ਪੈਰਾ ਰਚਨਾ : ਸਵੈ-ਅਧਿਐਨ
ਪੈਰਾ ਰਚਨਾ : ਸਵੈ-ਅਧਿਐਨ
ਜੀਵਨ ਦੇ ਵਿਕਾਸ ਲਈ ਅਤੇ ਗਿਆਨ ਇਕੱਠਾ ਕਰਨ ਲਈ ਅਧਿਐਨ ਜ਼ਰੂਰੀ ਹੈ। ਅਧਿਐਨ ਦਾ ਹੀ ਇੱਕ ਅੰਗ ਸਵੈ-ਅਧਿਐਨ ਹੈ। ਸਵੈ-ਅਧਿਐਨ ਤੋਂ ਭਾਵ ਹੈ ਆਪਣੇ-ਆਪ ਅਧਿਐਨ ਜਾਂ ਪੜ੍ਹਾਈ ਕਰਨਾ। ਇਸ ਨੂੰ ਅੰਗਰੇਜ਼ੀ ਵਿੱਚ ਸੈਲਫ਼ ਸਟੱਡੀ (Self Study) ਆਖਦੇ ਹਨ। ਕੁਝ ਲੋਕ ਇਹ ਸੋਚਦੇ ਹਨ ਕਿ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚੋਂ ਪ੍ਰਾਪਤ ਸਿੱਖਿਆ ਅਤੇ ਅਧਿਐਨ ਹੀ ਸਭ ਕੁਝ ਹੈ, ਇਨ੍ਹਾਂ ਤੋਂ ਵੱਖਰਾ ਪੜ੍ਹਨ ਦੀ ਕੋਈ ਲੋੜ ਨਹੀਂ, ਪਰ ਉਨ੍ਹਾਂ ਦੀ ਇਹ ਸੋਚ ਗ਼ਲਤ ਹੈ। ਜੇ ਵਿੱਦਿਆ ਤੀਜਾ ਨੇਤਰ ਹੈ, ਤਾਂ ਇਸੇ ਤੀਜੇ ਨੇਤਰ ਦਾ ਇੱਕ ਅੰਗ ਹੈ ਵਿਅਕਤੀ ਦੁਆਰਾ ਕੀਤਾ ਸਵੈ-ਅਧਿਐਨ। ਸੰਸਾਰ ਵਿੱਚ ਬਹੁਤ ਸਾਰੇ ਮਹਾਂਪੁਰਸ਼ਾਂ ਨੂੰ ਸਕੂਲਾਂ-ਕਾਲਜਾਂ ਵਿੱਚ ਪੜ੍ਹਨ ਦਾ ਬਹੁਤ ਘੱਟ ਮੌਕਾ ਮਿਲਿਆ। ਉਨ੍ਹਾਂ ਨੇ ਸਵੈ-ਅਧਿਐਨ ਰਾਹੀਂ ਏਨਾ ਗਿਆਨ ਪ੍ਰਾਪਤ ਕਰ ਲਿਆ ਕਿ ਯੂਨੀਵਰਸਿਟੀਆਂ ਵਿੱਚ ਪੜ੍ਹੇ ਵਿਦਵਾਨ ਉਨ੍ਹਾਂ ਸਾਹਮਣੇ ਊਣੇ ਲੱਗਦੇ ਸਨ। ਅਸੀਂ ਇੱਕ ਉਦਾਹਰਨ ਲੈਂਦੇ ਹਾਂ। ਹਿੰਦੀ ਦੇ ਵਿਦਵਾਨ ਮਹਾਂ-ਪੰਡਤ ਰਾਹੁਲ ਸਾਂਕ੍ਰਿਤਿਆਨ ਨੇ ਆਪਣੀ ਸਕੂਲੀ ਵਿੱਦਿਆ ਸੱਤਵੀਂ ਜਮਾਤ ਵਿੱਚ ਛੱਡ ਦਿੱਤੀ ਸੀ, ਪਰ ਉਨ੍ਹਾਂ ਨੇ ਮਗਰੋਂ ਏਨਾ ਸਵੈ-ਅਧਿਐਨ ਕੀਤਾ ਕਿ ਉਹ ਲੰਕਾ ਦੀ ਯੂਨੀਵਰਸਿਟੀ ਵਿਖੇ ਇੱਕ ਪ੍ਰੋਫ਼ੈਸਰ ਵਜੋਂ ਪੜ੍ਹਾਉਂਦੇ ਰਹੇ। ਆਪਣੇ ਸਵੈ-ਅਧਿਐਨ ਦੀ ਸਹਾਇਤਾ ਨਾਲ ਹੀ ਉਨ੍ਹਾਂ ਕਈ ਵੱਡੇ-ਵੱਡੇ ਗ੍ਰੰਥ ਵੀ ਲਿਖੇ। ਸਾਡੇ ਕੋਰਸਾਂ ਦੀਆਂ ਪੁਸਤਕਾਂ ਵਿਚਲਾ ਗਿਆਨ ਪ੍ਰੀਖਿਆ ਲਈ ਹੀ ਹੁੰਦਾ ਹੈ, ਪਰ ਅੱਜ ਕੱਲ੍ਹ, ਲਗਪਗ ਹਰ ਵਿਸ਼ੇ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਪੁਸਤਕਾਂ ਮਿਲਦੀਆਂ ਹਨ। ਇਨ੍ਹਾਂ ਪੁਸਤਕਾਂ ਤੋਂ ਗਿਆਨ ਪ੍ਰਾਪਤ ਕਰ ਕੇ ਵਿਅਕਤੀ ਆਪਣੇ ਗਿਆਨ ਦੇ ਘੇਰੇ ਨੂੰ ਵਧਾ ਸਕਦਾ ਹੈ। ਉਹ ਗਿਆਨ ਦੇ ਸਮੁੰਦਰ ਦੀਆਂ ਉਨ੍ਹਾਂ ਡੂੰਘਾਈਆਂ ਤੱਕ ਅੱਪੜ ਸਕਦਾ ਹੈ, ਜਿਨ੍ਹਾਂ ਤੱਕ ਕੋਰਸਾਂ ਦੀਆਂ ਕਿਤਾਬਾਂ ਦੀ ਸਹਾਇਤਾ ਨਾਲ ਪੁੱਜਣਾ ਮੁਸ਼ਕਲ ਹੈ। ਸਵੈ-ਅਧਿਐਨ ਲਈ ਕਈ ਸਾਧਨ ਹਨ; ਜਿਵੇਂ : ਸੈਰ-ਸਪਾਟਾ, ਫ਼ਿਲਮਾਂ, ਰੇਡੀਓ, ਟੈਲੀਵਿਜ਼ਨ, ਪੁਸਤਕਾਂ, ਇੰਟਰਨੈੱਟ ਆਦਿ। ਲੋੜ ਹੈ ਇਨ੍ਹਾਂ ਨੂੰ ਵਰਤਣ ਦੀ। ਤਦ ਹੀ ਅਧਿਐਨ ਦਾ ਘੇਰਾ ਵਿਸ਼ਾਲ ਹੋਵੇਗਾ।