ਪੰਜਾਬੀ ਬੋਲੀ ਦੀਆਂ ਉਪ-ਬੋਲੀਆਂ ਜਾਂ ਉਪ-ਭਾਸ਼ਾਵਾਂ
ਪ੍ਰਸ਼ਨ. ਉਪ-ਬੋਲੀ (ਉਪ-ਭਾਸ਼ਾ) ਕੀ ਹੁੰਦੀ ਹੈ?
ਉੱਤਰ : ਕਿਸੇ ਭਾਸ਼ਾ ਖੇਤਰ ਦੀ ਬੋਲੀ ਵਿੱਚ ਇਲਾਕਾਈ ਭਿੰਨਤਾ ਨਾਲ ਬੋਲ-ਚਾਲ ਦੀ ਬੋਲੀ ਦੇ ਕਈ ਰੂਪ ਮਿਲਦੇ ਹਨ। ਬੋਲੀ ਦੇ ਬੋਲ-ਚਾਲ ਦੇ ਇਸ ਰੂਪ ਨੂੰ ਹੀ ਉਪ-ਬੋਲੀ ਕਿਹਾ ਜਾਂਦਾ ਹੈ।
ਪ੍ਰਸ਼ਨ. ਪੰਜਾਬੀ ਬੋਲੀ ਦੀਆਂ ਉਪ-ਬੋਲੀਆਂ ਜਾਂ ਉਪ-ਭਾਸ਼ਾਵਾਂ ਦੇ ਨਾਂ ਲਿਖੋ।
ਜਾਂ
ਪ੍ਰਸ਼ਨ. ਪੰਜਾਬੀ ਦੀਆਂ ਉਪ-ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਹਨ?
ਉੱਤਰ : ਪੰਜਾਬੀ ਬੋਲੀ ਦੀਆਂ ਉਪ-ਬੋਲੀਆਂ (ਉਪ-ਭਾਸ਼ਾਵਾਂ) ਇਹ ਹਨ : ਮਾਝੀ, ਦੁਆਬੀ, ਮਲਵਈ, ਪੁਆਧੀ, ਪੋਠੋਹਾਰੀ, ਮੁਲਤਾਨੀ (ਲਹਿੰਦੀ) ਤੇ ਡੋਗਰੀ।
ਪ੍ਰਸ਼ਨ. ਪੰਜਾਬੀ ਦੀਆਂ ਉਪ-ਬੋਲੀਆਂ (ਉਪ-ਭਾਸ਼ਾਵਾਂ) ਕਿਨ੍ਹਾਂ-ਕਿਨ੍ਹਾਂ ਇਲਾਕਿਆ ਵਿੱਚ ਬੋਲੀਆਂ ਜਾਂਦੀਆਂ ਹਨ?
ਉੱਤਰ : ਪੰਜਾਬੀ ਦੀਆਂ ਉਪ-ਬੋਲੀਆ (ਉਪ-ਭਾਸ਼ਾਵਾਂ ਹੇਠ ਲਿਖੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ-
ਮਾਝੀ : ਮਾਝੇ (ਲਾਹੌਰ, ਸਿਆਲਕੋਟ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ ਦੇ ਜਿਲ੍ਹਿਆਂ) ਵਿੱਚ।
ਮਲਵਈ : ਮਾਲਵੇ (ਲੁਧਿਆਣਾ, ਫ਼ਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮਾਨਸਾ, ਮੁਕਤਸਰ, ਬਰਨਾਲਾ, ਸੰਗਰੂਰ ਤੇ ਫ਼ਤਹਿਗੜ੍ਹ ਸਾਹਿਬ ਦਾ ਕੁੱਝ ਹਿੱਸਾ ਬਠਿੰਡਾ, ਫ਼ਰੀਦਕੋਟ, ਪਟਿਆਲਾ ਜ਼ਿਲ੍ਹੇ ਦੇ ਪੱਛਮੀ ਭਾਗ ਦੇ ਕੁੱਝ ਖੇਤਰ ਸਿਰਸਾ (ਹਰਿਆਣਾ) ਵਿੱਚ)
ਦੁਆਬੀ : ਦੁਆਬੇ (ਜਲੰਧਰ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਕਪੂਰਥਲਾ ਜਿਲ੍ਹੇ) ਵਿੱਚ।
ਪੁਆਧੀ : ਰੋਪੜ (ਰੂਪ ਨਗਰ), ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲੇ ਦਾ ਪੂਰਬੀ ਭਾਗ, ਸੰਗਰੂਰ ਦਾ ਮਲੇਰਕੋਟਲੇ ਵਲ ਦਾ ਖੇਤਰ, ਫ਼ਤਿਹਗੜ੍ਹ ਸਾਹਿਬ ਦਾ ਪੂਰਬੀ ਹਿੱਸਾ, ਅੰਬਾਲੇ ਦਾ ਪੱਛਮੀ ਹਿੱਸਾ।
ਡੋਗਰੀ : ਕਾਂਗੜੇ ਅਤੇ ਜੰਮੂ ਦੇ ਖੇਤਰ ਵਿੱਚ।
ਪੋਠੋਹਾਰੀ : ਪਾਕਿਸਤਾਨ ਦੇ ਜਿਹਲਮ ਦਰਿਆ ਦੇ ਪਾਰ ਪੋਠੋਹਾਰ ਦੇ ਇਲਾਕਿਆ (ਜ਼ਿਲ੍ਹਾ ਰਾਵਲਪਿੰਡੀ, ਜਿਲ੍ਹਾ ਜਿਹਲਮ ਤੇ ਕੈਮਲਪੁਰ) ਵਿੱਚ।
ਮੁਲਤਾਨੀ (ਲਹਿੰਦੀ) : ਮੁਲਤਾਨ, ਡੇਰਾ ਗਾਜੀ ਖਾਂ ਤੇ ਬਹਾਵਲਪੁਰ ਦੇ ਖੇਤਰ ਵਿੱਚ।
ਡੋਗਰੀ : ਜੰਮੂ (ਜੰਮੂ ਤੇ ਕਸ਼ਮੀਰ) ਤੇ ਕਾਂਗੜਾ (ਹਿਮਾਚਲ ਪ੍ਰਦੇਸ਼) ਦੇ ਕੁੱਝ ਹਿੱਸਿਆਂ ਵਿਚ।
ਪ੍ਰਸ਼ਨ. ਹੇਠ ਲਿਖੇ ਜ਼ਿਲ੍ਹਿਆਂ ਵਿੱਚ ਕਿਹੜੀ-ਕਿਹੜੀ ਉਪ-ਭਾਸ਼ਾ ਵਰਤੀ ਜਾਂਦੀ ਹੈ?
ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਰੋਪੜ (ਰੂਪ ਨਗਰ), ਫ਼ਤਹਿਗੜ੍ਹ ਸਾਹਿਬ, ਮੁਕਤਸਰ, ਬਠਿੰਡਾ, ਸ਼ਹੀਦ ਭਗਤ ਸਿੰਘ ਨਗਰ, ਹੁਸ਼ਿਆਰਪੁਰ, ਪਟਿਆਲਾ, ਮਾਨਸਾ ।
ਉੱਤਰ : ਕਪੂਰਥਲਾ-ਦੁਆਬੀ ।
ਗੁਰਦਾਸਪੁਰ, ਅੰਮ੍ਰਿਤਸਰ-ਮਾਝੀ ।
ਰੋਪੜ (ਰੂਪ ਨਗਰ)—ਪੁਆਧੀ ।
ਫ਼ਤਹਿਗੜ੍ਹ ਸਾਹਿਬ, ਮੁਕਤਸਰ, ਮਾਨਸਾ ਤੇ ਬਠਿੰਡਾ-ਮਲਵਈ ।
ਸ਼ਹੀਦ ਭਗਤ ਸਿੰਘ ਨਗਰ ਤੇ ਹੁਸ਼ਿਆਰਪੁਰ-ਦੁਆਬੀ।
ਪਟਿਆਲਾ-ਪਟਿਆਲੇ ਜ਼ਿਲ੍ਹੇ ਦੇ ਪੱਛਮੀ ਭਾਗ ਵਿਚ ਮਲਵਈ ਪਰੰਤੂ ਪੂਰਬੀ ਭਾਗ ਵਿਚ ਪੁਆਧੀ ਬੋਲੀ ਜਾਂਦੀ ਹੈ।
ਪ੍ਰਸ਼ਨ. ਪੰਜਾਬੀ ਬੋਲੀ ਦੀਆਂ ਕਿਸੇ ਦੋ ਉਪ-ਬੋਲੀਆਂ ਦੇ ਨਾਂ ਲਿਖੋ।
ਉੱਤਰ : ਦੁਆਬੀ, ਮਾਝੀ ।
ਪ੍ਰਸ਼ਨ. ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰ ਕਿਹੜੀ ਬੋਲੀ ਬੋਲੀ ਜਾਂਦੀ ਹੈ?
ਉੱਤਰ : ਮਾਝੀ ।
ਪ੍ਰਸ਼ਨ. ਪੰਜਾਬੀ ਦੀਆਂ ਚਾਰ ਉਪਬੋਲੀਆਂ ਦੇ ਨਾਂ ਲਿਖੋ।
ਉੱਤਰ : ਦੁਆਬੀ, ਮਾਝੀ, ਮਲਵਈ, ਪੋਠੋਹਾਰੀ।
ਪ੍ਰਸ਼ਨ. ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੇ ਆਪਸੀ ਅੰਤਰ ਕਿਉਂ ਮਿਟਦੇ ਜਾ ਰਹੇ ਹਨ?
ਉੱਤਰ : ਪੁਰਾਣੇ ਸਮੇਂ ਵਿੱਚ ਆਵਾਜਾਈ ਤੇ ਸੰਚਾਰ ਸਾਧਨਾਂ ਦੀ ਘਾਟ ਕਾਰਨ ਪੰਜਾਬ ਵਿੱਚ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਜਾਣ ਵਾਲੀਆਂ ਉਪ-ਭਾਸ਼ਾਵਾਂ ਦੇ ਆਪਸੀ ਫ਼ਰਕ ਬੜੇ ਉਘੜਵੇਂ ਸਨ। ਪਰੰਤੂ ਅਜੋਕੇ ਪੰਜਾਬ ਵਿੱਚ ਆਵਾਜਾਈ ਤੇ ਸੰਚਾਰ-ਸਾਧਨਾਂ ਦੇ ਵਿਕਸਿਤ ਹੋਣ ਕਾਰਨ ਲੋਕਾਂ ਦਾ ਆਪਸੀ ਮੇਲ-ਜੋਲ ਵਧ ਗਿਆ ਹੈ, ਸਿੱਟੇ ਵਜੋਂ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦੇ ਆਪਸੀ ਅੰਤਰ ਮਿਟਦੇ ਜਾ ਰਹੇ ਹਨ।
ਪ੍ਰਸ਼ਨ. ਪਿਜ਼ਿਨ ਅਤੇ ਕਰੀਓਲ ਭਾਸ਼ਾ-ਵੰਨਗੀਆਂ ਵਿੱਚ ਕੀ ਅੰਤਰ ਹੈ?
ਉੱਤਰ : ਪਿਜ਼ਿਨ ਕੰਮ-ਚਲਾਊ ਭਾਸ਼ਾ ਨੂੰ ਕਹਿੰਦੇ ਹਨ। ਸਮਾਂ ਪਾ ਕੇ ਇਹੋ ਹੀ ਸਥਾਨਕ ਭਾਸ਼ਾ ਬਣ ਜਾਂਦੀ ਹੈ ਤੇ ਇਸ ਨੂੰ ਕਰੀਓਲ ਦਾ ਨਾਂ ਦਿੱਤਾ ਜਾਂਦਾ ਹੈ। ‘ਉਰਦੂ’ ਅਜਿਹੀ ਹੀ ਇਕ ਭਾਸ਼ਾ ਹੈ।
ਪ੍ਰਸ਼ਨ. ਬੋਲੀ (ਸਾਹਿਤਕ ਬੋਲੀ) ਤੇ ਉਪ-ਬੋਲੀ ਵਿੱਚ ਕੀ ਫ਼ਰਕ ਹੁੰਦਾ ਹੈ?
ਉੱਤਰ : ਬੋਲੀ ਕਿਸੇ ਭਾਸ਼ਾ-ਖੇਤਰ ਦੇ ਕੇਂਦਰੀ ਇਲਾਕੇ ਦੀ ਬੋਲੀ ਹੁੰਦੀ ਹੈ। ਇਹ ਮਾਂਜੀ-ਸੁਆਰੀ ਤੇ ਨੇਮ-ਬੱਧ ਹੁੰਦੀ ਹੈ। ਪਰੰਤੂ ਉਪ-ਬੋਲੀ ਕਿਸੇ ਸਮੁੱਚੇ ਭਾਸ਼ਾ-ਖੇਤਰ ਦੀ ਇਕ ਭੂਗੋਲਿਕ ਇਕਾਈ ਵਿੱਚ ਬੋਲੀ ਜਾਣ ਵਾਲੀ ਹੁੰਦੀ ਹੈ।