ਪ੍ਰਸ਼ਨ. ਗੁਰੂ ਗੋਬਿੰਦ ਸਿੰਘ ਜੀ ਰਾਹੀਂ ਸਥਾਪਿਤ ਕੀਤੇ ਗਏ ‘ਖ਼ਾਲਸਾ ਪੰਥ’ ਦੇ ਮੁੱਖ ਸਿਧਾਂਤ ਲਿਖੋ।
ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਸੀ। ਇਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਨਵੇਂ ਆਦੇਸ਼ ਜਾਂ ਵਿਸ਼ੇਸ਼ ਨਿਯਮ ਬਣਾਏ ਸਨ। ਇਨ੍ਹਾਂ ਆਦੇਸ਼ਾਂ ਦੀ ਪਾਲਣਾ ਕਰਨੀ ਹਰੇਕ ਖ਼ਾਲਸਾ ਲਈ ਜ਼ਰੂਰੀ ਹੈ। ਕੁਝ ਮਹੱਤਵਪੂਰਨ ਨਿਯਮ ਹੇਠ ਲਿਖੇ ਹਨ :
(1) ਖ਼ਾਲਸਾ ਪੰਥ ਵਿੱਚ ਸ਼ਾਮਲ ਹੋਣ ਲਈ ਹਰੇਕ ਵਿਅਕਤੀ ਲਈ ‘ਖੰਡੇ ਦਾ ਪਾਹੁਲ’ ਛਕਣਾ ਜ਼ਰੂਰੀ ਹੈ।
(2) ਹਰੇਕ ਖ਼ਾਲਸਾ ਆਪਣੇ ਨਾਂ ਦੇ ਨਾਲ ‘ਸਿੰਘ’ ਅਤੇ ਖ਼ਾਲਸਾ ਇਸਤਰੀ ‘ਕੌਰ’ ਸ਼ਬਦ ਦੀ ਵਰਤੋਂ ਕਰੇਗੀ।
(3) ਹਰੇਕ ਖ਼ਾਲਸਾ ਇੱਕ ਈਸ਼ਵਰ ਤੋਂ ਇਲਾਵਾ ਕਿਸੇ ਹੋਰ ਦੇਵੀ-ਦੇਵਤੇ ਦੀ ਪੂਜਾ ਨਹੀਂ ਕਰੇਗਾ।
(4) ਹਰੇਕ ਖ਼ਾਲਸਾ ‘ਪੰਜ ਕਕਾਰ’ ਅਰਥਾਤ ਕੇਸ, ਕੰਘਾ, ਕੜਾ, ਕਛਹਿਰਾ ਅਤੇ ਕ੍ਰਿਪਾਨ ਪਾਵੇਗਾ।
(5) ਹਰੇਕ ਖ਼ਾਲਸਾ ਦੇਸ਼ ਅਤੇ ਧਰਮ ਦੀ ਰੱਖਿਆ ਲਈ ਆਪਣਾ ਸਭ ਕੁਝ ਨਿਛਾਵਰ ਕਰ ਦੇਵੇਗਾ।
(6) ਹਰੇਕ ਖ਼ਾਲਸਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਗੁਰਬਾਣੀ ਦਾ ਪਾਠ ਕਰੇਗਾ।
(7) ਹਰੇਕ ਖ਼ਾਲਸਾ ਕਿਰਤ ਕਰ ਕੇ ਆਪਣੀ ਰੋਜ਼ੀ ਕਮਾਏਗਾ ਅਤੇ ਆਪਣੀ ਆਮਦਨ ਦਾ ਦਸਵੰਧ ਧਰਮ ਕਾਰਜਾਂ ਦੇ ਲਈ ਦਾਨ ਦੇਵੇਗਾ।
(8) ਹਰੇਕ ਖ਼ਾਲਸਾ ਸ਼ਸਤਰ ਧਾਰਨ ਕਰੇਗਾ ਅਤੇ ਧਰਮ ਯੁੱਧ ਦੇ ਲਈ ਸਦਾ ਤਿਆਰ ਰਹੇਗਾ।
(9) ਹਰੇਕ ਖ਼ਾਲਸਾ ਆਪਸ ਵਿੱਚ ਮਿਲਦੇ ਸਮੇਂ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ’ ਕਹਿਣਗੇ।
(10) ਹਰੇਕ ਖ਼ਾਲਸਾ ਸਿਗਰਟ, ਨਸ਼ੀਲੀਆਂ ਵਸਤਾਂ ਦੀ ਵਰਤੋਂ, ਪਰ-ਇਸਤਰੀ ਗਮਨ ਆਦਿ ਬੁਰਾਈਆਂ ਤੋਂ ਦੂਰ ਰਹੇਗਾ।