ਪੈਰਾ ਰਚਨਾ : ਸ਼ਹਿਰੀਆਂ ਲਈ ਸੈਰ


ਉਂਞ ਤਾਂ ਸੈਰ ਹਰ ਮਨੁੱਖ ਲਈ ਲਾਭਦਾਇਕ ਹੈ ਪਰ ਸ਼ਹਿਰੀਆਂ ਲਈ ਇਹ ਬਹੁਤ ਜ਼ਰੂਰੀ ਹੈ। ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਤਾਂ ਆਪਣਾ ਕੰਮ-ਧੰਦਾ ਕਰਦਿਆਂ ਹੀ ਸਰੀਰਿਕ ਕਸਰਤ ਤੇ ਸੈਰ ਹੋ ਜਾਂਦੀ ਹੈ। ਪਰ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਦੀ ਖ਼ੁਰਾਕ ਅਤੇ ਰਹਿਣ- ਸਹਿਣ ਅਜਿਹਾ ਹੁੰਦਾ ਹੈ ਕਿ ਉਹਨਾਂ ਲਈ ਸੈਰ ਜ਼ਰੂਰੀ ਹੋ ਜਾਂਦੀ ਹੈ। ਸ਼ਹਿਰਾਂ ਵਿੱਚ ਰਹਿੰਦੇ ਲੋਕਾਂ ਦੇ ਬਹੁਤੇ ਕੰਮ ਅਜਿਹੇ ਹੁੰਦੇ ਹਨ ਜਿਹੜੇ ਇੱਕੋ ਥਾਂ ਕਰਨੇ ਪੈਂਦੇ ਹਨ। ਅਜਿਹੇ ਲੋਕਾਂ ਲਈ ਸਿਹਤ ਅਤੇ ਮਾਨਸਿਕ ਖ਼ੁਸ਼ੀ ਲਈ ਸੈਰ ਦਾ ਬਹੁਤ ਮਹੱਤਵ ਹੈ। ਕੁਝ ਬਿਮਾਰੀਆਂ ਦੇ ਮਰੀਜ਼ਾਂ ਨੂੰ ਤਾਂ ਡਾਕਟਰ ਵੀ ਸੈਰ ਕਰਨ ਦੀ ਸਲਾਹ ਦਿੰਦੇ ਹਨ। ਸੈਰ ਦੇ ਮਹੱਤਵ ਨੂੰ ਮੁੱਖ ਰੱਖ ਕੇ ਹੀ ਸ਼ਹਿਰਾਂ ਦੇ ਲੋਕ ਪਾਰਕਾਂ, ਬਾਗ਼-ਬਗ਼ੀਚਿਆਂ ਅਤੇ ਘੱਟ ਆਵਾਜਾਈ ਵਾਲੀਆਂ ਖੁੱਲ੍ਹੀਆਂ ਸੜਕਾਂ ‘ਤੇ ਸੈਰ ਕਰਦੇ ਹਨ। ਆਪਣੀ ਵਿਹਲ ਅਨੁਸਾਰ ਲੋਕ ਸਵੇਰੇ ਜਾਂ ਸ਼ਾਮ ਨੂੰ ਅਥਵਾ ਦੋਵੇਂ ਵੇਲ਼ੇ ਸੈਰ ਕਰਦੇ ਹਨ। ਪਰ ਸਵੇਰ ਦੀ ਸੈਰ ਸਿਹਤ ਲਈ ਜ਼ਿਆਦਾ ਲਾਭਦਾਇਕ ਹੁੰਦੀ ਹੈ ਕਿਉਂਕਿ ਇਸ ਸਮੇਂ ਵਾਤਾਵਰਨ ਸਾਫ਼/ਸ਼ੁੱਧ ਹੁੰਦਾ ਹੈ। ਸੈਰ ਲਈ ਕੋਈ ਤਾਂ ਇਕੱਲਾ ਹੀ ਤੁਰ ਪੈਂਦਾ ਹੈ ਅਤੇ ਕਈ ਦੋਸਤ-ਮਿੱਤਰ ਇਕੱਠੇ ਹੋ ਕੇ ਸੈਰ ਦਾ ਅਨੰਦ ਮਾਣਦੇ ਹਨ। ਕਿਸੇ ਪਾਰਕ ਆਦਿ ਵਿੱਚ ਸੈਰ ਕਰਦਿਆਂ ਕੁਝ ਲੋਕ ਆਪਣੀ ਉਮਰ, ਸਿਹਤ ਅਤੇ ਲੋੜ ਅਨੁਸਾਰ ਹਲਕੀ ਕਸਰਤ/ਕਸਰਤ ਵੀ ਕਰ ਲੈਂਦੇ ਹਨ ਜਿਸ ਨਾਲ ਸਰੀਰ ਹਲਕਾ ਅਤੇ ਚੁਸਤ ਰਹਿੰਦਾ ਹੈ। ਉਂਞ ਵੀ ਸੈਰ ਸ਼ਹਿਰੀਆਂ ਨੂੰ ਕੰਮ ਦੇ ਝਮੇਲਿਆਂ ਅਤੇ ਮਾਨਸਿਕ ਬੋਝ/ਪ੍ਰੇਸ਼ਾਨੀ ਤੋਂ ਮੁਕਤੀ ਦਿਵਾਉਂਦੀ ਹੈ। ਸਾਰਾ ਦਿਨ ਦਫ਼ਤਰਾਂ, ਦੁਕਾਨਾਂ ਅਤੇ ਕਾਰਖ਼ਾਨਿਆਂ ਵਿੱਚ ਕੰਮ ਕਰਨ ਵਾਲ਼ੇ ਲੋਕ ਸੈਰ ਕਰਨ ਸਮੇਂ ਪ੍ਰਕਿਰਤੀ ਦਾ ਅਨੰਦ ਮਾਣਦੇ ਹਨ। ਸੈਰ ਰਾਹੀਂ ਸ਼ਹਿਰੀ ਲੋਕਾਂ ਨੂੰ ਜਿੱਥੇ ਮਾਨਸਿਕ ਖੁਸ਼ੀ ਮਿਲਦੀ ਹੈ ਉੱਥੇ ਆਪਣੇ ਕੰਮਾਂ-ਕਾਰਾਂ ਲਈ ਸਰੀਰਿਕ ਸ਼ਕਤੀ ਵੀ ਪ੍ਰਾਪਤ ਹੁੰਦੀ ਹੈ। ਸ਼ਹਿਰੀਆਂ ਨੂੰ ਸੈਰ ਦੇ ਮਹੱਤਵ ਨੂੰ ਦੇਖਦਿਆਂ ਇਸ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।