ਪੈਰਾ ਰਚਨਾ : ਸਾਈਕਲ ਦੀ ਵਰਤੋਂ


ਅੱਜ ਦੇ ਵਿਗਿਆਨਿਕ ਯੁੱਗ ਵਿੱਚ ਭਾਵੇਂ ਤੇਜ਼ ਰਫ਼ਤਾਰ ਚੱਲਣ ਵਾਲ਼ੇ ਅਨੇਕਾਂ ਵਾਹਨਾਂ ਦੀ ਵਰਤੋਂ ਹੋ ਰਹੀ ਹੈ ਪਰ ਸਾਡੇ ਦੇਸ ਵਿੱਚ ਅਜੇ ਵੀ ਸਾਈਕਲ ਦੀ ਵਰਤੋਂ ਕਰਨ ਵਾਲ਼ੇ ਲੋਕਾਂ ਦੀ ਗਿਣਤੀ ਬਹੁਤ ਹੈ। ਇਹ ਇੱਕ ਥਾਂ ਤੋਂ ਦੂਸਰੀ ਥਾਂ ਜਾਣ ਦਾ ਸਭ ਤੋਂ ਸਸਤਾ ਸਾਧਨ ਹੈ। ਇਸ ਦੀ ਵਰਤੋਂ ਛੋਟਾ-ਮੋਟਾ ਭਾਰ ਢੋਣ ਲਈ ਵੀ ਕੀਤੀ ਜਾਂਦੀ ਹੈ। ਪਰ ਇਸ ਦੀ ਵਰਤੋਂ ਬਹੁਤ ਲੰਮੀ ਦੂਰੀ ਤੱਕ ਕਰਨੀ ਮੁਸ਼ਕਲ ਹੁੰਦੀ ਹੈ। ਨੇੜੇ-ਤੇੜੇ ਜਾਣ ਲਈ ਤਾਂ ਇਹ ਬਹੁਤ ਵਧੀਆ ਸਾਬਤ ਹੁੰਦਾ ਹੈ। ਫਿਰ ਕਿਉਂਕਿ ਇਸ ਵਿੱਚ ਪੈਟਰੋਲ ਦੀ ਵਰਤੋਂ ਨਹੀਂ ਹੁੰਦੀ ਇਸ ਲਈ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰਦਾ। ਸਾਈਕਲ ਚਲਾਉਣਾ ਸਿਹਤ ਲਈ ਵੀ ਲਾਭਦਾਇਕ ਹੈ। ਸਾਈਕਲ ਚਲਾਉਣ ਨਾਲ ਇੱਕ ਤਰ੍ਹਾਂ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ। ਫਿਰ ਜਿੱਥੇ ਦੂਸਰੇ ਵਾਹਨ ਨਹੀਂ ਜਾ ਸਕਦੇ ਇਹ ਉੱਥੇ ਵੀ ਸਾਡਾ ਸਾਥ ਦਿੰਦਾ ਹੈ। ਅੱਗੇ ਰਸਤਾ ਠੀਕ ਨਾ ਹੋਵੇ ਤਾਂ ਅਸੀਂ ਇਸ ਨੂੰ ਚੁੱਕ ਕੇ ਵੀ ਲੰਘਾ ਸਕਦੇ ਹਾਂ। ਗ਼ਰੀਬ ਲੋਕਾਂ ਦਾ ਤਾਂ ਇਹ ਪੱਕਾ ਸਾਥੀ ਹੈ। ਉਹ ਇੱਕ ਥਾਂ ਤੋਂ ਦੂਜੀ ਥਾਂ ਤੱਕ ਜਾਣ ਅਥਵਾ ਵਪਾਰ ਲਈ ਵੀ ਇਸ ਦੀ ਵਰਤੋਂ ਕਰਦੇ ਹਨ। ਦੂਸਰੇ ਪਾਸੇ ਸਮੇਂ ਦੇ ਬਦਲਣ ਨਾਲ ਮੱਧ ਵਰਗ ਦੇ ਲੋਕ ਹੁਣ ਸਾਈਕਲ ਦੀ ਸਵਾਰੀ ਨੂੰ ਛੱਡ ਕੇ ਸਕੂਟਰ ਨੂੰ ਅਪਣਾ ਰਹੇ ਹਨ। ਸ਼ਾਇਦ ਉਹ ਸਾਈਕਲ ਦੀ ਸਵਾਰੀ/ਵਰਤੋਂ ਨੂੰ ਆਪਣੀ ਸ਼ਾਨ ਦੇ ਉਲਟ ਸਮਝਦੇ ਹਨ। ਉਹ ਸਮਝਦੇ ਹਨ ਕਿ ਸਾਈਕਲ ਗ਼ਰੀਬਾਂ ਦਾ ਹੀ ਵਾਹਨ ਹੈ। ਪਰ ਇਸ ਧਾਰਨਾ ਨੂੰ ਬਦਲਣ ਦੀ ਲੋੜ ਹੈ। ਸਾਈਕਲ ਦੀ ਵਰਤੋਂ ਕਰਨ ਨੂੰ ਸਾਨੂੰ ਆਪਣੀ ਸ਼ਾਨ ਦੇ ਖਿਲਾਫ਼ ਨਹੀਂ ਸਮਝਣਾ ਚਾਹੀਦਾ। ਹੁਣ ਜਦੋਂ ਕਿ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਸਾਈਕਲ ਦੀ ਵਰਤੋਂ ਲਾਭਦਾਇਕ ਸਿੱਧ ਹੋ ਸਕਦੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਸਾਈਕਲ ਦੀ ਸਾਂਭ-ਸੰਭਾਲ ਵੱਲ ਵੀ ਪੂਰਾ ਧਿਆਨ ਦਈਏ।


ਸਾਈਕਲ ਦੀ ਵਰਤੋਂ