ਪੈਰਾ ਰਚਨਾ : ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ
‘ਹਿੰਮਤ ਅੱਗੇ ਲੱਛਮੀ ਪੱਖੇ ਅੱਗੇ ਪੌਣ’ ਅਖਾਣ ਹਿੰਮਤ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ। ਇਸ ਅਖਾਣ ਦਾ ਭਾਵ ਇਹ ਹੈ ਕਿ ਜਿਸ ਤਰ੍ਹਾਂ ਪੱਖਾ ਝੱਲਣ ਨਾਲ ਹਵਾ ਲੱਗਦੀ ਹੈ ਉਸੇ ਤਰ੍ਹਾਂ ਹਿੰਮਤ ਕਰਨ ਨਾਲ ਲੱਛਮੀ ਅਥਵਾ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਤਰ੍ਹਾਂ ਇਹ ਅਖਾਣ ਸਾਨੂੰ ਹਿੰਮਤ ਕਰਨ ਅਤੇ ਢੇਰੀ ਢਾਹ ਕੇ ਨਾ ਬੈਠਣ ਜਾਂ ਆਲਸ ਨਾ ਕਰਨ ਦਾ ਸੁਨੇਹਾ ਦਿੰਦਾ ਹੈ। ਆਲਸੀ ਇਨਸਾਨ ਜੀਵਨ ਵਿੱਚ ਕਦੇ ਵੀ ਸਫਲ ਨਹੀਂ ਹੁੰਦਾ। ਉਹ ਹਰ ਕੰਮ ਨੂੰ ਅੱਗੇ ਪਾ ਦਿੰਦਾ ਹੈ ਅਤੇ ਕੋਈ ਵੀ ਕੰਮ ਸਮੇਂ ਸਿਰ ਨਹੀਂ ਕਰਦਾ। ਇਹੀ ਕਾਰਨ ਹੈ ਕਿ ਉਹ ਦੂਸਰਿਆਂ ਨਾਲੋਂ ਪਿੱਛੇ ਰਹਿ ਜਾਂਦਾ ਹੈ। ਪਰ ਹਿੰਮਤੀ ਇਨਸਾਨ ਢੇਰੀ ਨਹੀਂ ਢਾਹੁੰਦੇ ਸਗੋਂ ਹਰ ਕੰਮ ਹਿੰਮਤ ਤੇ ਹੌਸਲੇ ਨਾਲ ਕਰਦੇ ਹਨ ਅਤੇ ਇਸ ਵਿੱਚ ਉਹਨਾਂ ਨੂੰ ਸਫਲਤਾ ਵੀ ਮਿਲਦੀ ਹੈ। ਅਸੀਂ ਆਪਣੇ ਆਲ਼ੇ-ਦੁਆਲ਼ੇ ਜਿਹੜੀ ਤੱਰਕੀ ਹੋਈ ਦੇਖਦੇ ਹਾਂ ਉਹ ਮਨੁੱਖ ਦੀ ਹਿੰਮਤ ਦਾ ਹੀ ਕਮਾਲ ਹੈ। ਸਾਡੇ ਵਿਗਿਆਨੀ ਜੀਵਨ ਨੂੰ ਪਹਿਲਾਂ ਨਾਲੋਂ ਵੀ ਚੰਗੇਰਾ ਬਣਾਉਣ ਅਤੇ ਉਸ ਨੂੰ ਕੁਝ ਹੋਰ ਦੇਣ ਦੇ ਇਰਾਦੇ ਨਾਲ ਪੂਰੀ ਮਿਹਨਤ ਨਾਲ ਆਪਣੇ-ਆਪਣੇ ਖੇਤਰਾਂ ਵਿੱਚ ਕੰਮ ਕਰਨ ਲੱਗੇ ਹੋਏ ਹਨ। ਇਹ ਮਿਹਨਤ ਦਾ ਹੀ ਸਿੱਟਾ ਹੈ ਕਿ ਜਿਹੜੀ ਚੀਜ਼ ਪਹਿਲਾਂ ਸਾਨੂੰ ਅਸੰਭਵ ਜਾਪਦੀ ਸੀ ਉਹ ਸੰਭਵ ਹੋ ਗਈ ਹੈ। ਮਨੁੱਖ ਆਪਣੀ ਹਿੰਮਤ ਨਾਲ ਹੀ ਚੰਨ ਤੱਕ ਪਹੁੰਚ ਗਿਆ ਹੈ। ਧਨੀ ਰਾਮ ਚਾਤ੍ਰਿਕ ਨੇ ਠੀਕ ਹੀ ਕਿਹਾ ਹੈ :
ਕਿਸਮਤ ਕਿਸਮਤ ਆਖ ਕੇ ਢਿੱਲੜ ਚਿਚਲਾਂਦੇ।
ਹਿੰਮਤ ਵਾਲ਼ੇ ਪਰਬਤਾਂ ਨੂੰ ਚੀਰ ਲਿਜਾਂਦੇ।