EducationNCERT class 10thPunjab School Education Board(PSEB)

ਪ੍ਰਾਰਥਨਾ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ 

ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਪ੍ਰਾਰਥਨਾ – ਡਾ. ਬਲਬੀਰ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)


ਪ੍ਰਸ਼ਨ 1 . ਅਰਦਾਸ ਕਦੋਂ ਅਤੇ ਕਿਉਂ ਕੀਤੀ ਜਾਂਦੀ ਹੈ ?

ਉੱਤਰ – ਸਿੱਖ ਧਰਮ ਵਿੱਚ ਅਰਦਾਸ ਦੀ ਇੱਕ ਖ਼ਾਸ ਅਹਿਮੀਅਤ ਹੈ। ਕੋਈ ਅਵਸਰ ਐਸਾ ਨਹੀਂ ਜੋ ਸਿੱਖ ਲਈ ਬਿਨ ਅਰਦਾਸ ਹੋਵੇ। ਔਖੀ ਘੜੀ ਵੇਲੇ ਅਰਦਾਸ ਕੀਤੀ ਜਾਂਦੀ ਹੈ।

ਸਿੱਖ ਧਰਮ ਵਿੱਚ ਹਰ ਸੰਸਾਰਕ ਮੌਕੇ ਜਿਵੇਂ ਜਨਮ, ਵਿਆਹ, ਮਰਨ ਆਦਿ ‘ਤੇ ਅਰਦਾਸ ਕੀਤੀ ਜਾਂਦੀ ਹੈ ਤਾਂ ਜੋ ਕਾਰਜ ਅਸਾਨੀ ਨਾਲ ਨੇਪਰੇ ਚੜ੍ਹ ਸਕੇ, ਖੁਸ਼ੀਆਂ ਵੱਧਦੀਆਂ ਰਹਿਣ, ਭਾਣਾ ਮੰਨਣ ਦੀ ਸਮਰੱਥਾ ਮਿਲੇ, ਜਿੱਤ ਹਾਸਿਲ ਹੋਵੇ। 

ਕੁਲ ਮਿਲਾ ਕੇ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਮਹਿਸੂਸ ਕੀਤਾ ਜਾ ਸਕੇ।

ਪ੍ਰਸ਼ਨ 2 . ਪ੍ਰਸਿੱਧ ਲੇਖਕ ਔਸਕਰ ਵਾਇਲਡ ਦੇ ਅਰਦਾਸ ਬਾਰੇ ਕੀ ਵਿਚਾਰ ਹਨ ?

ਉੱਤਰ – ਵਾਇਲਡ ਅਨੁਸਾਰ ਮਨੁੱਖ ਦੀ ਅਰਦਾਸ ਦਾ ਉੱਤਰ ਮਿਲਣਾ ਹੀ ਨਹੀਂ ਚਾਹੀਦਾ, ਕਿਉਂਕਿ ਅਰਦਾਸ ਦਾ ਉੱਤਰ ਮਿਲਣ ‘ਤੇ ਉਹ ਅਰਦਾਸ ਨਾ ਰਹਿ ਕੇ ਖਤੋ – ਖਿਤਾਬਤ ਦਾ ਸਿਲਸਿਲਾ ਬਣ ਜਾਂਦੀ ਹੈ।

ਪ੍ਰਸ਼ਨ 3 . ਸਿੱਖ ਧਰਮ ਵਿੱਚ ਅਰਦਾਸ ਦੀ ਕੀ ਮਹੱਤਤਾ ਹੈ ?

ਉੱਤਰ – ਸਿੱਖ ਧਰਮ ਵਿੱਚ ਅਰਦਾਸ ਚੜ੍ਹਦੀ ਕਲਾ ਦਾ ਸਾਧਨ ਹੈ। ਅਰਦਾਸ ਦਾ ਆਰੰਭ ਤਾਂ ਨਿੱਜੀ ਯਾਚਨਾ ਤੋਂ ਹੁੰਦਾ ਹੈ, ਇਸ ਦਾ ਅੰਤ ਸਰਬਤ ਦੇ ਭਲੇ ਨਾਲ ਹੁੰਦਾ ਹੈ।

ਸਰਬਤ ਦੇ ਭਲੇ ਦਾ ਭਾਵ ਆਉਂਦਿਆਂ ਹੀ ਮਨੁੱਖ ਦੇ ਮਨ ਦੇ ਸਾਰੇ ਨੁਕਸ ਦੂਰ ਹੋ ਜਾਂਦੇ ਹਨ। ਇਸੇ ਦਾ ਨਾਂ ਚੜ੍ਹਦੀ ਕਲਾ ਹੈ। ਸਿੱਖ ਅਰਦਾਸ ਰਾਹੀਂ ਇਸ ਅਵਸਥਾ ਦੀ ਪੂਰਨਤਾ ਇੱਕ ਮਹੱਤਵਪੂਰਨ ਘਟਨਾ ਹੈ।

ਪ੍ਰਸ਼ਨ 4 . ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ?

ਉੱਤਰ – ਪਰਮਾਤਮਾ ਅੱਗੇ ਅਰਦਾਸ ਕਰਨ ਨਾਲ ਉਸ ਦੇ ਵਰਤੋਂ ਵਰਤਾਰੇ ਵਿੱਚ ਤਬਦੀਲੀ ਆ ਗਈ। ਉਹ ਆਪਣੇ ਆਪ ਨੂੰ ਅਨੰਦਤ ਮਹਿਸੂਸ ਕਰਨ ਲੱਗ ਪਿਆ। ਉਸ ਦਾ ਪਰਮਾਤਮਾ ਤੇ ਭਰੋਸਾ ਬਣ ਗਿਆ।

ਉਸ ਦੀ ਦਇਆ ‘ਤੇ ਕੋਈ ਸ਼ੱਕ ਨਾ ਰਿਹਾ। ਉਸ ਦਾ ਮਨ ਸ਼ਾਂਤ ਹੋ ਗਿਆ। ਉਹ ਮਿੱਠਾ ਬੋਲਣ ਲੱਗ ਪਿਆ ਤੇ ਹਰ ਕਿਸੇ ਨਾਲ ਨਿਮਰਤਾ ਨਾਲ ਪੇਸ਼ ਆਉਣ ਲੱਗਾ।

ਪ੍ਰਸ਼ਨ 5 . ਮਹਾਰਾਜਾ ਰਣਜੀਤ ਸਿੰਘ ਨੇ ਕੈਦੀ ਦੀ ਸਜ਼ਾ ਮਾਫ਼ ਕਿਉਂ ਕਰ ਦਿੱਤੀ ? 

ਉੱਤਰ – ਮਹਾਰਾਜਾ ਰਣਜੀਤ ਸਿੰਘ ਰੁਹਤਾਸ ਦੇ ਡੇਰੇ ਆਏ। ਰਾਤ ਨੂੰ ਸਿਹਤ ਢਿੱਲੀ ਹੋ ਗਈ। ਦਵਾਈਆਂ ਵੀ ਅਸਰ ਨਹੀਂ ਕਰ ਰਹੀਆਂ ਸਨ। ਅੱਧੀ ਰਾਤ ਹੋ ਗਈ, ਨੀਂਦ ਨਾ ਆਈ। 

ਉੱਠ ਕੇ ਪਰਮਾਤਮਾ ਅੱਗੇ ਨੀਂਦ ਲਈ ਅਰਜ਼ੋਈ ਕੀਤੀ। ਸਵੇਰੇ ਉਠਦਿਆਂ ਹੀ ਵਾਹਿਗੁਰੂ, ਸਿਰਜਣਹਾਰ ਦੇ ਧੰਨਵਾਦ ਵਜੋਂ ਕਿਸੇ ਭਾਰੇ ਕੈਦੀ ਨੂੰ ਛੁਟਕਾਰਾ ਦੇਣ ਦਾ ਮਨ ਬਣਾਇਆ। ਇਸੇ ਲਈ ਉਨ੍ਹਾਂ ਨੇ ਵਜ਼ੀਰ ਧਿਆਨ ਸਿੰਘ ਦੀ ਸਲਾਹ ਮੰਨ ਕੇ ਕੈਦੀ ਦੀ ਸਜ਼ਾ ਮਾਫ਼ ਕਰ ਦਿੱਤੀ। 

ਹਾਲਾਂਕਿ ਉਸ ਕੈਦੀ ਦਾ ਬਦਲਿਆ ਹੋਇਆ ਵਤੀਰਾ ਵੀ ਇੱਕ ਕਾਰਨ ਸੀ।

ਪ੍ਰਸ਼ਨ 6 . ਕੈਦੀ ਨੇ ਆਪਣੀ ਰਿਹਾਈ ਸਮੇਂ  ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਿਹਾ ?

ਉੱਤਰ – ਉਸਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਕਿਰਪਾ ਨਾਲ ਹੀ ਧਾੜਵੀ ਤੋਂ ਸਰਦਾਰ ਬਣਿਆ। ਉਨ੍ਹਾਂ ਦੀ ਕੈਦ ਵਿੱਚ ਰਹਿ ਕੇ ਉਹ ਉਸ ਪਰਮਾਤਮਾ ਦੇ ਪਿਆਰ ਨੂੰ ਜਾਣ ਸਕਿਆ। ਉਹ ਸੱਚੀ ਖੁਸ਼ੀ ਮਹਿਸੂਸ ਕਰ ਰਿਹਾ ਹੈ। ਉਹ ਉਸੇ ਦੇ ਪ੍ਰੇਮ ਵਿੱਚ ਮਗਨ ਹੈ।

ਉਸ ਦੀ ਦਇਆ ਨਾਲ ਹੀ ਉਸਨੂੰ ਕੈਦ ਤੋਂ ਮੁਕਤੀ ਮਿਲੀ ਹੈ। ਹੁਣ ਉਹੀ ਪਰਮਾਤਮਾ ਉਸਨੂੰ ਇਸ ਭਵਜਲ ਤੋਂ ਛੁਟਕਾਰਾ ਬਖਸ਼ੇਗਾ।

ਪ੍ਰਸ਼ਨ 7 . ਲੇਖਕ ਅਨੁਸਾਰ ਮਨੁੱਖ ਨੂੰ ਸਮਾਜ ਵਿੱਚ ਕਿਵੇਂ ਵਿਚਰਨਾ ਚਾਹੀਦਾ ਹੈ ?

ਉੱਤਰ – ਲੇਖਕ ਅਨੁਸਾਰ ਮਨੁੱਖ ਨੂੰ ਆਪਣੇ ਪਾਪ ਬਖਸ਼ਾ ਕੇ ਪ੍ਰਭੂ ਦੇ ਨਾਮ ਰੂਪ ਖੇਪ ਨੂੰ ਲੱਦ ਲੈਣਾ ਚਾਹੀਦਾ ਹੈ ਅਤੇ ਪਰਮਾਤਮਾ ਦੀ ਦਰਗਾਹ ਚੱਲਣਾ ਚਾਹੀਦਾ ਹੈ ਜਿੱਥੇ ਭਲੇ ਬੁਰੇ ਕੰਮਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। 

ਉਸਨੂੰ ਸੰਸਾਰ ਵਿੱਚ ਸ਼ੁੱਧ ਵਿਹਾਰ ਰੱਖਣਾ ਚਾਹੀਦਾ ਹੈ ਤੇ ਚਿਤ ਕਰਤਾਰ ਵੱਲ ਰੱਖਣਾ ਚਾਹੀਦਾ ਹੈ ਅਤੇ ਸਦੈਵ ਅਰਦਾਸ ਕਰਦੇ ਰਹਿਣਾ ਚਾਹੀਦਾ ਹੈ।