CBSEEducationHistoryHistory of Punjab

ਪ੍ਰਸ਼ਨ. ਗੁਰੂ ਹਰਿਕ੍ਰਿਸ਼ਨ ਜੀ ਦੇ ਬਾਰੇ ਇੱਕ ਵਿਸਥਾਰ ਪੂਰਵਕ ਨੋਟ ਲਿਖੋ।

ਉੱਤਰ : ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ। ਆਪ ਜੀ ਦੇ ਗੁਰੂਕਾਲ (1661-1664 ਈ.) ਸਮੇਂ ਸਿੱਖ ਪੰਥ ਨੇ ਜੋ ਵਿਕਾਸ ਕੀਤਾ ਉਸ ਦਾ ਸੰਖੇਪ ਵੇਰਵਾ ਹੇਠ ਲਿਖਿਆ ਹੈ :-

1. ਗੁਰਗੱਦੀ ਦੀ ਪ੍ਰਾਪਤੀ : ਗੁਰੂ ਹਰਿ ਰਾਏ ਜੀ ਨੇ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਉਸ ਦੀ ਅਯੋਗਤਾ, ਜੋ ਉਸ ਨੇ ਔਰੰਗਜ਼ੇਬ ਦੇ ਦਰਬਾਰ ਵਿਚ ਗੁਰਬਾਣੀ ਦਾ ਗ਼ਲਤ ਅਰਥ ਕੱਢ ਕੇ ਦਿਖਾਈ ਸੀ, ਦੇ ਕਾਰਨ ਗੁਰਗੱਦੀ ਤੋਂ ਬੇਦਖ਼ਲ ਕਰ ਦਿੱਤਾ ਸੀ। ਗੁਰੂ ਹਰਿ ਰਾਏ ਜੀ ਨੇ 6 ਅਕਤੂਬਰ, 1661 ਈ. ਨੂੰ ਹਰਿ ਕ੍ਰਿਸ਼ਨ ਜੀ ਨੂੰ ਗੱਦੀ ਸੌਂਪ ਦਿੱਤੀ। ਉਸ ਸਮੇਂ ਹਰਿ ਕ੍ਰਿਸ਼ਨ ਜੀ ਦੀ ਉਮਰ ਸਿਰਫ਼ ਪੰਜ ਸਾਲ ਸੀ। ਇਸੇ ਕਾਰਨ ਸਿੱਖ ਇਤਿਹਾਸ ਵਿਚ ਆਪ ਜੀ ਨੂੰ ਬਾਲ ਗੁਰੂ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਆਪ 1664 ਈ. ਤਕ ਗੁਰਗੱਦੀ ‘ਤੇ ਬਿਰਾਜਮਾਨ ਰਹੇ।

2. ਰਾਮ ਰਾਏ ਦੀ ਵਿਰੋਧਤਾ : ਰਾਮ ਰਾਏ ਗੁਰੂ ਹਰਿ ਰਾਏ ਜੀ ਦਾ ਵੱਡਾ ਪੁੱਤਰ ਹੋਣ ਦੇ ਨਾਤੇ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ। ਪਰ ਗੁਰੂ ਹਰਿ ਰਾਏ ਜੀ ਉਸ ਨੂੰ ਪਹਿਲਾਂ ਹੀ ਗੁਰਗੱਦੀ ਤੋਂ ਬੇਦਖ਼ਲ ਕਰ ਚੁੱਕੇ ਸਨ। ਜਦੋਂ ਉਸ ਨੂੰ ਪਤਾ ਲੱਗਾ ਕਿ ਗੁਰਗੱਦੀ ਹਰਿ ਕ੍ਰਿਸ਼ਨ ਜੀ ਨੂੰ ਸੌਂਪੀ ਗਈ ਹੈ ਤਾਂ ਉਹ ਇਹ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਗੱਦੀ ਹਥਿਆਉਣ ਲਈ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ।

3. ਗੁਰੂ ਸਾਹਿਬ ਦਾ ਦਿੱਲੀ ਜਾਣਾ : ਗੁਰੂ ਹਰਿ ਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਕੰਮ ਔਰੰਗਜ਼ੇਬ ਨੇ ਰਾਜਾ ਜੈ ਸਿੰਘ ਨੂੰ ਸੌਂਪਿਆ। ਰਾਜਾ ਜੈ ਸਿੰਘ ਨੇ ਔਰੰਗਜ਼ੇਬ ਨੂੰ ਮਿਲਣ ਤੋਂ ਅਤੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ। ਪਰ ਪਰਸ ਰਾਮ ਦੇ ਇਹ ਕਹਿਣ ‘ਤੇ ਕਿ ਦਿੱਲੀ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਬੇਤਾਬ ਹਨ, ਗੁਰੂ ਜੀ ਨੇ ਦਿੱਲੀ ਜਾਣਾ ਤਾਂ ਮੰਨ ਲਿਆ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਗੁਰੂ ਜੀ 1664 ਈ. ਵਿੱਚ ਦਿੱਲੀ ਚਲੇ ਗਏ ਅਤੇ ਰਾਜਾ ਜੈ ਸਿੰਘ ਦੇ ਘਰ ਠਿਕਾਣਾ ਕਰਨ ਲਈ ਮੰਨ ਗਏ। ਗੁਰੂ ਸਾਹਿਬ ਦੀ ਔਰੰਗਜ਼ੇਬ ਨਾਲ ਮੁਲਾਕਾਤ ਹੋਈ ਜਾਂ ਨਹੀਂ ਇਸ ਸੰਬੰਧੀ ਇਤਿਹਾਸਕਾਰਾਂ ਵਿਚ ਬਹੁਤ ਮਤਭੇਦ ਪਾਏ ਜਾਂਦੇ ਹਨ।

4. ਜੋਤੀ-ਜੋਤ ਸਮਾਉਣਾ : ਉਨ੍ਹਾਂ ਦਿਨਾਂ ਵਿੱਚ ਦਿੱਲੀ ਵਿਚ ਚੇਚਕ ਅਤੇ ਹੈਜ਼ਾ ਫੈਲਿਆ ਹੋਇਆ ਸੀ। ਗੁਰੂ ਹਰਿ ਕ੍ਰਿਸ਼ਨ ਜੀ ਨੇ ਇਨ੍ਹਾਂ ਬਿਮਾਰਾਂ, ਗ਼ਰੀਬਾਂ ਅਤੇ ਅਨਾਥਾਂ ਦੀ ਤਨ, ਮਨ ਅਤੇ ਧਨ ਨਾਲ ਅਣਥੱਕ ਸੇਵਾ ਕੀਤੀ। ਪਰ ਇਸ ਨਾਮੁਰਾਦ ਬਿਮਾਰੀ ਦਾ ਉਹ ਆਪ ਸ਼ਿਕਾਰ ਹੋ ਗਏ। ਇਸ ਕਾਰਨ ਉਹ ਆਪ 30 ਮਾਰਚ, 1664 ਈ. ਨੂੰ ਦਿੱਲੀ ਵਿਖੇ ਜੋਤੀ-ਜੋਤ ਸਮਾ ਗਏ। ਆਪ ਜੀ ਦੀ ਯਾਦ ਵਿਚ ਇੱਥੇ ਗੁਰਦੁਆਰਾ ਬਾਲਾ ਸਾਹਿਬ ਦਾ ਨਿਰਮਾਣ ਕੀਤਾ ਗਿਆ।