਂ ਨੇ ਕੋਈ ਵੀ ਭਾਸ਼ਾ ਰਸਮੀ ਤੌਰ ‘ਤੇ ਕਿਸੇ ਵਿਦਿਅਕ ਅਦਾਰ ਵਿੱਚ ਨਹੀਂ ਸਿੱਖੀ ਹੁੰਦੀ, ਉਹ ਵੀ ਆਪਣੇ ਬੱਚੇ ਨੂੰ ਕੁਦਰਤੀ ਜਾਂ ਸੁਭਾਵਿਕ ਤਰੀਕੇ ਆਪਣੀ ਬੋਲਚਾਲ ਦੀ ਭਾਸ਼ਾ ਰਾਹੀਂ ਸਿਖਾਉਂਦੇ ਹਨ ਜਿਨ੍ਹਾਂ ਨੂੰ ਖੁਦ ਵੀ ਭਾਸ਼ਾ ਦੀ ਵਿਆਕਰਣ ਦੇ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ। ਬੋਲਚਾਲ ਦੇ ਇਸ ਕੁਦਰਤੀ ਵਰਤਾਰੇ ਰਾਹੀਂ ਬੱਚਾ, ਆਪਣੇ ਮਾਪਿਆਂ ਅਤੇ ਪਰਿਵਾਰ ਦੇ ਮੈਂਬਰਾਂ ਆਦਿ ਵੱਲੋਂ ਅਚੇਤ ਮਨ ਹੀ ਆਪਣੀ ਮਾਤਭਾਸ਼ਾ ਸਿੱਖਦਾ ਹੈ। ਇਸ ਤਰ੍ਹਾਂ ਬੋਲੀ ਸਿੱਖਣ ਦਾ ਸਿਲਸਿਲਾ ਪੀੜ੍ਹੀ ਦਰ ਪੀੜ੍ਹੀ ਲਗਾਤਾਰ ਜਾਰੀ ਰਹਿੰਦਾ ਹੈ।
ਪੜ੍ਹਨ ਅਤੇ ਬੋਲਚਾਲ ਦੀ ਭਾਸ਼ਾ ਦੇ ਨਾਲ-ਨਾਲ ਹਰ ਲਿਖਤੀ ਭਾਸ਼ਾ ਲਈ ਵਿਆਕਰਣ ਦੇ ਨਿਯਮ ਨਿਰਧਾਰਤ ਹੁੰਦੇ ਹਨ ਜੋ ਕਿ ਭਾਸ਼ਾ ਸਿੱਖਣ ਅਤੇ ਇਸਤੇਮਾਲ ਕਰਨ ਲਈ ਮਦਦਗਾਰ ਹੁੰਦੇ ਹਨ। ਵਿਆਕਰਣ ਦੇ ਨਿਯਮਾਂ ਤੋਂ ਬਿਨਾ ਕਿਸੇ ਵੀ ਭਾਸ਼ਾ ਨੂੰ ਸੰਪੂਰਨ ਤਰੀਕੇ ਨਾਲ ਪੜ੍ਹਿਆ, ਬੋਲਿਆ ਅਤੇ ਲਿਖਿਆ ਨਹੀਂ ਜਾ ਸਕਦਾ।
ਬਾਕੀ ਭਾਸ਼ਾਵਾਂ ਦੀ ਤਰ੍ਹਾਂ, ਪੰਜਾਬੀ ਭਾਸ਼ਾ ਦੇ ਮੁੱਖ ਦੋ ਭਾਗ ਜਾਂ ਤੱਤ ਹਨ, ਜਿਵੇਂ ਕਿ ਵਰਣਮਾਲਾ ਅਤੇ ਲਗਾਮਾਤਰਾਂ। ਇਨ੍ਹਾਂ ਦੋਹਾਂ ਦਾ ਸੁਮੇਲ ਅਲੱਗ-ਅਲੱਗ ਸ਼ਬਦਾਂ ਅਤੇ ਧੁਨੀਆਂ ਨੂੰ ਪੈਦਾ ਕਰਦਾ ਹੈ।
ਵਰਣਮਾਲਾ:
ਪੰਜਾਬੀ ਵਰਣਮਾਲਾ ਵਿਚ ਪੈਂਤੀ ਅੱਖਰ ਹਨ। ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ: ਆਮ ਅੱਖਰ ਅਤੇ ਖ਼ਾਸ ਅੱਖਰ। ਵਰਣਮਾਲਾ ਦੇ ਪੈਂਤੀ ਅੱਖਰਾਂ ਵਿਚੋਂ ਉ, ਅ ਅਤੇ ੲ ਤਿੰਨ ਖ਼ਾਸ ਅੱਖਰ ਹਨ ਜਿਨ੍ਹਾਂ ਨੂੰ ‘ਆਵਾਜ਼ ਧਾਰਕ’ (‘Vowels’) ਕਿਹਾ ਜਾਂਦਾ ਹੈ ਜਦਕਿ ਬਾਕੀ ਅੱਖਰਾਂ ਨੂੰ ‘ਆਮ ਅੱਖਰ’ ਕਿਹਾ ਜਾਂਦਾ ਹੈ।
ਲਗਾਮਾਤਰਾਂ:
ਕੁੱਲ ਬਾਰਾਂ ਲਗਾਮਾਤਰਾਂ ਵਿਚੋਂ ਨੌਂ ਮੁੱਖ ਜਾਂ ਸੁਤੰਤਰ ਲਗਾਮਾਤਰਾਂ ਅਤੇ ਤਿੰਨ ਸਹਾਇਕ ਲਗਾਮਾਤਰਾਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਵਧੀਕ ਲਗਾਮਾਤਰਾਵਾਂ ਵੀ ਹਨ ਜਿਨ੍ਹਾਂ ਦਾ ਇਸਤੇਮਾਲ ਕੁਝ ਅਲੱਗ ਧੁਨੀਆਂ ਪੈਦਾ ਕਰਨ ਲਈ ਕੀਤਾ ਜਾਂਦਾ ਹੈ।
ਸੁਤੰਤਰ ਲਗਾਮਾਤਰਾਂ
ਕੁਝ ਸੁਤੰਤਰ ਲਗਾਮਾਤਰਾਂ ਕੁਝ ਅੱਖਰਾਂ ਨਾਲ ਕੋਈ ਸ਼ਬਦ ਬਣਾਉਣ ਜਾਂ ਖ਼ਾਸ ਆਵਾਜ਼ ਪੈਦਾ ਕਰਨ ਲਈ ਹੇਠ ਦੱਸੇ ਨਿਯਮਾਂ ਅਨੁਸਾਰ ਇਸਤੇਮਾਲ ਹੁੰਦੀਆਂ ਹਨ:
►ਕੰਨੇ ਦੀ ਮਾਤਰਾ ਦੀ ਵਰਤੋਂ ਅੱਖਰ ਦੇ ਪਿੱਛੇ ਕੀਤੀ ਜਾਂਦੀ ਹੈ।
► ਸਿਹਾਰੀ ਦੀ ਵਰਤੋਂ ਅੱਖਰ ਤੋਂ ਪਹਿਲਾਂ ਕੀਤੀ ਜਾਂਦੀ ਹੈ।
► ਬਿਹਾਰੀ ਦੀ ਵਰਤੋਂ ਅੱਖਰ ਤੋਂ ਬਾਅਦ ਵਿੱਚ ਕੀਤੀ ਜਾਂਦੀ ਹੈ।
► ਔਕੜ ਅਤੇ ਦੂਲੈਂਕੜ ਦੀ ਵਰਤੋਂ ਅੱਖਰਾਂ ਦੇ ਹੇਠਾਂ ਕੀਤੀ ਜਾਂਦੀ ਹੈ।
► ਲਾਂਵ, ਦੁਲਾਂਵਾ, ਹੋੜਾ ਅਤੇ ਕਨੌੜਾ ਅੱਖਰਾਂ ਦੇ ਉੱਪਰ ਲਗਾਏ ਜਾਂਦੇ ਹਨ।
ਸਹਾਇਕ ਲਗਾਮਾਤਰਾਂ:
ਸਹਾਇਕ ਲਗਾਮਾਤਰਾਂ ਜਿਵੇਂ ਕਿ ਅੱਧਕ (ੱ), ਟਿੱਪੀ (ੰ) ਅਤੇ ਬਿੰਦੀ (ਂ) ਅੱਖਰਾਂ ਦੇ ਉੱਪਰ ਲਗਾਈਆਂ ਜਾਂਦੀਆਂ ਹਨ ਜਿਵੇਂ ਕਿ ਸੱਚ, ਠੰਢ ਅਤੇ ਪੀਂਘ।
ਬਿੰਦੀ (ਂ) ਦਾ ਇਸਤੇਮਾਲ ਕੁਝ ਅੱਖਰਾਂ ਦੇ ਪੈਰ ਹੇਠਾਂ ਲਗਾ ਕੇ ਖ਼ਾਸ ਆਵਾਜ਼ ਪੈਦਾ ਕਰਨ ਲਈ ਕੀਤਾ ਜਾਂਦਾ ਹੈ ਜਿਵੇਂ ਸ਼, ਖ਼, ਗ਼, ਜ਼ ਅਤੇ ਖ਼।
ਮਿਸਾਲ ਦੇ ਤੌਰ ‘ਤੇ ‘ਸ’ ਅਤੇ ‘ਛ’ ਦੇ ਵਿਚਕਾਰ ਨਿਕਲਣ ਵਾਲੀ ਆਵਾਜ਼ ਪੈਦਾ ਕਰਨ ਲਈ ‘ਸ’ ਅੱਖਰ ਦੇ ਪੈਰ ਹੇਠਾਂ ਬਿੰਦੀ ਭਾਵ (਼) – ‘ਸ਼’ ਲਗਾਈ ਜਾਂਦੀ ਹੈ।
ਵਧੀਕ ਲਗਾਮਾਤਰਾਂ
ਇਸੇ ਤਰ੍ਹਾਂ ਜੇਕਰ ਅੱਧਾ ‘ਹ’ ਭਾਵ ਕਿ (ਹ) ‘ੜ’ ਦੇ ਪੈਰ ਵਿੱਚ ਲਗਾਉਂਦੇ ਹਾਂ ਤਾਂ ਇਸ ਵਿੱਚੋਂ ‘ਹ’ ਦੀ ਅੱਧੀ ਆਵਾਜ਼ ‘ੜ’ ਤੋਂ ਬਾਅਦ ਨਿਕਲਦੀ ਹੈ ਜਿਵੇਂ ਚੰਡੀਗੜ੍ਹ।
‘ਰ’ ਦੀ ਅੱਧੀ ਆਵਾਜ਼ ਪੈਦਾ ਕਰਨ ਲਈ ਪੂਰੇ ‘ਰ’ ਦੀ ਥਾਂ ਅੱਧੇ ‘ਰ’ ਨੂੰ ਪਹਿਲੇ ਅੱਖਰ ਦੇ ਪੈਰ ਹੇਠ ਲਗਾਇਆ ਜਾਂਦਾ ਹੈ ਜਿਵੇਂ ਕਿ ਕ੍ਰਿਸ਼ਨ, ਪ੍ਰੀਖਿਆ, ਟ੍ਰਿਬਿਊਨ, ਅੰਮ੍ਰਿਤਸਰ ਆਦਿ।
ਸੁਤੰਤਰ ਲਗਾਮਾਤਰਾਂ ਵਰਣਮਾਲਾ ਦੇ ਅੱਖਰਾਂ ਨਾਲ ਇਸਤੇਮਾਲ ਕੀਤੀਆਂ ਜਾਂਦੀਆਂ ਹਨ ਜਦੋਂਕਿ ਸਹਾਇਕ ਲਗਾਮਾਤਰਾਂ ਇਨ੍ਹਾਂ ਅੱਖਰਾਂ ਨਾਲ ਸੁਤੰਤਰ ਲਗਾਮਾਤਰਾਂ ਦਾ ਪ੍ਰਯੋਗ ਕਰਨ ਦੇ ਨਾਲ-ਨਾਲ ਵੀ ਇਸਤੇਮਾਲ ਹੋ ਸਕਦੀਆਂ ਹਨ।
ਇਸ ਕਰਕੇ ਬਾਰਾਂ ਵਿੱਚੋਂ ਨੌਂ ਲਗਾਮਾਤਰਾਂ ਦਾ ਪ੍ਰਯੋਗ ਸੁਤੰਤਰ ਤੌਰ ‘ਤੇ ਕੀਤਾ ਜਾਂਦਾ ਹੈ ਜਦੋਂਕਿ ਤਿੰਨ ਸਹਾਇਕ ਲਗਾਮਾਤਰਾਂ ਦਾ ਪ੍ਰਯੋਗ ਸੁਤੰਤਰ ਤੌਰ ‘ਤੇ ਵੀ ਹੋ ਸਕਦਾ ਹੈ ਅਤੇ ਸੁਤੰਤਰ ਦੋ ਲਗਾਮਾਤਰਾਂ ਨਾਲ ਸੁਮੇਲ ਕਰ ਕੇ ਵੀ। ਮਿਸਾਲ ਵਜੋਂ ਜਿੱਥੇ ਇਕ ਪਾਸੇ ਕੰਨਾ (ਾ), ਜੋ ਕਿ ਇੱਕ ਸੁਤੰਤਰ ਲਗਾਮਾਤਰਾ ਹੈ, ਦਾ ਪ੍ਰਯੋਗ ਸੁਤੰਤਰ ਰੂਪ ਵਿੱਚ ਇਕੱਲੇ ਤੌਰ ‘ਤੇ ਕੀਤਾ ਜਾਂਦਾ ਹੈ ਜਿਵੇਂ ਕਿ ਰਾਮ, ਰਾਜ, ਰਾਹ, ਦਾਨ ਆਦਿ। ਉੱਥੇ ਕੰਨੇ (ਾ) ਦਾ ਪ੍ਰਯੋਗ ਸਹਾਇਕ ਲਗਾਮਾਤਰਾ, ਬਿੰਦੀ (-ਂ) ਦੇ ਸੁਮੇਲ ਨਾਲ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਥਾਂ, ਸਾਂਗ, ਡਾਂਗ, ਵਾਂਗ,ਨਵਾਂ, ਸਮਾਂ ਆਦਿ।
ਇਸੇ ਤਰ੍ਹਾਂ ਸਿਹਾਰੀ (ਿ) ਜੋ ਕਿ ਇੱਕ ਸੁਤੰਤਰ ਲਗਾਮਾਤਰਾ ਹੈ, ਦਾ ਇਸਤੇਮਾਲ ਜਿੱਥੇ ਸੁਤੰਤਰ ਤੌਰ ‘ਤੇ ਕੀਤਾ ਜਾਂਦਾ ਹੈ ਜਿਵੇਂ ਕਿ ਇਸ, ਕਿਸ, ਜਿਸ, ਕਿਰਤੀ, ਕਿਸਾਨ ਆਦਿ ਉੱਥੇ ਇਸ ਦੀ ਵਰਤੋਂ ਸਹਾਇਕ ਲਗਾਮਤਰਾਂ ਕਿਸਾਨ ਆਦਿ ਉੱਥੇ ਇਸ ਦੀ ਵਰਤੋਂ ਸਹਾਇਕ ਲਗਾਮਾਤਰਾ ਟਿੱਪੀ (ੰ) ਦੇ ਸੁਮੇਲ ਨਾਲ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਇੰਚ, ਛਿੰਜ, ਕਿੰਝ ਆਦਿ। ਇਸੇ ਤਰ੍ਹਾਂ ਸਿਹਾਰੀ (ਿ) ਦਾ ਇਸਤੇਮਾਲ ਸਹਾਇਕ ਲਗਾਮਾਤਰਾ ਅੱਧਕ (ੱ) ਦੇ ਸੁਮੇਲ ਨਾਲ ਵੀ ਕੀਤਾ ਜਾਂਦਾ ਹੈ ਜਿਵੇਂ ਕਿ ਇੱਛਾ, ਸਿੱਖ, ਸਿੱਖਿਆ, ਮਿੱਥ, ਮਿੱਥਿਆ, ਜਿੱਥੇ, ਇੱਥੇ ਆਦਿ।
ਜਿਵੇਂ ਕਿ ਇੱਥੇ ਜ਼ਿਕਰ ਕੀਤਾ ਗਿਆ ਹੈ, ਸਾਰੀਆਂ ਲਗਾਮਾਤਰਾਂ ਸਾਰੇ ਅੱਖਰਾਂ ਨਾਲ ਪ੍ਰਯੋਗ ਵਿੱਚ ਨਹੀਂ ਆਉਂਦੀਆਂ ਅਤੇ ਨਾ ਹੀ ਇਨ੍ਹਾਂ ਦਾ ਇਸਤੇਮਾਲ ਅਸੀਂ ਆਪਣੀ ਮਰਜ਼ੀ ਨਾਲ ਕਰ ਸਕਦੇ ਹਾਂ। ਪੰਜਾਬੀ ਵਰਣਮਾਲਾ ਦੇ ਸਾਰੇ ਅੱਖਰਾਂ ਲਈ ਅਲੱਗ-ਅਲੱਗ ਲਗਾਮਾਤਰਾਂ ਦੀ ਵਰਤੋਂ ਲੋੜ ਅਨੁਸਾਰ ਹੁੰਦੀ ਹੈ। ਪੰਜਾਬੀ ਦੇ ਕੁਝ ਸ਼ਬਦ ਅਜਿਹੇ ਹਨ ਜਿਨ੍ਹਾਂ ਨੂੰ ਲਿਖਣ ਲਈ ਅੱਖਰਾਂ ਨੂੰ ਲਗਾਮਾਤਰਾਂ ਦੀ ਜ਼ਰੂਰਤ ਨਹੀਂ ਹੁੰਦੀ ਜਿਵੇਂ ਕਿ ਘਰ, ਡਰ, ਤਰ, ਪਰ, ਕਰ, ਯਤਨ, ਵਤਨ, ਸਰਵਣ, ਬਦਲ, ਜਨਮ, ਕਰਮ, ਦਖਲ ਆਦਿ।
ਲਗਾਮਤਰਾਂ ਅਤੇ ਅੱਖਰਾਂ ਦਾ ਆਪਸੀ ਸੰਬੰਧ :
ਆਵਾਜ਼ ਧਾਰਕ ਅੱਖਰਾਂ ਦੇ ਸਿਵਾਏ, ਅਲੱਗ – ਅਲੱਗ ਲਗਾਮਤਰਾਂ ਅਤੇ ਅੱਖਰਾਂ ਦਾ ਸੰਬੰਧ ਕਾਫ਼ੀ ਸਰਲ ਅਤੇ ਆਸਾਨ ਹੈ ਕਿਉਂਕਿ ਸਾਰੀਆਂ ਲਗਾਮਾਤਰਾਂ ਦਾ ਪ੍ਰਯੋਗ ਵਰਣਮਾਲਾ ਦੇ ਸਾਰੇ ਅੱਖਰਾਂ ਨਾਲ ਹੋ ਸਕਦਾ ਹੈ। ਦੂਜੇ ਪਾਸੇ ਸਾਰੇ ਆਵਾਜ਼ ਧਾਰਕ ਅੱਖਰਾਂ ਦੀ ਵਰਤੋਂ ਸਾਰੀਆਂ ਲਗਾਮਾਤਰਾਂ ਨਾਲ ਨਹੀਂ ਕੀਤੀ ਜਾ ਸਕਦੀ। ਸਿਰਫ਼ ਕੁਝ ਸੁਤੰਤਰ ਲਗਾਮਾਤਰਾਂ ਦਾ ਪ੍ਰਯੋਗ ਹੀ ਆਵਾਜ਼ ਧਾਰਕ ਅੱਖਰਾਂ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਤਾਲਿਕਾ ਵਿੱਚ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਜਿਹੜੀਆਂ ਸਹਾਇਕ ਲਗਾਮਾਤਰਾਂ ਦਾ ਇਸਤੇਮਾਲ ਆਵਾਜ਼ ਧਾਰਕ ਅੱਖਰਾਂ ਨਾਲ ਕੀਤਾ ਜਾ ਸਕਦਾ ਹੈ ਉਨ੍ਹਾਂ ਨੂੰ ‘ਹਾਂ’ ਦੇ ਚਿੰਨ੍ਹ ਨਾਲ ਉਪਰਲੇ ਚਿੱਤਰ ਵਿੱਚ ਅੰਕਿਤ ਕੀਤਾ ਗਿਆ ਹੈ।
ਆਵਾਜ਼ ਧਾਰਕ ਅੱਖਰਾਂ ਅਤੇ ਸੁਤੰਤਰ ਲਗਾਮਾਤਰਾਂ ਦਾ ਆਪਸੀ ਸੰਬੰਧ:
ਆਵਾਜ਼ ਧਾਰਕ ਅੱਖਰਾਂ ਅਤੇ ਸੁਤੰਤਰ ਲਗਾਮਾਤਰਾਂ ਦੇ ਆਪਸੀ ਸੰਬੰਧਾਂ ਨੂੰ ਤਾਲਿਕਾ ਵਿੱਚ ਦੱਸਿਆ ਗਿਆ ਹੈ। ਜਿਵੇਂਕਿ ਤਾਲਿਕਾ ਵਿੱਚ ਦਰਸਾਇਆ ਗਿਆ ਹੈ, ਆਵਾਜ਼ ਧਾਰਕ ਅੱਖਰਾਂ ਦੀ ਵਰਤੋਂ ਨੌਂ ਸੁਤੰਤਰ ਲਗਾਮਾਤਰਾਂ ਵਿੱਚੋਂ ਸਿਰਫ਼ ਤਿੰਨ ਸੁਤੰਤਰ ਲਗਾਮਾਤਰਾਂ ਨਾਲ ਹੀ ਹੋ ਸਕਦੀ ਹੈ। ਜਿੱਥੇ ਇੱਕ ਪਾਸੇ ਆਵਾਜ਼ ਧਾਰਕ ਅੱਖਰ ‘ਉ’ ਦੀ ਵਰਤੋਂ ਸਿਰਫ਼ ਦੋ ਸਹਾਇਕ ਲਗਾਮਾਤਰਾਂ ਜਿਵੇਂ ਅੱਧਕ (ੱ) ਅਤੇ ਬਿੰਦੀ ( ਂ) ਨਾਲ ਹੀ ਕੀਤੀ ਜਾ ਸਕਦੀ ਹੈ, ਉੱਥੇ ਦੂਸਰੇ ਪਾਸੇ ਬਾਕੀ ਦੋ ਆਵਾਜ਼ ਧਾਰਕ ਅੱਖਰਾਂ ਭਾਵ ਅ’ ਅਤੇ ‘ੲ’ ਦਾ ਪ੍ਰਯੋਗ ਸਹਾਇਕ ਲਗਾਮਾਤਰਾਂ ਜਿਵੇਂ ਕਿ ਅੱਧਕ (ੱ), ਟਿੱਪੀ (ੰ) ਅਤੇ ਬਿੰਦੀ (ਂ) ਨਾਲ ਵੀ ਕੀਤਾ ਜਾ ਸਕਦਾ ਹੈ।
ਸਹਾਇਕ ਅਤੇ ਸੁਤੰਤੁ ਲਗਾਮਾਤਰਾਂ ਦਾ ਪ੍ਰਯੋਗ:
ਸਾਰੀਆਂ ਸਹਾਇਕ ਲਗਾਮਾਤਰਾਂ ਦਾ ਪ੍ਰਯੋਗ ਸਾਰੀਆਂ ਸੁਤੰਤਰ ਲਗਾਮਾਤਰਾਂ ਨਾਲ ਨਹੀਂ ਕੀਤਾ ਜਾ ਸਕਦਾ। ਅੱਧਕ (ੱ) ਦਾ ਇਸਤੇਮਾਲ ਸਿਹਾਰੀ (ਿ) ਅਤੇ ਔਕੜ (_) ਨਾਲ ਹੋ ਸਕਦਾ ਹੈ ਪਰ ਟਿੱਪੀ (ੰ) ਦੀ ਵਰਤੋਂ ਸਿਰਫ਼ ਸਿਹਾਰੀ (ਿ), ਔਂਕੜ ( ੁ) ਅਤੇ ਦੁਲੈਂਕੜ (ੂ) ਨਾਲ ਹੀ ਹੋ ਸਕਦੀ ਹੈ। ਸਿਹਾਰੀ ਤੋਂ ਸਿਵਾਏ, ਸਹਾਇਕ ਲਗਾਮਾਤਰਾ ਬਿੰਦੀ ( ਂ ) ਦੀ ਵਰਤੋਂ ਸਾਰੀਆਂ ਸੁਤੰਤਰ ਲਗਾਮਾਤਰਾਂ ਨਾਲ ਕੀਤੀ ਜਾ ਸਕਦੀ ਹੈ।
ਸਮੀਖਿਆ / ਵਿਸ਼ਲੇਸ਼ਣ:
ਆਮ ਪੰਜਾਬੀ ਲੋਕ, ਨਵੇਂ ਵਿਦਿਆਰਥੀ ਅਤੇ ਸਿਖਾਂਦਰੂ ਜੋ ਪੰਜਾਬੀ ਪੜ੍ਹਨੀ ਅਤੇ ਲਿਖਣੀ ਨਹੀਂ ਜਾਣਦੇ, ਉਨ੍ਹਾਂ ਦੀਆਂ ਸਮੱਸਿਆਵਾਂ ਦੇ ਮੱਦੇਨਜ਼ਰ ਇਹ ਬਹੁਤ ਮਹੱਤਵਪੂਰਣ ਅਤੇ ਜ਼ਰੂਰੀ ਹੈ ਕਿ ਉਨ੍ਹਾਂ ਸਾਰਿਆਂ ਨੂੰ ਇੱਕ ਆਸਾਨ ਤਰੀਕੇ ਦੀ ਮਦਦ ਨਾਲ ਇਸ ਗੱਲ ਦੀ ਪੂਰਣ ਜਾਣਕਾਰੀ ਦਿੱਤੀ ਜਾਵੇ ਕਿ ਪੰਜਾਬੀ ਦੇ ਸਹੀ ਢੰਗ ਨਾਲ ਸ਼ਬਦ ਅਤੇ ਵਾਕ ਬਣਾਉਣ ਲਈ ਪੰਜਾਬੀ ਵਰਣਮਾਲਾ ਦੇ ਕਿਹੜੇ ਅੱਖਰਾਂ ਨਾਲ ਕਿਹੜੀਆਂ ਲਗਾਮਾਤਰਾਂ ਦਾ ਪ੍ਰਯੋਗ ਹੋ ਸਕਦਾ ਹੈ।