ਪ੍ਰਸ਼ਨ. ਨਾਦੌਣ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਭੰਗਾਣੀ ਦੀ ਲੜਾਈ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਛੱਡ ਕੇ ਮੁੜ ਆਨੰਦਪੁਰ ਸਾਹਿਬ ਆ ਗਏ। ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆਨੰਦਗੜ੍ਹ, ਲੋਹਗੜ, ਫ਼ਤਹਿਗੜ੍ਹ ਤੇ ਕੇਸਗੜ੍ਹ ਨਾਂ ਦੇ ਚਾਰ ਕਿਲ੍ਹਿਆਂ ਦੀ ਉਸਾਰੀ ਕਰਵਾਈ।
ਇਸ ਸਮੇਂ ਔਰੰਗਜ਼ੇਬ ਦੱਖਣ ਦੀਆਂ ਲੜਾਈਆਂ ਵਿੱਚ ਉਲਝਿਆ ਹੋਇਆ ਸੀ। ਇਹ ਸੁਨਹਿਰੀ ਮੌਕਾ ਵੇਖ ਕੇ ਪਹਾੜੀ ਸ਼ਾਸਕਾਂ ਨੇ ਮੁਗ਼ਲਾਂ ਨੂੰ ਦਿੱਤਾ ਜਾਣ ਵਾਲਾ ਸਾਲਾਨਾ ਖਿਰਾਜ (ਕਰ) ਬੰਦ ਕਰ ਦਿੱਤਾ।
ਜਦੋਂ ਔਰੰਗਜ਼ੇਬ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਉਸ ਨੇ ਜੰਮੂ ਦੇ ਸੂਬੇਦਾਰ ਮੀਆਂ ਖ਼ਾਂ ਨੂੰ ਇਨ੍ਹਾਂ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਦਾ ਆਦੇਸ਼ ਦਿੱਤਾ। ਮੀਆਂ ਖ਼ਾਂ ਨੇ ਫੌਰਨ ਆਪਣੇ ਇੱਕ ਜਰਨੈਲ ਆਲਿਫ਼ ਖ਼ਾਂ ਦੇ ਅਧੀਨ ਮੁਗ਼ਲਾਂ ਦੀ ਇੱਕ ਭਾਰੀ ਫ਼ੌਜ ਇਨ੍ਹਾਂ ਪਹਾੜੀ ਰਾਜਿਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਭੇਜੀ।
ਅਜਿਹੇ ਨਾਜ਼ੁਕ ਸਮੇਂ ਭੀਮ ਚੰਦ ਨੇ ਗੁਰੂ ਸਾਹਿਬ ਨੂੰ ਮਦਦ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਅਤੇ ਉਹ ਆਪ ਆਪਣੇ ਚੋਣਵੇਂ ਸਿੱਖਾਂ ਨੂੰ ਨਾਲ ਲੈ ਕੇ ਮਦਦ ਲਈ ਪਹੁੰਚੇ। 20 ਮਾਰਚ, 1690 ਈ. ਨੂੰ ਕਾਂਗੜੇ ਤੋਂ ਲਗਭਗ 30 ਕਿਲੋਮੀਟਰ ਦੂਰ ਨਾਦੌਣ ਵਿਖੇ ਭੀਮ ਚੰਦ ਅਤੇ ਆਲਿਫ਼ ਖ਼ਾਂ ਦੀਆਂ ਫ਼ੌਜਾਂ ਵਿਚਾਲੇ ਲੜਾਈ ਸ਼ੁਰੂ ਹੋਈ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਨੇ ਆਲਿਫ਼ ਖ਼ਾਂ ਦਾ ਸਾਥ ਦਿੱਤਾ।
ਇਸ ਲੜਾਈ ਵਿੱਚ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਵਿਖਾਏ ਕਿ ਆਲਿਫ਼ ਖ਼ਾਂ ਅਤੇ ਉਸ ਦੇ ਸੈਨਿਕਾਂ ਨੂੰ ਰਣਭੂਮੀ ਵਿੱਚੋਂ ਭੱਜਣ ਲਈ ਮਜਬੂਰ ਹੋਣਾ ਪਿਆ।
ਇਸ ਤਰ੍ਹਾਂ ਗੁਰੂ ਸਾਹਿਬ ਦੇ ਸਹਿਯੋਗ ਸਦਕਾ ਭੀਮ ਚੰਦ ਅਤੇ ਉਸ ਦੇ ਸਾਥੀ ਪਹਾੜੀ ਰਾਜਿਆਂ ਨੂੰ ਜਿੱਤ ਪ੍ਰਾਪਤ ਹੋਈ। ਇਸ ਲੜਾਈ ਤੋਂ ਬਾਅਦ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨਾਲ ਵਿਸ਼ਵਾਸਘਾਤ ਕੀਤਾ ਤੇ ਉਨ੍ਹਾਂ ਨੇ ਮੁਗ਼ਲਾਂ ਨਾਲ ਮੁੜ ਸੰਧੀ ਕਰ ਲਈ।