ਪੈਰਾ ਰਚਨਾ : ਸਹੀ ਮਿੱਤਰ
ਸਹੀ ਮਿੱਤਰ
ਸਹੀ ਮਿੱਤਰ ਦੀ ਚੋਣ ਜੀਵਨ ਦੀਆਂ ਕੁਝ ਅਹਿਮ ਚੋਣਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਚੋਣ ਵਿੱਚੋਂ ਹੀ ਚੋਣ-ਕਰਤਾ ਦਾ ਸੁਭਾਅ ਪ੍ਰਤੀਬਿੰਬਤ ਹੁੰਦਾ ਹੈ। ਇਸ ਵਿੱਚ ਜਾਤ-ਪਾਤ, ਧਨ-ਦੌਲਤ, ਰੰਗ-ਨਸਲ ਤੇ ਸ਼ਕਲ-ਸੂਰਤ ਆਦਿ ਨੂੰ ਅੱਖੋਂ ਓਹਲੇ ਕਰ ਕੇ ਅੰਤਰੀਵ ਗੁਣਾਂ ਨੂੰ ਪਰਖਿਆ ਜਾਂਦਾ ਹੈ, ਪਰ ਨਿਰਣਾ ਦਿਲ ਮਿਲਣ ਨਾਲ ਹੀ ਹੁੰਦਾ ਹੈ। ਸਮੁੱਚੇ ਤੌਰ ‘ਤੇ ਇੱਕ ਚੰਗਾ ਮਿੱਤਰ ਅਜਿਹਾ ਹੋਣਾ ਚਾਹੀਦਾ ਹੈ, ਜਿਸ ਦੇ ਸੰਗ ਵਿੱਚ ਤੁਸੀਂ ਚੰਗੇਰੇ ਬਣ ਸਕੋ। ਅਜਿਹਾ ਮਨੁੱਖ ਮਤਲਬੀ ਨਹੀਂ, ਦਿਲੋਂ ਪਿਆਰ ਕਰਨ ਵਾਲਾ ਹੁੰਦਾ ਹੈ। ਉਹ ਸੁੱਖ ਵਿੱਚ ਹੀ ਨਹੀਂ, ਦੁੱਖ ਵਿੱਚ ਵੀ ਸਾਥ ਦਿੰਦਾ ਹੈ। ਉਹ ਅਮੀਰੀ ਤੇ ਸੁੱਖ-ਅਰਾਮ ਵਿੱਚ ਹੀ ਨਹੀਂ, ਗ਼ਰੀਬੀ ਤੇ ਬੇਅਰਾਮੀ ਵਿੱਚ ਵੀ ਨਾਲ ਹੀ ਹੁੰਦਾ ਹੈ। ਉਹ ਦੁੱਖਾਂ ਨੂੰ ਘਟਾਉਂਦਾ ਤੇ ਖ਼ੁਸ਼ੀਆਂ ਨੂੰ ਵਧਾਉਂਦਾ ਹੈ। ਉਹ ਤੁਹਾਡੇ ਭੇਤਾਂ ਤੋਂ ਜਾਣੂ ਹੋ ਕੇ, ਉਨ੍ਹਾਂ ‘ਤੇ ਪਰਦਾ ਪਾਉਂਦਾ ਹੈ ਤੇ ਦੱਸ ਕੇ ਨਸ਼ਰ ਨਹੀਂ ਕਰਦਾ। ਉਸ ਦੀ ਮਿੱਤਰਤਾ ਪਾਣੀ ਵਿੱਚ ਲੀਕ ਵਾਂਗ ਨਹੀਂ, ਪੱਥਰ ‘ਤੇ ਲਕੀਰ ਵਾਂਗ ਹੁੰਦੀ ਹੈ, ਪਰ ਅਜੋਕੇ ਸੁਆਰਥੀ ਤੇ ਪਖੰਡੀ ਕਲਜੁਗ ਵਿੱਚ ਇਸ ਚੋਣ ਵਿੱਚ ਆਮ ਤੌਰ ‘ਤੇ ਧੋਖਾ ਹੋ ਜਾਇਆ ਕਰਦਾ ਹੈ। ਗ਼ਰੀਬੀ ਤੇ ਮੁਸੀਬਤ ਵੇਲੇ ਕੋਈ ਵਿਰਲਾ ਹੀ ਮੋਢੇ ਨਾਲ ਮੋਢਾ ਜੋੜ ਕੇ ਤੁਰਦਾ ਹੈ। ਕਿਸੇ ਭਾਗਾਂ ਵਾਲੇ ਨੂੰ ਹੀ ਇੱਕ ਆਦਰਸ਼ਕ ਮਿੱਤਰ ਨਸੀਬ ਹੁੰਦਾ ਹੈ। ਏਸੇ ਲਈ ਤਾਂ ਇੱਕ ਬੁੱਧੀਮਾਨ ਨੇ ਰੱਬ ਅੱਗੇ ਅਰਦਾਸ ਕਰਦਿਆਂ ਕਿਹਾ; ‘ਹੇ ਪਰਮਾਤਮਾ ! ਇੱਕ ਵੈਰੀ ਤੋਂ ਤਾਂ ਮੈਂ ਆਪਣੀ ਰੱਖਿਆ ਆਪ ਕਰ ਸਕਦਾ ਹਾਂ, ਪਰੰਤੂ ਇੱਕ ਮਿੱਤਰ ਤੋਂ ਮੇਰੀ ਰੱਖਿਆ ਕਰੀਂ। ਇਸ ਬਗਲ ਦੀ ਛੁਰੀ ਦਾ ਮੈਨੂੰ ਨਹੀਂ ਪਤਾ ਕਿ ਕਿਸ ਵੇਲੇ ਇਹ ਮੇਰੇ ਸੀਨੇ ਵਿੱਚ ਖੁੱਭ ਜਾਏ।’ ਸੋ, ਸਹੀ ਮਿੱਤਰ ਦੀ ਚੋਣ ਵਿੱਚ ਦੂਰ- ਦ੍ਰਿਸ਼ਟੀ ਤੋਂ ਕੰਮ ਲੈਣਾ ਪੈਂਦਾ ਹੈ, ਜਿਸ ਵਿੱਚ ਕੋਈ ਵਿਰਲਾ ਹੀ ਸਫ਼ਲ ਹੁੰਦਾ ਹੈ।