CBSEEducationHistoryHistory of Punjab

ਪ੍ਰਸ਼ਨ. ਭੰਗਾਣੀ ਦੀ ਲੜਾਈ’ ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਭੰਗਾਣੀ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਾਲੇ ਲੜੀ ਜਾਣ ਵਾਲੀ ਪਹਿਲੀ ਲੜਾਈ ਸੀ। ਇਹ ਲੜਾਈ 22 ਸਤੰਬਰ, 1688 ਈ. ਨੂੰ ਲੜੀ ਗਈ ਸੀ।

ਇਸ ਲੜਾਈ ਲਈ ਕਈ ਕਾਰਨ ਜ਼ਿੰਮੇਵਾਰ ਸਨ।

ਪਹਿਲਾ, ਗੁਰੂ ਗੋਬਿੰਦ ਸਿੰਘ ਜੀ ਦੀਆਂ ਚਲ ਰਹੀਆਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਪਹਾੜੀ ਰਾਜਿਆਂ ਵਿੱਚ ਘਬਰਾਹਟ ਫੈਲ ਗਈ ਸੀ। ਉਨ੍ਹਾਂ ਨੂੰ ਆਪਣੀ ਆਜ਼ਾਦੀ ਖ਼ਤਰੇ ਵਿੱਚ ਮਹਿਸੂਸ ਹੋਣ ਲੱਗੀ।

ਦੂਜਾ, ਗੁਰੂ ਗੋਬਿੰਦ ਸਿੰਘ ਜੀ ਦੇ ਸਮਾਜ ਸੁਧਾਰ ਦੇ ਕੰਮਾਂ ਨੂੰ ਪਹਾੜੀ ਰਾਜੇ ਆਪਣੇ ਧਰਮ ਵਿੱਚ ਦਖਲ ਸਮਝਦੇ ਸਨ।

ਤੀਜਾ, ਇਹ ਪਹਾੜੀ ਰਾਜੇ ਸਿੱਖ ਸੰਗਤਾਂ ਨੂੰ ਬਹੁਤ ਤੰਗ ਕਰਦੇ ਸਨ।

ਚੌਥਾ, ਮੁਗ਼ਲ ਸਰਕਾਰ ਵੀ ਇਨ੍ਹਾਂ ਪਹਾੜੀ ਰਾਜਿਆਂ ਨੂੰ ਗੁਰੂ ਸਾਹਿਬ ਵਿਰੁੱਧ ਕਾਰਵਾਈ ਕਰਨ ਲਈ ਭੜਕਾ ਰਹੀ ਸੀ।

ਪੰਜਵਾਂ, ਕਹਿਲੂਰ ਦਾ ਰਾਜਾ ਭੀਮ ਚੰਦ ਅਤੇ ਸ੍ਰੀਨਗਰ ਦੇ ਸ਼ਾਸਕ ਫ਼ਤਹਿ ਸ਼ਾਹ ਦੀ ਅਗਵਾਈ ਹੇਠ ਪਹਾੜੀ ਰਾਜਿਆਂ ਦੇ ਇੱਕ ਗਠਜੋੜ ਨੇ 22 ਸਤੰਬਰ, 1688 ਈ. ਨੂੰ ਭੰਗਾਣੀ ਦੇ ਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫ਼ੌਜ ‘ਤੇ ਹਮਲਾ ਕਰ ਦਿੱਤਾ।

ਇਸ ਲੜਾਈ ਵਿੱਚ ਸਢੌਰਾ ਦੇ ਪੀਰ ਬੁੱਧੂ ਸ਼ਾਹ ਨੇ ਗੁਰੂ ਸਾਹਿਬ ਨੂੰ ਸਹਾਇਤਾ ਦਿੱਤੀ। ਸਿੱਖਾਂ ਨੇ ਪਹਾੜੀ ਰਾਜਿਆਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਅੰਤ ਸਿੱਖਾਂ ਦੀ ਜਿੱਤ ਹੋਈ। ਇਸ ਜਿੱਤ ਕਾਰਨ ਸਿੱਖਾਂ ਦੇ ਹੌਂਸਲੇ ਬੁਲੰਦ ਹੋ ਗਏ ਅਤੇ ਗੁਰੂ ਸਾਹਿਬ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ।

ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦਾ ਵਿਰੋਧ ਛੱਡ ਕੇ ਉਨ੍ਹਾਂ ਨਾਲ ਮਿੱਤਰਤਾਪੂਰਨ ਸੰਬੰਧ ਸਥਾਪਿਤ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ।