ਪੈਰਾ ਰਚਨਾ : ਸੁਚੱਜ
‘ਸੁਚੱਜ’ ਦਾ ਸ਼ਬਦੀ ਅਰਥ ਸਲੀਕਾ, ਸੁਘੜਤਾ, ਕੰਮ ਕਰਨ ਦਾ ਚੰਗਾ ਢੰਗ ਅਥਵਾ ਚੰਗਾ ਵਰਤਾਰਾ ਆਦਿ ਹੈ। ਇਸ ਤਰ੍ਹਾਂ ਹਰ ਕੰਮ ਨੂੰ ਚੰਗੇ ਢੰਗ ਨਾਲ ਕਰਨਾ ਹੀ ਸੁਚੱਜ ਹੈ। ਇਹ ਸੁਚੱਜ ਅਥਵਾ ਚੰਗਾ ਵਰਤਾਰਾ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਘਰ ਵਿੱਚ ਛੋਟਿਆਂ ਪ੍ਰਤੀ ਪਿਆਰ ਅਤੇ ਵੱਡਿਆਂ ਪ੍ਰਤੀ ਸਤਿਕਾਰ ਪ੍ਰਗਟ ਕਰਨਾ ਚਾਹੀਦਾ ਹੈ। ਘਰ ਵਿੱਚ ਸਾਨੂੰ ਇੱਕ-ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਇੱਕ-ਦੂਸਰੇ ਨਾਲ ਅਜਿਹਾ ਵਿਹਾਰ ਕਰਨਾ ਚਾਹੀਦਾ ਹੈ ਜੋ ਸਭ ਨੂੰ ਚੰਗਾ ਲੱਗੇ। ਘਰ ਆਏ ਮਹਿਮਾਨ ਪ੍ਰਤੀ ਸਾਡਾ ਵਤੀਰਾ/ਵਿਹਾਰ ਸੁਚੱਜਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਦੂਜੇ ਵਿਅਕਤੀ ਦੇ ਵਿਚਾਰਾਂ ਨਾਲ ਸਹਿਮਤ ਨਾ ਵੀ ਹੋਈਏ ਤਾਂ ਵੀ ਸਾਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੋ ਦੂਜੇ ਨੂੰ ਨਾ ਚੁੱਭਣ। ਜੇਕਰ ਸੁਚੱਜ ਦੀ ਇਹ ਆਦਤ ਅਪਣਾ ਲਈ ਜਾਵੇ ਤਾਂ ਮਨੁੱਖ ਜੀਵਨ ਦੇ ਹਰ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ। ਉੱਘੜ-ਦੁਘੜੇ ਢੰਗ ਨਾਲ ਕੀਤੇ ਕਿਸੇ ਵੀ ਕੰਮ ਵਿੱਚ ਸਫਲਤਾ ਦੀ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਮਨੁੱਖ ਦੀ ਬੋਲ-ਚਾਲ ਤੋਂ ਲੈ ਕੇ ਬੈਠਣ-ਉੱਠਣ ਅਤੇ ਹਰ ਕੰਮ ਨੂੰ ਕਰਨ ਵਿੱਚ ਸੁਚੱਜਤਾ ਦੀ ਆਪਣੀ ਹੀ ਭੂਮਿਕਾ ਹੁੰਦੀ ਹੈ।
ਸਾਡੀ ਸੁਚੱਜੀ ਬੋਲ-ਚਾਲ ਦੂਸਰੇ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਸ ਰਾਹੀਂ ਅਸੀਂ ਆਪਣਾ ਕੰਮ ਕੱਢਣ ਵਿੱਚ ਸਫਲ ਹੋ ਜਾਂਦੇ ਹਾਂ। ਦੂਸਰਿਆਂ ਨਾਲ ਸੁਚੱਜੇ ਢੰਗ ਨਾਲ ਬੋਲਣ ਵਾਲਾ ਵਿਅਕਤੀ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਦੂਸਰਿਆਂ ਨਾਲ ਸਾਡੇ ਵਿਹਾਰ ਵਿੱਚ ਵੀ ਸੁਚੱਜਤਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਾਡੇ ਬੈਠਣ-ਉੱਠਣ, ਖਾਣ-ਪੀਣ ਅਤੇ ਵਰਤੋਂ-ਵਿਹਾਰ ਦੇ ਢੰਗ ਵਿੱਚ ਸੁਚੱਜਤਾ ਅਥਵਾ ਸਲੀਕਾ ਹੋਣਾ ਚਾਹੀਦਾ ਹੈ। ਅਸੀਂ ਰੋਜ਼ਾਨਾ ਜੀਵਨ ਵਿੱਚ ਜਿਹੜੇ ਕੰਮ ਕਰਦੇ ਹਾਂ ਉਹ ਵੀ ਸੁਚੱਜੇ ਢੰਗ ਨਾਲ ਕਰਨੇ ਚਾਹੀਦੇ ਹਨ। ਗੱਲ ਕੀ, ਸੁਚੱਜ ਜੀਵਨ ਦੇ ਹਰ ਖੇਤਰ ਵਿੱਚ ਲਾਭਦਾਇਕ ਹੈ। ਜੇਕਰ ਸਾਰੇ ਲੋਕ ਇਸ ਸੂਚੱਜ ਨੂੰ ਅਪਣਾ ਲੈਣ ਤਾਂ ਸਾਨੂੰ ਸਫਲਤਾ ਦੇ ਨਾਲ-ਨਾਲ ਖ਼ੁਸ਼ੀ ਵੀ ਪ੍ਰਾਪਤ ਹੋ ਸਕਦੀ ਹੈ। ਸੁਚੱਜ ਸਾਡੇ ਜੀਵਨ ਦੇ ਵਿਕਾਸ ਲਈ ਜ਼ਰੂਰੀ ਹੈ। ਇਹ ਸਾਡੇ ਸੱਭਿਅਕ ਹੋਣ ਦੀ ਵੀ ਨਿਸ਼ਾਨੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਸੁਚੱਜ ਨੂੰ ਅਪਣਾਈਏ।