CBSEEducationਪੈਰ੍ਹਾ ਰਚਨਾ (Paragraph Writing)

ਪੈਰਾ ਰਚਨਾ : ਸਾਈਬਰ ਅਪਰਾਧ


ਸਾਈਬਰ ਅਪਰਾਧ ਉਸ ਜੁਰਮ ਨੂੰ ਕਹਿੰਦੇ ਹਨ ਜਿਸ ਵਿੱਚ ਕੰਪਿਊਟਰ ਜਾਂ ਮੋਬਾਈਲ ਸ਼ਾਮਲ ਹੋਵੇ। ਵਿਗਿਆਨ ਦੀ ਤਰੱਕੀ ਕਾਰਨ ਸੂਚਨਾ-ਤਕਨਾਲੋਜੀ ਦੇ ਖੇਤਰ ਵਿੱਚ ਵੀ ਕ੍ਰਾਂਤੀ ਆਈ ਹੈ ਪਰ ਇਸ ਦੇ ਨਾਲ ਹੀ ਇਸ ਦੀ ਦੁਰਵਰਤੋਂ ਵੀ ਵੱਡੇ ਪੱਧਰ ‘ਤੇ ਹੋਣੀ ਸ਼ੁਰੂ ਹੋ ਗਈ ਹੈ। ਇਸ ਦੁਰਵਰਤੋਂ ਲਈ ਮੋਬਾਈਲ ਅਤੇ ਕੰਪਿਊਟਰ ਦੀ ਮਦਦ ਲਈ ਜਾਂਦੀ ਹੈ। ਕੁਝ ਸ਼ਰਾਰਤੀ ਅਨਸਰ ਇਹਨਾਂ ਸਾਧਨਾਂ ਰਾਹੀਂ ਅਸ਼ਲੀਲ ਤੇ ਭੜਕਾਊ ਕਿਸਮ ਦੀ ਸ਼ਬਦਾਵਲੀ ਅਤੇ ਵੀਡਿਓ ਭੇਜਦੇ ਹਨ ਅਤੇ ਇਸ ਤਰ੍ਹਾਂ ਸਮਾਜਿਕ ਮਾਹੌਲ ਨੂੰ ਪ੍ਰਦੂਸ਼ਿਤ ਕਰਦੇ ਹਨ। ਸਾਈਬਰ ਅਪਰਾਧ ਰਾਹੀਂ ਕਿਸੇ ਦੇ ਈ-ਮੇਲ ਖਾਤੇ ਨੂੰ ਹਾਈਜੈਕ ਕੀਤਾ ਜਾਂਦਾ ਹੈ ਅਤੇ ਬੈਂਕ-ਖਾਤਿਆਂ ਨਾਲ ਛੇੜ-ਛਾੜ ਕੀਤੀ ਜਾਂਦੀ ਹੈ। ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਮੋਬਾਈਲ ਅਤੇ ਈ-ਮੇਲ ਤੋਂ ਸਾਨੂੰ ਭਰਮਾਉਣ ਤੇ ਗੁੰਮਰਾਹ ਕਰਨ ਲਈ ਸੁਨੇਹੇ ਆਉਂਦੇ ਹਨ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਲੱਖਾਂ ਰੁਪਏ ਦੀ ਲਾਟਰੀ ਨਿਕਲੀ ਹੈ ਜਿਸ ਦੀ ਰਕਮ ਤੁਹਾਡੇ ਬੈਂਕ-ਖਾਤੇ ਵਿਚ ਜਮ੍ਹਾਂ ਕਰਵਾਈ ਜਾਵੇਗੀ। ਇਸ ਲਈ ਤੁਹਾਡਾ ਨਾਂ, ਜਨਮ-ਮਿਤੀ ਅਤੇ ਬੈਂਕ-ਖਾਤੇ ਦੇ ਨੰਬਰ ਦੀ ਮੰਗ ਕੀਤੀ ਜਾਂਦੀ ਹੈ। ਇਸ ਜਾਣਕਾਰੀ ਦੇ ਆਧਾਰ ‘ਤੇ ਤੁਹਾਡੇ ਬੈਂਕ-ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਯਤਨ ਕੀਤੇ ਜਾਂਦੇ ਹਨ। ਗ਼ਲਤ ਢੰਗ ਨਾਲ ਏ.ਟੀ.ਐੱਮ. ਤੋਂ ਪੈਸੇ ਤੋਂ ਕਢਵਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਛਪਦੀਆਂ ਹਨ। ਸਾਈਬਰ ਅਪਰਾਧੀ ਮੋਬਾਈਲ ਅਤੇ ਈ-ਮੇਲ ‘ਤੇ ਸੁਨੇਹੇ ਭੇਜ ਕੇ ਲੋਕਾਂ ਨੂੰ ਦੀ ਡਰਾਉਣ-ਧਮਕਾਉਣ ਦਾ ਕੰਮ ਵੀ ਕਰਦੇ ਹਨ। ਅੱਜ-ਕੱਲ੍ਹ ਸੋਸ਼ਲ ਨੈੱਟਵਰਕ ਦੀ ਵੱਡੇ ਪੱਧਰ ‘ਤੇ ਦੁਰਵਰਤੋਂ ਹੋ ਰਹੀ ਹੈ। ਸਾਈਬਰ ਅਪਰਾਧਾਂ ਦੀ ਗਿਣਤੀ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਸੇ ਲਈ ਸਰਕਾਰ ਨੇ ਇਸ ਸੰਬੰਧ ਵਿੱਚ ਸਾਈਬਰ ਕਨੂੰਨ ਅਤੇ ਸਾਈਬਰ ਥਾਣਿਆਂ ਦਾ ਨਿਰਮਾਣ ਕੀਤਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅਜਿਹੇ ਅਪਰਾਧਾਂ ਤੋਂ ਬਚਿਆ ਕਿਵੇਂ ਜਾਵੇ? ਇਸ ਲਈ ਜ਼ਰੂਰੀ ਹੈ ਕਿ ਕਿਸੇ ਅਣਜਾਣ ਵਿਅਕਤੀ ਨਾਲ ਆਪਣੇ ਬਾਰੇ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਆਪਣਾ ਗੁਪਤ ਪਾਸਵਰਡ ਕੁਝ ਦੇਰ ਬਾਅਦ ਬਦਲ ਲੈਣਾ ਪ੍ਰਗ ਚਾਹੀਦਾ ਹੈ। ਸਾਈਬਰ ਕੈਫ਼ੇ ਤੋਂ ਬਾਹਰ ਆਉਣ ਤੋਂ ਪਹਿਲਾਂ ਆਪਣੀ ਆਈ. ਡੀ. ਲਾਗ ਆਊਟ ਕਰਨੀ ਵੀ ਜ਼ਰੂਰੀ ਹੈ। ਸੋਸ਼ਲ ਨੈੱਟਵਰਕ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੈ।