ਪ੍ਰਿਥੀ ਚੰਦ
ਪ੍ਰਸ਼ਨ. ਪ੍ਰਿਥੀ ਚੰਦ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਪ੍ਰਿਥੀ ਚੰਦ ਜਾਂ ਪ੍ਰਿਥੀਆ ਗੁਰੂ ਰਾਮਦਾਸ ਜੀ ਦਾ ਸਭ ਤੋਂ ਵੱਡਾ ਪੁੱਤਰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾ ਸੀ। ਉਸ ਨੇ ਮੀਣਾ ਸੰਪਰਦਾਇ ਦੀ ਸਥਾਪਨਾ ਕੀਤੀ ਸੀ। ਉਹ ਬੜਾ ਸੁਆਰਥੀ ਅਤੇ ਲਾਲਚੀ ਸੁਭਾਅ ਦਾ ਸੀ। ਇਸ ਕਾਰਨ ਗੁਰੂ ਰਾਮਦਾਸ ਜੀ ਨੇ ਉਸ ਨੂੰ ਗੁਰਗੱਦੀ ਸੌਂਪਣ ਦੀ ਬਜਾਏ ਅਰਜਨ ਸਾਹਿਬ ਨੂੰ ਗੁਰਗੱਦੀ ਸੌਂਪੀ।
ਪ੍ਰਿਥੀ ਚੰਦ ਇਹ ਸੁਣ ਕੇ ਗੁੱਸੇ ਨਾਲ ਤਿਲਮਿਲਾ ਉੱਠਿਆ। ਉਹ ਤਾਂ ਗੁਰਗੱਦੀ ‘ਤੇ ਬੈਠਣ ਲਈ ਕਾਫ਼ੀ ਸਮੇਂ ਤੋਂ ਸੁਪਨੇ ਲੈ ਰਿਹਾ ਸੀ।
ਸਿੱਟੇ ਵਜੋਂ ਗੁਰਗੱਦੀ ਨੂੰ ਪ੍ਰਾਪਤ ਕਰਨ ਲਈ ਉਸ ਨੇ ਗੁਰੂ ਅਰਜਨ ਸਾਹਿਬ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਐਲਾਨ ਕੀਤਾ ਕਿ ਉਹ ਤਦ ਤਕ ਚੈਨ ਨਾਲ ਨਹੀਂ ਬੈਠੇਗਾ ਜਦ ਤਕ ਉਸ ਨੂੰ ਗੁਰਗੱਦੀ ਨਹੀਂ ਪ੍ਰਾਪਤ ਹੋ ਜਾਂਦੀ। ਉਸ ਦਾ ਖ਼ਿਆਲ ਸੀ ਕਿ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰਗੱਦੀ ਉਸ ਦੇ ਪੁੱਤਰ ਮੇਹਰਬਾਨ ਨੂੰ ਜਰੂਰ ਮਿਲੇਗੀ, ਪਰ ਜਦੋਂ ਗੁਰੂ ਸਾਹਿਬ ਦੇ ਘਰ ਹਰਿਗੋਬਿੰਦ ਦਾ ਜਨਮ ਹੋਇਆ ਤਾਂ ਉਸ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ।
ਇਸ ਲਈ ਉਹ ਗੁਰੂ ਅਰਜਨ ਸਾਹਿਬ ਦਾ ਜਾਨੀ ਦੁਸ਼ਮਣ ਬਣ ਗਿਆ। ਉਸ ਨੇ ਮੁਗ਼ਲ ਅਧਿਕਾਰੀਆਂ ਨਾਲ ਮਿਲ ਕੇ ਗੁਰੂ ਅਰਜਨ ਸਾਹਿਬ ਵਿਰੁੱਧ ਸਾਜ਼ਸ਼ਾਂ ਰਚਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਇਹ ਸਾਜ਼ਸ਼ਾਂ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਇੱਕ ਮੁੱਖ ਕਾਰਨ ਬਣੀਆਂ।