CBSEEducationHistoryHistory of Punjab

ਪ੍ਰਸ਼ਨ. ਖਿਦਰਾਣਾ (ਸ੍ਰੀ ਮੁਕਤਸਰ ਸਾਹਿਬ) ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।

ਉੱਤਰ : ਖਿਦਰਾਣਾ ਦੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਅਤੇ ਮੁਗ਼ਲ ਫ਼ੌਜਾਂ ਵਿਚਾਲੇ ਲੜੀ ਜਾਣ ਵਾਲੀ ਆਖਰੀ ਤੇ ਨਿਰਣਾਇਕ ਲੜਾਈ ਸੀ। ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੇ ਜੰਗਲਾਂ ਵਿੱਚ ਅਨੇਕਾਂ ਤਕਲੀਫ਼ਾਂ ਨੂੰ ਝਲਦੇ ਹੋਏ ਖਿਦਰਾਣਾ ਵਿਖੇ ਪਹੁੰਚੇ ਸਨ।

ਜਦੋਂ ਮੁਗ਼ਲ ਫ਼ੌਜਾਂ ਨੂੰ ਇਸ ਸੰਬੰਧੀ ਪਤਾ ਚੱਲਿਆ ਤਾਂ ਸਰਹਿੰਦ ਦੇ ਨਵਾਬ ਵਜ਼ੀਰ ਖ਼ਾਂ ਨੇ ਗੁਰੂ ਸਾਹਿਬ ‘ਤੇ ਖਿਦਰਾਣਾ ਵਿਖੇ ਹਮਲਾ ਕਰਨ ਦੀ ਯੋਜਨਾ ਬਣਾਈ। ਉਸ ਨੇ 29 ਦਸੰਬਰ, 1705 ਈ. ਨੂੰ ਇੱਕ ਵਿਸ਼ਾਲ ਫ਼ੌਜ ਨਾਲ ਗੁਰੂ ਸਾਹਿਬ ਦੀ ਫ਼ੌਜ ‘ਤੇ ਖਿਦਰਾਣਾ ਵਿਖੇ ਹਮਲਾ ਕਰ ਦਿੱਤਾ।

ਇਸ ਲੜਾਈ ਵਿੱਚ ਸਿੱਖਾਂ ਨੇ ਬੜੀ ਬਹਾਦਰੀ ਵਿਖਾਈ। ਉਨ੍ਹਾਂ ਨੇ ਮੁਗ਼ਲ ਫ਼ੌਜਾਂ ਦੇ ਅਜਿਹੇ ਛੱਕੇ ਛੁੜਵਾਏ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਨੱਸ ਤੁਰੇ। ਇਸ ਤਰ੍ਹਾਂ ਗੁਰੂ ਸਾਹਿਬ ਨੂੰ ਇਸ ਅੰਤਿਮ ਲੜਾਈ ਵਿੱਚ ਬੜੀ ਸ਼ਾਨਦਾਰ ਜਿੱਤ ਪ੍ਰਾਪਤ ਹੋਈ।

ਇਸ ਲੜਾਈ ਵਿੱਚ ਉਹ 40 ਸਿੱਖ ਵੀ ਲੜਦੇ-ਲੜਦੇ ਸ਼ਹੀਦੀਆਂ ਪਾ ਗਏ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਵਿੱਚ ਗੁਰੂ ਸਾਹਿਬ ਦਾ ਸਾਥ ਛੱਡ ਗਏ ਸਨ।

ਉਨ੍ਹਾਂ ਦੀ ਦਿੱਤੀ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਅਤੇ ਉਨ੍ਹਾਂ ਦੇ ਨੇਤਾ ਮਹਾਂ ਸਿੰਘ ਜੋ ਜ਼ਿੰਦਗੀ ਦੇ ਆਖ਼ਰੀ ਸਾਹ ਗਿਣ ਰਹੇ ਸਨ, ਦੀ ਬੇਨਤੀ ‘ਤੇ ਗੁਰੂ ਸਾਹਿਬ ਨੇ ਉਨ੍ਹਾਂ ਦੁਆਰਾ ਲਿਖੇ ਗਏ ਬੇਦਾਵੇ ਨੂੰ ਪਾੜ ਦਿੱਤਾ ਅਤੇ ਉਨ੍ਹਾਂ ਨੂੰ ਮੁਕਤੀ ਦਾ ਵਰ ਦਿੱਤਾ। ਇਸ ਕਾਰਨ ਖਿਦਰਾਣਾ ਦਾ ਨਾਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ।