CBSEEducationNCERT class 10thPunjab School Education Board(PSEB)

ਪ੍ਰਸੰਗ ਸਹਿਤ ਵਿਆਖਿਆ : ਜ਼ਮੀਨ ਦਾ ਵਟਵਾਰਾ


ਜ਼ਮੀਨ ਦਾ ਵਟਵਾਰਾ : ਵਾਰਿਸ ਸ਼ਾਹ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਹਜ਼ਰਤ ਕਾਜ਼ੀ ਤੇ ਪੈਂਚ ਸਦਾਇ ਸਾਰੇ,

ਭਾਈਆਂ ਜ਼ਿਮੀਂ ਨੂੰ ਕੱਛ ਪਵਾਈਆ ਈ ।

ਵੱਢੀ ਦੇ ਜ਼ਮੀਨ ਦੇ ਬਣੇ ਮਾਲਿਕ,

ਬੰਜਰ ਜ਼ਿਮੀਂ ਰੰਝੇਟੇ ਨੂੰ ਆਈਆ ਈ ।

ਕੱਛਾਂ ਮਾਰ ਸ਼ਰੀਕ ਮਜ਼ਾਕ ਕਰਦੇ,

ਭਾਈਆਂ ਰਾਂਝੇ ਦੀ ਬਾਬ ਬਣਾਈਆ ਈ ।

ਗੱਲ ਭਾਬੀਆਂ ਏਹੁ ਬਣਾਇ ਛੱਡੀ,

ਮਗਰ ਜੱਟ ਦੇ ਫੱਕੜੀ ਲਾਈਆ ਈ ।


ਪ੍ਰਸੰਗ : ਇਹ ਕਾਵਿ-ਟੋਟਾ ਵਾਰਿਸ ਸ਼ਾਹ ਦੇ ਕਿੱਸੇ ‘ਹੀਰ’ ਵਿੱਚੋਂ ਲਿਆ ਗਿਆ ਹੈ ਅਤੇ ਇਹ ‘ਸਾਹਿਤ-ਮਾਲਾ’
ਪੁਸਤਕ ਵਿੱਚ ‘ਜ਼ਮੀਨ ਦਾ ਵਟਵਾਰਾ’ ਸਿਰਲੇਖ ਹੇਠ ਦਰਜ ਹੈ। ਇਸ ਕਿੱਸੇ ਵਿੱਚ ਕਵੀ ਨੇ ਹੀਰ-ਰਾਂਝੇ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ਇਨ੍ਹਾਂ ਸਤਰਾਂ ਵਿੱਚ ਕਵੀ ਨੇ ਧੀਦੋ ਰਾਂਝੇ ਦੇ ਬਾਪ ਮੌਜੂ ਦੀ ਮੌਤ ਮਗਰੋਂ ਉਸ ਦੇ ਭਰਾਵਾਂ ਦੁਆਰਾ ਉਸ ਨਾਲ ਜ਼ਮੀਨ ਦੀ ਵੰਡ ਵਿੱਚ ਧੋਖਾ ਕਰਨ ਤੇ ਫਿਰ ਸ਼ਰੀਕਾ ਦੁਆਰਾ ਮਿਹਣੇ ਮਾਰ ਕੇ ਰਾਂਝੇ ਨੂੰ ਤੰਗ ਕਰਨ ਦਾ ਜ਼ਿਕਰ ਕੀਤਾ ਹੈ।

ਵਿਆਖਿਆ : ਧੀਦੋ ਰਾਂਝੇ ਦੇ ਬਾਪ ਮੌਜੂ ਦੇ ਮਰਨ ਮਗਰੋਂ ਉਸ ਦੇ ਭਰਾਵਾਂ ਨੇ ਹਜ਼ਰਤ ਕਾਜ਼ੀ ਤੇ ਪੰਚਾਇਤ ਦੇ ਸਾਰੇ ਮੈਂਬਰਾਂ ਨੂੰ ਸੱਦ ਕੇ ਜ਼ਮੀਨ ਦੀ ਮਿਣਤੀ ਕਰ ਕੇ ਵੰਡ ਕੀਤੀ। ਉਹ ਉਨ੍ਹਾਂ ਨੂੰ ਵੱਢੀ ਦੇ ਕੇ ਚੰਗੀ ਜ਼ਮੀਨ ਦੇ ਮਾਲਕ ਬਣ ਗਏ। ਰਾਂਝੇ ਦੇ ਹਿੱਸੇ ਬੰਜਰ ਜਿਹੀ ਜ਼ਮੀਨ ਹੀ ਆਈ। ਰਾਂਝੇ ਦੇ ਸਾਰੇ ਸ਼ਰੀਕ ਖ਼ੁਸ਼ ਹੋ ਕੇ ਉਸ ਨੂੰ ਮਖ਼ੌਲ ਕਰਦੇ ਸਨ ਕਿ ਉਸ ਦੇ ਭਰਾਵਾਂ ਨੇ ਉਸ ਨਾਲ ਚੰਗੀ ਕੀਤੀ ਹੈ। ਰਾਂਝੇ ਦੀਆਂ ਭਾਬੀਆਂ ਨੇ ਹਰ ਰੋਜ਼ ਹੀ ਰਾਂਝੇ ਨੂੰ ਕੋਈ ਨਾ ਕੋਈ ਬਦਨਾਮੀ ਦੇਣ ਦਾ ਤਰੀਕਾ ਫੜ ਲਿਆ ਸੀ।

ਪ੍ਰਸ਼ਨ 2. ‘ਜ਼ਮੀਨ ਦਾ ਵਟਵਾਰਾ’ ਕਵਿਤਾ ਦਾ ਕੇਂਦਰੀ (ਅੰਤ੍ਰੀਵ) ਭਾਵ ਜਾਂ ਸਾਰ 40 ਸ਼ਬਦਾਂ ਵਿੱਚ ਲਿਖੋ।

ਉੱਤਰ : ਪਿਓ ਦੇ ਮਰਨ ਮਗਰੋਂ ਜ਼ਮੀਨ ਦੀ ਵੰਡ ਸਮੇਂ ਰਾਂਝੇ ਦੇ ਭਰਾ ਕਾਜ਼ੀ ਤੇ ਪੰਚਾਇਤ ਨੂੰ ਵੱਢੀ ਦੇ ਕੇ ਚੰਗੀ ਜ਼ਮੀਨ ਦੇ ਮਾਲਕ ਬਣ ਗਏ, ਜਿਸ ਮਗਰੋਂ ਰਾਂਝੇ ਦੇ ਸ਼ਰੀਕ ਬਹੁਤ ਖ਼ੁਸ਼ ਹੋਏ ਤੇ ਉਸ ਦੀਆਂ ਭਾਬੀਆਂ ਉਸ ਨੂੰ ਹਰ ਰੋਜ਼ ਕੋਈ ਨਾ ਕੋਈ ਬਦਨਾਮੀ ਦੇਣ ਲੱਗੀਆਂ।



ਔਖੇ ਸ਼ਬਦਾਂ ਦੇ ਅਰਥ : ਜ਼ਮੀਨ ਦਾ ਵਟਵਾਰਾ


ਹਜ਼ਰਤ : ਹਜ਼ੂਰ, ਬਜ਼ੁਰਗਾਂ ਲਈ ਸਤਿਕਾਰਬੋਧਕ ਸ਼ਬਦ ।

ਕੱਛ ਪਵਾਈ : ਜ਼ਮੀਨ ਦੀ ਮਿਣਤੀ ਕਰਨੀ।

ਫਕੜੀ ਲਾਈਆ ਈ : ਤੋਹਮਤ ਲਾਈ ।