ਪ੍ਰਸ਼ਨ . ਬਣਤਰ ਦੇ ਹਿਸਾਬ ਨਾਲ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ?
ਉੱਤਰ – ਬਣਤਰ ਦੇ ਹਿਸਾਬ ਨਾਲ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ :
1. ਮੂਲ ਸ਼ਬਦ
2. ਰਚਿਤ ਸ਼ਬਦ
ਮੂਲ ਸ਼ਬਦ – ਉਨ੍ਹਾਂ ਸ਼ਬਦਾਂ ਨੂੰ ਮੂਲ ਸ਼ਬਦ ਕਿਹਾ ਜਾਂਦਾ ਹੈ ਜਿਹੜੇ ਕਿਸੇ ਦੂਜੇ ਸ਼ਬਦ ਦੀ ਸਹਾਇਤਾ ਤੋਂ ਬਿਨਾਂ ਆਪਣੇ ਆਪ ਬਣੇ ਹੋਣ। ਹਰ ਭਾਸ਼ਾ ਦੇ ਮੂਲ ਸ਼ਬਦ ਥੌੜ੍ਹੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਅੱਗੋਂ ਤੋੜਿਆ ਵੀ ਨਹੀਂ ਜਾ ਸਕਦਾ।
ਜਿਵੇਂ : ਮੁੰਡਾ, ਦੁੱਖ, ਸੁੱਖ, ਪਾਣੀ, ਝੂਠ, ਸੱਚ ਆਦਿ।
ਰਚਿਤ ਸ਼ਬਦ – ਰਚਿਤ ਸ਼ਬਦ ਉਨ੍ਹਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਕਿਸੇ ਹੋਰ ਸ਼ਬਦ ਜਾਂ ਸ਼ਬਦਾਂਸ਼ ਦੀ ਸਹਾਇਤਾ ਨਾਲ ਬਣਦੇ ਹਨ।
ਜਿਵੇਂ : ਨਿਡਰ, ਕੁਜਾਤ, ਪਰਮਾਤਮਾ, ਜਾਨਵਰ, ਬੁੱਧੀਮਾਨ ਆਦਿ।
ਰਚਿਤ ਸ਼ਬਦ ਅੱਗੋਂ ਦੋ ਤਰ੍ਹਾਂ ਦੇ ਹੁੰਦੇ ਹਨ :
1 . ਸਮਾਸੀ ਸ਼ਬਦ
2 . ਉਤਪੰਨ ਸ਼ਬਦ
ਸਮਾਸੀ ਸ਼ਬਦ – ਉਹ ਰਚਿਤ ਸ਼ਬਦ ਜਿਹੜੇ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣਨ ਉਨ੍ਹਾਂ ਨੂੰ ਸਮਾਸੀ ਸ਼ਬਦ ਕਹਿੰਦੇ ਹਨ। ਸਮਾਸ ਦਾ ਅਰਥ ਹੈ – ਸ਼ਬਦਾਂ ਨੂੰ ਜੋੜਨਾ।
ਸਮਾਸ ਲਈ ਘੱਟ ਤੋਂ ਘੱਟ ਦੋ ਸ਼ਬਦ ਹੋਣੇ ਜ਼ਰੂਰੀ ਹੁੰਦੇ ਹਨ। ਸਮਾਸੀ ਸ਼ਬਦ ਲਿਖਣ ਸਮੇਂ ਸ਼ਬਦਾਂ ਨੂੰ ਜੋੜਨ ਵਾਲੇ ਯੋਜਕਾਂ ਅਤੇ ਸੰਬੰਧਕਾਂ ਨੂੰ ਹਟਾ ਕੇ ਜੋੜਨੀ (-) ਦੀ ਵਰਤੋਂ ਕੀਤੀ ਜਾਂਦੀ ਹੈ।
ਜਿਵੇਂ : ਅਮੀਰ – ਗਰੀਬ, ਦਿਨ – ਰਾਤ, ਸਮੁੰਦਰ – ਤਟ ਆਦਿ।
ਸਮਾਸ ਵਿਧੀ ਰਾਹੀਂ ਨਵੇਂ ਸ਼ਬਦ ਬਣਾਉਣ ਦੇ ਵੀ ਕਈ ਢੰਗ ਹੁੰਦੇ ਹਨ :
1 . ਦੋ ਵੱਖ – ਵੱਖ ਸ਼ਬਦਾਂ ਨੂੰ ਜੋੜ ਕੇ ਬਣਦਾ ਇੱਕ ਸ਼ਬਦ;
ਜਿਵੇਂ : ਆਤਮ – ਘਾਤ, ਰੇਲ – ਗੱਡੀ, ਅਖੰਡ – ਪਾਠ, ਸਰਬ – ਵਿਆਪਕ, ਲੋਕ – ਰਾਜ, ਧੱਕੇ – ਸ਼ਾਹੀ, ਨਮਕ – ਹਰਾਮ, ਪਿਤਾ – ਪੁਰਖੀ ਆਦਿ।
2 . ਸਮਾਨ ਅਰਥਾਂ ਵਾਲੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਇੱਕ ਸ਼ਬਦ ;
ਜਿਵੇਂ : ਦਾਲ – ਭਾਜੀ, ਵਿਆਹ – ਸ਼ਾਦੀ, ਹਾਲ – ਚਾਲ, ਕੰਮ – ਧੰਦਾ, ਕੌੜਾ – ਜ਼ਹਿਰ, ਜਿੰਦ – ਜਾਨ, ਲੁਕੀ – ਛੁਪੀ, ਟੁੱਟ – ਭੱਜ ਆਦਿ।
3 . ਨੇੜੇ ਦੇ ਅਰਥਾਂ ਵਾਲੇ ਦੋ ਸ਼ਬਦਾਂ ਨੂੰ ਮਿਲਾ ਕੇ ਬਣਦਾ ਇੱਕ ਸ਼ਬਦ ;
ਜਿਵੇਂ: ਖ਼ੂਨ – ਖਰਾਬਾ, ਰਾਜ਼ੀ – ਖੁਸ਼ੀ, ਰੰਗ – ਬਿਰੰਗਾ ਆਦਿ।
4 . ਦੋ ਵਿਰੋਧੀ ਅਰਥਾਂ ਵਾਲੇ ਸ਼ਬਦਾਂ ਤੋਂ ਬਣਦਾ ਇੱਕ ਸ਼ਬਦ;
ਜਿਵੇਂ : ਚੰਗਾ – ਮੰਦਾ, ਖਰਾ – ਖੋਟਾ, ਦੂਰ – ਨੇੜੇ, ਉੱਤੇ – ਥੱਲੇ, ਨਿੱਕਾ – ਮੋਟਾ, ਬੁਰਾ – ਭਲਾ ਆਦਿ।
5 . ਇੱਕੋ ਸ਼ਬਦ ਦੇ ਦੁਹਰਾਓ ਵਾਲੇ ਸ਼ਬਦਾਂ ਤੋਂ ਬਣਦਾ ਨਵਾਂ ਸ਼ਬਦ;
ਜਿਵੇਂ : ਘਰੋਂ – ਘਰੀ, ਦਿਨੋ – ਦਿਨ, ਸ਼ਹਿਰੋ – ਸ਼ਹਿਰ, ਹੱਥੋਂ – ਹੱਥ ਆਦਿ।
ਉਤਪੰਨ ਸ਼ਬਦ – ਉਹ ਸ਼ਬਦਾਂਸ਼ ਜਾਂ ਸ਼ਬਦ ਜਿਹੜੇ ਮੂਲ ਸ਼ਬਦਾਂ ਨਾਲ ਅਗੇਤਰ ਜਾਂ ਪਿਛੇਤਰ (ਭਾਵ ਅੱਗੇ ਜਾਂ ਪਿੱਛੇ) ਲਗਾ ਕੇ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਉਤਪੰਨ ਸ਼ਬਦ ਕਹਿੰਦੇ ਹਨ; ਜਿਵੇਂ :
1. ਅਗੇਤਰ 2 . ਪਿਛੇਤਰ
ਅਗੇਤਰ
ਖੁਸ਼ – ਖੁਸ਼ਕਿਸਮਤ, ਖੁਸ਼ਹਾਲੀ
ਦੁਰ – ਦੁਰਘਟਨਾ, ਦੁਰਗੰਧ
ਪਿਛੇਤਰ
ਵਰ – ਜਾਨਵਰ, ਪਰਮੇਸ਼ਵਰ
ਖਾਨਾ – ਮੁਰਗੀਖਾਨਾ, ਡਾਕਖਾਨਾ