ਪ੍ਰਸ਼ਨ. ਗੁਰਗੱਦੀ ‘ਤੇ ਬੈਠਣ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ?
ਉੱਤਰ : 1675 ਈ. ਵਿੱਚ ਗੁਰਗੱਦੀ ‘ਤੇ ਬੈਠਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਅੰਦਰੂਨੀ ਅਤੇ ਬਾਹਰੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ । ਪਹਿਲਾ, ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸਿਰਫ 9 ਵਰ੍ਹੇ ਸੀ ਪਰ ਉਨ੍ਹਾਂ ਸਾਹਮਣੇ ਪਹਾੜ ਵਰਗੀਆਂ ਔਕੜਾਂ ਸਨ।
ਦੂਜਾ, ਉਸ ਸਮੇਂ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦਾ ਸ਼ਾਸਨ ਸੀ। ਉਹ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਉਹ ਇਸਲਾਮ ਤੋਂ ਇਲਾਵਾ ਕਿਸੇ ਹੋਰ ਧਰਮ ਦੀ ਹੋਂਦ ਨੂੰ ਸਹਿਣ ਕਰਨ ਨੂੰ ਤਿਆਰ ਨਹੀਂ ਸੀ। ਇਸੇ ਕਾਰਨ ਉਸ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ। ਔਰੰਗਜ਼ੇਬ ਦੇ ਵਧਦੇ ਹੋਏ ਜ਼ੁਲਮਾਂ ਨੂੰ ਨਕੇਲ ਪਾਉਣਾ ਬਹੁਤ ਜ਼ਰੂਰੀ ਸੀ।
ਤੀਸਰਾ, ਪਹਾੜੀ ਰਾਜੇ ਆਪਣੇ ਸੁਆਰਥਾਂ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਸਨ।
ਚੌਥਾ, ਧੀਰਮਲੀਏ, ਰਾਮਰਾਈਏ ਅਤੇ ਮੀਣੇ ਗੁਰਗੱਦੀ ਨਾ ਮਿਲਣ ਕਾਰਨ ਗੁਰੂ ਜੀ ਵਿਰੁੱਧ ਸਾਜ਼ਸ਼ਾਂ ਰਚ ਰਹੇ ਸਨ।
ਪੰਜਵਾਂ, ਉਸ ਸਮੇਂ ਮਸੰਦ ਪ੍ਰਣਾਲੀ ਵਿੱਚ ਅਨੇਕਾਂ ਦੋਸ਼ ਆ ਗਏ ਸਨ। ਮਸੰਦ ਹੁਣ ਬਹੁਤ ਭ੍ਰਿਸ਼ਟ ਹੋ ਗਏ ਸਨ। ਉਹ ਸਿੱਖਾਂ ਨੂੰ ਲੁੱਟਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ।
ਛੇਵਾਂ, ਉਸ ਸਮੇਂ ਹਿੰਦੂ ਵੀ ਸਦੀਆਂ ਦੀ ਗੁਲਾਮੀ ਕਾਰਨ ਉਤਸ਼ਾਹਹੀਨ ਸਨ। ਸਿੱਟੇ ਵਜੋਂ ਸਿੱਖਾਂ ਨੂੰ ਮੁੜ ਤੋਂ ਸੰਗਠਿਤ ਕਰਨ ਦੀ ਲੋੜ ਸੀ।