ਪੈਰ੍ਹਾ ਰਚਨਾ – ਸਮੇਂ ਦੀ ਪਾਬੰਦੀ
ਸਮੇਂ ਦੀ ਪਾਬੰਦੀ
ਸਮਾਂ ਬਹੁਤ ਕੀਮਤੀ ਚੀਜ਼ ਹੈ। ਕੋਈ ਗੁਆਚੀ ਹੋਈ ਚੀਜ਼ ਤਾਂ ਹੱਥ ਆ ਸਕਦੀ ਹੈ, ਪਰ ਬੀਤਿਆ ਸਮਾਂ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਆਉਂਦਾ। ਸਿਆਣੇ ਆਖਦੇ ਹਨ ਕਿ ਸਮੇਂ ਸਿਰ ਕੰਮ ਕਰਨ ਵਾਲਿਆਂ ਲਈ ਦਿਨ ਚੌਵੀ ਘੰਟਿਆਂ ਦੀ ਥਾਂ ਤੇ ਬੱਤੀ ਘੰਟਿਆਂ ਦਾ ਹੋ ਜਾਂਦਾ ਹੈ, ਕਿਉਂਕਿ ਉਹ ਇੱਕੋ ਵੇਲੇ ਬਹੁਤ ਸਾਰੇ ਕੰਮ ਨਬੇੜ ਲੈਂਦੇ ਹਨ। ਮਨੁੱਖੀ ਸਫ਼ਲਤਾ ਦਾ ਵੱਡਾ ਰਾਜ਼ ਹੈ – ਸਮੇਂ ਦਾ ਪਾਬੰਦ ਹੋਣਾ। ਹਰ ਕੰਮ ਨੂੰ ਵੇਲੇ ਸਿਰ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਮਹਾਂਪੁਰਖਾਂ ਨੇ ਹਮੇਸ਼ਾ ਹੀ ਸਮੇਂ ਦੀ ਸੰਭਾਲ ਕੀਤੀ ਤੇ ਜੀਵਨ ਵਿੱਚ ਵੱਡੇ-ਵੱਡੇ ਕਾਰਨਾਮੇ ਕਰਕੇ ਵਿਖਾਏ। ਵੇਲੇ ਸਿਰ ਕੰਮ ਕਰਨ ਵਾਲਾ ਇਕਰਾਰ ਦਾ ਪੱਕਾ ਹੁੰਦਾ ਹੈ ਤੇ ਉਹ ਜਿਸ ਦਾ ਕੰਮ ਕਰਨਾ ਚਾਹੇ, ਵੇਲੇ ਸਿਰ ਹੀ ਕਰਕੇ ਦਿੰਦਾ ਹੈ। ਉਹ ਆਪ ਵੀ ਸੁਖੀ ਹੁੰਦਾ ਹੈ ਤੇ ਦੂਜਿਆਂ ਨੂੰ ਵੀ ਸੁੱਖ ਪਹੁੰਚਾਉਂਦਾ ਹੈ। ਜੋ ਮਨੁੱਖ ਸਮੇਂ ਦੀ ਕਦਰ ਕਰਨਾ ਨਹੀਂ ਜਾਣਦੇ, ਉਹ ਕਦੇ ਵੀ ਸਫਲ ਨਹੀਂ ਹੁੰਦੇ। ਉਹ ਹਰ ਗੱਲ ਵਿੱਚ ਪੱਛੜੇ ਰਹਿੰਦੇ ਹਨ। ਹਰ ਇੱਕ ਘੜੀ ਜੋ ਅਸੀਂ ਗਵਾ ਲੈਂਦੇ ਹਾਂ, ਉਹ ਸਾਡੀ ਬਦਕਿਸਮਤੀ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਹੋ ਜਾਂਦੀ ਹੈ। ਸੋ ਵਕਤ ਦੀ ਪਾਬੰਦੀ ਸਾਰਿਆਂ ਲਈ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਲਈ ਤਾਂ ਇਸਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਲੇਟ ਲਤੀਫ਼ ਬੰਦੇ ਮਜ਼ਾਕ ਦੇ ਪਾਤਰ ਬਣਦੇ ਹਨ। ਸਮਾਂ ਕਦੇ ਰੁਕਦਾ ਨਹੀਂ, ਇਹ ਹਰ ਪਲ ਅੱਗੇ ਨਿਕਲਦਾ ਰਹਿੰਦਾ ਹੈ ਤੇ ਇਸਨੂੰ ਕਦੇ ਮੋੜ ਕੇ ਨਹੀਂ ਲਿਆਂਦਾ ਜਾ ਸਕਦਾ। ਸੋ ਇਸਦੀ ਕਦਰ ਕਰੋ ਅਤੇ ਸਮੇਂ ਦੇ ਪਾਬੰਦ ਬਣੋ।