ਪ੍ਰਸ਼ਨ-ਉੱਤਰ : ਇਕ ਹੋਰ ਨਵਾਂ ਸਾਲ


ਪ੍ਰਸ਼ਨ 1. ਬੰਤੇ ਦੇ ਸਵੇਰੇ ਘਰੋਂ ਉੱਠ ਕੇ ਘਰੋਂ ਤੁਰਨ ਦੀ ਘਟਨਾ ਲਿਖੋ ।

ਉੱਤਰ : ਬੰਤਾ ਹਰ ਰੋਜ਼ ਵਾਂਗ ਸਵੇਰੇ ਪੰਜ ਵਜੇ ਉੱਠਿਆ। ਉਸ ਨੇ ਹਰ ਰੋਜ਼ ਸਵੇਰੇ ਛੇ ਵਜੇ ਸਟੇਸ਼ਨ ‘ਤੇ ਪਹੁੰਚ ਕੇ ਕਾਲਕਾ ਮੇਲ ਤੋਂ ਉਤਰਨ ਵਾਲੀਆਂ ਸਵਾਰੀਆਂ ਚੁੱਕਣੀਆਂ ਹੁੰਦੀਆਂ ਸਨ। ਪਿਛਲੇ ਦੋ ਹਫ਼ਤਿਆਂ ਤੋਂ ਧੁੰਦ ਕਾਰਨ ਬੜੀ ਸਖ਼ਤ ਠੰਢ ਪੈ ਰਹੀ ਸੀ। ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਉਹ ਚਾਹ ਬਣਾਏ, ਕਿਉਂਕਿ ਉਹ ਵੀ ਅੱਜ ਵੱਡੇ ਲੋਕਾਂ ਵਾਂਗ ਬਿਸਤਰਾ ਛੱਡਣ ਤੋਂ ਪਹਿਲਾਂ ਬੈਡ-ਟੀ ਪੀਣੀ ਚਾਹੁੰਦਾ ਹੈ। ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਨਵਾਂ ਸਾਲ ਚੜ੍ਹਿਆ ਹੈ। ਪਰ ਉਸ ਦੀ ਪਤਨੀ ਨੂੰ ਇਹ ਕੋਈ ਖ਼ਾਸ ਗੱਲ ਨਾ ਜਾਪੀ ਤੇ ਉਸ ਨੇ ਕੰਧ ਵਲ ਪਾਸਾ ਮੋੜ ਲਿਆ। ਬੰਤਾ ਚਾਹ ਪੀਤੇ ਬਿਨਾਂ ਹੀ ਠੰਢ ਵਿਚ ਕੰਬਦਾ ਤੇ ਤੇਜ਼ੀ ਨਾਲ ਰਿਕਸ਼ਾ ਚਲਾਉਂਦਾ ਹੋਇਆ ਸਟੇਸ਼ਨ ਵਲ ਨੂੰ ਚਲ ਪਿਆ।

ਪ੍ਰਸ਼ਨ 2. ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ‘ਬੈਡ ਟੀ’ ਦੀ ਮੰਗ ਕਿਉਂ ਕਰਦਾ ਹੈ?

ਉੱਤਰ : ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ ‘ਬੈਡ ਟੀ’ ਦੀ ਮੰਗ ਇਸ ਕਰਕੇ ਕਰਦਾ ਹੈ ਕਿਉਂਕਿ ਅੱਜ ਨਵੇਂ ਸਾਲ ਦਾ ਪਹਿਲਾਂ ਦਿਨ ਸੀ ਤੇ ਬੰਤਾ ਵੀ ਵੱਡੇ ਲੋਕਾਂ ਵਾਂਗ ਸਵੇਰੇ ਉੱਠਦਿਆਂ ਹੀ ਬਿਸਤਰੇ ਵਿਚ ਬੈਠਾ ਵੱਡੇ ਲੋਕਾਂ ਵਾਂਗ ਚਾਹ ਪੀਣੀ ਚਾਹੁੰਦਾ ਸੀ, ਜਿਸ ਨੂੰ ਵੱਡੇ ਲੋਕ ‘ਬੈਡ ਟੀ ਆਖਦੇ ਹਨ। 

ਪ੍ਰਸ਼ਨ 3. ਬੰਤੇ ਦਾ ਸਵੇਰੇ ਛੇ ਵਜੇ ਕਿੱਥੇ ਪਹੁੰਚਣ ਦਾ ਪ੍ਰੋਗਰਾਮ ਸੀ ਤੇ ਕਿਉਂ?

ਉੱਤਰ : ਬੰਤੇ ਦਾ ਸਵੇਰੇ ਛੇ ਵਜੇ ਰਿਕਸ਼ਾ ਲੈ ਕੇ ਸਟੇਸ਼ਨ ‘ਤੇ ਪਹੁੰਚਣ ਦਾ ਪ੍ਰੋਗਰਾਮ ਸੀ, ਕਿਉਂਕਿ ਉਸ ਨੇ ਹਰ ਰੋਜ਼ ਵਾਂਗ ਇਸ ਉੱਥੇ ਪਹੁੰਚ ਕੇ ਕਾਲਕਾ ਮੇਲ ਦੀਆਂ ਸਵਾਰੀਆਂ ਵਿਚੋਂ ਕੁਝ ਸਵਾਰੀਆਂ ਲੈਣੀਆਂ ਹੁੰਦੀਆਂ ਸਨ।

ਪ੍ਰਸ਼ਨ 4. ਨਾਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਜੀਵਨ ਦੇ ਪਹੀਏ ਨਾਲ ਕਰਦਾ ਹੈ ਅਤੇ ਕਿਵੇਂ?

ਉੱਤਰ : ਨਾਵਲ ਦਾ ਨਾਇਕ ਰਿਕਸ਼ੇ ਦੇ ਪਹੀਏ ਦੀ ਤੁਲਨਾ ਜੀਵਨ ਦੇ ਪਹੀਏ ਨਾਲ ਕਰਦਾ ਹੈ, ਜਿਸ ਤਰ੍ਹਾਂ ਰਿਕਸ਼ੇ ਦਾ ਪਹੀਆ ਹਰ ਮੌਸਮ ਵਿਚ ਲਗਾਤਾਰ ਘੁੰਮਦਾ ਰਹਿੰਦਾ ਹੈ, ਉਸੇ ਤਰ੍ਹਾਂ ਜ਼ਿੰਦਗੀ ਦਾ ਪਹੀਆ ਵੀ ਅਤਿ ਦੀ ਗਰਮੀ ਤੇ ਸਰਦੀ ਵਿਚ ਘੁੰਮਦਾ ਰਹਿੰਦਾ ਹੈ।

ਪ੍ਰਸ਼ਨ 5. ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ?

ਉੱਤਰ : ਬੰਤੇ ਦਾ ਪਿਓ ਕਰਜ਼ੇ ਦੇ ਫ਼ਿਕਰ ਵਿਚ ਦੋ ਸਾਲ ਘੁਲਦਾ ਰਿਹਾ ਤੇ ਅੰਤ ਉਸ ਦੀ ਮੌਤ ਹੋ ਗਈ।

ਪ੍ਰਸ਼ਨ 6. ਬੰਤੇ ਨੇ ਪਿੰਡ ਕਿਉਂ ਛੱਡ ਦਿੱਤਾ ਸੀ?

ਉੱਤਰ : ਬੰਤਾ ਪਿੰਡ ਦੇ ਜਿਨ੍ਹਾਂ ਸਰਦਾਰਾਂ ਦੇ ਕੋਲ ਖੇਤ-ਮਜੂਦਰ ਸੀ, ਇਕ ਦਿਨ ਉਨ੍ਹਾਂ ਦੇ ਮੁੰਡੇ ਨੇ ਉਸ ਨੂੰ ਕੁੱਟਿਆ, ਤਾਂ ਬੰਤੇ ਨੇ ਵੀ ਉਸਦੇ ਦੋ ਚਾਰ ਟਿਕਾ ਦਿੱਤੀਆਂ। ਸਿੱਟੇ ਵਜੋਂ ਸਾਰਾ ਪਿੰਡ ਉਸ ਦੇ ਮਗਰ ਪੈ ਗਿਆ। ਬੰਤੇ ਦਾ ਦਿਲ ਵੀ ਭਰ ਗਿਆ ਸੀ ਤੇ ਉਸ ਨੇ ਪਿੰਡ ਛੱਡ ਦਿੱਤਾ।

ਪ੍ਰਸ਼ਨ 7. ਬੰਤਾ ਖੇਤ-ਮਜ਼ਦੂਰ ਤੋਂ ਰਿਕਸ਼ਾ-ਚਾਲਕ ਕਿਵੇਂ ਬਣਿਆ?

ਉੱਤਰ : ਪਿੰਡ ਵਿਚ ਖੇਤ-ਮਜ਼ਦੂਰੀ ਛੱਡ ਕੇ ਬੰਤਾ ਸ਼ਹਿਰ ਆ ਗਿਆ, ਜਿੱਥੇ ਉਹ ਇਕ ਦਫ਼ਤਰ ਵਿਚ ਚਪੜਾਸੀ ਲੱਗ ਗਿਆ। ਉਹ ਸਾਹਿਬ ਦੇ ਘਰ ਦੇ ਕੰਮ ਵੀ ਕਰਦਾ। ਪਰ ਇਕ ਦਿਨ ਸਾਹਿਬ ਦੀ ਪਤਨੀ ਨੇ ਘਰ ਦੇ ਕੱਪੜੇ ਧੋਣ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ, ਜਿਸ ਕਰਕੇ ਸਾਹਿਬ ਬਹੁਤ ਕੜਕਿਆ, ਤਾਂ ਬੰਤੇ ਨੇ ਇਹ ਕੰਮ ਵੀ ਛੱਡ ਦਿੱਤਾ ਅਤੇ ਫਿਰ ਉਹ ਰਿਕਸ਼ਾ-ਚਾਲਕ ਬਣ ਗਿਆ।

ਪ੍ਰਸ਼ਨ 8. ਬੰਤੇ ਨੇ ਚਪੜਾਸੀ ਦੀ ਨੌਕਰੀ ਕਿਉਂ ਛੱਡੀ l?

ਉੱਤਰ : ਬੰਤੇ ਨੂੰ ਜਦੋਂ ਸਾਹਿਬ ਦੀ ਪਤਨੀ ਨੇ ਕੱਪੜੇ ਧੌਣ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਗੱਲ ਕਰਕੇ ਸਾਹਿਬ ਉਸ ਉੱਤੇ ਬਹੁਤ ਕੜਕਿਆ। ਇਹ ਦੇਖ ਕੇ ਅਣਖੀਲੇ ਬੰਤੇ ਨੇ ਚਪੜਾਸੀ ਦੀ ਨੌਕਰੀ ਵੀ ਛੱਡ ਦਿੱਤੀ।

ਪ੍ਰਸ਼ਨ 9. ਬੰਤੇ ਦੀ ਪੜ੍ਹਾਈ ਬਾਰੇ ਤੁਸੀਂ ਕੀ ਜਾਣਦੇ ਹੋ?

ਜਾਂ

ਪ੍ਰਸ਼ਨ. ਬੰਤੇ ਨੇ ਪੰਜਵੀਂ ਜਮਾਤ ਦਾ ਇਮਿਤਹਾਨ ਕਿਵੇਂ ਦਿੱਤਾ?

ਉੱਤਰ : ਬੰਤਾ ਅਜੇ ਪੰਜਵੀਂ ਵਿਚ ਹੀ ਪੜ੍ਹਦਾ ਸੀ ਕਿ ਉਸ ਦੇ ਪਿਓ ਦੀ ਮੌਤ ਹੋ ਗਈ। ਇਸ ਤੋਂ ਪਿੱਛੋਂ ਬੰਤੇ ਨੇ ਇਕੱਠੀਆਂ ਕੀਤੀਆਂ ਕਿਤਾਬਾਂ ਲੱਕੜੀ ਦੇ ਬਕਸੇ ਵਿਚ ਬੰਦ ਕਰ ਦਿੱਤੀਆਂ ਤੇ ਖੇਤ-ਮਜ਼ਦੂਰ ਬਣ ਗਿਆ। ਜਦੋਂ ਉਹ ਆਪਣੇ ਸਾਥੀਆਂ ਨੂੰ ਫੱਟੀ-ਬਸਤਾ ਚੁੱਕ ਕੇ ਸਕੂਲ ਜਾਂਦਾ ਦੇਖਦਾ, ਤਾਂ ਉਸ ਦੇ ਮੂੰਹੋਂ ਹਉਕਾ ਨਿਕਲ ਜਾਂਦਾ। ਜਦੋਂ ਉਨ੍ਹਾਂ ਪੰਜਵੀਂ ਦਾ ਇਮਤਿਹਾਨ ਦੇਣਾ ਸੀ, ਤਾਂ ਉਹ ਵੀ ਉੱਥੇ ਪੁੱਜ ਗਿਆ। ਉਸ ਨੇ ਮਾਸਟਰ ਦੇ ਕਹਿਣ ਤੇ ਸਾਰੇ ਮਹੀਨਿਆਂ ਦੀ ਫ਼ੀਸ ਜਮ੍ਹਾਂ ਕਰਾ ਕੇ ਇਮਤਿਹਾਨ ਦੇ ਦਿੱਤਾ, ਬੇਸ਼ਕ ਉਸ ਨੂੰ ਆਉਂਦਾ ਕੁੱਝ ਨਹੀਂ ਸੀ। ਉਹ ਫੇਲ੍ਹ ਹੋ ਗਿਆ। ਉਹ ਚੌਥੀ ਪਾਸ ਨਾਲੋਂ ਪੰਜਵੀਂ ਫੇਲ੍ਹ ਕਹਾਉਣਾ ਵਧੇਰੇ ਪਸੰਦ ਕਰਦਾ ਸੀ।

ਪ੍ਰਸ਼ਨ 10. ਬੰਤੇ ਦੇ ਰਿਕਸ਼ੇ ਵਿਚ ਬੈਠਣ ਵਾਲੇ ਸਭ ਤੋਂ ਪਹਿਲੇ ਸਵਾਰ ਨੇ ਕਿੱਥੇ ਜਾਣਾ ਸੀ ਤੇ ਉਹ ਬੰਤੇ ਨੂੰ ਆਪਣੇ ਬਾਰੇ ਕੀ ਦੱਸਦਾ ਹੈ?

ਉੱਤਰ : ਬੰਤੇ ਦੇ ਰਿਕਸ਼ੇ ਵਿਚ ਬੈਠਣ ਵਾਲਾ ਪਹਿਲਾ ਸਵਾਰ ਉਸ ਨੂੰ ਸਟੇਸ਼ਨ ਉੱਤੇ ਹੀ ਮਿਲ ਪਿਆ। ਉਸ ਨੇ ਕੱਟੜਾ ਮੋਤੀ ਰਾਮ ਜਾਣਾ ਸੀ। ਗੱਲਾਂ-ਬਾਤਾਂ ਵਿਚ ਉਸ ਨੇ ਦੇਖਿਆ ਕਿ ਉਹ ਚੰਡੀਗੜ੍ਹ ਨੌਕਰੀ ਲੱਭਣ ਗਿਆ ਸੀ, ਪਰੰਤੂ ਅਜੇ ਤਕ ਉਸ ਦਾ ਕੰਮ ਨਹੀਂ ਬਣਿਆ। ਉਂਞ ਆਸ ਸੀ ਕਿ ਉਸ ਨੂੰ ਦੋ-ਢਾਈ ਮਾਹਵਾਰ ਤਨਖ਼ਾਹ ਮਿਲ ਜਾਵੇਗੀ, ਪਰੰਤੂ ਅਜੇ ਤਕ ਉਹ ਬੇਕਾਰ ਸੀ।

ਪ੍ਰਸ਼ਨ 11. ਬੰਤਾ ਆਪਣੇ ਆਪ ਨੂੰ ਪੜ੍ਹਿਆ-ਲਿਖਿਆ ਜ਼ਾਹਰ ਕਰਨ ਲਈ ਸਹੁਰੇ ਕਿਸ ਤਰ੍ਹਾਂ ਜਾਂਦਾ ਸੀ?

ਉੱਤਰ : ਬੰਤਾ ਸਮਝਦਾ ਸੀ ਕਿ ਪੜ੍ਹੇ-ਲਿਖੇ ਬੰਦੇ ਦੀ ਟੌਰ ਹੀ ਅਲੱਗ ਹੁੰਦੀ ਹੈ। ਇਸੇ ਕਰਕੇ ਉਹ ਚੌਥੀ ਪਾਸ ਨਾਲੋਂ ਪੰਜਵੀਂ ਫੇਲ੍ਹ ਅਖਵਾਉਣਾ ਚੰਗਾ ਸਮਝਦਾ ਸੀ ਤੇ ਜਦੋਂ ਉਹ ਸਹੁਰੇ ਜਾਂਦਾ ਹੁੰਦਾ ਸੀ, ਤਾਂ ਉਹ ਆਪਣੇ ਪੰਜਾਬੀ ਅਖ਼ਬਾਰ ਲੈ ਜਾਂਦਾ ਸੀ। ਸਾਰੇ ਉਸ ਦੇ ਹੱਥ ਵਿਚ ਅਖ਼ਬਾਰ ਦੇਖ ਕੇ ਹੈਰਾਨ ਹੁੰਦੇ ਸਨ। ਉਸ ਨੂੰ ਯਾਦ ਆਇਆ ਕਿ ਕਿਵੇਂ ਉਸਨੇ ਅਖ਼ਬਾਰ ਛੋਟੀ ਸਾਲੀ ਨੂੰ ਬੜੀ ਤੇਜ਼ੀ ਨਾਲ ਅਖ਼ਬਾਰ ਪੜ੍ਹ ਕੇ ਸੁਣਾਈ ਸੀ ਤੇ ਉਸ ਨੇ ਚਾਈਂ-ਚਾਈਂ ਉਸ ਨੂੰ ਸੁਆਦਲੀ ਚਾਹ ਪਿਲਾਈ ਸੀ।

ਪ੍ਰਸ਼ਨ 12. ਬੰਤੇ ਦੇ ਰਿਕਸ਼ੇ ਵਿਚ ਬੈਠੀਆਂ ਕੁੜੀਆਂ ਨਾਲ ਸਾਈਕਲ ਸਵਾਰ ਮੁੰਡਿਆਂ ਵਲੋਂ ਛੇੜ ਖ਼ਾਨੀ ਕਰਨ ਦੀ ਘਟਨਾ ਲਿਖੋ।

ਉੱਤਰ : ਬੰਤੇ ਨੇ ਦੋ ਕੁੜੀਆਂ ਨੂੰ ਹਰ ਰੋਜ਼ ਸਕੂਲ ਜਾਣ ਲਈ ਮਹੀਨਾ ਕੀਤਾ ਹੋਇਆ ਸੀ। ਇਕ ਦਿਨ ਉਹ ਸ਼ਾਮ ਨੂੰ ਉਨ੍ਹਾਂ ਨੂੰ ਸਕੂਲੋਂ ਘਰ ਲਿਜਾ ਰਿਹਾ ਸੀ ਕਿ ਕਾਲਜ ਦੇ ਕੁੱਝ ਸਾਈਕਲ ਸਵਾਰ ਮੁੰਡੇ ਉਨ੍ਹਾਂ ਨੂੰ ਗੰਦੇ ਮਖ਼ੌਲ ਕਰਨ ਲੱਗੇ। ਬੰਤੇ ਤੋਂ ਰਿਹਾ ਨਾ ਗਿਆ। ਉਸ ਨੇ ਰਿਕਸ਼ਾ ਰੋਕ ਕੇ ਉਨ੍ਹਾਂ ਨੂੰ ਫੜਨਾ ਚਾਹਿਆ। ਉਨ੍ਹਾਂ ਵਿਚੋਂ ਇਕ ਤਾਂ ਸਾਈਕਲ ਤੇਜ਼ ਚਲਾ ਕੇ ਨਿਕਲ ਗਿਆ ਤੇ ਦੂਜਾ ਉਸ ਦੀ ਧੋਣ ਵਿਚ ਮੁੱਕਾ ਮਾਰ ਕੇ ਖਿਸਕ ਗਿਆ। ਬੰਤੇ ਨੇ ਉਸ ਨੂੰ ਦੌੜ ਕੇ ਫੜਨਾ ਚਾਹਿਆ, ਪਰ ਇਕ ਕੁੜੀ ਨੇ ਉਸ ਨੂੰ ਕਿਹਾ, ”ਤੈਨੂੰ ਕੀਹਨੇ ਕਿਹਾ ਸੀ ਰਿਕਸ਼ਾ ਰੋਕਣ ਲਈ।” ਕੁੜੀਆਂ ਨੇ ਬੁਰਾ ਮਨਾਇਆ ਤੇ ਕਿਹਾ ਕਿ ਉਹ ਇਸ ਤਰ੍ਹਾਂ ਕਰਕੇ ਲੋਕਾਂ ਨੂੰ ਤਮਾਸ਼ਾ ਦਿਖਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਰਿਕਸ਼ਾ ਬਦਲ ਲੈਣਗੀਆਂ। ਬੰਤਾ ਚੁੱਪ ਕਰ ਕੇ ਫਿਰ ਰਿਕਸ਼ਾ ਚਲਾਉਣ ਲੱਗ ਪਿਆ। ਉਹ ਸੋਚਣ ਲੱਗਾ ਕਿ ਉਸ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ। ਉਹ ਐਵੇਂ ਮਹੀਨਾ ਹੱਥੋਂ ਗਵਾਉਣ ਲੱਗਾ ਸੀ।

ਪ੍ਰਸ਼ਨ 13. ਤਾਨਪੁਰੇ ਵਾਲੀ ਕੁੜੀ ਜਲੰਧਰ ਕੀ ਕਰਨ ਗਈ ਸੀ?

ਉੱਤਰ : ਤਾਨਪੁਰੇ ਵਾਲੀ ਕੁੜੀ ਜਲੰਧਰ ਰੇਡੀਓ ਸਟੇਸ਼ਨ ਉੱਤੇ ਨਵੇਂ ਸਾਲ ਦੇ ਸੰਬੰਧ ਵਿਚ ਪ੍ਰੋਗਰਾਮ ਦੇਣ ਲਈ ਗਈ ਸੀ।

ਪ੍ਰਸ਼ਨ 14. ਚਾਹ ਦੀ ਹੋਟਲ ‘ਤੇ ਬੈਠਿਆਂ ਬੰਤੇ ਨੇ ਅਖ਼ਬਾਰ ਵਿਚੋਂ ਹੋਟਲ ਵਾਲੇ ਨੂੰ ਕਿਹੜੀਆਂ-ਕਿਹੜੀਆਂ ਖ਼ਬਰਾਂ ਸੁਣਾਈਆਂ?

ਉੱਤਰ : ਚਾਹ ਦੀ ਹੋਟਲ ‘ਤੇ ਬੈਠਿਆਂ ਅਖ਼ਬਾਰ ਲੈ ਕੇ, ਬੰਤਾ ਹੋਟਲ ਵਾਲੇ ਨੂੰ ਅਖ਼ਬਾਰ ਦੀਆਂ ਗਰਮ-ਗਰਮ ਖ਼ਬਰਾਂ ਪੜ੍ਹ ਕੇ ਸੁਣਾਉਂਦਾ ਹੈ, ਜਿਨ੍ਹਾਂ ਵਿਚੋਂ ਇਕ ਅਖ਼ਬਾਰ ਵਾਲਿਆਂ ਵਲੋਂ ਨਵੇਂ ਸਾਲ ਦੀ ਵਧਾਈ ਸੀ, ਦੂਜੀ ਚੋਰੀ ਵਲਾਇਤ ਜਾ ਰਹੇ ਭਾਰਤੀਆਂ ਦੇ ਡੁੱਬਣ ਦੀ, ਤੀਜੀ ਵਿਦਿਆਰਥੀ ਦੇ ਹੰਗਾਮੇ ਦੀ, ਚੌਥੀ ਇੰਦਰਾ ਗਾਂਧੀ ਦੇ ਭਾਰਤ-ਪਾਕਿ ਸੰਬੰਧਾਂ ਬਾਰੇ, ਪੰਜਵੀਂ ਪੰਜਾਬ ਸਰਕਾਰ ਵਲੋਂ ਆਪਣੇ ਕਰਮਚਾਰੀਆਂ ਨੂੰ ਹੋਰ ਭੱਤਾ ਦੇਣ ਦੇ ਐਲਾਨ ਬਾਰੇ, ਛੇਵੀਂ ਅੰਮ੍ਰਿਤਸਰ ਵਿਚ ਠੰਢ ਨਾਲ ਹੋਈਆ ਮੌਤਾਂ ਤੇ ਸੱਤਵੀਂ ਮਿੱਟੀ ਦੇ ਤੇਲ ਦੀਆਂ ਕੀਮਤਾਂ ਵਿਚ ਵਾਧੇ ਬਾਰੇ ਸੀ।

ਪ੍ਰਸ਼ਨ 15. ਬੰਤਾ ਕਹਿਰ ਦੀ ਸਰਦੀ ਵਿਚ ਲੋਕਾਂ ਨੂੰ ਠੰਢ ਤੋਂ ਬਚਾਉਣ ਲਈ ਵੱਡੇ ਸੇਠ ਲੋਕਾਂ ਵਲੋਂ ਧੁਖਾਏ ਮੁੱਢਾਂ ਬਾਰੇ ਕੀ ਸੋਚਦਾ ਹੋ?

ਉੱਤਰ : ਬੰਤਾ ਸੋਚਦਾ ਹੈ ਕਿ ਜੇਕਰ ਵੱਡੇ-ਵੱਡੇ ਸੇਠ ਲੋਕਾਂ ਨੇ ਰਾਤ ਦਿਨ ਵੱਡੇ-ਵੱਡੇ ਮੁੱਢ ਨਾ ਧੁਖਾਏ ਹੋਣ, ਤਾਂ ਉਸ ਵਰਗੇ ਲੋਕ ਠਰਦੇ ਮਰ ਜਾਂਦੇ। ਉਹ ਉਨ੍ਹਾਂ ਲੋਕਾਂ ਨੂੰ ਬਹੁਤ ਦਿਆਲੂ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਸਾਰੇ ਉਨ੍ਹਾਂ ਵਾਂਗ ਵੰਡ ਕੇ ਛਕਿਆ ਕਰਨ। ਫਿਰ ਉਹ ਸੋਚਦਾ ਹੈ ਕਿ ਉਂਞ ਸਾਰੇ ਆਪਣਾ ਹੀ ਉਲੂ ਸਿੱਧਾ ਕਰਦੇ ਹਨ। ਚੰਗੇ ਬੰਦੇ ਦੁਨੀਆ ਵਿਚ ਘੱਟ ਹਨ।

ਪ੍ਰਸ਼ਨ 16. ਕਿਰਾਏ ‘ਤੇ ਰਿਕਸ਼ਾ ਦੇਣ ਵਾਲੇ ਸੇਠ ਨੂੰ ਬੰਤਾ ਖ਼ੁਸ਼-ਕਿਸਮਤ ਕਿਉਂ ਸਮਝਦਾ ਹੈ?

ਉੱਤਰ : ਕਿਰਾਏ ਤੇ ਰਿਕਸ਼ੇ ਦੇਣ ਵਾਲੇ ਸੇਠ ਨੂੰ ਬੰਤਾ ਇਸ ਕਰਕੇ ਖ਼ੁਸ਼-ਕਿਸਮਤ ਸਮਝਦਾ ਹੈ, ਕਿਉਂਕਿ ਉਸ ਨੂੰ ਬਿਨਾਂ ਹੱਥ ਪੈਰ ਹਿਲਾਏ ਘਰ ਬੈਠੇ ਨੂੰ ਕਿਰਾਇਆ ਪਹੁੰਚ ਜਾਂਦਾ ਸੀ। ਉਹ ਉਸ ਦੀ ਖ਼ੁਸ਼-ਕਿਸਮਤੀ ਦਾ ਕਾਰਨ ਉਸ ਦੇ ਪਿਛਲੇ ਜਨਮ ਦੇ ਚੰਗੇ ਕਰਮ ਸਮਝਦਾ ਹੈ।

ਪ੍ਰਸ਼ਨ 17. ਬੰਤਾ ਆਪਣੀ ਮਾਂ ਬਾਰੇ ਕੀ ਸੋਚਦਾ ਹੈ?

ਜਾਂ

ਪ੍ਰਸ਼ਨ. ਰਿਕਸ਼ਾ-ਚਾਲਕ ਦੀ ਮਾਂ ਕਿੱਥੇ ਰਹਿੰਦੀ ਸੀ? ਉਹ ਉਸ ਦੀ ਦੇਖ-ਭਾਲ ਕਿਵੇਂ ਕਰਦਾ ਸੀ?

ਉੱਤਰ : ਬੰਤੇ ਦੀ ਮਾਂ ਨੂੰਹ ਨਾਲ ਲੜਾਈ ਪਿੱਛੋਂ ਪਿੰਡ ਵਿਚ ਹੀ ਰਹਿੰਦੀ ਹੈ, ਪਰ ਉਹ ਉਸ ਦੀ ਸੇਵਾ ਜ਼ਰੂਰ ਕਰਦਾ ਹੈ। ਉਹ ਮਾਂ ਦੀਆਂ ਅੱਖਾਂ ਦੇ ਅਪਰੇਸ਼ਨ ਬਾਰੇ ਵੀ ਸੋਚਦਾ ਹੈ।

ਪ੍ਰਸ਼ਨ 18. ਨਵੇਂ ਸਾਲ ‘ਤੇ ਰਿਕਸ਼ਾ-ਚਾਲਕ ਬੰਤਾ ਚਾਹੁੰਦਾ ਹੋਇਆਂ ਵੀ ਗੁਰਦੁਆਰੇ ਮੱਥਾ ਟੇਕਣ ਕਿਉਂ ਨਾ ਜਾ ਸਕਿਆ?

ਉੱਤਰ : ਬੰਤਾ ਇਸ ਕਰਕੇ ਗੁਰਦੁਆਰੇ ਵਿਚ ਮੱਥਾ ਨਾ ਟੇਕ ਸਕਿਆ, ਕਿਉਂਕਿ ਉੱਥੇ ਸੰਗਤ ਦੀ ਭੀੜ ਬਹੁਤ ਸੀ। ਨਾਲ ਹੀ ਉਸਨੂੰ ਦੂਜੇ ਪਾਸੇ ਜਾਣ ਵਾਲੀਆਂ ਸਵਾਰੀਆਂ ਮਿਲ ਗਈਆਂ ਸਨ।

ਪ੍ਰਸ਼ਨ 19. ਰਾਮਾਨੰਦ ਦੇ ਬਾਗ਼ ਵਿਚ ਜਾਣ ਵਾਲੇ ਪਤੀ-ਪਤਨੀ ਦਰਬਾਰ ਸਾਹਿਬ ਕਿਉਂ ਜਾ ਕੇ ਆਏ ਸਨ?

ਉੱਤਰ : ਰਾਮਾਨੰਦ ਦੇ ਬਾਗ਼ ਵਿਚ ਜਾਣ ਵਾਲੇ ਪਤੀ-ਪਤਨੀ ਬੰਤੇ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਪੰਜਾਂ ਕੁੜੀਆਂ ਪਿੱਛੋਂ ਮੁੰਡਾ ਹੋਇਆ ਸੀ। ਉਨ੍ਹਾਂ ਦੀ ਜ਼ਮੀਨ ਇੰਨੀ ਹੈ ਕਿ ਭਾਵੇਂ ਪੰਜ ਪੁੱਤਰ ਹੁੰਦੇ, ਤਾਂ ਵੀ ਰੱਜ-ਰੱਜ ਕੇ ਖਾਂਦੇ। ਪਤੀ-ਪਤਨੀ ਦੀਆਂ ਗੱਲਾਂ ਤੋਂ ਉਸ ਨੂੰ ਪਤਾ ਲਗਦਾ ਹੈ ਕਿ ਉਹ ਕਾਕੇ ਦੇ ਹੋਣ ਦੀ ਖ਼ੁਸ਼ੀ ਵਿਚ ਦਰਬਾਰ ਸਾਹਿਬ ਸਵਾ ਪੰਜਾਂ ਦਾ ਪ੍ਰਸ਼ਾਦ ਕਰਾ ਕੇ ਤੇ ਉਸ ਦਾ ਨਾਮ ਰਖਾ ਕੇ ਆਏ ਹਨ। ਫਿਰ ਉਹ ਕਹਿੰਦਾ ਹੈ ਕਿ ਹੁਣ ਭਾਵੇਂ ਉਸ ਦਾ ਪੁੱਤਰ ਜ਼ਮੀਨਾਂ ਸਾਂਭੇਗਾ, ਪਰ ਉਹ ਕੁੜੀਆਂ ਦਾ ਹੱਕ ਵੀ ਨਹੀਂ ਰੱਖੇਗਾ।

ਪ੍ਰਸ਼ਨ 20. ਰਿਕਸ਼ਾ-ਚਾਲਕ ਦੇ ਕਿੰਨੇ ਬੱਚੇ ਸਨ? ਉਨ੍ਹਾਂ ਦੀ ਪੜ੍ਹਾਈ ਸੰਬੰਧੀ ਉਸ ਦੇ ਕੀ ਵਿਚਾਰ ਸਨ?

ਉੱਤਰ : ਰਿਕਸਾ-ਚਾਲਕ ਦੇ ਕੁੱਲ ਤਿੰਨ ਬੱਚੇ-ਇਕ ਪੁੱਤਰ ਤੇ ਦੋ ਧੀਆਂ ਸਨ। ਉਹ ਸਾਰੇ ਬੱਚਿਆਂ ਨੂੰ ਖੂਬ ਪੜ੍ਹਾਉਣਾ ਚਾਹੁੰਦਾ ਸੀ। ਉਸ ਦੀ ਇੱਛਾ ਸੀ ਕਿ ਉਸ ਦਾ ਪੁੱਤਰ ਫੁੰਮਣ ਪੜ੍ਹ ਕੇ ਕੋਈ ਵੱਡਾ ਅਫ਼ਸਰ ਬਣੇ ਤੇ ਰਿਕਸ਼ਾ ਨਾ ਚਲਾਏ।

ਪ੍ਰਸ਼ਨ 21. ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਬਾਰੇ ਬੰਤੇ ਦੇ ਕੀ ਵਿਚਾਰ ਸਨ?

ਉੱਤਰ : ਜਲ੍ਹਿਆਂ ਵਾਲੇ ਬਾਗ਼ ਵਲ ਜਾਂਦਿਆਂ ਬੰਤੇ ਦੇ ਮਨ ਵਿਚ ਵਿਚਾਰ ਆਉਂਦੇ ਹਨ ਕਿ ਅੱਜ ਤੋਂ ਪੰਜਾਹ ਸਾਲ ਪਹਿਲਾਂ ਅੰਗਰੇਜ਼ਾਂ ਨੇ ਬਹੁਤ ਸਾਰੇ ਦੇਸ਼-ਭਗਤ ਗੋਲੀਆਂ ਨਾਲ ਭੁੰਨ ਕੇ ਸ਼ਹੀਦ ਕਰ ਦਿੱਤੇ ਸਨ। ਉਸ ਨੂੰ ਬਾਗ਼ ਵਿਚਲੇ ਖੂਹ ਵਿਚ ਡਿਗ ਕੇ ਸ਼ਹੀਦ ਹੋਣ ਵਾਲਿਆਂ ਦੀ ਤੇ ਕੰਧਾਂ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨਾਂ ਦੀ ਯਾਦ ਵੀ ਆਉਂਦੀ ਹੈ।

ਪ੍ਰਸ਼ਨ 22. ਚਿਤਰਾ ਟਾਕੀ ਜਾਣ ਵਾਲੀਆਂ ਕੁੜੀਆਂ ਬੰਤੇ ਦੇ ਰਿਕਸ਼ੇ ਵਿਚ ਬੈਠ ਕੇ ਕੀ ਗੱਲਾਂ ਕਰਦੀਆਂ ਹਨ?

ਉੱਤਰ : ਚਿਤਰਾ ਟਾਕੀ ਜਾਣ ਲਈ ਰਿਕਸ਼ੇ ਵਿਚ ਬੈਠੀਆਂ ਕੁੜੀਆਂ ਪਹਿਲਾਂ ਤਾਂ ਬੰਤੇ ਨੂੰ ਕੋਸਦੀਆਂ ਹਨ ਕਿ ਉਹ ਰਿਕਸ਼ਾ ਬਹੁਤ ਹੌਲੀ ਚਲਾਉਂਦਾ ਹੈ। ਉਹ ਗੱਲਾਂ ਕਰਦੀਆਂ ਹਨ ਕਿ ਉਨ੍ਹਾਂ ਨੂੰ ਗੈਲਰੀ ਦੀ ਨਹੀਂ, ਸਗੋਂ ਹਾਲ ਦੀ ਟਿਕਟ ਹੀ ਮਿਲੇਗੀ। ਫਿਰ ਉਹ ਐਕਟ੍ਰੈਸ ਡਿੰਪਲ ਦੇ ਘਰ ਕੁੜੀ ਹੋਣ, ਉਸ ਦੀ ਬਾੱਬੀ ਵਿਚਲੀ ਐਕਟਿੰਗ ਤੇ ਉਸ ਦੇ ਰਾਜ਼ੇਸ ਖੰਨਾ ਨਾਲ ਵਿਆਹ ਬਾਰੇ ਗੱਲਾਂ ਕਰਦੀਆਂ ਹਨ। ਇਕ ਜਣੀ ਦੂਜੀ ਨੂੰ ਕਹਿੰਦੀ ਹੈ ਕਿ ਉਹ ਰਿਸ਼ੀ ਕਪੂਰ ਨਾਲ ਵਿਆਹ ਕਰਾ ਲਵੇ ਤੇ ਦੂਜੀ ਉਸ ਨੂੰ ਬਜ਼ਾਰ ਵਿਚ ਅਜਿਹੀਆਂ ਗੱਲਾਂ ਕਰਨ ਤੋਂ ਰੋਕਦੀ ਹੈ। ਪਹਿਲੀ ਉਸ ਨੂੰ ਕਹਿੰਦੀ ਹੈ ਕਿ ਉਹ ਕਿਸੇ ਤੋਂ ਨਹੀਂ ਡਰਦੀ। ਜਿਹੜਾ ਡਰੇਗਾ, ਉਹ ਮਰੇਗਾ।

ਪ੍ਰਸ਼ਨ 23. ਬੰਤਾ ਦੇ ਰਿਕਸ਼ੇ ਵਿਚ ਗੁਰੂ ਬਜ਼ਾਰ ਜਾਣ ਲਈ ਬੈਠੀਆਂ ਦੋ ਜ਼ਨਾਨੀਆਂ ਮੁੰਡੇ ਦਾ ਰਿਸ਼ਤਾ ਕਰਨ ਬਾਰੇ ਕੀ ਗੱਲਾਂ ਕਰਦੀਆਂ ਹਨ?

ਉੱਤਰ : ਗੁਰੂ ਬਜ਼ਾਰ ਜਾਣ ਵਾਲੀਆਂ ਦੋ ਜ਼ਨਾਨੀਆਂ ਵਿਚੋਂ ਇਕ ਮੁੰਡੇ ਦੀ ਮਾਂ ਹੈ ਤੇ ਦੂਜੀ ਲਾਜੋ ਨਾਂ ਦੀ ਵਿਚੋਲਣ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਸੋਹਣੀ ਕੁੜੀ ਚਾਹੁੰਦੀ ਹੈ। ਵਿਚੋਲਣ ਦੱਸਦੀ ਹੈ ਕਿ ਕੁੜੀ ਸੋਹਣੀ ਹੈ ਅਤੇ ਬੀ.ਏ. ਵਿਚ ਪੜ੍ਹਦੀ ਹੈ। ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਨੂੰ ਪੜ੍ਹਨੋ ਹਟਾ ਲੈਣ। ਫਿਰ ਉਹ ਆਪਣੇ ਪੁੱਤਰ ਮਹੇਸ਼ੀ ਦੀ ਪੜ੍ਹਾਈ ਬਾਰੇ ਗੱਲਾਂ ਕਰਦੀ ਹੈ। ਉਹ ਦੱਸਦੀ ਹੈ ਕਿ ਮਹੇਸ਼ੀ ਅੱਠਵੀਂ ਫੇਲ੍ਹ ਹੈ ਤੇ ਉਸ ਨੂੰ ਅਠਾਰਵਾਂ ਸਾਲ ਲੱਗ ਗਿਆ ਹੈ। ਉਹ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਛੇਤੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੀ ਨੂੰਹ ਨੂੰ ਬਹੁਤ ਸਾਰੇ ਗਹਿਣੇ ਪਾਵੇਗੀ। ਲਾਜੋ ਦੱਸਦੀ ਹੈ ਕਿ ਕੁੜੀ ਵਾਲੇ ਵੀ ਘੱਟ ਨਹੀਂ ਕਰਨਗੇ, ਪਰ ਮੁੰਡੇ ਦੀ ਮਾਂ ਪੁੱਛਦੀ ਹੈ ਕਿ ਉਹ ਦੇਣਗੇ ਕੀ ਕੁੱਝ। ਨਾਲ ਹੀ ਉਹ ਕਹਿੰਦੀ ਹੈ ਕਿ ਦੇਣਾ ਤਾਂ ਉਨ੍ਹਾਂ ਜੋ ਕੁੱਝ ਹੈ, ਆਪਣੀ ਧੀ ਨੂੰ ਹੈ। ਉਂਞ ਜੇ ਕੋਈ ਚੰਗਾ ਕਰ ਦੇਵੇ, ਤਾਂ ਜੱਗ ਵਿਚ ਸ਼ੋਭਾ ਹੋ ਜਾਂਦੀ ਹੈ।

ਪ੍ਰਸ਼ਨ 24. ਲਾਜੋ ਦੇ ਪਤੀ ਦੀ ਖੰਘ ਕਿਸ ਤਰ੍ਹਾਂ ਹਟੀ ਸੀ?

ਉੱਤਰ : ਲਾਜੋ ਦੇ ਪਤੀ ਦੀ ਖੰਘ ਨਹੀਂ ਸੀ ਹਟਦੀ । ਇਕ ਵਾਰੀ ਇਕ ਬਗਲੀ ਵਾਲੇ ਬਾਵੇ ਨੇ ਬੜੀ ਜ਼ਿਦ ਕਰ ਕੇ ਉਨ੍ਹਾਂ ਤੋਂ ਇਕ ਸੇਰ ਚਾਵਲ, ਇਕ ਸੇਰ ਖੰਡ ਤੇ ਪੰਜ ਰੁਪਏ ਲਏ ਤੇ ਜਾਂਦਾ ਹੋਇਆ ਉਸ ਨੂੰ ਇਕ ਸਵਾਹ ਦੀ ਚੁਟਕੀ ਦੇ ਕੇ ਕਹਿਣ ਲੱਗਾ ਕਿ ਉਹ ਉਸ ਨੂੰ ਸ਼ਹਿਦ ਵਿਚ ਮਿਲਾ ਕੇ ਚੱਟ ਲਵੇ। ਉਸ ਦੇ ਸਾਰੇ ਕਸ਼ਟ ਦੂਰ ਹੋ ਜਾਣਗੇ। ਬੱਸ ਉਸੇ ਸਵਾਹ ਦੀ ਚੁਟਕੀ ਨੇ ਉਸ ਦੀ ਖੰਘ ਉਡਾ ਦਿੱਤੀ।

ਪ੍ਰਸ਼ਨ 25. ਸੀਤਲਾ ਮੰਦਰ ਜਾਣ ਵਾਲੇ ਭਲਵਾਨ ਨੂੰ ਆਪਣੇ ਰਿਕਸ਼ੇ ਵਿਚ ਬਿਠਾ ਕੇ ਬੰਤਾ ਚੰਗੀ ਸਿਹਤ ਤੇ ਧਨ-ਦੌਲਤ ਬਾਰੇ ਕੀ ਸੋਚਦਾ ਹੈ?

ਉੱਤਰ : ਸੀਤਲਾ ਮੰਦਰ ਜਾਣ ਵਾਲੀ ਇਕ ਚੰਗੀ ਸਿਹਤ ਦੀ ਮਾਲਕ (ਭਲਵਾਨ) ਸਵਾਰੀ ਨੂੰ ਆਪਣੇ ਰਿਕਸ਼ੇ ਵਿਚ ਬਿਠਾ ਕੇ ਬੰਤਾ ਸੋਚਦਾ ਹੈ ਕਿ ਬੰਦੇ ਕੋਲ ਸਿਹਤ ਹੋਣੀ ਚਾਹੀਦੀ ਹੈ, ਧਨ ਦੌਲਤ ਦਾ ਕੀ ਹੈ। ਉਹ ਸਮਝਦਾ ਹੈ ਕਿ ਸਿਹਤ ਬਣਾਉਣ ਲਈ ਘਿਓ, ਦੁੱਧ ਤੇ ਬਦਾਮ ਚਾਹੀਦੇ ਹਨ ਤੇ ਇਨ੍ਹਾਂ ਲਈ ਪੈਸਾ। ਫਿਰ ਉਹ ਸੋਚਦਾ ਹੈ ਕਿ ਮਨੁੱਖ ਕੋਲ ਦੋਵੇਂ ਚੀਜਾਂ ਹੋਣੀਆਂ ਚਾਹੀਦੀਆਂ ਹਨ-ਚੰਗੀ ਸਿਹਤ ਵੀ ਤੇ ਪੈਸਾ ਵੀ। ਪੈਸਾ ਸਿਹਤ ਤੋਂ ਬਿਨਾਂ ਵਿਅਰਥ ਹੈ। ਉਹ ਸਮਝਦਾ ਹੈ ਕਿ ਪੈਸੇ ਨੇ ਜ਼ਿੰਦਗੀ ਵਿਚ ਬਹੁਤ ਸਾਰੇ ਰੇੜਕੇ ਪਾਏ ਹੋਏ ਹਨ। ਫਿਰ ਉਹ ਸੋਚਦਾ ਹੈ ਕਿ ਜੇਕਰ ਕਿਸੇ ਵੀ ਬੰਦੇ ਕੋਲ ਪੈਸੇ ਨਾ ਹੋਣ ਤਾਂ ਕੀ ਹੋਵੇਗਾ? ਕੀ ਉਸ ਨੂੰ ਰੋਟੀ ਨਹੀਂ ਮਿਲੂ? ਜਦਕਿ ਅੰਨ ਤਾਂ ਦੁਨੀਆ ਵਿਚ ਹਮੇਸ਼ਾਂ ਪੈਦਾ ਹੁੰਦਾ ਹੈ। ਫਿਰ ਉਹ ਆਪਣੇ ਆਪ ਨੂੰ ਅਜਿਹੀਆਂ ਗੱਲਾਂ ਸੋਚਣbਤੋਂ ਰੋਕਦਾ ਹੈ।

ਪ੍ਰਸ਼ਨ 26. ਡੋਰ ਨੂੰ ਮਾਝਾ ਲਾ ਰਹੇ ਬੰਦੇ ਵਲ ਵੇਖ ਕੇ ਰਿਕਸ਼ੇ ਵਾਲੇ ਦੇ ਦਿਮਾਗ਼ ਵਿਚ ਕਿਹੜੇ ਵਿਚਾਰ ਆਏ?

ਉੱਤਰ : ਡੋਰ ਨੂੰ ਮਾਝਾ ਲਾ ਰਹੇ ਬੰਦੇ ਵਲ ਵੇਖ ਕੇ ਬੰਤਾ ਸੋਚਦਾ ਹੈ ਕਿ ਉਸ ਦੇ ਹੱਥ ਵੀ ਉਸ ਦੇ ਹੱਥਾਂ ਵਰਗੇ ਕਾਲੇ-ਕਾਲੇ ਤੇ ਸੁੱਕੇ-ਸੁੱਕੇ ਹਨ ਕਿਉਂਕਿ ਉਹ ਵੀ ਉਸ ਵਾਂਗ ਠੰਢ ਵਿਚ ਕੰਮ ਕਰਦਾ ਹੈ।

ਪ੍ਰਸ਼ਨ 27. ”ਕਿਰਤੀਆਂ ਦੇ ਹੱਥ ਤਾਂ ਕੰਮ ਕਰਦਿਆਂ ਈ ਸੋਹਣੇ ਲਗਦੇ ਐ।’ ਰਿਕਸ਼ਾ ਵਾਲੇ ਨੇ ਅਜਿਹਾ ਕਿਉਂ ਸੋਚਿਆ?

ਉੱਤਰ : ਰਿਕਸ਼ਾ ਵਾਲੇ ਨੇ ਅਜਿਹਾ ਮਾਝਾ ਲਾਉਣ ਵਾਲੇ ਬੰਦੇ ਦੇ ਆਪਣੇ ਵਰਗੇ ਕਾਲੇ ਤੇ ਸੁੱਕੇ-ਸੁੱਕੇ ਹੱਥ ਵੇਖ ਕੇ ਸੋਚਿਆ।

ਪ੍ਰਸ਼ਨ 28. ”ਰਿਕਸ਼ੇ ਵਾਲਾ ਮੀਤੇ ਦੀ ਦੁਕਾਨ ਤੋਂ ਹੀ ਆਪਣੇ ਰਿਕਸ਼ੇ ਵਿਚ ਹਵਾ ਕਿਉਂ ਭਰਨੀ ਚਾਹੁੰਦਾ ਸੀ?

ਉੱਤਰ : ਰਿਕਸ਼ੇ ਵਾਲਾ ਮੀਤੇ ਦੀ ਦੁਕਾਨ ਤੋਂ ਆਪਣੇ ਰਿਕਸ਼ੇ ਵਿਚ ਹਵਾ ਭਰਨੀ ਚਾਹੁੰਦਾ ਸੀ ਕਿਉਂਕਿ ਉਹ ਉਸ ਨੂੰ ਚੰਗਾ ਪੜ੍ਹਾਉਣਾ ਚਾਰ ਆਦਮੀ ਸਮਝਦਾ ਸੀ ਜੋ ਉਧਾਰ ਵੀ ਕਰ ਲੈਂਦਾ ਸੀ ਤੇ ਕੰਮ ਵੀ ਠੀਕ ਕਰਦਾ ਸੀ। ਉਹ ਕਈ ਵਾਰ ਛੋਟਾ ਮੋਟਾ ਕੰਮ ਕਰਨ ਦੇ ਪੈਸੇ ਵੀ ਨਹੀਂ ਸੀ ਲੈਂਦਾ।