ਪੈਰਾ ਰਚਨਾ : ਸੁਚੇਤ ਗਾਹਕ
ਗਾਹਕ ਤੋਂ ਭਾਵ ਉਸ ਵਿਅਕਤੀ ਤੋਂ ਹੈ ਜਿਹੜਾ ਕੋਈ ਚੀਜ਼ ਖ਼ਰੀਦਣ ਲਈ ਕਿਸੇ ਦੁਕਾਨ ‘ਤੇ ਜਾਂਦਾ ਹੈ । ਸਾਨੂੰ ਹਰ ਰੋਜ਼ ਆਪਣੀ ਜ਼ਰੂਰਤ ਦੀਆਂ ਅਨੇਕਾਂ ਚੀਜ਼ਾਂ ਖ਼ਰੀਦਣੀਆਂ ਪੈਂਦੀਆਂ ਹਨ। ਇਹਨਾਂ ਚੀਜ਼ਾਂ ਨੂੰ ਖ਼ਰੀਦਣ ਲੱਗਿਆਂ ਜੇਕਰ ਅਸੀਂ ਸੁਚੇਤ ਨਾ ਰਹੀਏ ਤਾਂ ਅਸੀਂ ਘਾਟੇ ਵਿੱਚ ਰਹਿ ਸਕਦੇ ਹਾਂ। ਭੋਲੇ-ਭਾਲੇ ਗਾਹਕਾਂ ਨੂੰ ਤਾਂ ਦੁਕਾਨਦਾਰ ਲੁੱਟ ਹੀ ਲੈਂਦੇ ਹਨ। ਹਰ ਦੁਕਾਨਦਾਰ ਚਾਹੁੰਦਾ ਹੈ ਕਿ ਉਹ ਆਪਣਾ ਮਾਲ ਵੇਚ ਕੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੇ। ਇਸ ਲਈ ਉਹ ਕਈ ਤਰ੍ਹਾਂ ਦੇ ਯਤਨ ਕਰਦਾ ਹੈ। ਉਹ ਆਪਣੀ ਚੀਜ਼ ਦੀ ਤਾਰੀਫ਼ ਦੇ ਪੁਲ ਬੰਨ੍ਹਦਾ ਹੈ। ਕਈ ਦੁਕਾਨਦਾਰ ਵੱਧ ਲਾਭ ਪ੍ਰਾਪਤ ਕਰਨ ਲਈ ਆਪਣੇ ਵੱਲੋਂ ਵੇਚੀ ਚੀਜ਼ ਦੀ ਗਿਣਤੀ-ਮਿਣਤੀ ਆਦਿ ਵਿੱਚ ਵੀ ਹੇਰਾਫੇਰੀ ਕਰਦੇ ਹਨ। ਉਹ ਘੱਟ ਤੋਲ ਕੇ ਜਾਂ ਘੱਟ ਮਿਣਤੀ ਕਰ ਕੇ ਆਪਣੇ ਲਾਭ ਨੂੰ ਵਧਾਉਣ ਦੀ ਕੋਸ਼ਸ਼ ਕਰਦੇ ਹਨ। ਕਈ ਵਾਰ ਦੁਕਾਨਦਾਰ ਨਕਲੀ ਚੀਜ਼ਾਂ ਨੂੰ ਅਸਲੀ ਦੱਸ ਕੇ ਵੇਚਦੇ ਹਨ ਤੇ ਇਸ ਤਰ੍ਹਾਂ ਚੋਖੀ ਕਮਾਈ ਕਰਦੇ ਹਨ। ਇਸ ਸਥਿਤੀ ਵਿੱਚ ਗਾਹਕ ਨੂੰ ਸੁਚੇਤ ਹੋਣ ਦੀ ਲੋੜ ਹੈ। ਇੱਕ ਸੁਚੇਤ ਗਾਹਕ ਕਿਸੇ ਚੀਜ਼ ਨੂੰ ਖ਼ਰੀਦਣ ਸਮੇਂ ਪੂਰੀ ਪੜਤਾਲ ਕਰਦਾ ਹੈ। ਉਹ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਖ਼ਰੀਦੀ ਜਾਣ ਵਾਲੀ ਚੀਜ਼ ਦੀ ਗਿਣਤੀ- ਮਿਣਤੀ ਅਥਵਾ ਇਸ ਦਾ ਤੋਲ ਠੀਕ ਹੋਵੇ ਅਤੇ ਖ਼ਰੀਦੀ ਜਾਣ ਵਾਲੀ ਚੀਜ਼ ਨਕਲੀ ਨਾ ਹੋਵੇ। ਇਸੇ ਲਈ ਇੱਕ ਸੁਚੇਤ ਗਾਹਕ ਸਹੀ ਥਾਂ ਤੋਂ ਹੀ ਚੀਜ਼ ਖ਼ਰੀਦਦਾ ਹੈ। ਅੱਜ-ਕੱਲ੍ਹ ਇੱਕੋ ਚੀਜ਼ ਦੇ ਏਨੇ ਨਮੂਨੇ ਬਜ਼ਾਰ ਵਿੱਚ ਵਿਕ ਰਹੇ ਹਨ ਕਿ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਇਸ ਗੱਲ ਦੀ ਪੜਤਾਲ ਕਰੀਏ ਕਿ ਇਹਨਾਂ ਵਿੱਚੋਂ ਕਿਹੜੀ ਕੰਪਨੀ ਦੀ ਚੀਜ਼ ਭਰੋਸੇਯੋਗ ਹੈ। ਉਦਾਹਰਨ ਲਈ ਪੱਖੇ, ਮਸ਼ੀਨਾਂ, ਸਾਈਕਲ ਅਤੇ ਟੈਲੀਵਿਜ਼ਨ ਆਦਿ ਕਈਆਂ ਕੰਪਨੀਆਂ ਦੇ ਵਿਕ ਰਹੇ ਹਨ। ਇਸ ਹਾਲਤ ਵਿੱਚ ਸਾਨੂੰ ਸੁਚੇਤ ਰਹਿਣ ਦੀ ਲੋੜ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਵੱਖ-ਵੱਖ ਕੰਪਨੀਆਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਅਤੇ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣੀਏ ਅਤੇ ਫਿਰ ਫ਼ੈਸਲਾ ਕਰੀਏ ਕਿ ਕਿਸ ਕੰਪਨੀ ਦੀ ਚੀਜ਼ ਲੈਣੀ ਹੈ। ਦੂਸਰੀ ਗੱਲ ਇਹ ਕਿ ਸਾਨੂੰ ਕੋਈ ਚੀਜ਼ ਖ਼ਰੀਦਣ ਸਮੇਂ ਬਿੱਲ ਜ਼ਰੂਰ ਲੈਣਾ ਚਾਹੀਦਾ ਹੈ। ਦਵਾਈਆਂ ਆਦਿ ਖ਼ਰੀਦਣ ਸਮੇਂ ਸਾਨੂੰ ਇਹਨਾਂ ਦੀ ਮਿਆਦ ਜ਼ਰੂਰ ਦੇਖਣੀ ਚਾਹੀਦੀ ਹੈ। ਇਸੇ ਤਰ੍ਹਾਂ ਅਸੀਂ ਆਪਣੇ ਖ਼ਰਚੇ ਪੈਸੇ ਦਾ ਠੀਕ ਮੁੱਲ ਪ੍ਰਾਪਤ ਕਰ ਸਕਦੇ ਹਾਂ।