ਪੈਰਾ ਰਚਨਾ : ਸੋਸ਼ਲ ਮੀਡੀਆ
ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਨਾਲ ਜੁੜੇ ਰਹਿਣ ਦਾ ਮਾਧਿਅਮ| ਇਹ ਇੰਟਰਨੈੱਟ ਦੀ ਅਜਿਹੀ ਕਾਢ ਹੈ, ਜੋ ਸਮਾਰਟ ਫ਼ੋਨ ‘ਤੇ ਅਸਾਨੀ ਨਾਲ ਪ੍ਰਾਪਤ ਹੋ ਸਕਦੀ ਹੈ। ਇਸ ਦੇ ਕਈ ਰੂਪ ਹਨ : ਮੋਬਾਈਲ ਫੋਨ, ਸਮਾਰਟ ਫੋਨ, ਫੇਸਬੁੱਕ, ਟਵਿੱਟਰ, ਯੂ ਟਿਊਬ, ਵੀ-ਚੈਟ, ਲਿੰਕਡ ਇੰਨ, ਜੀ+, ਵਟਸਐਪ, ਮਾਈ ਸਪੇਸ, ਸਕਾਈਪ ਆਦਿ। ਅੱਜ ਦੁਨੀਆ ਵਿੱਚ ਲਗਪਗ ਇੱਕ ਅਰਬ ਵਿਅਕਤੀ ਇਸ ਦੀ ਵਰਤੋਂ ਕਰ ਰਹੇ ਹਨ। ਇਹਨਾਂ ਸੋਸ਼ਲ ਸਾਈਟਾਂ ਰਾਹੀਂ ਦੁਨੀਆ ਵਿੱਚ ਕਿਤੇ ਵੀ ਬੈਠਾ ਵਿਅਕਤੀ ਆਪਣੇ ਸਕੇ-ਸੰਬੰਧੀਆਂ, ਦੋਸਤਾਂ-ਮਿੱਤਰਾਂ ਜਾਂ ਕਿਸੇ ਵੀ ਕਿਸਮ ਦੇ ਕਾਰੋਬਾਰੀਆਂ ਆਦਿ ਨੂੰ ਆਪਣੇ ਬਾਰੇ ਨਵੀਂ ਤੋਂ ਨਵੀਂ ਜਾਣਕਾਰੀ, ਤਸਵੀਰਾਂ, ਵੀਡੀਓ ਆਦਿ ਭੇਜ ਸਕਦਾ ਹੈ ਤੇ ਟਿੱਪਣੀਆਂ ਪ੍ਰਾਪਤ ਕਰ ਸਕਦਾ ਹੈ। ਸੋਸ਼ਲ ਸਾਈਟਾਂ ਵਿੱਚੋਂ ਸਭ ਤੋਂ ਵੱਧ ਵਰਤੋਂ ਫੇਸਬੁੱਕ ਦੀ ਹੁੰਦੀ ਹੈ। ਇਹਨਾਂ ਸਾਈਟਾਂ ਰਾਹੀਂ ਰਾਜਨੀਤਕ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਵਪਾਰੀ ਆਪਣਾ ਵਪਾਰ ਵਧਾਉਣ ਲਈ ਟਵਿੱਟਰ ਅਤੇ ਲਿੰਕਡ ਇੰਨ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਇਹ ਮਨੋਰੰਜਨ ਦਾ ਵੀ ਚੰਗਾ ਸਾਧਨ ਹੈ। ਯੂ ਟਿਊਬ ਉੱਤੇ ਉਪਲਬਧ ਮਨੋਰੰਜਨ ਭਰਪੂਰ ਅਨੇਕ ਪ੍ਰੋਗਰਾਮ ਮਿਲ ਜਾਂਦੇ ਹਨ। ਫੇਸਬੁੱਕ ’ਤੇ ਅਨੇਕ ਹੀ ਗੇਮਾਂ ਮਿਲ ਜਾਂਦੀਆਂ ਹਨ ਤੇ ਸੋਸ਼ਲ ਮੀਡੀਆ ਉੱਤੇ ਫਜ਼ੂਲ ਹੀ ਬੇਲੋੜਾ ਸਮਾਂ ਖ਼ਰਾਬ ਕੀਤਾ ਜਾਂਦਾ ਹੈ। ਬੱਚੇ ਤੇ ਨੌਜਵਾਨ ਇਸ ਦੇ ਚੁੰਗਲ ਵਿੱਚ ਬੁਰੀ ਤਰ੍ਹਾਂ ਜਕੜੇ ਗਏ ਹਨ। ਫੇਸਬੁੱਕ ‘ਤੇ ਸ਼ਰਾਰਤੀ ਅਨਸਰਾਂ ਵੱਲੋਂ ਕਈ ਵਾਰ ਸੋਸ਼ਲ ਸਾਈਟਾਂ ਉੱਤੇ ਹਿੰਸਾ ਫੈਲਾਉਣ ਲਈ, ਕਿਸੇ ਦੀਆਂ ਧਾਰਮਕ ਭਾਵਨਾਵਾਂ ਜਾਂ ਨਿੱਜੀ ਜ਼ਿੰਦਗੀ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਇਸ ਲਈ ਸਾਨੂੰ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਸਰਕਾਰ ਨੂੰ ਵੀ ਇਸ ਦੀ ਦੁਰਵਰਤੋਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਇਸ ਲਈ ਅਜਿਹੇ ਸੰਚਾਰ ਸਾਧਨਾਂ ਦੀ ਵਰਤੋਂ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ।