ਪੈਰ੍ਹਾ ਰਚਨਾ – ਮਨ ਜੀਤੈ ਜਗੁ ਜੀਤੁ
ਮਨ ਜੀਤੈ ਜਗੁ ਜੀਤੁ
ਇਹ ਤੁਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਵਿੱਤਰ ਬਾਣੀ ‘ਜਪੁਜੀ ਸਾਹਿਬ’ ਵਿੱਚ ਉਚਾਰੀ ਗਈ ਹੈ। ਇਸ ਤੁਕ ਵਿੱਚ ਮਨੁੱਖ ਦੇ ਜੀਵਨ ਦੀ ਅਟੱਲ ਸੱਚਾਈ ਨੂੰ ਬਿਆਨ ਕੀਤਾ ਹੈ ਕਿ ਮਨ ਨੂੰ ਜਿੱਤਣ ਵਾਲਾ ਮਨੁੱਖ ਹੀ ਸਾਰੀ ਦੁਨੀਆਂ ਉੱਤੇ ਜਿੱਤ ਪ੍ਰਾਪਤ ਕਰ ਸਕਦਾ ਹੈ। ਮਨ ਉੱਤੇ ਸਵੈ ਕਾਬੂ ਪਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਉਹ ਕਿਸੇ ਵੀ ਬੁਰੇ ਕੰਮ; ਜਿਵੇਂ – ਚੋਰੀ, ਠੱਗੀ, ਬੇਈਮਾਨੀ, ਧੋਖੇਬਾਜ਼ੀ ਆਦਿ ਵੱਲ ਨਾ ਮੁੜੇ। ਮਨੁੱਖ ਹਊਮੈ ਦਾ ਤਿਆਗ ਕਰੇ ਅਤੇ ਕੇਵਲ ਉਹੋ ਚੰਗੇ ਕੰਮ ਕਰੇ ਜੋ ਸਾਰੇ ਸਮਾਜ ਅਤੇ ਮਨੁੱਖਤਾ ਲਈ ਕਲਿਆਣਕਾਰੀ ਹੋਣ। ਜਿਹੜਾ ਮਨ ਅਨੁਸ਼ਾਸਨ ਦਾ ਰਸਤਾ ਅਖਤਿਆਰ ਕਰਦਾ ਹੈ, ਉਸਨੂੰ ਹੀ ਜਿੱਤਿਆ ਮਨ ਕਿਹਾ ਜਾਂਦਾ ਹੈ। ਜੇ ਮਨ ਬੁਰੇ ਕੰਮਾਂ ਵੱਲ ਖਿੱਚਿਆ ਜਾਵੇਗਾ ਤਾਂ ਉਹ ਬਹੁਤ ਸਾਰੇ ਦੁੱਖਾਂ ਨੂੰ ਸਹੇੜੇਗਾ। ਮਨ ਨੂੰ ਤਾਂ ‘ਸ਼ੈਤਾਨ ਦਾ ਘਰ’ ਹੀ ਕਿਹਾ ਜਾਂਦਾ ਹੈ, ਕਿਉਂਕਿ ਜੇ ਇਹ ਭੈੜੇ ਪਾਸੇ ਵੱਲ ਲੱਗ ਜਾਵੇ ਤਾਂ ਉਹ ਮਨੁੱਖ ਲਈ, ਪਰਿਵਾਰ ਲਈ, ਸਮਾਜ ਲਈ ਅਤੇ ਸਮੁੱਚੇ ਦੇਸ਼ ਲਈ ਘਾਤਕ ਸਿੱਧ ਹੋਵੇਗਾ। ਇਹੋ ਮਨ ਹੀ ਸਾਡੇ ਅੰਦਰ ਅਸ਼ਾਂਤੀ ਅਤੇ ਅਸੰਤੁਸ਼ਟਤਾ ਪੈਦਾ ਕਰਦਾ ਹੈ। ਜਿਸ ਮਨੁੱਖ ਨੇ ਗੁਰਮਤਿ ਦਾ ਰਸਤਾ ਅਪਨਾ ਕੇ ਆਪਣੇ ਮਨ ਤੇ ਜਿੱਤ ਪ੍ਰਾਪਤ ਕਰ ਲਈ ਤਾਂ ਉਹ ਅਰਾਮਦਾਇਕ ਅਤੇ ਸੁਖੀ ਰਹਿਣਾ ਜੀਵਨ ਬਿਤਾਉਂਦਾ ਹੈ। ਅਜਿਹਾ ਮਨੁੱਖ ਹੀ ਦੁਨੀਆਂ ਤੇ ਜਿੱਤ ਪ੍ਰਾਪਤ ਕਰਦਾ ਹੈ ਤੇ ਉਸ ਨੂੰ ਸੰਸਾਰ ਦੀ ਕੋਈ ਵੀ ਚੀਜ਼ ਵਿਚਲਤ ਨਹੀਂ ਕਰਦੀ।