ਪ੍ਰਸ਼ਨ. ਖ਼ਾਲਸਾ ਪੰਥ ਦੀ ਸਿਰਜਣਾ ਕਦੋਂ ਤੇ ਕਿਵੇਂ ਹੋਈ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ, 1699 ਈ. ਨੂੰ ਵਿਸਾਖੀ ਵਾਲੇ ਦਿਨ ਸ੍ਰੀ ਆਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਵਿਖੇ ਇੱਕ ਭਾਰੀ ਦੀਵਾਨ ਸਜਾਇਆ। ਇਸ ਦੀਵਾਨ ਵਿੱਚ 80,000 ਦੇ ਕਰੀਬ ਸੰਗਤ ਨੇ ਭਾਗ ਲਿਆ। ਜਦੋਂ ਸਾਰੇ ਲੋਕ ਬੈਠ ਗਏ ਤਾਂ ਗੁਰੂ ਜੀ ਸਟੇਜ ‘ਤੇ ਆਏ। ਉਨ੍ਹਾਂ ਨੇ ਮਿਆਨ ਵਿੱਚੋਂ ਆਪਣੀ ਤਲਵਾਰ ਕੱਢੀ ਤੇ ਇਕੱਠੇ ਹੋਏ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ”ਕੀ ਤੁਹਾਡੇ ਵਿੱਚੋਂ ਕੋਈ ਅਜਿਹਾ ਸਿੱਖ ਹੈ ਜੋ ਧਰਮ ਲਈ ਆਪਣਾ ਸੀਸ ਭੇਟ ਕਰੇ?”
ਇਹ ਸ਼ਬਦ ਸੁਣ ਕੇ ਦੀਵਾਨ ਵਿੱਚ ਸੱਨਾਟਾ ਛਾ ਗਿਆ। ਜਦੋਂ ਗੁਰੂ ਜੀ ਨੇ ਆਪਣੇ ਸ਼ਬਦਾਂ ਨੂੰ ਤਿੰਨ ਵਾਰੀ ਦੁਹਰਾਇਆ ਤਾਂ ਦਇਆ ਰਾਮ ਆਪਣਾ ਬਲੀਦਾਨ ਦੇਣ ਲਈ ਪੇਸ਼ ਹੋਇਆ। ਗੁਰੂ ਜੀ ਉਸ ਨੂੰ ਨੇੜੇ ਹੀ ਇੱਕ ਤੰਬੂ ਵਿੱਚ ਲੈ ਗਏ ਜਿੱਥੇ ਉਨ੍ਹਾਂ ਨੇ ਦਇਆ ਰਾਮ ਨੂੰ ਬਿਠਾਇਆ। ਗੁਰੂ ਜੀ ਕੁਝ ਦੇਰ ਬਾਅਦ ਖ਼ੂਨ ਨਾਲ ਭਰੀ ਤਲਵਾਰ ਲੈ ਕੇ ਮੁੜ ਸਟੇਜ ‘ਤੇ ਆ ਗਏ। ਗੁਰੂ ਜੀ ਨੇ ਇੱਕ ਹੋਰ ਸਿੱਖ ਤੋਂ ਕੁਰਬਾਨੀ ਦੀ ਮੰਗ ਕੀਤੀ। ਹੁਣ ਧਰਮ ਦਾਸ ਪੇਸ਼ ਹੋਇਆ। ਇਸ ਕ੍ਰਮ ਨੂੰ ਤਿੰਨ ਵਾਰ ਹੋਰ ਦੁਹਰਾਇਆ ਗਿਆ। ਗੁਰੂ ਜੀ ਦੀ ਆਗਿਆ ਮੰਨਦੇ ਹੋਏ ਮੋਹਕਮ ਚੰਦ, ਸਾਹਿਬ ਚੰਦ ਅਤੇ ਹਿੰਮਤ ਰਾਏ ਆਪਣੇ ਬਲੀਦਾਨਾਂ ਲਈ ਪੇਸ਼ ਹੋਏ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜ ਪਿਆਰਿਆਂ’ ਦੀ ਚੋਣ ਕੀਤੀ।
ਗੁਰੂ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਪਹਿਲਾਂ ਖੰਡੇ ਦਾ ਪਾਹੁਲ ਛਕਾਇਆ ਅਤੇ ਬਾਅਦ ਵਿੱਚ ਆਪ ਇਨ੍ਹਾਂ ਪਿਆਰਿਆਂ ਤੋਂ ਪਾਹੁਲ ਛਕਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ।